ਖਾਲੜਾ
ਸਥਿਤੀ :
ਤਹਿਸੀਲ ਪੱਟੀ ਦਾ ਪਿੰਡ ਖਾਲੜਾ, ਹਰੀਕੇ-ਖਾਲੜਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਪੱਟੀ ਤੋਂ 31 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਹਿੰਦ ਪਾਕਿ ਦੀ ਸਰਹੱਦ ਤੇ ਵੱਸਿਆ ਪਿੰਡ ਖਾਲੜਾ ਬਹੁਤ ਪੁਰਾਣਾ ਅਤੇ ਇਤਿਹਾਸਕ ਪਿੰਡ ਹੈ। ਪਿੰਡ ਵਾਲੀ ਥਾਂ ਤੇ ਪੁਰਾਣਾ ਥੇਹ ਹੁੰਦਾ ਸੀ ਜੋ ਖਲਵਾੜੇ (ਖਿਲਰੀ ਫਸਲ ਦਾ ਢੇਰ) ਨਾਂ ਨਾਲ ਜਾਣਿਆ ਜਾਂਦਾ ਸੀ। ਖਲਵਾੜੇ ਤੋਂ ਪਿੰਡ ਦਾ ਨਾਂ ‘ਖਾਲੜਾ’ ਪ੍ਰਚਲਤ ਹੋਇਆ।
ਪਿੰਡ ਵਿੱਚ ਇੱਕ ਗੁਰਦੁਆਰਾ ਪਹਿਲੀ ਪਾਤਸ਼ਾਹੀ ਹੈ। ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਪਿੰਡ ਹੇਰ (ਪਾਕਿਸਤਾਨ) ਸਨ ਜਿਸ ਕਰਕੇ ਉਹਨਾਂ ਦਾ ਇੱਥੇ ਆਉਣਾ ਸੰਭਵ ਹੋ ਸਕਦਾ ਹੈ। ਖਾਲੜੇ ਤੋਂ ਥੋੜੀ ਦੂਰ (ਪਾਕਿਸਤਾਨ) ਇੱਕ ‘ਗੁਰਦੁਆਰਾ ਵਣਜਾਰੇ ਦੀ ਥੇਹ’ ਹੈ ਜੋ ਬਾਬਾ ਨਾਨਕ ਦੇ ਨਾਲ ਜੁੜਦਾ ਹੈ। ਕਿਹਾ ਜਾਂਦਾ ਹੈ ਕਿ ਖਾਲੜਾ ਪਿੰਡ ਇੱਕ ਵਾਰ ਉਜੜ ਕੇ ਫਿਰ ਵੱਸਿਆ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਸਰਾਪ ਦਿੱਤਾ ਸੀ। ਇਸ ਗੁਰਦੁਆਰੇ ਤੋਂ ਇਲਾਵਾ ਪਿੰਡ ਵਿੱਚ ਗੁਰਦੁਆਰਾ ਬਾਬਾ ਜਗਤਾ ਜੀ, ਗੁਰਦੁਆਰਾ ਮਾਈ ਧੋਲੀ ਅਤੇ ਗੁਰਦੁਆਰਾ ਹਰੀਜਨਾਂ ਹੈ। ਇੱਕ ਪੁਰਾਣੀ ਮਸੀਤ ਹੈ ਜੋ ਗੁਰਦੁਆਰੇ ਵਿੱਚ ਬਦਲ ਗਈ ਹੈ। ਬਾਬਾ ਸੂਰਾ ਸਿੰਘ ਦੀ ਸਮਾਧ ਅਤੇ ਇੱਕ ਫੱਕਰ ਦਾ ਡੇਰਾ ਹੈ ਜੋ ਸ਼ਿਕਾਰੀ ਸ਼ਾਹ ਦੇ ਨਾਂ ਤੇ ਮਸ਼ਹੂਰ ਹੈ, ਸ਼ਿਵ ਮੰਦਰ, ਦੇਵੀ ਮੰਦਰ ਅਤੇ ਰਾਧਾ ਸੁਆਮੀਆਂ ਦਾ ਸਤਸੰਗ ਡੇਰਾ ਵੀ ਖਾਲੜੇ ਵਿੱਚ ਹੈ।
ਦੇਸ਼ ਦੀ ਵੰਡ ਤੋਂ ਪਹਿਲੇ ਇੱਥੇ ਖੰਡ, ਰੰਗ ਰੋਗਨ ਅਤੇ ਕਪਾਹ ਦੇ ਕਾਰਖਾਨੇ ਸਨ। ਸੰਨ 1971 ਦੀ ਜੰਗ ਵਿੱਚ ਪਾਕਿਸਤਾਨੀ ਰੇਂਜਰ ਖਾਲੜੇ ਦੇ ਨਹਿਰੀ ਰੈਸਟ ਹਾਊਸ ਤੋਂ ਕਾਬਜ਼ ਹੋ ਗਏ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ