ਖੋਸਾ ਰਣਧੀਰ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਖੋਸਾ ਰਣਧੀਰ ਮੋਗਾ – ਜ਼ੀਰਾ ਸੜਕ ਤੋਂ 5 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 16 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਇਸ ਇਲਾਕੇ ਦਾ ਬਹੁਤ ਪੁਰਾਣਾ ਪਿੰਡ ਹੈ ਅਤੇ ਕਿਹਾ ਜਾਂਦਾ ਹੈ ਕਿ ਇਸ ਪਿੰਡ ਦੇ ਮੋਢੀ ਬਾਬਾ ਰਣਧੀਰ ਨੇ ਅੱਜ ਤੋਂ ਲਗਭਗ ਛੇ ਸਦੀਆਂ ਪਹਿਲਾਂ ਇਸ ਥਾਂ ‘ਤੇ ਖਲੋਤੇ ਬੋਹੜ ਦੇ ਬ੍ਰਿਛ ਥੱਲੇ ਆਪਣਾ ਡੇਰਾ ਜਮਾਇਆ ਸੀ। ਉਸ ਦੇ ਨਾਂ ‘ਤੇ ਹੀ ਇਸ ਪਿੰਡ ਦਾ ਨਾਂ ਪ੍ਰਚਲਤ ਹੋ ਗਿਆ।
ਬਾਬਾ ਰਣਧੀਰ ਦੇ ਇੱਥੇ ਆਉਣ ਦੀ ਕਹਾਣੀ ਇਸ ਤਰ੍ਹਾਂ ਹੈ ਕਿ ਦਿੱਲੀ ਦਾ ਹਿੰਦੂ ਰਾਜਾ, ਅਨੰਗਪਾਲ ਤੂਰ ਗੋਤ ਨਾਲ ਸੰਬੰਧ ਰੱਖਦਾ ਸੀ। ਉਸਦੇ ਕੋਈ ਲੜਕਾ ਨਹੀਂ ਸੀ, ਸਿਰਫ ਦੋ ਲੜਕੀਆਂ ਸਨ ਜੋ ਚਿਤੌੜ ਤੇ ਕਨੌਜ ਵਿੱਚ ਵਿਆਹੀਆਂ ਹੋਈਆਂ ਸਨ। ਆਪਣੀ ਉਮਰ ਦੇ ਆਖਰੀ ਦਿਨਾਂ ਵਿੱਚ ਰਾਜਾ ਅਨੰਗਪਾਲ ਨੇ ਆਪਣੇ ਦੋਹਤਰੇ ਚਿਤੌੜ ਦੇ ਰਾਜੇ ਪ੍ਰਿਥਵੀ ਰਾਜ ਚੌਹਾਨ ਨੂੰ ਆਪਣਾ ਉਤਰਾਧਿਕਾਰੀ ਬਣਾ ਦਿੱਤਾ ਤੇ ਦਿੱਲੀ ਦਾ ਰਾਜ ਉਸ ਨੂੰ ਸੌਂਪ ਦਿੱਤਾ। ਪ੍ਰਿਥਵੀ ਰਾਜ ਨੇ ਦਿੱਲੀ ਦੇ ਤਖ਼ਤ ‘ਤੇ ਬੈਠ ਕੇ ਆਪਣੇ ਵਿਰੋਧੀਆਂ, ਨਾਨੇ ਦੇ ਭਰਾਵਾਂ ਭਤੀਜਿਆਂ ਨੂੰ ਲੁੱਟ ਖੋਹ ਕੇ ਕੱਢ ਦਿੱਤਾ। ਇਸ ਤਰ੍ਹਾਂ ਤਖ਼ਤ ਦੇ ਵਾਰਸ ਦੂਰ ਘਰੋਂ ਨਿਕਲ ਪਏ ਅਤੇ ਇਸ ਕਾਫਲੇ ਨੂੰ ਲੋਕਾਂ ਨੇ ਖੋਸਿਆਂ ਦਾ ਨਾਂ ਦਿੱਤਾ ਭਾਵ ਖੋਹੇ ਹੋਏ। ਉਸ ਕਾਫਲੇ ਦੇ ਬਾਬਾ ਰਣਧੀਰ ਖੋਸਾ ਨੇ ਇਸ ਪਿੰਡ ਦੀ ਮੋੜ੍ਹੀ ਗੱਡੀ। ਇਸ ਘਟਨਾ ਬਾਰੇ ਲੋਕ ਬੋਲੀ ਦੀਆਂ ਤੁਕਾਂ ਇਸ ਤਰ੍ਹਾਂ ਹਨ –
ਪਹਿਲਾਂ ਦਿੱਲੀ ਤੂਰਾਂ ਦੀ, ਫਿਰ ਮੱਲ ਲਈ ਚੌਹਾਣਾਂ, ਮਾਮਿਆਂ ਤੋਂ ਖੋਹੀ ਭਾਣਜੇ, ਕਰਕੇ ਜੋਰ ਧਿੰਗਾਣਾ। ਇਸ ਪਿੰਡ ਵਿੱਚ ਜ਼ਿਆਦਾ ਵਸੋਂ ਤੁਰ ਗੋਤ ਦੇ ਜੱਟਾਂ ਦੀ ਹੈ, ਕੰਬੋਜ, ਘੁਮਿਆਰ ਤੇ ਮਜ਼੍ਹਬੀ ਸਿੱਖ ਵੀ ਪਿੰਡ ਵਿੱਚ ਵੱਸਦੇ ਹਨ।
ਪਿੰਡ ਦੇ ਮੋਢੀ ਬਾਬਾ ਰਣਧੀਰ ਦੀ ਯਾਦਗਾਰ ਵਜੋਂ ਪਿੰਡ ਦੀ ਮੋੜ੍ਹੀ ਗੱਡਣ ਵਾਲੀ। ਥਾਂ ‘ਤੇ ਇੱਕ ਵਧੀਆ ਗੁਰਦੁਆਰੇ ਦੀ ਉਸਾਰੀ ਕੀਤੀ ਗਈ ਹੈ। ਇੱਥੇ ਮਾਘੀ ਵਾਲੇ ਦਿਨ। ਮੇਲਾ ਲੱਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ