ਖਾਨਖਾਨਾ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਖਾਨਖਾਨਾ, ਬੰਗਾ-ਗੋਰਾਇਆ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬਹਿਰਾਮ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ है।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਪਹਿਲਾ ਨਾਂ ਗਧੀ ਪਿੰਡ ਸੀ। ਦੱਸਿਆ ਜਾਂਦਾ ਹੈ ਕਿ ਦਿੱਲੀ ਦੇ ਨਜ਼ਦੀਕ ਗੜ੍ਹ ਗਜ਼ਨੀ ‘ਚ ਇੱਕ ਸ਼ਾਹੀ ਘੋੜਾ ਖੁੱਲ ਗਿਆ ਅਤੇ ਕਾਬੂ ਨਹੀਂ ਆ ਰਿਹਾ ਸੀ। ਇੱਕ ਕੁੜੀ ਖੂਹ ਤੇ ਪਾਣੀ ਭਰ ਰਹੀ ਸੀ। ਉਸਨੇ ਕੋਲ ਲੰਘਦੇ ਘੋੜੇ ਦੀ ਰੱਸੀ ਤੇ ਪੈਰ ਰੱਖ ਕੇ ਘੋੜੇ ਨੂੰ ਰੋਕ ਲਿਆ ਅਤੇ ਉਸ ਪਿੱਛੇ ਆਉਂਦੇ ਬੰਦਿਆ ਦੇ ਹਵਾਲੇ ਕਰ ਦਿੱਤਾ। ਉਹਨਾਂ ਬੰਦਿਆਂ ਨੇ ਆਪਣੇ ਮਾਲਕ ਅੱਗੇ ਉਸ ਲੜਕੀ ਦੀ ਸਿਫਤ ਕੀਤੀ ਤਾਂ ਉਹ ਕੁੜੀ ਦੇ ਪਿਉ ਅੱਗੇ ਵਿਆਹ ਦੀ ਤਜ਼ਵੀਜ ਲੈ ਕੇ ਆ ਗਿਆ। ਉਸ ਅਣਖੀ ਬਜ਼ੁਰਗ ਨੇ ਗਧੀ ਤੇ ਸਮਾਨ ਰੱਖ ਕੇ ਰਾਤੋ ਰਾਤ ਪਿੰਡ ਛੱਡ ਦਿੱਤਾ ਅਤੇ ਜਿੱਥੇ ਪਹੁੰਚਿਆ ਉੱਥੇ ਨਵਾਂ ਪਿੰਡ ‘ਗਧੀ’ ਵੱਸਾ ਦਿੱਤਾ । ਇੱਕ ਵਾਰੀ ਅਕਬਰ ਬਾਦਸ਼ਾਹ ਦੇ ਜਰਨੈਲ ਬੇਗਮ ਖਾਨ ਨੇ ਇਲਾਕੇ ਵਿਚੋ ਗੁਜ਼ਰਦੇ ਹੋਏ ਇੱਥੇ ਪੜਾਅ ਕਰਨਾ ਸੀ ਤਾਂ ਪਿੰਡ ਦਾ ਨਾਂ ਆਪਣੇ ਤਖਲਸ ਤੇ ‘ਖਾਨਖਾਨਾ’ ਰੱਖ ਦਿੱਤਾ, ਜਿਸ ਦਾ ਅਰਥ ਹੈ ਸਰਦਾਰਾਂ ਦਾ ਸਰਦਾਰ।
ਸਿੱਖਾਂ ਦੇ ਸਮੇਂ ਇਹ ਪਿੰਡ ਰਾਮਗੜ੍ਹੀਆ ਮਿਸਲ ਦੇ ਅਧੀਨ ਸੀ। ਇੱਥੇ ਰਾਮਗੜ੍ਹੀਆ ਮਿਸਲ ਦੀਆਂ ਫੌਜਾਂ ਦੇ ਹਥਿਆਰਾਂ ਦੀ ਮੁਰੰਮਤ ਕੀਤੀ ਜਾਂਦੀ ਸੀ। ਇੱਥੋਂ ਦੇ ਕਾਰੀਗਰ ਬਹੁਤ ਮਸ਼ਹੂਰ ਸਨ। ਇੰਗਲੈਂਡ ਦੇ ਬਾਦਸ਼ਾਹ ਜਾਰਜ ਪੰਚਮ ਦੀ ਤਾਜਪੋਸ਼ੀ ਸਮੇਂ ਹਿੰਦ ਸਰਕਾਰ ਵੱਲੋਂ ਇੱਥੋਂ ਦੇ ਦੋ ਮਿਸਤਰੀ ਈਸ਼ਰ ਸਿੰਘ ਅਤੇ ਮਿਸਤਰੀ ਬਚਿੰਤ ਸਿੰਘ ਲੰਡਨ ਵਿੱਚ ਲੱਗੀ ਨੁਮਾਇਸ਼ ਲਈ ਆਪਣੀਆਂ ਕਲਾ ਕਿਰਤਾਂ ਸਮੇਤ ਉੱਥੇ ਗਏ मठ।
ਇਸ ਪਿੰਡ ਦੇ ਲੋਕਾਂ ਨੇ ਸੁਤੰਤਰਤਾ ਸੰਗਰਾਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ । ਮਾਸਟਰ ਮੂਲ ਰਾਜ ਨੇ ਇੱਥੋਂ ‘ਦੁਆਬਾ’ ਅਤੇ ‘ਵਿਧਵਾ ਹਿਤੈਸ਼ੀ’ ਨਾਂ ਦੇ ਦੋ ਅਖਬਾਰ ਵੀ ਕੱਢੇ ਸਨ ਅਤੇ ਵਿਧਵਾ ਵਿਆਹ ਸਹਾਇਕ ਸਭਾ ਵੀ ਹੋਂਦ ਵਿੱਚ ਆਈ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ