ਗਾਜੀਆਣਾ
ਸਥਿਤੀ :
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਗਾਜੀਆਣਾ, ਨਿਹਾਲ ਸਿੰਘ ਵਾਲਾ ਸਲਾਵਤਪੁਰਾ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 45 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ : :
ਇਹ ਪਿੰਡ ਬਿਕਰਮੀ 1830 ਵਿੱਚ ਲਖਮੀਰ ਦੇ ਪੋਤਰੇ ਨਾਦਰ ਸ਼ਾਹ ਅਤੇ ਹਮੀਰ ਨੇ ਬੰਨ੍ਹਿਆ ਸੀ। ਇਸ ਪਿੰਡ ਦੀ ਮੋੜ੍ਹੀ ਪੰਡਤ ਲਛਮਣ ਦਾਸ ਨੇ ਗੱਡੀ ਸੀ ਜੋ ਦਿਆਲਪੁਰੇ ਦਾ ਵਸਨੀਕ ਸੀ। ਇੱਥੇ ਇੱਕ ਛੋਟਾ ਜਿਹਾ ਕੱਚਾ ਕਿਲ੍ਹਾ ਬਣਾਇਆ ਗਿਆ ਅਤੇ ਪਿੰਡ ਦਾ ਨਾਂ ਲਛਮਣਗੜ੍ਹ ਰੱਖ ਦਿੱਤਾ ਗਿਆ। ਬਜ਼ੁਰਗਾਂ ਅਨੁਸਾਰ ਦੱਸਿਆ ਜਾਂਦਾ ਹੈ ਕਿ ਇੱਥੇ ਇੱਕ ਢਾਬ ਸੀ ਜਿਸ ਦਾ ਨਾਂ ਗਾਜੀਆਣਾ ਸੀ, ਪਿੱਛੋਂ ਢਾਬ ਦੇ ਨਾਂ ਤੇ ਹੀ ਹੌਲੀ ਹੌਲੀ ਲਛਮਣਗੜ੍ਹ ਤੋਂ ਪਿੰਡ ਦਾ ਨਾਂ ਗਾਜੀਆਣਾ ਪੈ ਗਿਆ।
ਇਸ ਪਿੰਡ ਵਿੱਚ ਕੋਈ ਖਾਨਦਾਨ ਟਿੱਕ ਕੇ ਨਹੀਂ ਰਿਹਾ। ਪਹਿਲਾਂ ਸਿੱਧੂ ਤੇ ਮੱਲੀ ਆਏ, ਉਹ ਇੱਥੋਂ ਡੱਲੇ ਚਲੇ ਗਏ। ਫੇਰ ਬਰਗਾੜੀ ਤੇ ਬੌਰੀਏ ਤੇ ਹੋਰ ਸਿੱਧੂ ਆਏ, ਉਹ ਵੀ ਕੁਝ ਸਾਲਾਂ ਬਾਅਦ ਕੌਨੌਕੇ ਚਲੇ ਗਏ। ਫੇਰ 30 ਸਾਲ ਦਾਨਾ ਤੇ ਕੋਰਾ ਦੇ ਅਗਵਾੜ ਇੱਥੇ ਵਸੇ। ਪਾਣੀ ਦੀ ਘਾਟ ਕਰਕੇ 1899 ਬਿਕਰਮੀ ਵਿੱਚ ਇਹ ਪਿੰਡ ਉਜੜਨ ਲੱਗਾ ਸੀ। ਨਾਦਰ ਸ਼ਾਹ ਦੀ ਪੋਤਰੀ ਨੇ ਪਿੰਡ ਵਿੱਚ ਖੂਹ ਲੁਆਇਆ ਤਾਂ ਜੋ ਪਿੰਡ ਉਜੜਨ ਤੋਂ ਬਚ ਸਕੇ, ਉਹ ਖੂਹ ਅਜੇ ਤੱਕ ਕਾਇਮ ਹੈ।
ਪਿੰਡ ਵਿੱਚ 22 ਏਕੜ ਦੀ ਝਿੜੀ ਹੈ ਜਿਸਨੂੰ ਕੋਈ ਵਾਹੁੰਦਾ ਨਹੀਂ ਕਿਉਂਕਿ ਸੰਤਾਂ ਮਹਾਤਮਾਂ ਦਾ ਵਰ ਹੈ ਕਿ ਜੋ ਆਦਮੀ ਇਹ ਜ਼ਮੀਨ ਵਾਹੇਗਾ ਉਹ ਸੁਖੀ ਨਹੀਂ ਰਹਿ ਸਕੇਗਾ। ਇਸ ਝਿੜੀ ਵਿੱਚ ਕਰਨੀ ਵਾਲੇ ਸਾਧੂ ਰਹਿੰਦੇ ਸਨ। ਭਾਈ ਅਮਰੀਕ ਸਿੰਘ ਅਤੇ ਸਰੂਪ ਦਾਸ ਦੀ ਸਮਾਧ ਤੇ ਲੋਕੀ ਸੁੱਖਣਾ ਸੁੱਖਦੇ ਹਨ। ਨਾਦਰ ਸ਼ਾਹ ਦੀ ਔਲਾਦ ਵਿਚੋਂ ਬਾਬਾ ਦਲ ਸਿੰਘ ਧਾਲੀਵਾਲ ਹੋਇਆ ਜੋ ਅੰਗਰੇਜ਼ਾਂ ਨਾਲ ਲੜਾਈ ਵਿੱਚ ਮੁਦਕੀ ਵਿਖੇ ਸ਼ਹੀਦ ਹੋਇਆ।
ਪਿੰਡ ਵਿੱਚ ਅੱਧੀ ਆਬਾਦੀ ਸਿੱਧੂਆਂ ਦੀ ਅਤੇ ਅੱਧੀ ਤੋਂ ਕੁਝ ਘੱਟ ਮਜ਼੍ਹਬੀ ਸਿੱਖਾਂ ਦੀ ਹੈ, ਕੁਝ ਘਰ ਮਾਨ, ਗਿੱਲ, ਢਿੱਲਵਾਂ ਤੇ ਪੰਡਤਾਂ ਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ