ਕੰਦੂ ਖੇੜਾ
ਸਥਿਤੀ :
ਤਹਿਸੀਲ ਮਲੋਟ ਦਾ ਇਹ ਪਿੰਡ ਕੰਦ ਖੇੜਾ, ਡੱਬਵਾਲੀ – ਅਬੋਹਰ ਸੜਕ ਤੋਂ 6 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਡੱਬਵਾਲੀ ਤੋਂ 19 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਕੰਦੂ ਖੇੜਾ ਅੱਜ ਤੋਂ ਤਕਰੀਬਨ ਪੌਣੇ ਦੋ ਸੌ ਸਾਲ ਪਹਿਲਾਂ ਇੱਕ ਬੇਅਬਾਦ ਇਲਾਕਾ ਸੀ। ਕਾਸਮ ਭੱਟੀ ਪਿੰਡ ਦੇ ਭੱਟੀਆਂ ਨੇ ਆਪਣੀ ਭੈਣ ਦੀ ਸ਼ਾਦੀ ਜੁੱਤਿਆਂ ਵਾਲੀ। (ਰਾਜਸਥਾਨ) ਪਿੰਡ ਦੇ ਇੱਕ ਨੌਜਵਾਨ ਨਾਲ ਕਰ ਦਿੱਤੀ ਅਤੇ ਨਾਲ ਹੀ ਆਪਣੀ ਭੈਣ ਨੂੰ ਇਹ ਬੇਅਬਾਦ ਜ਼ਮੀਨ ਲੈ ਦਿੱਤੀ । ਉਸ ਨੌਜਵਾਨ ‘ਕੰਦੂ ਖਾਂ’ ਨੇ ਇਸ ਜ਼ਮੀਨ ਨੂੰ ਆਬਾਦ ਕਰਨ ਲਈ ਪਿੰਡ ਵਸਾ ਲਿਆ ਅਤੇ ਉਸ ਦੇ ਨਾਂ ਉੱਤੇ ਪਿੰਡ ਦਾ ਨਾਂ ‘ਕੰਦੂ ਖੇੜਾ” ਪੈ ਗਿਆ। ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਸਾਰਾ ਪਿੰਡ ਮੁਸਲਮਾਨ ਵਸੋਂ ਵਾਲਾ ਸੀ। ਇੱਥੋਂ ਦੇ ਮੇਹਨਤੀ ਲੋਕਾਂ ਨੇ ਇਸ ਪਿੰਡ ਨੂੰ ਇੱਥੇ ਹੀ ਆਵਿਆਂ ਵਿੱਚ ਇੱਟਾਂ ਬਣਾ ਕੇ ਪੱਕਾ ਕਰ ਲਿਆ। 1947 ਵਿੱਚ ਸਾਰਾ ਪਿੰਡ ਉੱਜੜ ਗਿਆ। ਇਸ ਪਿੰਡ ਵਿੱਚ ਹੁਣ ਸੰਧੂਆਂ, ਵਿਰਕਾਂ, ਬਾਗੜੀਆਂ, ਭਾਠਾਂ, ਹਰੀਜਨਾਂ ਅਤੇ ਮਜ਼੍ਹਬੀ ਸਿੱਖਾਂ ਦੀ ਰਲੀ ਮਿਲੀ ਵਸੋਂ ਹੈ।
ਇਹ ਪਿੰਡ ਰਾਜਸੀ ਮਹੱਤਤਾ ਵਾਲਾ ਹੈ ਕਿਉਂਕਿ ਪੰਜਾਬ ਹਰਿਆਣਾ ਦੀ ਵੰਡ ਵੇਲੇ 1970 ਦੇ ਅਵਾਰਡ ਮੁਤਾਬਕ ਹਰਿਆਣਾ ਨੂੰ ਦਿੱਤੇ ਜਾਣ ਵਾਲੇ ਇਲਾਕੇ ਨੂੰ ਮਿਲਾਉਣ ਵਾਲੀ ਫਰਲਾਂਗ ਚੌੜੀ ਅਤੇ 8.4 ਕਿਲੋਮੀਟਰ ਲੰਬੀ ਆਵਾਜਾਈ ਪੱਟੀ (ਕਾਰੀਡੋਰ) ਇਸ ਪਿੰਡ ਦੀ ਉਪਜਾਊ ਧਰਤੀ ਵਿੱਚੋਂ ਹੀ ਨਹੀਂ ਲੱਘਦੀ ਸਗੋਂ ਪਿੰਡ ਦੇ ਕੁੱਝ ਘਰ ਅਤੇ ਮਸਾਣ ਵੀ ਇਸ ਆਵਾਜਾਈ ਪੱਟੀ ਵਿੱਚ ਆਉਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ