ਗੁਆਰਾ (ਸੰਘਿਆ)
ਸਥਿਤੀ :
ਤਹਿਸੀਲ ਮਲੇਰਕੋਟਲਾ ਤੇ ਜ਼ਿਲ੍ਹਾ ਸੰਗਰੂਰ ਦਾ ਇਹ ਪਿੰਡ ਗੁਆਰਾ (ਸੰਘਿਆ) ਮਲੇਰਕੋਟਲਾ ਤੋਂ ਨਾਭੇ ਜਾਣ ਵਾਲੀ ਸੜਕ ਦੇ ਕੋਲ ਪਿੰਡ ਮਹਾਰਾਣਾ ਤੋਂ ਉੱਤਰ ਵੱਲ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਮੁਗਲ ਬਾਦਸ਼ਾਹ ਅਕਬਰ ਦੇ ਸਮੇਂ ਭਾਈ ਰਾਮ ਸਿੰਘ ਨਾਮੀ ਸੰਘੇ ਜੱਟ ਸਿੱਖ ਨੇ ਆਬਾਦ ਕੀਤਾ ਸੀ। ਜਦੋਂ ਗੁਰੂ ਅਰਜਨ ਦੇਵ ਜੀ ਹਰਿਮੰਦਰ ਸਾਹਿਬ ਦੀ ਸਥਾਪਨਾ ਕਰਕੇ ਅੰਮ੍ਰਿਤ ਸਰੋਵਰ ਦੀ ਕਾਰ ਕੱਢਵਾ ਰਹੇ ਸਨ ਤਾਂ ਪਿੰਡ ਸਲਾਰ ਇਲਾਕਾ ਸੱਲ (ਅਮਰਗੜ੍ਹ) ਤੋਂ ਇੱਕ ਵਿੜੰਗ ਜੱਟ ਸਿੱਖ ਆਪਣੇ ਸਿੱਖ ਪਰਿਵਾਰ ਸਮੇਤ ਅੰਮ੍ਰਿਤਸਰ ਗੁਰੂ ਜੀ ਦੇ ਦਰਸ਼ਨਾਂ ਲਈ ਜਾਂਦਾ ਹੋਇਆ ਰਸਤੇ ਵਿੱਚ ਨਗਰ ਸੁਲਤਾਨਪੁਰ ਲੋਧੀ ਦੇ ਕੋਲ ਪਿੰਡ ਕਾਲੇ ਸੰਘੇ ਪੁੱਜਾ। ਉੱਥੇ ਉਸ ਨੂੰ ਜਾਂਦਿਆਂ ਹੀ ਘੋੜ ਸਵਾਰ ਨੌਜਵਾਨ ਰਾਮ ਸਿੰਘ ਮਿਲਿਆ ਜਿਸ ਨੇ ਘਰ ਆਏ ਮਹਿਮਾਨਾਂ ਦੀ ਚੰਗੀ ਖਾਤਰ ਕੀਤੀ। ਵਿੜੰਗ ਸਰਦਾਰ ਬੜਾਓ ਖੁਸ਼ ਹੋਇਆ ਅਤੇ ਉਸਨੇ ਆਪਣੀ ਵਿਆਹੁਣਯੋਗ ਲੜਕੀ ਦੀ ਕੁੜਮਾਈ ਉਸ ਨਾਲ ਕਰ ਦਿੱਤੀ। ਵਿਆਹ ਹੋਣ ਪਿੱਛੋਂ ਰਾਮ ਸਿੰਘ ਆਪਣੇ ਸਹੁਰੇ ਘਰ ਸਲਾਰ ਹੀ ਸੀ ਤੇ ਉਸਨੇ ਇੱਕ ਤੇਜ਼ ਰਫ਼ਤਾਰ ਘੋੜੀ ਨਵਾਬ ਝੱਲ ਨੂੰ ਪੇਸ਼ ਕੀਤੀ ਜਿਸ ਦੇ ਇਵਜਾਨੇ ਵਜੋਂ ਉਸਨੂੰ ਕਾਫੀ ਜ਼ਮੀਨ ਮਿਲਣ ਤੇ ਉਸ ਨੇ ਉਸ ਜ਼ਮੀਨ ਵਿੱਚ ਪਿੰਡ ਸਲਾਰ ਤੋਂ ਡੇਢ ਕੁ ਮੀਲ ਦੀ ਵਿੱਥ ‘ਤੇ ਨਵਾਂ ਪਿੰਡ ‘ਗੁਆਰ’ ਆਬਾਦ ਕੀਤਾ ਤੇ ਆਪਣੇ ਭਾਈ ਬੰਧੂ ਵਸਾ ਲਏ। ਇਸ ਦਾ ਨਾਂ ਉਸਨੇ ‘ਰਾਮ ਨਗਰ’ ਰੱਖਣਾ ਸੀ ਪਰ ਘਰਾਂ ਦੀ ਚਾਰ ਦੀਵਾਰੀ ਦੇ ਇਰਦ-ਗਿਰਦ ਪਸ਼ੂਆਂ ਦੇ ਚਾਰੇ ਲਈ ਗੁਆਰੇ ਦੀ ਫਸਲ ਬੀਜੀ ਜਾਣ ਕਾਰਨ ਇਸ ਪਿੰਡ ਦਾ ਨਾਂ ਗੁਆਰੇ ਵਾਲਾ ਤੇ ਫੇਰ ‘ਗੁਆਰਾ’ ਮਸ਼ਹੂਰ ਹੋ ਗਿਆ। ਕਿਉਂਕਿ ਪਿੰਡ ਵਿੱਚ ਕਾਲੇ ਸੰਘਿਆਂ ਤੋਂ ਆਏ ਸੰਘਿਆਂ ਦੀ ਬਹੁ-ਗਿਣਤੀ ਹੈ ਇਸ ਕਰਕੇ ਪਿੰਡ ਦਾ ਨਾਂ ‘ਗੁਆਰਾ (ਸੰਘਿਆ)’ ਪੈ ਗਿਆ।
ਇਸ ਪਿੰਡ ਵਿੱਚ ਦੋ ਇਤਿਹਾਸਕ ਸਥਾਨ ਹਨ। ਪਹਿਲਾ ਸ੍ਰੀ ਗੁਰਦੁਆਰਾ ਸਾਹਿਬ ਰਮਾਣਾਸਰ, ਜਿੱਥੇ ਕਿ ਟਿੱਬੇ ਕੋਲ ਪੁਰਾਤਨ ਸ੍ਰੋਤ ਦੇ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਲੇਰਕੋਟਲੇ ਤੋਂ ਮਨਸੂਰਪੁਰ (ਛੀਂਟਾਂਵਾਲੇ) ਨੂੰ ਜਾਂਦੇ ਹੋਏ ਠਹਿਰੇ ਸਨ। ਦੂਸਰਾ ਗੁਰ ਸਥਾਨ ਸ਼ਹੀਦਗੰਜ ਸਿੰਘਾਂ ਦਾ ਹੈ, ਜੋ ਸੰਨ 1763 ਵਿੱਚ ਨਵਾਬ ਮਲੇਰਟਕੋਟਲਾ ਦੀ ਫੌਜ ਦਾ ਟਾਕਰਾ ਕਰਦੇ ਹੋਏ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਹੈ। ਇਸ ਪਿੰਡ ਵਿੱਚ ਇੱਕ ਸਾਫ਼-ਸੁਥਰੀ ਹਰੀਜਨ ਕਾਲੌਨੀ ਬਣਾਈ ਗਈ ਹੈ ਜੋ ਵੇਖਣਯੋਗ ਹੈ।
ਇਸ ਪਿੰਡ ਦੇ ਮੇਜਰ ਹਰਦੇਵ ਸਿੰਘ ‘ਵੀਰ ਚੱਕਰ’ ਵਿਜੇਤਾ ਹੋਏ ਹਨ ਜੋ 10 ਦਸੰਬਰ ਸੰਨ 1971 ਨੂੰ ਛੱਤ ਜੋੜੀਆਂ (ਕਸ਼ਮੀਰ) ਵਿੱਚ ਬੜੀ ਬਹਾਦਰੀ ਨਾਲ ਲੜਦੇ ਸ਼ਹੀਦ ਹੋਏ ਸਨ। ਉਹਨਾਂ ਦੀ ਯਾਦ ਵਿੱਚ ਮੇਜਰ ਹਰਦੇਵ ਸਿੰਘ ਮੈਮੋਰੀਅਲ ਹਾਈ ਸਕੂਲ ਪਿੰਡ ਵਿੱਚ ਹੈ ਤੇ ਗੁਆਰਾ ਤੋਂ ਮਹਾਰਾਣਾ ਤੱਕ ‘ਮੇਜਰ ਹਰਦੇਵ ਸਿੰਘ ਮਾਰਗ’ ਬਣਿਆ है।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ