ਗੋਇੰਦਵਾਲ ਸਾਹਿਬ ਦਾ ਇਤਿਹਾਸ | Goindwal Sahib History |

ਨਦੀ, ਨਾਲਾ, ਨਹਿਰ, ਰਜਬਾਹਾ, ਤਲਾਅ, ਸਰੋਵਰ ਅਤੇ ਬਾਉਲੀ

Contents hide
2 ਪਿੰਡ ਕਿਵੇਂ ਤੇ ਕਦੋਂ ਬੱਝਾ ? ਨਾਂ ਕਿਵੇਂ ਪਿਆ ?
19 ਰਸਮਾਂ ਰੀਤਾਂ ਦਾ ਵੇਰਵਾ

ਦਰਿਆ ਬਿਆਸ :

ਦਰਿਆ ਬਿਆਸ ਗੋਇੰਦਵਾਲ ਸਾਹਿਬ ਦੇ ਚਰਨਾ ਨੂੰ ਛੋਂਹਦਾ ਹੋਇਆ ਗੁਜ਼ਰਦਾ ਹੈ ਕਿਉਂਕਿ ਇਹ ਨਗਰ ਬਿਲਕੁਲ ਇਸ ਦਰਿਆ ਦੇ ਕਿਨਾਰੇ ਤੇ ਵਸਿਆ ਹੋਇਆ ਹੈ । ਪੰਜਾਬ ਦੀ ਮਹਾਨ ਧਰਤੀ ਜਿਸ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ ਦਰਿਆ ਬਿਆਸ ਉਹਨਾਂ ਪੰਜਾਂ ਦਰਿਆਵਾਂ ਵਿੱਚੋਂ ਇਕ ਹੈ ।

ਇਹ ਦਰਿਆ ਹਿਮਾਚਲ ਪ੍ਰਦੇਸ਼ ਦੇ ਕੁੱਲੂ ਇਲਾਕੇ ਦੇ ਰੋਹਤਾਂਗ ਦਰੇ ਕੋਲੋਂ ਨਿਕਲਕੇ ਕਾਂਗੜਾ, ਮੰਡੀ ਆਦਿ ਪਹਾੜੀ ਜ਼ਿਲ੍ਹਿਆਂ ਵਿੱਚੋਂ ਘੁੰਮਦਾ ਹੋਇਆ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੁੱਜ ਕੇ ਪੰਜਾਬ ਅੰਦਰ ਪ੍ਰਵੇਸ਼ ਕਰਦਾ ਹੈ । ਇਹ ਦਰਿਆ 290 ਮੀਲ ਦਾ ਲੰਬਾ ਸਫਰ ਤਹਿ ਕਰਦਾ ਹੋਇਆ ਗੁਰਦਾਸਪੁਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੀ ਹੱਦਬੰਦੀ ਕਰਨ ਤੋਂ ਬਾਅਦ ਕਪੂਰਥਲੇ ਦੀ ਹੱਦ ਪਾਰ ਕਰਕੇ ਸਤਲੁਜ ਦਰਿਆ ਵਿਚ ਜਾ ਮਿਲਦਾ ਹੈ । ਜਿਸ ਜਗ੍ਹਾ ਤੇ ਇਸ ਦਰਿਆ ਦਾ ਸਤਲੁਜ ਨਾਲ ਸੰਗਮ ਹੁੰਦਾ ਹੈ, ਉਸ ਨੂੰ ਹਰੀਕੇ ਪੱਤਣ ਕਹਿ ਕੇ ਪੁਕਾਰਿਆ ਜਾਂਦਾ ਹੈ । ਹਰੀਕੇ ਪੱਤਣ ਪੰਛੀਆਂ ਦੇ ਰਹਿਣ ਲਈ ਬਹੁਤ ਵਧੀਆ ਜਗ੍ਹਾ ਹੈ ਤੇ ਉਥੇ ਹਜ਼ਾਰਾਂ ਦੀ ਗਿਣਤੀ ਵਿਚ ਦੇਸੀ ਤੇ ਵਿਦੇਸ਼ੀ ਪੰਛੀ ਨਿਵਾਸ ਕਰਦੇ ਹਨ । ਪਹਿਲਾਂ ਦਰਿਆ ਗੁਰਦੁਆਰਾ ਬਾਉਲੀ ਸਾਹਿਬ ਦੇ ਬਿਲਕੁਲ ਨਜ਼ਦੀਕ ਦੀ ਹੋ ਕੇ ਵਗਦਾ ਸੀ ਤੇ ਇੱਥੇ ਖੜ੍ਹੇ ਹੋ ਕੇ ਦਰਿਆ ਦਾ ਬਹੁਤ ਹੀ ਦਿਲਖਿਚਵਾਂ ਤੇ ਮਨਮੋਹਕ ਦ੍ਰਿਸ਼ ਵੇਖਣ ਨੂੰ ਮਿਲਦਾ ਸੀ ਪਰ ਹੁਣ ਦਰਿਆ ਗੁਰਦੁਆਰਾ ਸਾਹਿਬ ਤੋਂ ਕਾਫ਼ੀ ਦੂਰ ਹਟਵਾ ਚਲਿਆ ਗਿਆ ਹੈ।

ਪੁਰਾਤਨ ਕਥਾ ਕਹਾਣੀ ਅਨੁਸਾਰ ਰਿਸ਼ੀ ਵਿਆਸ ਕੁੱਲੂ ਦੇ ਇਲਾਕੇ ਵਿਚ ਹਿਮਾਲੀਆ ਪਹਾੜ ਦੀਆਂ ਬਰਫ਼ੀਲੀਆਂ ਵਿਚ ਨਿਵਾਸ ਕਰਦੇ ਸਨ । ਇਸ ਇਲਾਕੇ ‘ਚੋਂ ਇਕ ਨਾਲਾ ਨਿਕਲਦਾ ਸੀ ਜਿੱਥੇ ਵਿਆਸ ਰਿਸ਼ੀ ਦੇ ਚੇਲੇ ਇਸ਼ਨਾਨ ਕਰਿਆ ਕਰਦੇ ਸਨ। ਉਸ ਜਗ੍ਹਾ ਨੂੰ ਵਿਆਸ ਕੁੰਡ ਕਿਹਾ ਜਾਂਦਾ ਹੈ । ਅਗਰ ਇਸ ਮਿਥਿਆਸਕ ਕਹਾਣੀ ਨੂੰ ਸੱਚ ਮੰਨ ਲਿਆ ਜਾਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਦਰਿਆ ਦਾ ਨਾਂ ਰਿਸ਼ੀ ਵਿਆਸ ਦੇ ਨਾਂ ਤੇ ਹੀ ਪਿਆ ਹੈ । ਇਹ ਨਾਲਾ ਹੋਰ ਨਦੀ ਨਾਲਿਆਂ ਨਾਲ ਇਕ ਥਾਂ ‘ਤੇ ਇਕੱਠੇ ਹੋਣ ਮਗਰੋਂ ਦਰਿਆ ਦਾ ਰੂਪ ਧਾਰਨ ਕਰ ਗਿਆ ।

ਗੋਇੰਦਵਾਲ ਸਾਹਿਬ ਦਾ ਇਤਿਹਾਸ | Goindwal Sahib History |

ਇਸ ਦਰਿਆ ‘ਤੇ ਪੌਂਗ ਡੈਮ ਬਣ ਜਾਣ ਮਗਰੋਂ ਪੰਜਾਬ ਵਿਚ ਇਸ ਦੇ ਪਾਣੀ ਦੀ ਮਿਕਦਾਰ ਬਹੁਤ ਹੀ ਘੱਟ ਗਈ ਹੈ । ਡੈਮ ਬਣਨ ਤੋਂ ਪਹਿਲਾਂ ਇਹ ਦਰਿਆ ਪੰਜਾਬ ਅੰਦਰ ਭਿਆਨਕ ਤਬਾਹੀ ਮਚਾਉਂਦਾ ਸੀ । 1988 ਵਿਚ ਪੰਜਾਬ ਤੇ ਹਿਮਾਚਲ ਵਿਚ ਜਬਰਦਸਤ ਬਾਰਿਸ਼ਾਂ ਹੋਣ ਕਾਰਨ ਦਰਿਆ ਦਾ ਪਾਣੀ ਕਹਿਰ ਦਾ ਰੂਪ ਧਾਰਨ ਕਰ ਗਿਆ ਸੀ ਜਿਸ ਕਾਰਨ ਗੋਇੰਦਵਾਲ ਸਾਹਿਬ ਦੇ ਨਾਲ ਲਗਦੇ ਕਪੂਰਥਲੇ ਜ਼ਿਲ੍ਹੇ ਦੇ ਕਈ ਪਿੰਡ ਪੂਰੀ ਤਰ੍ਹਾਂ ਪਾਣੀ ਵਿਚ ਘਿਰ ਗਏ ਸਨ ਤੇ ਜਾਨ ਮਾਲ ਦੀ ਭਾਰੀ ਤਬਾਹੀ ਹੋਈ ਸੀ । ਪਹਿਲਾਂ ਦਰਿਆ ‘ਤੇ ਪੁਲ ਨਹੀਂ ਸੀ ਤੇ ਲੋਕ ਬੇੜੀਆਂ ਰਾਹੀਂ ਇਧਰ ਉਧਰ ਜਾਇਆ ਕਰਦੇ ਸਨ । 1979 ਵਿਚ ਦਰਿਆ ‘ਤੇ ਪੁਲ ਬਣਨ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਹੀ ਲਾਭ ਹੋਇਆ ਹੈ ਤੇ ਪੁਲ ਦੀ ਸਹੂਲਤ ਨੇ ਕਪੂਰਥਲਾ ਤੇ ਜਲੰਧਰ ਜ਼ਿਲ੍ਹਿਆਂ ਨੂੰ ਗੋਇੰਦਵਾਲ ਸਾਹਿਬ ਦੇ ਬਿਲਕੁਲ ਨਜ਼ਦੀਕ ਲੈ ਆਂਦਾ ਹੈ ।

ਗੋਇੰਦਵਾਲ ਸਾਹਿਬ ਦਾ ਇਤਿਹਾਸ | Goindwal Sahib History |

ਨਾਲਾ :

ਇਹ ਸੇਮ ਨਾਲਾ ਬਿਆਸ ਦਰਿਆ ‘ਤੇ ਬਣੇ ਪੁਲ ਦੇ ਕੋਲੋਂ ਸ਼ੁਰੂ ਹੋ ਕੇ ਬਾਉਲੀ ਸਾਹਿਬ ਦੇ ਕੋਲੋਂ ਦੀ ਲੰਘਦਾ ਹੋਇਆ ਮਿਆਣੀ ਪਿੰਡ ਤੋਂ ਅੱਗੇ ਜਾ ਕੇ ਦਰਿਆ ਵਿਚ ਮਿਲ ਜਾਂਦਾ ਹੈ । ਨਗਰ ਵਿਚ ਪਾਣੀ ਦੇ ਨਿਕਾਸ ਦਾ ਕੋਈ ਯੋਗ ਪ੍ਰਬੰਧ ਨਾ ਹੋਣ ਕਾਰਨ ਇੱਥੋਂ ਦਾ ਸਾਰਾ ਪਾਣੀ ਵੀ ਇਸ ਨਾਲੇ ਵਿਚ ਜਾ ਡਿਗਦਾ ਹੈ । ਇਹ ਨਾਲਾ ਕਿਉਂਕਿ ਬਾਉਲੀ ਸਾਹਿਬ ਦੇ ਬਿਲਕੁਲ ਨਜ਼ਦੀਕ ਦੀ ਹੋ ਕੇ ਗੁਜ਼ਰਦਾ ਹੈ ਇਸ ਕਾਰਨ ਬਾਉਲੀ ਦਾ ਪਾਣੀ ਬੁਰੀ ਤਰ੍ਹਾਂ ਪਰਦੂਸ਼ਤ ਹੋ ਰਿਹਾ ਹੈ ।

ਤਲਾਅ :

ਇਹ ਤਲਾਅ ਤਰਨਾ ਦਲ ਦੇ ਨਿਹੰਗ ਸਿੰਘਾਂ ਦੁਆਰਾ ਬਣਾਇਆ ਗਿਆ ਹੈ ‘ਤੇ ਇਹ ਬਾਉਲੀ ਸਾਹਿਬ ਦੇ ਦੱਖਣ ਵੱਲ ਉਦਯੋਗਿਕ ਖੇਤਰ ਵੱਲ ਜਾਂਦੀ ਸੜਕ ਤੇ ਸਥਿਤ ਹੈ । ਇਸ ਦੀ ਲੰਬਾਈ ਚੌੜਾਈ ਕੋਈ 40 ਫੁੱਟ ਹੈ ਤੇ ਚਾਰੇ ਪਾਸੇ ਪੱਕੀਆਂ ਪੌੜੀਆਂ ਬਣੀਆਂ ਹੋਈਆਂ ਹਨ । ਪ੍ਰਬੰਧਕਾਂ ਦੇ ਦੱਸਣ ਅਨੁਸਾਰ ਪੁੰਨਿਆਂ ਵਾਲੇ ਦਿਨ ਸ਼ਰਧਾਲੂ ਇੱਥੇ ਇਸ਼ਨਾਨ ਕਰਦੇ ਹਨ । ਇਹ ਤਲਾਅ ਕੋਈ 30 ਕੁ ਸਾਲ ਪੁਰਾਣਾ ਹੈ ।

ਇਕ ਹੋਰ ਪੱਕਾ ਤਲਾਅ ਮਾਤਾ ਚਿੰਤਪੁਰਨੀ ਦੇ ਮੰਦਰ ਕੋਲ ਹੁੰਦਾ ਸੀ । ਇਸ ਤਲਾਅ ਦੀ ਮੁਰੰਮਤ ਸਵਰਗੀ ਪੰਡਤ ਰਾਮ ਲਾਲ ਤੇ ਪਿੰਡ ਦੇ ਹੋਰ ਮੰਨੇ ਪ੍ਰਮੰਨੇ ਵਿਅਕਤੀਆਂ ਨੇ ਕਰਵਾਈ ਸੀ । ਇਸ ਦੀ ਕੋਈ ਦੇਖ ਭਾਲ ਨਾ ਹੋਣ ਕਾਰਨ ਇਹ ਪੂਰੀ ਤਰ੍ਹਾਂ ਢੱਠ ਚੁੱਕਾ ਹੈ। ਤੇ ਛੱਪੜ ਦੀ ਸ਼ਕਲ ਅਖਤਿਆਰ ਕਰ ਚੁੱਕਾ ਹੈ ਪਰ ਪੁਰਾਣੀਆਂ ਨਿਸ਼ਾਨੀਆਂ ਅੱਜ ਵੀ ਇਸ ਦੀ ਹੋਂਦ ਦੀ ਗਵਾਹੀ ਭਰਦੀਆਂ ਹਨ ।

ਸਰੋਵਰ ਦਮਦਮਾ ਸਾਹਿਬ :

ਇਹ ਸਰੋਵਰ ਕਾਫੀ ਵੱਡਾ ਹੈ ਤੇ ਇਸ ਦੀ ਲੰਬਾਈ ਚੌੜਾਈ 100 ਫੁੱਟ ਦੇ ਕਰੀਬ ਹੈ। ਸਰੋਵਰ ਦੇ ਨਾਲ ਲੱਗੇ ਟਿਊਬਵੈਲ ਤੋਂ ਇਸ ਵਿਚ ਪਾਣੀ ਭਰਿਆ ਜਾਂਦਾ ਹੈ । ਇਸ ਦੀ ਡੁੰਘਾਈ ਕੋਈ 20 ਫੁੱਟ ਹੈ ਤੇ ਚਾਰੇ ਪਾਸੇ ਪੱਕੀਆਂ ਪੌੜੀਆਂ ਬਣੀਆਂ ਹੋਈਆਂ ਹਨ। ਬੀਬੀਆਂ ਦੇ ਇਸ਼ਨਾਨ ਕਰਨ ਲਈ ਵੱਖਰਾ ਪ੍ਰਬੰਧ ਕੀਤਾ ਹੋਇਆ ਹੈ । ਇੱਥੇ ਹਰ ਰੋਜ਼ ਸ਼ਰਧਾਲੂ ਆ ਕੇ ਇਸ਼ਨਾਨ ਕਰਦੇ ਹਨ । ਲੋਕਾਂ ਵਿਚ ਧਾਰਮਿਕ ਵਿਸ਼ਵਾਸ ਹੈ ਕਿ ਇੱਥੇ ਇਸ਼ਨਾਨ ਕਰਨ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ । ਇਹ ਸਰੋਵਰ ਲੱਗਭਗ 35 ਕੁ ਸਾਲ ਪੁਰਾਣਾ ਹੈ ।

ਬਾਉਲੀ :

ਗੋਇੰਦਵਾਲ ਸਾਹਿਬ ਵਿਖੇ ਸੰਗਤਾਂ ਦੀ ਆਵਾਜਾਈ ਬਹੁਤ ਹੀ ਵੱਧ ਗਈ ਸੀ ਜਿਸ ਕਾਰਨ ਪੀਣ ਵਾਲੇ ਪਾਣੀ ਦੀ ਕੁਝ ਕਮੀ ਮਹਿਸੂਸ ਹੋ ਰਹੀ ਸੀ । ਸੰਗਤਾਂ ਦੀ ਵੱਧ ਰਹੀ ਆਵਾਜਾਈ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਜੀ ਨੇ ਫੈਸਲਾ ਕੀਤਾ ਕਿ ਅਜਿਹੀ ਬਾਉਲੀ ਬਣਾਈ ਜਾਵੇ ਜਿਸ ਦਾ ਜਲ ਅਤੁੱਟ ਵਰਤੇ, ਹਰਟ ਵੀ ਚੱਲਣ, ਇਸ਼ਨਾਨ ਵੀ ਖੁੱਲ੍ਹਾ ਹੋ ਸਕੇ ਅਤੇ ਜੋ ਭਜਨ ਬੰਦਗੀ ਕਰਨ ਦਾ ਵਧੀਆ ਤੇ ਰਮਣੀਕ ਟਿਕਾਣਾ ਬਣ ਸਕੇ । ਬਾਉਲੀ ਦੀ ਰਚਨਾ ਦਾ ਸਭ ਤੋਂ ਵੱਡਾ ਕਾਰਨ ਲੋਕਾਂ ਨੂੰ ਵਰਣ ਆਸਰਮੀਆਂ ਦੀ ਸੁੱਚ ਭਿੱਟ ਦੀ ਲਾਹਨਤ ਤੋਂ ਛੁਟਕਾਰਾ ਦਿਵਾਉਣਾ ਤੇ ਉਹਨਾਂ ਨੂੰ ਦੂਰ ਦੁਰਾਡੇ ਤੀਰਥਾਂ ਦੀ ਭਟਕਣਾ ਤੋਂ ਬਚਾਉਣਾ ਵੀ ਸੀ । ਇਸ ਮੰਤਵ ਦੀ ਪੂਰਤੀ ਲਈ ਗੁਰੂ ਜੀ ਨੇ ਸੰਮਤ 1616 ਵਿਚ ਬਾਉਲੀ ਦੀ ਪੁਟਾਈ ਦਾ ਕੰਮ ਸ਼ੁਰੂ ਕਰ ਦਿਤਾ ਤੇ ਇਸ ਮਹਾਨ ਕਾਰਜ ਦਾ ਪਹਿਲਾ ਟੱਕ ਬਾਬਾ ਬੁੱਢਾ ਜੀ ਕੋਲੋਂ ਲਵਾਇਆ ।

ਬਾਉਲੀ ਦੇ ਨਿਰਮਾਣ ਵਿਚ ਸਿੱਖਾਂ ਨੇ ਬਹੁਤ ਹੀ ਉਤਸ਼ਾਹ ਤੇ ਦਿਲਚਸਪੀ ਨਾਲ ਕਮ ਕੀਤਾ । ਗੁਰੂ ਰਾਮਦਾਸ ਜੀ ਜਿਨ੍ਹਾਂ ਦੀ ਅਗਵਾਈ ਵਿਚ ਬਾਉਲੀ ਦੀ ਖੁਦਾਈ ਚੱਲ ਰਹੀ ਸੀ ਖੁਦ ਹੱਥੀਂ ਕੰਮ ਕਰਦੇ ਹੋਏ ਮਿੱਟੀ ਦੀਆਂ ਟੋਕਰੀਆਂ ਬਾਹਰ ਸੁਟਦੇ ਸਨ । ਬਾਉਲੀ ਦੀ ਉਸਾਰੀ ਸਮੇਂ ਗੁਰੂ ਰਾਮਦਾਸ ਜੀ ਦੀ ਬਰਾਦਰੀ ਦੇ ਕੁਝ ਲੋਕ ਲਾਹੌਰ ਤੋਂ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਗੋਇੰਦਵਾਲ ਆਏ ਤਾਂ ਆਪ ਜੀ ਨੂੰ ਹੱਥੀਂ ਕੰਮ ਕਰਦਿਆਂ ਵੇਖਕੇ ਬੜੇ ਹੈਰਾਨ ਤੇ ਪਰੇਸ਼ਾਨ ਹੋਏ ਕਿਉਂਕਿ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਜਵਾਈ ਸਨ । ਗੁਰੂ ਜੀ ਨੇ ਆਪਣੀ ਬਰਾਦਰੀ ਦੇ ਲੋਕਾਂ ਨੂੰ ਸਮਝਾਇਆ ਕਿ ਉਹ ਸਭ ਹਉਮੇ ਦੇ ਰੋਗ ਤੇ ਸਮਾਜ ਦੀਆਂ ਫੋਕੀਆਂ ਰੀਤੀਆਂ ਕਾਰਨ ਗੁਰਮਤਿ ਦੇ ਮਹਾਨ ਫਲਸਫੇ, ਅਕੀਦਿਆਂ ਤੇ ਕਮਾਈ ਨੂੰ ਸਮਝਣ ਤੋਂ ਅਸਮਰਥ ਹਨ ।

ਜਦੋਂ ਬਾਉਲੀ ਦੀ ਖੁਦਾਈ ਦਾ ਕੰਮ ਲੱਗਭਗ ਸਿਰੇ ਚੜ੍ਹਨ ਹੀ ਵਾਲਾ ਸੀ ਤਾਂ ਉਸ ਸਮੇਂ ਅੱਗੇ ਇਕ ਪੱਕਾ ਕੜ ਆ ਗਿਆ ਜਿਸ ਨੂੰ ਤੋੜਨ ਵਿਚ ਕਾਫ਼ੀ ਮੁਸ਼ਕਲ ਆ ਰਹੀ ਸੀ । ਇਸ ਕੜ ਨੂੰ ਤੋੜਿਆਂ ਬਗੈਰ ਬਾਉਲੀ ਵਿਚ ਪਾਣੀ ਆਉਣਾ ਅਸੰਭਵ ਸੀ । ਗੁਰੂ ਅਮਰਦਾਸ ਜੀ ਨੇ ਸਾਰੀ ਸਥਿਤੀ ਨੂੰ ਘੋਖਣ ਤੋਂ ਬਾਅਦ ਵੱਡੀਆਂ ਛੇਣੀਆਂ ਤੇ ਹਥੋੜਿਆਂ ਨਾਲ ਪਾੜ ਪਾ ਕੇ ਕੜ ਤੋੜਨ ਦੀ ਸਲਾਹ ਦਿੱਤੀ । ਇਹ ਕੰਮ ਬਹੁਤ ਹੀ ਮੁਸ਼ਕਲ ਤੇ ਜੋਖ਼ਮ ਭਰਪੂਰ ਸੀ ਕਿਉਂਕਿ ਛੈਣੀ ਨਾਲ ਕੜ ਤੋੜਦੇ ਸਮੇਂ ਪਾਣੀ ਇਕਦਮ ਪੂਰੇ ਜੋਰ ਨਾਲ ਉਪਰ ਆ ਸਕਦਾ ਸੀ। ਤੇ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ । ਇਸ ਅਤਿਅੰਤ ਮੁਸ਼ਕਲਾਂ ਭਰੇ ਕੰਮ ਨੂੰ ਇਕ ਬਹਾਦਰ, ਮਰਜੀਵੜੇ ਤੇ ਸਿਦਕੀ ਸਿੱਖ ਮਾਣਕ ਚੰਦ ਨੇ ਪੂਰੀ ਹਿੰਮਤ, ਹੌਸਲੇ, ਦਲੇਰੀ ਤੇ ਦ੍ਰਿੜਤਾ ਨਾਲ ਸਿਰੇ ਚੜਾਇਆ। ਪਾਣੀ ਇਕ ਦਮ ਪੂਰੇ ਜੋਰ ਨਾਲ ਬਾਉਲੀ ਵਿਚ ਭਰ ਗਿਆ। ਤੇ ਮਾਣਕ ਚੰਦ ਬਾਉਲੀ ਦੇ ਪਾਣੀ ਵਿਚ ਡੁੱਬ ਗਿਆ । ਕਾਫ਼ੀ ਯਤਨ ਕਰਨ ਪਿੱਛੋਂ ਮਾਣਕ ਚੰਦ ਨੂੰ ਬਾਉਲੀ ਵਿੱਚੋਂ ਬਾਹਰ ਕੱਢ ਲਿਆ ਗਿਆ ਤੇ ਗੁਰੂ ਜੀ ਨੇ ਕਿਰਪਾ ਜਦਖਾ ਉਹ ਪੂਰੀ ਤਰ੍ਹਾਂ ਹੋਸ਼ ਵਿਚ ਆ ਕੇ ਨੌ ਬਰ ਨੌ ਹੋ ਗਿਆ । ਭਾਈ ਮਾਣਕ ਵੈਰੋਵਾਲ ਦਾ ਪਥਰੀਆ ਸੀ ਪਰ ਇਸ ਦਾ ਜੀਵਨ ਇਤਨਾ ਉੱਚਾ-ਸੁੱਚਾ ਤੇ ਪਵਿੱਤਰ ਸੀ ਕਿ ਭਾਈ ਮਨੀ ਦਾਸ ਨੂੰ ਸਿੱਖੀ ਦੇ ਅਸਲੀ ਜੀਵਨ ਤੇ ਫਲਸਫੇ ਨੂੰ ਸਮਝਣ ਲਈ ਭਾਈ ਮਾਣਕ ਦੀ ਸੰਗਤ ਕਰਨ ਨੂੰ ਕਿਹਾ ਗਿਆ ਸੀ ।

ਭਾਈ ਸਧਾਰਣ ਜਿਹੜਾ ਬਕਾਲੇ ਦਾ ਰਹਿਣ ਵਾਲਾ ਸੀ ਨੇ ਗੋਇੰਦਵਾਲ ਸਾਹਿਬ ਦੀ ਬਾਉਲੀ ਵਿਚ ਉਤਰਨ ਲਈ ਬਹੁਤ ਹੀ ਸੁੰਦਰ ਪੌੜੀਆਂ ਪੂਰੀ ਸ਼ਰਧਾ ਤੇ ਸਿਦਕ ਨਾਲ ਘੜਕੇ ਫਿਟ ਕੀਤੀਆਂ । ਸੁਲਤਾਨਪੁਰ ਲੋਧੀ ਦੇ ਧੀਰੇ ਜਾਤ ਦੇ ਖੱਤਰੀ ਮਹੇਸ਼ਾ ਜੀ ਨੇ ਵੀ ਬਾਉਲੀ ਬਣਨ ਸਮੇਂ ਪੂਰੀ ਲਗਨ, ਮਿਹਨਤ ਤੇ ਸ਼ਰਧਾ ਨਾਲ ਕੰਮ ਕੀਤਾ । ਮਾਈ ਸੇਵਾ ਜਿਹੜੀ ਕਾਬਲ ਦੀ ਰਹਿਣ ਵਾਲੀ ਸੀ, ਪੂਰਾ ਸਮਾਂ ਇਕ ਮਨ ਇਕ ਚਿੱਤ ਹੋ ਕੇ ਬਾਉਲੀ ਦੀ ਉਸਾਰੀ ਦੀ ਸੇਵਾ ਕਰਦੀ ਰਹੀ ।

ਚੌਰਾਸੀ ਪੌੜੀਆਂ ਵਾਲੀ ਇਸ ਬਾਉਲੀ ਦੀ ਸਿੱਖ ਤੀਰਥਾਂ ਵਿਚ ਬਹੁਤ ਹੀ ਮਹਾਨਤਾ ਹੈ ਤੇ ਇਸ ਮਹੱਤਤਾ ਕਾਰਨ ਇਸ ਨੂੰ ਸਿੱਖ ਤੀਰਥਾਂ ਵਿਚ ਪਹਿਲਾ ਸਥਾਨ ਪ੍ਰਾਪਤ ਹੈ । ਗੁਰਦੁਆਰਾ ਬਾਉਲੀ ਸਾਹਿਬ ਵਿਖੇ ਹਰ ਰੋਜ਼ ਅਨੇਕਾਂ ਸ਼ਰਧਾਲੂ ਇਸ਼ਨਾਨ ਕਰਦੇ ਹਨ ਤੇ ਘਰ ਪਰਿਵਾਰ ਵਿਚ ਸੁਖ ਸ਼ਾਂਤੀ ਦੀ ਕਾਮਨਾ ਕਰਦੇ ਹੋਏ ਗੁਰੂ ਘਰ ਮੱਥਾ ਟੇਕਦੇ ਹਨ । ਭਾਦਰੋਂ ਦੀ ਪੁੰਨਿਆਂ ਦੇ ਮੇਲੇ ਤੇ ਬਾਉਲੀ ਸਾਹਿਬ ਵਿਖੇ ਇਸ਼ਨਾਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਲੱਖਾਂ ਤੱਕ ਪੁੱਜ ਜਾਂਦੀ ਹੈ ।

ਪਿੰਡ ਕਿਵੇਂ ਤੇ ਕਦੋਂ ਬੱਝਾ ? ਨਾਂ ਕਿਵੇਂ ਪਿਆ ?

ਗੋਇੰਦਵਾਲ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਖਡੂਰ ਸਾਹਿਬ ਦਾ ਇਕ ਇਤਿਹਾਸਕ ਕਸਬਾ ਹੈ । ਇਸ ਵੇਲੇ ਨਗਰ ਦੀ ਆਬਾਦੀ 14,500 ਦੇ ਲੱਗਭਗ ਤੇ ਇਸ ਦਾ ਕੁਲ ਰਕਬਾ ਤਕਰੀਬਨ 1,333 ਏਕੜ ਹੈ । ਇਸ ਨਗਰ ਤਕ ਰੇਲ ਲਾਈਨ ਵਿਛੀ ਹੋਈ ਹੈ ਤੇ ਬਿਆਸ ਤੇ ਇਸ ਨਗਰ ਵਿਚਕਾਰ ਇਕ ਰੇਲ ਬੱਸ ਚੱਲਦੀ ਹੈ ਜਿਸ ਵਿਚ ਲੱਗਭਗ 100 ਸਵਾਰੀਆਂ ਦੇ ਬੈਠਣ ਦੀ ਜਗ੍ਹਾ ਹੈ । ਸੜਕਾਂ ਰਾਹੀਂ ਇਹ ਇਤਿਹਾਸਕ ਨਗਰ ਅੰਮ੍ਰਿਤਸਰ, ਤਰਨਤਾਰਨ, ਸੁਲਤਾਨਪੁਰ ਲੋਧੀ ਤੇ ਕਪੂਰਥਲਾ ਆਦਿ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ । ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਵਿਚ ਇਸ ਨਗਰ ਦੀ ਪਰਿਭਾਸ਼ਾ ਇਸ ਤਰ੍ਹਾਂ ਲਿਖੀ ਹੋਈ ਮਿਲਦੀ ਹੈ :-

ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਤਰਨਤਾਰਨ ਥਾਣਾ ਵੈਰੋਵਾਲ ਵਿਚ ਬਿਆਸ (ਵਿਪਾਸ਼ਾ) ਦੇ ਕਿਨਾਰੇ ਗੋਇਦਾ (ਅਥਵਾ ਗੋਂਦਾ) ਨਾਮੀ ਮਰਵਾਹੇ ਖੱਤਰੀ ਦਾ ਸ੍ਰੀ ਗੁਰੂ ਅਮਰਦਾਸ ਜੀ ਦੀ ਸਹਾਇਤਾ ਨਾਲ ਵਸਾਇਆ ਨਗਰ ਜੋ ਰੇਲਵੇ ਸਟੇਸ਼ਨ ਤਰਨਤਾਰਨ ਤੋਂ 15 ਮੀਲ ਅਗਨਿਕੋਣ ਹੈ ।

ਬਿਆਸ ਦਰਿਆ ਦੇ ਇਲਾਕੇ ਦੇ ਆਸ-ਪਾਸ ਦੀ ਮਾਲਕੀ ਮਰਵਾਹੇ ਗੋਤਰ ਦੇ ਗੋਇੰਦੇ ਖੱਤਰੀ ਕੋਲ ਸੀ ਤੇ ਉਹ ਇਸ ਇਲਾਕੇ ਦਾ ਮੰਨਿਆ ਪ੍ਰਮੰਨਿਆ ਸ਼ਾਹੂਕਾਰ ਸੀ । ਉਹ ਇਸ ਇਲਾਕੇ ਦੀ ਵਪਾਰਕ ਪੱਖੋਂ ਮਹੱਤਤਾ ਨੂੰ ਸਮਝਦਿਆਂ ਹੋਇਆਂ ਦਰਿਆ ਬਿਆਸ ਦੇ ਕਿਨਾਰੇ ਤੇ ਜਿੱਥੇ ਲਾਹੌਰ ਤੋਂ ਦਿੱਲੀ ਨੂੰ ਜਾਣ ਵਾਲੀ ਸ਼ਾਹੀ ਸੜਕ ਲੰਘਦੀ ਸੀ, ਇਕ ਨਗਰ ਵਸਾਉਣਾ ਚਾਹੁੰਦਾ ਸੀ । ਗੋਇੰਦਾ ਦੇ ਵਿਰੋਧੀ ਉਸ ਦੀ ਇਸ ਯੋਜਨਾ ਦੇ ਕੱਟੜ ਵਿਰੋਧੀ ਸਨ ਤੇ ਉਹ ਨਹੀਂ ਸਨ ਚਾਹੁੰਦੇ ਕਿ ਗੋਇੰਦਾ ਉਸ ਜਗ੍ਹਾ ਤੇ ਨਗਰ ਵਸਾਉਣ ਵਿਚ ਸਫਲ ਹੋ ਸਕੇ । ਗੋਇੰਦੇ ਨੇ ਕਈ ਵੇਰ ਇਸ ਜਗ੍ਹਾ ਤੇ ਬਸਤੀ ਉਸਾਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰੀ ਕੋਈ ਨਾ ਕੋਈ ਵਿਘਨ ਪੈਣ ਕਾਰਨ ਵੱਸੀ ਵਸਾਈ ਨਗਰੀ ਉਜੜ ਜਾਂਦੀ ਸੀ । ਉਸ ਦੇ ਵਿਰੋਧੀਆਂ ਨੇ ਲੋਕਾਂ ਵਿਚ ਇਹ ਵਹਿਮ ਭਰਮ ਵੀ ਫੈਲਾਅ ਦਿੱਤਾ ਸੀ ਕਿ ਬਸਤੀ ਵਸਾਉਣ ਵਾਲੀ ਜਗ੍ਹਾ ਤੇ ਭੂਤਾਂ-ਪਰੇਤਾਂ ਦਾ ਵਾਸਾ ਹੈ ਇਸ ਲਈ ਇੱਥੇ ਨਗਰ ਨਹੀਂ ਵੱਸ ਸਕਦਾ । ਇਹਨਾਂ ਘਟਨਾਵਾਂ ਕਾਰਨ ਗੋਇੰਦੇ ਦੇ ਮਨ ਵਿਚ ਵੀ ਇਹ ਭਰਮ ਘਰ ਕਰ ਗਿਆ ਸੀ ਕਿ ਇਹ ਜਗ੍ਹਾ ਨਗਰ ਵਸਾਉਣ ਲਈ ਢੁੱਕਵੀਂ ਨਹੀਂ ਹੈ ।

ਗੋਇੰਦਵਾਲ ਸਾਹਿਬ ਦਾ ਇਤਿਹਾਸ | Goindwal Sahib History |

ਜਦੋਂ ਗੋਇੰਦਾ ਨਗਰ ਵਸਾਉਣ ਦੀ ਆਪਣੀ ਯੋਜਨਾ ਵਿਚ ਸਫਲ ਨਾ ਹੋ ਸਕਿਆ। ਤਾਂ ਉਹ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਹਾਜ਼ਰ ਹੋਇਆ ਤੇ ਨਗਰ ਦੀ ਉਸਾਰੀ ਬਾਰੇ ਗੁਰੂ ਜੀ ਨੂੰ ਆਪਣੀ ਮਨਸ਼ਾ ਬਾਰੇ ਦੱਸਿਆ। ਗੁਰੂ ਜੀ ਨੇ ਗੋਇੰਦੇ ਦੀ ਮਨੋਵ੍ਰਿਤੀ ਨੂੰ ਸਮਝਦਿਆਂ ਹੋਇਆਂ, ਉਸਦਾ ਤੇ ਲੋਕਾਂ ਦਾ ਵਹਿਮ ਭਰਮ ਦੂਰ ਕਰਨ ਲਈ ਕਿ ਉਹ ਜਗ੍ਹਾ ਭੂਤਾਂ-ਪਰੇਤਾਂ ਵਾਲੀ ਹੈ ਨਗਰ ਦੀ ਉਸਾਰੀ ਕਰਨ ਦਾ ਦ੍ਰਿੜ ਨਿਸ਼ਚਾ ਕਰ ਲਿਆ । ਗੁਰੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਸਾਰੀ ਗੱਲ ਸਮਝਾ ਕੇ ਨਗਰ ਦੀ ਉਸਾਰੀ ਦਾ ਹੁਕਮ ਦੇ ਦਿੱਤਾ ਤੇ ਗੁਰੂ ਅਮਰਦਾਸ ਜੀ ਦੀ ਰਹਿਨਮਾਈ ਹੇਠ ਨਗਰ ਦੀ ਉਸਾਰੀ ਦਾ ਕੰਮ ਅਰੰਭ ਹੋ ਗਿਆ । ਇਹ ਜਗ੍ਹਾ ਗੋਇੰਦੇ ਖੱਤਰੀ ਨੇ ਦਿੱਤੀ ਸੀ ਇਸ ਲਈ ਗੁਰੂ ਅਮਰਦਾਸ ਜੀ ਨੇ ਆਪਣੇ ਵਿਸ਼ਾਲ ਹਿਰਦੇ ਤੇ ਉੱਚੀ ਸੁੱਚੀ ਸੋਚ ਨੂੰ ਸਾਹਮਣੇ ਰੱਖਦਿਆਂ ਹੋਇਆਂ ਨਗਰ ਦਾ ਨਾਂ ਗੋਇੰਦਵਾਲ ਜਾਂ ਗੋਂਦਵਾਲ ਰੱਖ ਦਿੱਤਾ । ਗੁਰੂ ਅਮਰਦਾਸ ਜੀ ਦੀ ਰਿਹਾਇਸ਼ ਲਈ ਗੋਇੰਦੇ ਖੱਤਰੀ ਨੇ ਮਕਾਨ ਬਣਾ ਦਿੱਤੇ ਤੇ ਗੁਰੂ ਜੀ ਆਪਣੇ ਪਰਿਵਾਰ ਸਮੇਤ ਉਥੇ ਹੀ ਰਹਿਣ ਲੱਗ ਪਏ ।

ਗੋਇੰਦਵਾਲ ਸਾਹਿਬ ਦਾ ਇਤਿਹਾਸ | Goindwal Sahib History |

ਨਗਰ ਦੀ ਉਸਾਰੀ ਤੇ ਪੁਰਾਤਨ ਨਗਰ :

ਗੁਰੂ ਅਮਰਦਾਸ ਜੀ ਉੱਚ ਕੋਟੀ ਦੇ ਵਿਉਂਤਕਾਰ ਸਨ ਇਸ ਲਈ ਆਪ ਜੀ ਨੇ ਪੂਰੀ ਸੋਚ ਵਿਚਾਰ ਉਪਰੰਤ ਪੂਰਨ ਵਿਉਂਤਬੰਦੀ ਕਰਕੇ ਸੰਨ 1546 ਵਿਚ ਨਗਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ । ਸਿੱਖਾਂ ਦੇ ਭਰਪੂਰ ਉਤਸ਼ਾਹ, ਹਿੰਮਤ, ਹੌਸਲੇ, ਲਗਨ ਤੇ ਦਲੇਰੀ ਕਾਰਨ ਨਗਰ ਦੀ ਉਸਾਰੀ ਜੰਗੀ ਪੱਧਰ ਤੇ ਸ਼ੁਰੂ ਹੋ ਗਈ ਤੇ ਦੂਰ ਦੁਰਾਡੇ ਇਲਾਕਿਆਂ ‘ਚੋਂ ਕਈ ਉਦਮੀ ਤੇ ਵਿਉਪਾਰੀ ਇੱਥੇ ਆ ਕੇ ਵੱਸਣੇ ਸ਼ੁਰੂ ਹੋ ਗਏ। ਲੋਕਾਂ ਦੇ ਮਨਾ ਵਿੱਚੋਂ ਇੱਥੇ ਭੂਤਾਂ ਪਰੇਤਾਂ ਦਾ ਵਾਸਾ ਤੇ ਜਗ੍ਹਾ ਭਾਰੀ ਹੋਣ ਦੇ ਸਾਰੇ ਭਰਮ ਭੁਲੇਖੇ ਪੂਰੀ ਤਰ੍ਹਾਂ ਦੂਰ ਹੋ ਗਏ । ਗੁਰੂ ਜੀ ਵਲੋਂ ਵਸਾਈ ਜਾ ਰਹੀ ਇਸ ਨਗਰੀ ਵਿਚ ਆਵਾਜਾਈ ਵੱਧਣ ਨਾਲ ਹਰ ਪਾਸੇ ਰੌਣਕਾਂ ਵੱਧ ਗਈਆਂ । ਗੋਇੰਦਵਾਲ ਵਿਖੇ ਹਰ ਪਾਸਿਉਂ ਅਨੇਕਾਂ ਸ਼ਰਧਾਲੂ ਅਨਾਜ ਲੈ ਕੇ ਆਉਣ ਲੱਗ ਪਏ ਜਿਸ ਨਾਲ ਹਰ ਸਮੇਂ ਗੁਰੂ ਦਾ ਅਤੁੱਟ ਲੰਗਰ ਚੱਲਣ ਲੱਗ ਪਿਆ ।

ਨਵਾਂ ਨਗਰ ਵਸਾਉਣ ਤੇ ਵਿਕਸਤ ਕਰਨ ਵਿਚ ਇਮਾਰਤੀ ਲੱਕੜੀ ਦੀ ਵਿਸ਼ੇਸ਼ ਮਹੱਤਤਾ ਹੁੰਦੀ ਹੈ ਪਰ ਨਜ਼ਦੀਕ ਕੋਈ ਲੱਕੜੀ ਦੀ ਮੰਡੀ ਨਾ ਹੋਣ ਕਾਰਨ ਨਗਰ ਦੀ ਉਸਾਰੀ ਵਿਚ ਦੇਰੀ ਹੋ ਰਹੀ ਸੀ । ਗੁਰੂ ਅਮਰਦਾਸ ਜੀ ਨੇ ਆਪਣੇ ਭਤੀਜੇ ਬਾਬਾ ਸਾਵਣ ਮੱਲ ਜਿਹੜੇ ਕਾਂਗੜੇ ਦੇ ਹਰੀਪੁਰ ਆਦਿ ਇਲਾਕਿਆਂ ਵਿਚ ਸਿੱਖੀ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਸਿੱਖੀ ਨਾਲ ਜੋੜਨ ਦੀ ਅਹਿਮ ਭੂਮਿਕਾ ਨਿਭਾ ਰਹੇ ਸਨ, ਨੂੰ ਪਹਾੜੀ ਇਲਾਕੇ ‘ਚੋਂ ਲੱਕੜੀ ਦਾ ਪ੍ਰਬੰਧ ਕਰਨ ਲਈ ਕਿਹਾ । ਬਾਬਾ ਸਾਵਣ ਮੱਲ ਜੀ ਦੇ ਪ੍ਰਚਾਰ ਦੀ ਬਦੌਲਤ ਹਰੀਪੁਰ ਦਾ ਰਾਜਾ ਸਿੱਖ ਧਰਮ ਧਾਰਨ ਕਰਕੇ ਗੁਰੂ ਘਰ ਦਾ ਸੇਵਕ ਬਣ ਚੁੱਕਾ ਸੀ, ਇਸ ਲਈ ਉਸ ਨੇ ਭਾਰੀ ਮਾਤਰਾ ਵਿਚ ਇਮਾਰਤੀ ਲੱਕੜੀ ਗੋਇੰਦਵਾਲ ਸਾਹਿਬ ਦੀ ਉਸਾਰੀ ਲਈ ਭੇਜ ਦਿੱਤੀ। ਗੁਰੂ ਜੀ ਨੇ ਇਹ ਲੱਕੜੀ ਨਗਰ ਵਿਚ ਆ ਕੇ ਵੱਸਣ ਵਾਲੇ ਨਵੇਂ ਲੋਕਾਂ ਵਿਚ ਵੰਡ ਦਿੱਤੀ । ਸਿੱਖ ਸ਼ਰਧਾਲੂਆਂ ਦੇ ਉਤਸ਼ਾਹ ਕਾਰਨ ਨਗਰ ਦੀ ਉਸਾਰੀ ਦਾ ਕੰਮ ਬਹੁਤ ਹੀ ਤੇਜ਼ੀ ਨਾਲ ਹੋਣਾ ਸ਼ੁਰੂ ਹੋ ਗਿਆ ਤੇ ਗੋਇਦਵਾਲ ਇਕ ਬਹੁਤ ਹੀ ਸੁੰਦਰ ਤੇ ਆਕਰਸ਼ਕ ਦਿੱਖ ਵਾਲੇ ਨਗਰ ਦੀ ਸ਼ਕਲ ਅਖਤਿਆਰ ਕਰ ਗਿਆ । ਇਸ ਇਲਾਕੇ ਵਿਚ ਪੀਣ ਵਾਲੇ ਪਾਣੀ ਦੀ ਘਾਟ ਨੂੰ ਮਹਿਸੂਸ ਕਰਦਿਆਂ ਹੋਇਆਂ ਗੁਰੂ ਅਮਰਦਾਸ ਜੀ ਨੇ ਇੱਥੇ ਬਾਉਲੀ ਦਾ ਨਿਰਮਾਣ ਕਰਵਾਇਆ। ਇਸ ਬਾਉਲੀ ਦੇ ਨਿਰਮਾਣ ਨਾਲ ਪੀਣ ਵਾਲੇ ਪਾਣੀ ਦੀ ਘਾਟ ਦੂਰ ਹੋ ਗਈ। ਲੋਕ ਪਾਣੀ ਪੀਣ ਦੇ ਨਾਲ ਇੱਥੇ ਇਸ਼ਨਾਨ ਵੀ ਕਰਨ ਲੱਗ ਪਏ ਤੇ ਇਸ ਇਸ਼ਨਾਨ ਨੂੰ ਤੀਰਥਾਂ ਦੇ ਇਸ਼ਨਾਨ ਤੋਂ ਵੀ ਵੱਧ ਮਹੱਤਵ ਮਿਲਣ ਲੱਗ ਪਿਆ । ਗੁਰੂ ਜੀ ਨੇ ਨਗਰ ਦੀ ਉਸਾਰੀ ਲਈ ਨਾਨਕਸ਼ਾਹੀ ਇੱਟਾਂ ਤੇ ਮਿੱਟੀ ਦੇ ਬਰਤਨ ਤਿਆਰ ਕਰਨ ਲਈ ਆਵੇ ਵੀ ਲਗਵਾਏ । ਗੁਰੂ ਜੀ ਦੇ ਯਤਨਾ ਸਦਕਾ ਇੱਥੇ ਲੂਣ ਤੇ ਗੁੜ ਦੀ ਬਹੁਤ ਵੱਡੀ ਮੰਡੀ ਸਥਾਪਤ ਹੋ ਗਈ ਤੇ ਲੋਕ ਦੂਰੋਂ ਦੂਰੋਂ ਵਿਉਪਾਰ ਕਰਨ ਲਈ ਇੱਥੇ ਆਉਣ ਲੱਗ ਪਏ । ਇੱਥੇ ਦੇ ਹਲਵਾਈ ਇਕ ਖਾਸ ਕਿਸਮ ਦੀ ਬੂੰਦੀ ਜਿਹੜੀ ਗੁੜ ਤੇ ਦੇਸੀ ਘਿਉ ਨਾਲ ਬਣਦੀ ਸੀ, ਤਿਆਰ ਕਰਨ ਲੱਗ ਪਏ । ਇਹ ਬੂੰਦੀ ਮਿੱਟੀ ਦੇ ਕੁੱਜਿਆਂ ਵਿਚ ਪਾ ਕੇ ਵੇਚੀ ਜਾਂਦੀ ਸੀ ਤੇ ਲੋਕ ਇਸ ਬੂੰਦੀ ਨੂੰ ਪ੍ਰਸ਼ਾਦ ਵਜੋਂ ਦੂਰ-2 ਕਾਬਲ, ਕੰਧਾਰ ਤਕ ਲੈ ਕੇ ਜਾਇਆ ਕਰਦੇ ਸਨ ।

ਇਸ ਨਗਰ ਦੇ ਦਰਿਆ ਦੇ ਕਿਨਾਰੇ ਵੱਸੇ ਹੋਣ ਕਾਰਨ ਬੇਟ ਦੇ ਇਲਾਕੇ ‘ਚੋਂ ਸਰਕੰਡਾ ਤੇ ਘਾਹ ਆਦਿ ਕਾਫ਼ੀ ਮਾਤਰਾ ਵਿਚ ਮਿਲਣ ਲੱਗ ਪਿਆ ਜਿਸ ਨਾਲ ਇੱਥੇ ਫੂਹੜ, ਮੁਹੜੇ, ਰੱਸੇ-ਰੱਸੀਆਂ ਤੇ ਵਾਣ ਵੱਟਣ ਦੇ ਕਈ ਤਰ੍ਹਾਂ ਦੇ ਧੰਦੇ ਸ਼ੁਰੂ ਹੋ ਗਏ । ਇਹ ਕਾਰੋਬਾਰ ਇੱਥੇ ਵਸੇ ਰਠੌਰ ਸਿੰਘ ਕਰਦੇ ਸਨ ਪਰ ਅੱਜਕਲ੍ਹ ਘਾਹ ਸਰਕੰਡਾ ਨਾ ਮਿਲਣ ਕਾਰਨ ਇਹ ਕਾਰੋਬਾਰ ਲੱਗਭਗ ਬੰਦ ਹੋ ਚੁੱਕਾ ਹੈ । 1947 ਵਿਚ ਦੇਸ਼ ਦੇ ਬਟਵਾਰੇ ਸਮੇਂ ਇਸ ਨਗਰ ਦੀ ਆਬਾਦੀ 1000 ਦੇ ਕਰੀਬ ਸੀ, ਜਿਸ ਵਿਚ 600 ਦੇ ਕਰੀਬ ਮੁਸਲਮਾਨ ਸਨ । ਮੁਸਲਮਾਨ ਜ਼ਿਆਦਾਤਰ ਖੇਤੀ ਕਰਦੇ ਸਨ । ਮੁਸਲਮਾਨਾਂ ਵਿਚ ਰਾਈਆਂ ਦੀ ਗਿਣਤੀ ਸਭ ਤੋਂ ਜ਼ਿਆਦਾ। ਸੀ । ਪਾਕਿਸਤਾਨ ਬਣਨ ਸਮੇਂ ਮੁਸਲਮਾਨ ਪਿੰਡੀਆ ਦੇ ਕੈਂਪ ਰਾਹੀਂ ਪਾਕਿਸਤਾਨ ਚਲੇ ਗਏ । ਅੰਗਰੇਜ਼ਾਂ ਦੇ ਪੰਜਾਬ ਤੇ ਕਬਜ਼ੇ ਮਗਰੋਂ ਉਨੀਵੀਂ ਸਦੀ ਦੇ ਆਖਰੀ ਦਹਾਕਿਆਂ ਵਿਚ ਬਿਆਸ ਕਸਬੇ ਕੋਲ ਦਰਿਆ ਬਿਆਸ ਤੇ ਪੁਲ ਬਣ ਗਿਆ ਤੇ ਲੋਕਾਂ ਦੀ ਸਾਰੀ ਆਵਾਜਾਈ ਉਸ ਪੁਲ ਰਾਹੀਂ ਹੋਣੀ ਸ਼ੁਰੂ ਹੋ ਗਈ । ਇਸ ਨਗਰ ਦਾ ਰਸਤੇ ਲੋਕਾਂ ਦੀ ਆਵਾਜਾਈ ਘਟਣ ਨਾਲ ਕਾਰੋਬਾਰ ਬੰਦ ਹੋ ਗਏ ਤੇ ਲੋਕ ਇਸ ਨਗਰ ਨੂੰ ਵਰਕ ਦੇਸ਼ ਦੇ ਦੂਸਰੇ ਸ਼ਹਿਰਾਂ ਵੱਲ ਚਲੇ ਗਏ। ਉਸ ਸਮੇਂ ਇੱਥੇ ਤਿੰਨ ਹਿੱਸੇ ਮਰਵਾਹੇ  ਤੇ ਬਾਵੇ ਵੱਸਦੇ ਸਨ ਕਿਉਂਕਿ ਇਹ ਸਾਰਾ ਇਲਾਕਾ ਮਰਵਾਹਿਆਂ ਤੇ ਬਾਵਿਆਂ ਦੀ ਮਲਕੀਅਤ ਸੀ । ਲੋਕਾਂ ਦੇ ਇੱਥੋਂ ਹਿਜ਼ਰਤ ਕਰਨ ਕਾਰਨ ਇਹ ਹੱਸਦਾ-ਵੱਸਦਾ ਨਗਰ ਉਜੜ ਗਿਆ ਤੇ ਬਹੁਤ ਘੱਟ ਲੋਕ ਇੱਥੇ ਰਹਿ ਗਏ । ਲੋਕ ਦੱਸਦੇ ਹਨ ਕਿ ਉਸ ਸਮੇਂ ਇਸ ਨਗਰ ਦੀ ਆਬਾਦੀ ਬਹੁਤ ਜ਼ਿਆਦਾ ਸੀ । ਨਗਰ ਵਿਚ ਨਾਨਕਸ਼ਾਹੀ ਇੱਟਾਂ ਦੇ ਬਣੇ ਹੋਏ ਵੱਡੇ-2 ਘਰ, ਜਿਹੜੇ ਹੁਣ ਖਾਲੀ ਤੇ ਵੈਰਾਨ ਪਏ ਹੋਏ ਹਨ, ਵੀ ਇੱਥੇ ਘਣੀ ਅਬਾਦੀ ਦੇ ਵੱਸੇ ਹੋਣ ਦੀ ਪੁਸ਼ਟੀ ਕਰਦੇ ਹਨ ।

ਵਰਤਮਾਨ ਨਗਰ ਤੇ ਇਸ ਦਾ ਵਿਕਾਸ :

ਗੋਇੰਦਵਾਲ ਸਾਹਿਬ ਪੰਜਾਬ ਦੇ ਪੁਰਾਣੇ ਇਤਿਹਾਸਕ ਨਗਰਾਂ ਵਿੱਚੋਂ ਇਕ ਬਹੁਤ ਹੀ ਪ੍ਰਸਿੱਧ ਤੇ ਮਹੱਤਵਪੂਰਨ ਨਗਰ ਹੈ । ਇਸ ਨਗਰ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਖੁਦ ਆਪਣੀ ਦੇਖ-ਰੇਖ ਤੇ ਯੋਗ ਰਹਿਨੁਮਾਈ ਹੇਠ ਆਬਾਦ ਕੀਤਾ ਤੇ ਇਹ ਸਿੱਖ ਕੌਮ ਦਾ ਪਹਿਲਾ ਧਾਰਮਿਕ, ਇਤਿਹਾਸਕ ਤੇ ਸਮਾਜਿਕ ਕੇਂਦਰ ਬਣਿਆ । ਇਸ ਨਗਰ ਦੀ ਮਹਾਨਤਾ ਨੂੰ ਵੇਖਦਿਆਂ ਹੋਇਆਂ ਸਿੱਖ ਜਗਤ ਇਸ ਨੂੰ ਸਿੱਖੀ ਦਾ ਧੁਰਾ ਆਖਦਾ ਹੈ । ਗੁਰੂ ਜੀ ਵੱਲੋਂ ਵਸਾਏ ਇਸ ਮਹਾਨ ਨਗਰ ਦੇ ਵਿਕਾਸ ਲਈ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਕਈ ਤਰ੍ਹਾਂ ਦੇ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ । ਇਸ ਨਗਰ ਨੂੰ ਚਾਰੇ ਪਾਸਿਆਂ ਤੋਂ ਪੱਕੀਆਂ ਸੜਕਾਂ ਨਾਲ ਜੋੜ ਦਿੱਤਾ ਗਿਆ ਹੈ । ਜਿਸ ਦੇ ਫਲਸਰੂਪ ਸ਼ਰਧਾਲੂਆਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ ਤੇ ਰੌਣਕ ਵੀ ਵੱਧ ਗਈ ਹੈ । ਗੁਰੂ ਅਮਰਦਾਸ ਜੀ ਦੇ ਪੰਜ ਸੋ ਸਾਲਾ ਪ੍ਰਕਾਸ਼ ਉਤਸਵ ਸਮੇਂ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਗੋਇੰਦਵਾਲ ਦੀ ਉਨਤੀ ਤੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਤੇ ਕਈ ਤਰ੍ਹਾਂ ਦੀਆਂ ਵਿਕਾਸ ਯੋਜਨਾਵਾਂ ਦੀ ਮਨਜ਼ੂਰੀ ਦਿੱਤੀ ਗਈ । ਦਰਿਆ ਬਿਆਸ ਤੇ ਪੁਲ ਬਣਾ ਕੇ ਇਸ ਨਗਰ ਨੂੰ ਸੁਲਤਾਨਪੁਰ ਲੋਧੀ, ਕਪੂਰਥਲਾ ਤੇ ਜਲੰਧਰ ਜ਼ਿਲ੍ਹਿਆਂ ਨਾਲ ਜੋੜ ਦਿੱਤਾ ਗਿਆ । ਇਸ ਪੁਲ ਦੇ ਬਣਨ ਮਗਰੋਂ ਆਵਾਜਾਈ ਵਿਚ ਭਾਰੀ ਵਾਧਾ ਹੋਇਆ ਹੈ ਕਿਉਂਕਿ ਦੁਆਬੇ ਦੇ ਇਲਾਕਿਆਂ ਦਾ ਸਫਰ ਬਹੁਤ ਘੱਟ ਹੋ ਗਿਆ ਹੈ ।

ਇਸ ਨਗਰ ਨੂੰ ਉਦਯੋਗਿਕ ਨਗਰ ਵਜੋਂ ਵਿਕਸਤ ਕਰਨ ਲਈ 1979 ਵਿਚ ਕੇਂਦਰੀ ਸਰਕਾਰ ਨੇ ਇਕ ਬਹੁਤ ਵੱਡਾ ਇੰਡਸਟਰੀਅਲ ਕੰਪਲੈਕਸ ਮਨਜੂਰ ਕੀਤਾ ਜਿਸ ਦੇ ਫਲਸਰੂਪ ਇੱਥੇ ਉਦਯੋਗ ਦੀਆਂ ਕਈ ਵੱਡੀਆਂ ਤੇ ਕਈ ਦਰਮਿਆਨੇ ਦਰਜ਼ੇ ਦੀਆਂ ਫੈਕਟਰੀਆਂ ਸਥਾਪਤ ਹੋ ਗਈਆਂ । ਇਲਾਕੇ ਦੇ ਲੋਕਾਂ ਨੂੰ ਵੱਖ-ਵੱਖ ਉਦਯੋਗਾਂ ਵਿਚ ਰੋਜ਼ਗਾਰ ਮਿਲ ਗਿਆ ਜਿਸ ਨਾਲ ਉਹਨਾਂ ਦੀ ਆਰਥਿਕ ਹਾਲਤ ਵਿਚ ਕਾਫ਼ੀ ਸੁਧਾਰ ਹੋ ਗਿਆ । ਇਸ ਸਮੇਂ ਚਾਰ-ਪੰਜ ਇਕਾਈਆਂ ਜਿਨ੍ਹਾਂ ਵਿਚ ਬਾਵਾ – ਕੰਪਨੀ, ਬੀ.ਐਚ.ਈ.ਐਲ, ਅਰੀਹੈਂਡ ਬਰੇਡਜ਼, ਕਰਤਾਰ ਫਲੋਰ ਮਿਲ ਤੇ ਸੋਇਆਫੂਡ ਆਦਿ ਵਧੀਆ ਕੰਮ ਕਰ ਰਹੀਆਂ ਹਨ ਤੇ ਇਹਨਾਂ ਅਦਾਰਿਆਂ ਵਿਚ ਕਾਫ਼ੀ ਲੋਕਾਂ ਨੂੰ ਰੋਜ਼ਗਾਰ ਮਿਲਿਆ। ਹੋਇਆ ਹੈ। ਬਾਵਾ ਸ਼ੂ ਦੇ ਬਣੇ ਹੋਏ ਬੂਟ ਅਮਰੀਕਾ ਤੇ ਯੂਰਪ ਦੇ ਦੇਸ਼ਾਂ ਨੂੰ ਨਿਰਯਾਤ ਕੀਤੇ ਜਾਂਦੇ ਹਨ ।

ਇਸ ਨਗਰ ਤਕ ਰੇਲ ਲਾਈਨ ਵੀ ਆਈ ਹੋਈ ਹੈ ਤੇ ਰੋਜ਼ਾਨਾ ਬਿਆਸ ਤੋਂ ਗੋਇੰਦਵਾਲ ਤਕ ਰੇਲ ਬੱਸ ਚੱਲਦੀ ਹੈ ਜਿਸ ਵਿਚ 100 ਦੇ ਕਰੀਬ ਸੀਟਾਂ ਬਣੀਆਂ ਹੋਈਆਂ ਹਨ । ਇਹ ਵੀ ਪਤਾ ਲੱਗਾ ਹੈ ਕਿ ਗੋਇੰਦਵਾਲ ਸਾਹਿਬ ਤੋਂ ਤਰਨਤਾਰਨ ਤਕ ਰੇਲ ਲਾਈਨ ਵਿਛਾਉਣ ਲਈ ਮੁੱਢਲਾ ਸਰਵੇ ਵੀ ਹੋ ਚੁੱਕਾ ਹੈ। ਅਗਰ ਤਰਨਤਾਰਨ ਤਕ ਰੇਲ ਲਾਈਨ ਵਿਛ ਜਾਂਦੀ ਹੈ ਤਾਂ ਇਹ ਇਸ ਨਗਰ ਦੇ ਵਿਕਾਸ ਲਈ ਬਹੁਤ ਹੀ ਮਹੱਤਵਪੂਰਨ ਕਦਮ ਹੋਵੇਗਾ । ਬੱਸਾਂ ਪਹਿਲਾਂ ਨਗਰ ਦੇ ਵਿਚਕਾਰੋਂ ਗੋਇੰਦਵਾਲ ਚੌਕ ਤੋਂ ਚਲਦੀਆਂ ਸਨ । ਹੁਣ ਆਧੁਨਿਕ ਸਹੂਲਤਾਂ ਭਰਪੂਰ ਵਧੀਆ ਤੇ ਵਿਸ਼ਾਲ ਬੱਸ ਅੱਡਾ ਬਣ ਚੁੱਕਾ ਹੈ ਜਿੱਥੋਂ ਲੱਗਭਗ ਰੋਜ਼ਾਨਾ 150 ਦੇ ਕਰੀਬ ਬੱਸਾਂ ਬਾਹਰ ਜਾਂਦੀਆਂ ਹਨ । ਇਕ ਸਰਕਾਰੀ ਸਿਹਤ ਕੇਂਦਰ ਵੀ ਹੈ ਜਿਸ ਵਿਚ ਇਕ ਡਾਕਟਰ ਤੇ ਕੁਝ ਹੋਰ ਅਮਲਾ ਤਾਇਨਾਤ ਹੈ । ਇਸ ਕੇਂਦਰ ਵਿਚ ਦਵਾਈਆਂ ਦੀ ਬਹੁਤ ਹੀ ਘਾਟ ਹੈ ਤੇ ਲੋਕਾਂ ਨੂੰ ਦਵਾਈਆਂ ਬਾਹਰੋਂ ਹੀ ਲੈਣੀਆਂ ਪੈਂਦੀਆਂ ਹਨ । ਨਗਰ ਵਿਚ ਬਰਾਤਾਂ ਆਦਿ ਦੇ ਠਹਿਰਨ ਲਈ ਮੁਹੱਲਾ ਰਠੌਰਾਂ ਵਿਚ ਪਿੰਡ ਦੀ ਪੰਚਾਇਤ ਨੇ ਸਰਕਾਰੀ ਗ੍ਰਾਂਟ ਦੀ ਮਦਦ ਨਾਲ ਜੰਞ ਘਰ ਬਣਾ ਦਿੱਤਾ ਹੈ । ਗੋਇੰਦਵਾਲ ਸਾਹਿਬ ਨੂੰ ਸਬ ਤਹਿਸੀਲ ਦਾ ਦਰਜਾ ਮਿਲਿਆ ਹੋਇਆ ਹੈ ਤੇ ਮਾਲ ਮਹਿਕਮੇ ਨਾਲ ਸਬੰਧਤ ਕੰਮ ਸਬ-ਤਹਿਸੀਲ ਵਿਖੇ ਹੀ ਹੁੰਦੇ ਹਨ ।

ਇੱਥੇ ਜਾਨਵਰਾਂ ਦੀ ਦੇਖ-ਭਾਲ ਲਈ ਪਸ਼ੂਆਂ ਦਾ ਹਸਪਤਾਲ ਵੀ ਹੈ । ਨਗਰ ਦੀ ਆਪਣੀ ਮੰਡੀ ਹੈ ਪਰ ਕੋਈ ਪੱਕੀ ਜਗ੍ਹਾ ਨਾ ਹੋਣ ਕਾਰਨ ਅਨਾਜਾਂ ਦੇ ਮੌਸਮ ਸਮੇਂ ਖਰੀਦਣ ਤੇ ਵੇਚਣ ਵਿਚ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਗੋਇੰਦਵਾਲ ਵਿਖੇ ਥਾਣਾ ਵੀ ਹੈ ਪਰ ਇਹ ਨਗਰ ਤੋਂ ਬਾਹਰਵਾਰ ਇੰਡਸਟਰੀਅਲ ਕੰਪਲੈਕਸ ਵਿਚ ਸਥਿਤ ਹੈ। ਇਸ ਦੀ ਨਗਰ ਤੋਂ ਦੂਰੀ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ। ਹੈ । ਨਗਰ ਵਿਖੇ ਡੀ.ਐਸ.ਪੀ. ਵੀ ਤਾਇਨਾਤ ਹੈ ਤੇ ਉਸਦਾ ਦਫ਼ਤਰ ਵੀ ਥਾਣੇ ਦੇ ਨਜ਼ਦੀਕ ਹੀ ਹੈ । ਇੱਥੇ ਕੋਈ ਵੱਡਾ ਹਸਪਤਾਲ ਨਾ ਹੋਣ ਕਾਰਨ ਲੋਕਾਂ ਨੂੰ ਇਲਾਜ ਲਈ ਅੰਮ੍ਰਿਤਸਰ, ਤਰਨਤਾਰਨ ਆਦਿ ਸ਼ਹਿਰਾਂ ਵਿਚ ਜਾਣਾ ਪੈਂਦਾ ਹੈ । ਇੱਥੇ ਸਕੂਲ ਤਾਂ ਕਾਫ਼ੀ ਹਨ ਪਰ ਲੜਕੀਆਂ ਲਈ ਵੱਖਰੇ ਸਕੂਲ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ ।

ਇਸ ਨਗਰ ਵਿਚ ਸੀਵਰੇਜ ਦਾ ਕੋਈ ਵਿਸ਼ੇਸ਼ ਪ੍ਰਬੰਧ ਨਾ ਹੋਣ ਕਾਰਨ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਸਾਰਾ ਗੰਦਾ ਪਾਣੀ ਗੁਰਦੁਆਰਾ ਬਾਉਲੀ ਸਾਹਿਬ ਦੇ ਨਜ਼ਦੀਕ ਦਰਿਆ ਬਿਆਸ ਵਾਲੇ ਪਾਸੇ ਵਗਦੇ ਸੇਮ ਨਾਲੇ ਵਿਚ ਜਾ ਡਿਗਦਾ ਹੈ ਜਿਸ ਕਾਰਨ ਬਾਉਲੀ ਸਾਹਿਬ ਦਾ ਪਾਣੀ ਪਰਦੂਸ਼ਤ ਹੋ ਰਿਹਾ ਹੈ । ਬਾਉਲੀ ਸਾਹਿਬ ਦੇ ਪਾਣੀ ਨੂੰ ਪਰਦੂਸ਼ਤ ਹੋਣ ਤੋਂ ਬਚਾਉਣ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਨਗਰ ਦੇ ਵਿਸ਼ੇਸ਼ ਵਿਅਕਤੀਆਂ ਜਿਨ੍ਹਾਂ ਵਿਚ ਜਗਜੀਤ ਸਿੰਘ ਭੱਲਾ ਵੀ ਸ਼ਾਮਲ ਸਨ, ਨੇ ਤਕਨੀਕੀ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਬਾਉਲੀ ਵਿਚ ਸਬਮਰਸੀਬਲ ਪੰਪ ਲਗਵਾ ਦਿੱਤਾ । ਇਸ ਪੰਪ ਰਾਹੀਂ ਹਰ ਰੋਜ਼ ਬਾਉਲੀ ਵਿਚ ਪਾਣੀ ਭਰਿਆ ਜਾਂਦਾ ਹੈ ਤੇ ਇੰਜ ਕਰਨ ਨਾਲ ਬਾਉਲੀ ਦੇ ਪਾਣੀ ਦਾ ਸਤਰ ਉੱਚਾ ਹੋ ਜਾਂਦਾ ਹੈ । ਬਾਉਲੀ ਦੇ ਪਾਣੀ ਦਾ ਸਤਰ ਉੱਚਾ ਹੋਣ ਨਾਲ ਨਾਲੇ ਦਾ ਗੰਦਾ ਪਾਣੀ ਬਾਉਲੀ ਵਿਚ ਆਉਣਾ ਬੰਦ ਹੋ ਗਿਆ ਹੈ । ਬਾਉਲੀ ਸਾਹਿਬ ਨੂੰ ਸਾਫ਼ ਸੁਥਰਾ ਰੱਖਣ ਲਈ ਹਰ ਸਾਲ ਜੁਲਾਈ ਵਿਚ ਇਸ ਵਿੱਚੋਂ ਗਾਰ ਕੱਢਕੇ ਸਫਾਈ ਕੀਤੀ ਜਾਂਦੀ ਹੈ ।

ਗੋਇੰਦਵਾਲ ਸਾਹਿਬ ਵਿਖੇ ਬਣਿਆ ਇੰਡਸਟਰੀਅਲ ਕੰਪਲੈਕਸ ਸਹੂਲਤਾਂ ਦੀ ਘਾਟ ਕਾਰਨ ਕੋਈ ਵਿਸ਼ੇਸ਼ ਤਰੱਕੀ ਨਹੀਂ ਕਰ ਸਕਿਆ ਤੇ ਲੋਕਾਂ ਦੇ ਵਸੇਵੇ ਲਈ ਬਣੀਆਂ ਕਲੌਨੀਆਂ ਵੀ ਅੱਧ ਵਿਚਾਲੇ ਹੀ ਫਸੀਆਂ ਪਈਆਂ ਹਨ । ਰੇਲ ਦਾ ਆਉਣਾ ਵੀ ਅਧੂਰਾ ਹੀ ਹੈ ਕਿਉਂਕਿ ਪੂਰੀਆਂ ਗੱਡੀਆਂ ਚੱਲਣ ਦਾ ਕੰਮ ਅੱਜ ਤਕ ਸ਼ੁਰੂ ਨਹੀਂ ਹੋਇਆ । ਇੱਥੋਂ ਢੋਆ- ਢੋਆਈ ਦਾ ਸਾਰਾ ਕੰਮ ਟਰੱਕਾਂ ਰਾਹੀਂ ਹੀ ਹੁੰਦਾ ਹੈ ।

ਪਿੰਡ ਦਾ ਆਲਾ-ਦੁਆਲਾ ਤੇ ਆਸ-ਪਾਸ ਦੀਆਂ ਇਤਿਹਾਸਕ ਥਾਵਾਂ

ਇਸ ਨਗਰ ਦੇ ਪੂਰਬ ਵੱਲ ਦਰਿਆ ਬਿਆਸ ਹੈ ਤੇ ਪੱਛਮ ਵਾਲੇ ਪਾਸ 26 ਕਿਲੋਮੀਟਰ ਦੀ ਦੂਰੀ ਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਸਾਇਆ ਇਤਿਹਾਸਕ ਨਗਰ ਤਰਨਤਾਰਨ ਹੈ । ਉੱਤਰ-ਪੱਛਮਲੇ ਪਾਸੇ 8 ਕਿਲੋਮੀਟਰ ਤੀ ਦੂਰੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਵਸਾਇਆ ਪ੍ਰਸਿਧ ਕਸਬਾ ਖਡੂਰ ਸਾਹਿਬ ਹੈ । ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਨੂੰ ਜਾਣ ਵਾਲੀ ਸੜਕ ਤੇ ਗੁਰਦੁਆਰਾ ਦਮਦਮਾ ਸਾਹਿਬ ਸੁਸ਼ੋਭਤ ਹੈ ਜਿੱਥੇ ਸ੍ਰੀ ਗੁਰੂ ਅਮਰਦਾਸ ਜੀ ਦਰਿਆ ਬਿਆਸ ‘ਚੋਂ ਪਾਣੀ ਦੀ ਗਾਗਰ ਲੈ ਕੇ ਜਾਂਦੇ ਸਮੇਂ ਸਾਹ ਲਿਆ ਕਰਦੇ ਸਨਗੋਇੰਦਵਾਲ ਸਾਹਿਬ ਤੋਂ ਤਰਨਤਾਰਨ ਜਾਣ ਵਾਲੀ ਸੜਕ ਤੇ ਕਸਬਾ ਫਤਿਹਆਬਾਦ ਵਸਿਆ ਹੋਇਆ ਹੈ । ਇਹ ਮੁਸਲਮਾਨ ਫਤਹਿ ਖਾਂ ਦੀ ਜਗੀਰ ਸੀ ਇਸ ਲਈ ਇਸ ਦਾ ਨਾਂ ਫਤਿਹਆਬਾਦ ਪੱਕ ਗਿਆ। ਪੁਰਾਣੇ ਸਮਿਆਂ ਵਿਚ ਫਤਿਆਬਾਦ ਰਿਆਸਤ ਕਪੂਰਥਲਾ ਦੀ ਤਹਿਸੀਲ ਵੀ ਰਿਹਾ । ਗੁਰੂ ਨਾਨਕ ਦੇਵ ਜੀ ਸੁਲਤਾਨਵਿੰਡ ਜਾਦੇ ਹੋਏ ਇਕ ਰਾਤ ਇਸ ਜਗ੍ਹਾ ਤੇ ਰੁਕੇ ਸਨ ਤੇ ਉਹਨਾਂ ਦੀ ਇਸ ਫੇਰੀ ਦੀ ਯਾਦ ਵਿਚ ਉਥੇ ਇਕ ਗੁਰਦੁਆਰਾ ਬਣਿਆ ਹੋਇਆ ਹੈ । ਸ਼ੇਰ ਸ਼ਾਹ ਸੂਰੀ ਦੇ ਹੱਥਾਂ ਦਾ ਬਣਿਆ ਕਿਲ੍ਹਾ ਤੇ ਚਾਰ ਏਕੜ ਭੂਮੀ ਵਿਚ ਬਣਿਆ ਹੋਇਆ ਤਲਾਬ ਅੱਜ ਵੀ ਪੁਰਾਤਨ ਇਤਿਹਾਸ ਦੀ ਗਵਾਹੀ ਭਰਦਾ ਹੈ ।

ਗੋਇੰਦਵਾਲ ਸਾਹਿਬ ਦੇ ਪੂਰਬ ਵੱਲ ਦਰਿਆ ਤੋਂ ਪਾਰ 26 ਕਿਲੋਮੀਟਰ ਦੀ ਦੂਰੀ ਤੇ ਇਤਿਹਾਸਕ ਨਗਰ ਸੁਲਤਾਨਪੁਰ ਲੋਧੀ ਵੱਸਿਆ ਹੋਇਆ ਹੈ । ਇੱਥੇ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਵਿਆਹੀ ਹੋਈ ਸੀ । ਇਸ ਨਗਰ ਵਿਖੇ ਗੁਰੂ ਨਾਨਕ ਦੇਵ ਜੀ ਨੇ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿਚ ਕੰਮ ਕੀਤਾ ਸੀ । ਇੱਥੇ ਸੰਤਘਾਟ, ਹੱਟ ਸਾਹਿਬ, ਕੋਠੜੀ ਸਾਹਿਬ, ਗੁਰੂ ਕਾ ਬਾਗ, ਜਨਮ ਅਸਥਾਨ ਬਾਬਾ ਸ੍ਰੀ ਚੰਦ, ਲਛਮੀ ਦਾਸ, ਧਰਮਸ਼ਾਲ ਗੁਰੂ ਅਰਜਨ ਦੇਵ ਜੀ ਤੇ ਬਰ ਸਾਹਿਬ ਆਦਿ ਗੁਰਦੁਆਰੇ ਬਣੇ ਹੋਏ ਹਨ ।

ਪ੍ਰਕਾਸ਼ ਅਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ

ਗੁਰਦੁਆਰਾ ਬਾਉਲੀ ਸਾਹਿਬ ਦੇ ਬਿਲਕੁਲ ਨਜ਼ਦੀਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਬ ਅਸਥਾਨ ਹੈ ਜਿਸ ਦੀ ਬਹੁਤ ਵੱਡੀ ਤੇ ਆਲੀਸ਼ਾਨ ਇਮਾਰਤ ਬਣੀ ਹੋਈ ਹੈ । ਇਸ ਅਸਥਾਨ ਦੀ ਉਸਾਰੀ 1930 ਵਿਚ ਸ਼ੁਰੂ ਹੋਈ ਸੀ ਪਰ ਕੁਝ ਮੁਸ਼ਕਲਾਂ ਤੇ ਅੜਚਨਾ ਕਾਰਨ ਇਹ ਕਾਰਜ ਸਿਰੇ ਨਾ ਚੜ੍ਹ ਸਕਿਆ । ਗੁਰੂ ਘਰ ਦੇ ਪਰਮ ਸੇਵਕ ਸੰਤ ਬਾਬਾ ਕਰਤਾਰ ਸਿੰਘ ਨੇ ਪੁਰਾਤਨ ਸਿੱਖ ਇਮਾਰਤੀ ਕਲਾ ਸਭਿਆਚਾਰ ਤੇ ਚਿੱਤਰਕਾਰੀ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਉੱਚ ਪੱਧਰੀ ਸੂਝ-ਬੂਝ ਤੇ ਸਿਆਣਪ ਭਰਪੂਰ ਵਿਉਂਤਬੰਦੀ ਨਾਲ ਇਸ ਇਮਾਰਤ ਦੀ ਸੇਵਾ ਕਰਵਾਈ । ਇਸ ਵਿਸ਼ਾਲ ਤੇ ਦਿਲ ਖਿਚਵੀਂ ਇਮਾਰਤ ‘ਤੇ ਬਹੁਤ ਹੀ ਸੁੰਦਰ ਤੇ ਆਕਰਸ਼ਕ ਗੁੰਬਦ ਬਣਵਾਕੇ, ਕਲਸ ‘ਤੇ ਸੋਨਾ ਚੜਾ ਕੇ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਦਿੱਤੇ । ਗੁੰਬਦ ਦੇ ਇਰਦ-ਗਿਰਦ ਛੋਟੀਆਂ ਗੁੰਬਦੀਆਂ ਬਣਾਈਆਂ ਜਿਸ ਨਾਲ ਇਸ ਦੀ ਇਮਾਰਤ ਤੇ ਗੁੰਬਦ ਦੀ ਸੁੰਦਰਤਾ ਵਿਚ ਕਈ ਗੁਣਾ ਵਾਧਾ ਹੋ ਗਿਆ ।

ਗੋਇੰਦਵਾਲ ਸਾਹਿਬ ਦਾ ਇਤਿਹਾਸ | Goindwal Sahib History |

 

ਗੋਇੰਦਵਾਲ ਸਾਹਿਬ ਦਾ ਇਤਿਹਾਸ | Goindwal Sahib History |

 

ਗੋਇੰਦਵਾਲ ਸਾਹਿਬ ਦਾ ਇਤਿਹਾਸ | Goindwal Sahib History |

ਲੰਗਰ ਸ੍ਰੀ ਗੁਰੂ ਅਮਰਦਾਸ ਜੀ :

ਪ੍ਰਕਾਸ਼ ਅਸਥਾਨ ਦੇ ਬਿਲਕੁਲ ਨਜ਼ਦੀਕ ਸ੍ਰੀ ਗੁਰੂ ਅਮਰਦਾਸ ਜੀ ਦਾ ਲੰਗਰ ਹੈ। ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਚੱਲਦਾ ਹੈ । ਗੁਰੂ ਜੀ ਦੀ ਇਹ ਵਿਸ਼ਾਲ ਸੋਚ ਸੀ ਕਿ ਜੋ ਵੀ ਕੋਈ ਇਸ ਜਗ੍ਹਾ ਤੇ ਆਵੇ ਬਿਨਾ ਸੰਕੋਚ ਕਿਸੇ ਭਿੰਨ-ਭੇਦ ਦੇ ਪੰਗਤ ਵਿਚ ਬੈਠਕੇ ਪ੍ਰਸ਼ਾਦਾ ਛਕੇ । ਇਸ ਮੰਤਵ ਦੀ ਪੂਰਤੀ ਲਈ ਆਪ ਜੀ ਨੇ ਪਹਿਲੇ ਪੰਗਤ ਪਾਛੇ ਸੰਗਤ। ਦੀ ਪ੍ਰਥਾ ਚਾਲੂ ਕੀਤੀ । ਗੁਰੂ ਜੀ ਵੱਲੋਂ ਚਲਾਈ ਇਸ ਮਹਾਨ ਪ੍ਰੰਪਰਾ ਅਨੁਸਾਰ ਹਰੇਕ ਸ਼ਰਧਾਲੂ ਗੁਰੂ ਕੇ ਲੰਗਰ ਦੀ ਪੰਗਤ ਵਿਚ ਬੈਠਕੇ ਪ੍ਰਸ਼ਾਦਾ ਛਕਣਾ ਆਪਣੇ ਵੱਡੇ ਭਾਗ ਸਮਝਦਾ ਹੈ ।

ਸ੍ਰੀ ਗੁਰੂ ਅਮਰਦਾਸ ਨਿਵਾਸ :

ਗੁਰਦੁਆਰਾ ਬਾਉਲੀ ਸਾਹਿਬ ਦੇ ਪਿਛਲੇ ਪਾਸੇ ਵੱਲ ਯਾਤਰੂਆਂ ਦੀ ਰਿਹਾਇਸ਼ ਤੇ ਅਰਾਮ ਲਈ ਚਾਲੀ ਕਮਰਿਆਂ ਵਾਲੀ ਵਧੀਆ ਤੇ ਆਧੁਨਿਕ ਸਹੂਲਤਾਂ ਮੁਹੱਈਆ ਕਰਨ ਵਾਲੀ ਸਾਫ਼ ਸੁਥਰੀ ਦਿਖ ਵਾਲੀ ਸੁੰਦਰ ਸਰਾਂ ਬਣੀ ਹੋਈ ਹੈ । ਇਸ ਸਰਾਂ ਦੇ ਸਾਰੇ ਕਮਰੇ ਸਾਫ਼ ਸੁਥਰੇ, ਹਵਾਦਾਰ ਤੇ ਰੌਸ਼ਨੀ ਵਾਲੇ ਹਨ । ਇਸ ਦੇ ਆਸਪਾਸ ਬਣੇ ਪਾਰਕ ਇਸਦੀ ਸੁੰਦਰਤਾ ਵਿਚ ਹੋਰ ਵੀ ਵਾਧਾ ਕਰਦੇ ਹਨ । ਗੁਰਦੁਆਰੇ ਦੀਆਂ ਇਮਾਰਤਾਂ ਬਨਾਉਣ ਲੱਗਿਆਂ। ਪੁਰਾਤਨ ਸਿੱਖ ਇਮਾਰਤੀ ਕਲਾ ਤੇ ਚਿੱਤਰਕਾਰੀ ਦਾ ਪੂਰਾ-2 ਧਿਆਨ ਰੱਖਿਆ ਗਿਆ ਹੈ ।

ਗੁਰਦੁਆਰਾ ਚੁਬਾਰਾ ਸਾਹਿਬ:

ਇਹ ਅਸਥਾਨ ਨਗਰ ਦੇ ਬਿਲਕੁਲ ਵਿਚਕਾਰ ਹੈ । ਗੁਰਗੱਦੀ ਪ੍ਰਾਪਤ ਕਰਨ ਤੋਂ ਪਿੱਛੋਂ ਗੁਰੂ ਜੀ ਆਪਣੇ ਪਰਿਵਾਰ ਦੀ ਰਿਹਾਇਸ਼ ਇੱਥੇ ਲੈ ਗਏ ਸਨ । ਇਸ ਜਗ੍ਹਾ ਤੇ ਬੀਬੀ ਭਾਨੀ ਲਈ ਜੇਠਾ ਜੀ (ਗੁਰੂ ਰਾਮਦਾਸ ਜੀ) ਨੂੰ ਵਰ ਚੁਣਿਆ ਸੀ । ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਚਾਂਦੀ ਦੀ ਇਕ ਪਾਲਕੀ ਵਿਚ ਕੀਤਾ ਜਾਂਦਾ ਹੈ ਤੇ ਇੱਥੇ ਦਰਵਾਜ਼ੇ ਦੀ ਜੋੜੀ ਉਪਰ ਵੀ ਚਾਂਦੀ ਦੇ ਪੱਤਰੇ ਚੜ੍ਹੇ ਹੋਏ ਹਨ ।

ਕਿੱਲੀ ਸਾਹਿਬ :

ਇਹ ਉਹ ਅਸਥਾਨ ਹੈ ਜਿੱਥੇ ਕਿੱਲੀ ਨੂੰ ਫੜਕੇ ਗੁਰੂ ਅਮਰਦਾਸ ਜੀ ਅਕਾਲ ਪੁਰਖ ਦਾ ਸਿਮਰਨ ਕਰਿਆ ਕਰਦੇ ਸਨ ।

ਗੁਰਗੱਦੀ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ :

ਇਸ ਕਿੱਲੀ ਤੋਂ ਥੋੜ੍ਹੀ ਦੂਰ ਬਰਾਂਡੇ ਵਿਚ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਬਦੀ ਦੇਣ ਦਾ ਦ੍ਰਿਸ਼ ਹੈ । ਇਸ ਦ੍ਰਿਸ਼ ਵਿਚ ਬਾਬਾ ਬੁੱਢਾ ਜੀ ਗੁਰੂ ਜੀ ਨੂੰ ਤਿਲਕ ਲਗਾ ਰਹੇ ਹਨ ਤੇ ਨਾਲ ਹੀ ਕੁਝ ਪ੍ਰੇਮੀ ਸੰਗਤਾਂ ਖੜ੍ਹੀਆਂ ਹਨ ।

ਥੰਮ੍ਹ ਸਾਹਿਬ ਤੇ ਚੁੱਲਾ ਬੀਬੀ ਭਾਨੀ ਜੀ :

ਇਹ ਉਹ ਥੰਮ੍ਹ ਹੈ ਜਿਸ ਨੂੰ ਛੋਟੀ ਅਵਸਥਾ ਵਿਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਫੜਕੇ ਖੇਡਿਆ ਕਰਦੇ ਸਨ । ਬੀਬੀ ਭਾਨੀ ਜੀ ਇਸ ਜਗ੍ਹਾ ਤੇ ਪ੍ਰਸਾਦਿ ਪਕਾ ਕੇ ਸੰਗਤਾਂ ਨੂੰ ਛਕਾਇਆ ਕਰਦੇ ਸਨ । ਇਹ ਚੁੱਲਾ ਉਹਨਾਂ ਦੀ ਯਾਦ ਦੀ ਨਿਸ਼ਾਨੀ ਵਜੋਂ ਹੈ।

ਪਾਲਕੀ ਸਾਹਿਬ :

ਇਹ ਉਹ ਪਾਲਕੀ ਹੈ ਜਿਸ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਬਾਣੀ ਦੀਆਂ ਸੈਂਚੀਆਂ ਬਾਬਾ ਮੋਹਨ ਜੀ ਤੋਂ ਲੈ ਕੇ ਅੰਮ੍ਰਿਤਸਰ ਗਏ ਸਨ ।

ਗੁਰੂ ਜੀ ਦੇ ਪਵਿੱਤਰ ਕੇਸ ਤੇ ਚੋਲਾ ਸਾਹਿਬ :

ਪਾਲਕੀ ਸਾਹਿਬ ਦੇ ਬਿਲਕੁਲ ਨੇੜੇ ਇਕ ਸ਼ੋ-ਕੇਸ ਵਿਚ ਸ੍ਰੀ ਗੁਰੂ ਅਮਰਦਾਸ ਜੀ ਦੇ ਪਵਿੱਤਰ ਕੇਸ ਤੇ ਚੋਲਾ ਸਾਹਿਬ ਰੱਖੇ ਹੋਏ ਹਨ । ਇਸ ਦੇ ਨਾਲ ਹੀ ਉਹ ਜਗ੍ਹਾ ਵੀ ਹੈ ਜਿੱਥੇ ਭਾਈ ਲਾਲੋ ਜੀ ਤਈਏ ਤਾਪ ਦੀ ਬੀਮਾਰੀ ਦਾ ਇਲਾਜ ਕਰਦੇ ਸਨ ।

ਜਨਮ ਅਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ :

ਤਈਏ ਤਾਪ ਵਾਲੇ ਅਸਥਾਨ ਦੇ ਬਿਲਕੁਲ ਸਾਹਮਣੇ ਅਸਥਾਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅਵਤਾਰ ਧਾਰਿਆ ਸੀ । ਇਸੇ ਅਸਥਾਨ ਤੇ ਹੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਤੇ ਮਹਾਦੇਵ ਦਾ ਜਨਮ ਹੋਇਆ ਸੀ ।

ਗੋਇੰਦਵਾਲ ਸਾਹਿਬ ਦਾ ਇਤਿਹਾਸ | Goindwal Sahib History |

 

ਗੋਇੰਦਵਾਲ ਸਾਹਿਬ ਦਾ ਇਤਿਹਾਸ | Goindwal Sahib History |

 

ਗੋਇੰਦਵਾਲ ਸਾਹਿਬ ਦਾ ਇਤਿਹਾਸ | Goindwal Sahib History |

 

ਗੋਇੰਦਵਾਲ ਸਾਹਿਬ ਦਾ ਇਤਿਹਾਸ | Goindwal Sahib History |

 

ਗੋਇੰਦਵਾਲ ਸਾਹਿਬ ਦਾ ਇਤਿਹਾਸ | Goindwal Sahib History |

 

ਗੋਇੰਦਵਾਲ ਸਾਹਿਬ ਦਾ ਇਤਿਹਾਸ | Goindwal Sahib History |

ਚੁਬਾਰਾ ਬਾਬਾ ਮੋਹਨ ਜੀ :

ਸ੍ਰੀ ਗੁਰੂ ਅਮਰਦਾਸ ਨਿਵਾਸ ਅਸਥਾਨ ਦੇ ਨਾਲ ਹੀ ਗੁਰੂ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਦਾ ਚੁਬਾਰਾ ਹੈ ਜਿੱਥੇ ਬੈਠ ਕੇ ਉਹ ਭਜਨ ਬੰਦਗੀ ਕਰਦੇ ਸਨ । ਇਸ ਜਗ੍ਹਾ ਤੇ ਹੀ ਸੰਮਤ 1660 ਬਿਕਰਮੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਬਾਣੀ ਦੀ ਬੀੜ ਤਿਆਰ ਕਰਨ ਸਮੇਂ ਬਾਬਾ ਜੀ ਤੋਂ ਸੈਂਚੀਆਂ ਲੈਣ ਆਏ ਸਨ ।

ਦੀਵਾਨ ਅਸਥਾਨ ਚੁਬਾਰਾ ਸਾਹਿਬ :

ਗੁਰਦੁਆਰਾ ਸਾਹਿਬ ਦੇ ਬਾਹਰਵਾਰ ਬੜਾ ਹੀ ਸੁੰਦਰ ਤੇ ਵਿਸ਼ਾਲ ਦੀਵਾਨ ਅਸਥਾਨ ਬਣਿਆ ਹੋਇਆ ਹੈ ਜਿੱਥੇ ਘੱਟੋ ਘੱਟ ਦਸ ਹਜ਼ਾਰ ਦੇ ਕਰੀਬ ਸੰਗਤਾਂ ਸ਼ਾਂਤ ਤੇ ਸੁੰਦਰ ਵਾਤਾਵਰਣ ਵਿਚ ਬੈਠਕੇ ਗੁਰੂ ਦਾ ਜਸ ਸਰਵਣ ਕਰਕੇ ਨਿਹਾਲ ਹੁੰਦੀਆਂ ਹਨ । ਇੱਥੇ ਸ੍ਰੀ ਗੁਰੂ ਅਮਰਦਾਸ ਜੀ ਦੇ ਅਵਤਾਰ ਧਾਰਨ ਤੋਂ ਜੋਤੀ ਜੋਤ ਸਮਾਉਣ ਦੇ ਪੁਰਬਾਂ ਸਮੇਂ ਬੜੇ ਭਾਰੀ ਕੀਰਤਨ ਦਰਬਾਰ ਹੁੰਦੇ ਹਨ ਜਿਸ ਵਿਚ ਉਚਕੋਟੀ ਦੇ ਰਾਗੀ ਗੁਰਬਾਣੀ ਦੇ ਨਿਰੋਲ ਕੀਤਰਨ ਰਾਹੀਂ ਸ਼ਰਧਾ ਭੇਟ ਕਰਦੇ ਹਨ ।

ਖੂਹ ਸ੍ਰੀ ਗੁਰੂ ਰਾਮਦਾਸ ਜੀ ਤੇ ਅਕਾਲ ਚਲਾਣਾ ਅਸਥਾਨ ਭਾਈ ਗੁਰਦਾਸ ਜੀ:

ਇਹ ਦੋਵੇਂ ਅਸਥਾਨ ਗੁਰਦੁਆਰਾ ਚੁਬਾਰਾ ਸਾਹਿਬ ਦੇ ਪਿਛਲੇ ਪਾਸੇ ਨਾਲ ਹੀ ਹਨ ।

ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ :

ਇਹ ਭਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਿਰਧ ਬੀੜਾਂ ਦੇ ਸਸਕਾਰ ਲਈ ਸੰਤ ਬਾਬਾ ਨਰਿੰਦਰ ਸਿੰਘ ਜੀ ਛੋਟੀ ਜਵੱਦੀ ਲੁਧਿਆਣੇ ਵਾਲਿਆਂ ਨੇ ਆਪਣੀ ਦੇਖ-ਰੇਖ ਹੇਠ ਬੜੀ ਸ਼ਰਧਾ ਤੇ ਦਿਲਚਸਪੀ ਨਾਲ ਬਣਵਾਇਆ ਹੈ । ਇਸ ਤੋਂ ਇਲਾਵਾ ਇੱਥੇ ਯਾਤਰੂਆਂ ਨੂੰ ਸੁਖ ਸਹੂਲਤਾਂ ਦੇਣ ਲਈ ਸ੍ਰੀ ਗੁਰੂ ਅਰਜਨ ਦੇਵ ਸਤਿਸੰਗ ਸਭਾ, ਅੰਮ੍ਰਿਤਸਰ ਦੇ ਸਹਿਯੋਗ ਨਾਲ ਗੁਰੂ ਅਰਜਨ ਦੇਵ ਨਿਵਾਸ ਦੀ ਇਮਾਰਤ ਵੀ ਤਿਆਰ ਕੀਤੀ ਗਈ ਹੈ ।

ਸ੍ਰੀ ਕ੍ਰਿਸ਼ਨ ਮੰਦਰ ਰਾਮ ਗਊਸ਼ਾਲਾ :

ਇਹ ਮੰਦਰ ਪੰਡਤ ਰਾਮ ਲਾਲ ਜੀ ਸ਼ੋਰੀ ਸੰਚਾਲਕ ਸ੍ਰੀ ਰਾਮ ਗਊਸ਼ਾਲਾ, ਗੋਇੰਦਵਾਲ ਦੀ ਦੇਖ-ਰੇਖ ਹੇਠ 1903 ਈ: ਵਿਚ ਸ੍ਰੀਮਤੀ ਧੰਨ ਦੇਵੀ ਦੀ ਯਾਦ ਵਿਚ ਬਣਾਇਆ ਗਿਆ ਸੀ । ਪੰਡਤ ਰਾਮ ਲਾਲ ਤੋਂ ਬਾਅਦ ਉਹਨਾਂ ਦੇ ਬੇਟੇ ਪੰਡਤ ਮਦਨ ਲਾਲ ਸ਼ੇਰੀ ਇਸ ਮੰਦਰ ਦੇ ਪ੍ਰਬੰਧਕ ਵਜੋਂ ਕੰਮ ਕਰਦੇ ਰਹੇ । ਅੱਜ ਕਲ੍ਹ ਡਾਕਟਰ ਕੇਵਲ ਕ੍ਰਿਸ਼ਨ, ਸ੍ਰੀ ਰਘੁਨਾਥ ਸ਼ੈਰੀ ਤੇ ਯਸ਼ਪਾਲ ਸ਼ੋਰੀ ਇਸ ਮੰਦਰ ਦੀ ਦੇਖ-ਭਾਲ ਕਰ ਰਹੇ ਹਨ । ਇਸ ਮੰਦਰ ਵਿਚ ਰਾਧਾ ਕ੍ਰਿਸ਼ਨ ਤੇ ਗਣੇਸ਼ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਹਨ । ਮੰਦਰ ਵਿਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ । ਜਿਸ ਵਿਚ ਕਈ ਭਜਨ ਮੰਡਲੀਆਂ ਹਿੱਸਾ ਲੈਂਦੀਆਂ ਹਨ ।

ਇਸ ਮੰਦਰ ਦਾ ਨਿਰਮਾਣ ਨਾਨਕ ਸ਼ਾਹੀ ਇੱਟਾਂ, ਚੂਨਾ, ਮਾਂਹ ਦੀ ਦਾਲ ਦਾ ਆਟਾ, ਪਾਣੀ ਤੇ ਗੁੜ ਦੀ ਰਾਬ ਦੇ ਮਿਸ਼ਰਣ ਨਾਲ ਤਿਆਰ ਕੀਤੇ ਗਏ ਮਸਾਲੇ ਨਾਲ ਕੀਤਾ ਗਿਆ । ਜੈਪੁਰ, ਜੋਧਪੁਰ ਤੋਂ ਮੰਦਰ ਲਈ ਮੂਰਤੀਆਂ ਮੰਗਵਾਈਆਂ ਤੇ ਸ਼ੋਭਾ ਯਾਤਰਾ ਕੱਢ ਕੇ ਇਹ ਮੂਰਤੀਆਂ ਮੰਦਰ ਵਿਚ ਸਥਾਪਤ ਕਰਵਾਈਆਂ ।

ਸ੍ਰੀ ਕ੍ਰਿਸ਼ਨ ਮੰਦਰ ਠਾਕਰ ਦੁਆਰਾ :

ਇਹ ਮੰਦਰ ਸ੍ਰੀ ਰਾਮ ਗਊਸ਼ਾਲਾ ਕ੍ਰਿਸ਼ਨ ਮੰਦਰ ਦੇ ਨਜ਼ਦੀਕ ਪਿੰਡ ਦੇ ਵਿਚਕਾਰ ਠਾਕਰ ਦੁਆਰੇ ਵਿਖੇ ਸਥਿੱਤ ਹੈ । ਇਸ ਮੰਦਰ ਦੀ ਸਥਾਪਨਾ ਸ੍ਰੀ ਕ੍ਰਿਸ਼ਨ ਮੰਦਰ ਰਾਮ ਗਊਸ਼ਾਲਾ ਦੇ ਨਿਰਮਾਣ ਤੋਂ ਕਾਫ਼ੀ ਪਹਿਲਾਂ ਹੋਈ । ਇਸ ਦੇ ਪ੍ਰਬੰਧਕ ਸ੍ਰੀ ਬਿਹਾਰੀ ਲਾਲ, ਗਿਰਧਾਰੀ ਲਾਲ ਤੇ ਠਾਕਰ ਦਾਸ ਰਹੇ ਹਨ । ਇਸ ਕੰਪਲੈਕਸ ਵਿਚ ਇਕ ਪੁਰਾਤਨ ਜੰਞ ਘਰ ਵੀ ਹੈ ਜਿਹੜਾ ਪਿੰਡ ਦੇ ਸਾਂਝੇ ਕੰਮਾਂ ਲਈ ਵਰਤਿਆ ਜਾਂਦਾ ਸੀ । ਇਸ ਮੰਦਰ ਵਿਚ ਰਾਧਾ ਕ੍ਰਿਸ਼ਨ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਹਨ।

ਮੰਦਰ ਮਾਤਾ ਚਿੰਤਪੁਰਨੀ :

ਇਹ ਮੰਦਰ 200 ਸਾਲ ਤੋਂ ਵੱਧ ਪੁਰਾਣਾ ਦੱਸਿਆ ਜਾਂਦਾ ਹੈ । ਇਹ ਮੰਦਰ ਨਾਨਕਸ਼ਾਹੀ ਇੱਟਾਂ ਦਾ ਬਣਿਆ ਹੋਇਆ ਹੈ । ਮੰਦਰ ਵਿਚ ਮਾਤਾ ਚਿੰਤਪੁਰਨੀ ਦੀ ਮੂਰਤੀ ਬਣੀ ਹੋਈ ਹੈ ਤੇ ਇਸ ਦੇ ਨਜ਼ਦੀਕ ਹੀ ਸ਼ੇਰ ਦੀ ਮੂਰਤੀ ਵੀ ਹੈ । ਇਸ ਤੋਂ ਇਲਾਵਾ ਮੰਦਰ ਦੇ ਬਰਾਂਡੇ ਵਿਚ ਕੰਧਾਂ ਅੰਦਰ ਭੈਰੋਂ ਤੇ ਹਨੂਮਾਨ ਦੀਆਂ ਮੂਰਤੀਆਂ ਬਣੀਆਂ ਹੋਈਆਂ ਹਨ । ਇਸ ਕੰਪਲੈਕਸ ਵਿਚ ਸ਼ਿਵਾਲਾ ਮੰਦਰ ਵੀ ਹੈ ਤੇ ਇੱਥੇ ਸ਼ਿਵਲਿੰਗ ਵੀ ਸਥਾਪਤ ਕੀਤਾ ਹੋਇਆ ਹੈ। ਸ਼ਿਵਲਿੰਗ ਦੇ ਨਜ਼ਦੀਕ ਹੀ ਨੰਦੀ ਬੈਲ ਦੀ ਮੂਰਤੀ ਬਣੀ ਹੋਈ ਹੈ । ਮਾਤਾ ਚਿੰਤਪੁਰਨੀ ਦੇ ਮੰਦਰ ਵਿਖੇ ਹਰ ਮੰਗਲਵਾਰ ਜਗਰਾਤਾ ਹੁੰਦਾ ਹੈ। ਜਿਨ੍ਹਾਂ ਬੱਚਿਆਂ ਨੂੰ ਮਾਤਾ ਨਿਕਲ ਆਉਂਦੀ ਹੈ ਉਹਨਾਂ ਨੂੰ ਲੋਕ ਉਥੇ ਲਿਜਾਕੇ ਮੱਥਾ ਟਿਕਾਉਂਦੇ ਹਨ ਤੇ ਕੱਚੀ ਲੱਸੀ ਚੜ੍ਹਾਉਂਦੇ ਹਨ । ਲੋਕਾਂ ਦਾ ਵਿਸ਼ਵਾਸ ਹੈ ਕਿ ਅਜਿਹਾ ਕਰਨ ਨਾਲ ਮਾਤਾ ਦੀ ਬੀਮਾਰੀ ਠੀਕ ਹੋ ਜਾਂਦੀ ਹੈ ।

ਦਰਬਾਰ ਮਾਈ ਰਾਮਕੀ :

ਇਹ ਜਗ੍ਹਾ ਗੋਇੰਦਵਾਲ-ਫਤਿਆਬਾਦ ਸੜਕ ‘ਤੇ ਮਾਈ ਰਾਮਕੀ ਦੀ ਯਾਦ ਵਿਚ ਬਣੀ ਹੋਈ ਹੈ । ਪੁਰਾਤਨ ਕਹਾਣੀ ਅਨੁਸਾਰ ਬਾਬਾ ਜੱਲ੍ਹਣ ਤੇ ਮਾਈ ਰਾਮਕੀ ਆਪਣੇ ਬਜ਼ੁਰਗਾਂ ਦੇ ਫੁੱਲ ਲੈ ਕੇ ਗੰਗਾ ਜਾਂਦਿਆਂ ਹੋਇਆਂ ਇੱਥੇ ਬੋਹੜ ਹੇਠਾਂ ਦੁਪਹਿਰ ਕੱਟਣ ਲਈ ਬੈਠ ਗਏ । ਮਾਈ ਰਾਮਕੀ ਨੂੰ ਇਹ ਜਗ੍ਹਾ ਬਹੁਤ ਪਸੰਦ ਆਈ ਤਾਂ ਉਹ ਕਹਿਣ ਲੱਗੀ ਕਿ ਇਹ ਜਗ੍ਹਾ ਸਮਾ ਜਾਣ ਵਾਲੀ ਹੈ । ਮਾਈ ਜੀ ਦੀ ਗੱਲ ਸੁਣਕੇ ਬਾਬਾ ਜੱਲ੍ਹਣ ਕਹਿਣ ਲੱਗ ਕਿ ਪਹਿਲਾਂ ਜਿਹੜਾ ਕੰਮ ਕਰਨ ਜਾ ਰਹੇ ਹਾਂ ਉਹ ਕਰ ਆਈਏ ਤੇ ਫਿਰ ਦੋਵੇਂ ਗੰਗਾ ਵੱਲ ਕੂਚ ਕਰ ਗਏ । ਗੰਗਾ ਪੁੱਜਕੇ ਬਾਬਾ ਜੀ ਮਾਈ ਨੂੰ ਕੱਪੜਿਆਂ ਕੋਲ ਬਿਠਾ ਕੇ ਫੁੱਲ ਤਾਰਨ ਲਈ ਜਦ ਗੰਗਾ ਵਿਚ ਉਤਰਨ ਲੱਗੇ ਤਾਂ ਗੰਗਾ ‘ਚੋਂ ਆਵਾਜ਼ ਆਈ ਕਿ ਜਿਹੜਾ ਸਾਥੀ ਨਾਲ ਲਿਆਂਦਾ ਹੈ ਉਸਨੂੰ ਨਾਲ ਲੈ ਕੇ ਆਓ ਫਿਰ ਦਰਸ਼ਨ ਦਿਆਂਗੇ। ਬਾਬਾ ਜੀ ਨੇ ਮਾਈ ਜੀ ਨੂੰ ਗੰਗਾ ਵਿੱਚੋਂ ਆਈ ਅਵਾਜ਼ ਬਾਰੇ ਦੱਸਿਆ ਤੇ ਨਾਲ ਲਿਜਾਕੇ ਫੁੱਲ ਤਾਰ ਦਿੱਤੇ । ਉਸ ਸਮੇਂ ਗੰਗਾ ਮਾਤਾ ਨੇ ਦੋਹਾਂ ਨੂੰ ਦਰਸ਼ਨ ਦਿੱਤੇ।

ਜਦੋਂ ਵਾਪਸੀ ਤੇ ਬਾਬਾ ਜੀ ਤੇ ਮਾਈ ਰਾਮਕੀ ਰਾਤ ਕੱਟਣ ਲਈ ਗੋਇੰਦਵਾਲ ਠਹਿਰੇ ਤਾਂ ਉਹਨਾਂ ਨੂੰ ਕਸੂਰ ਦੇ ਸ਼ਾਹੂਕਾਰ ਦੇ ਮੁਨੀਮ ਦੀ ਮੌਤ ਦੀ ਖ਼ਬਰ ਮਿਲੀ । ਬਾਬਾ ਜੀ ਕਸੂਰ ਵਿਚ ਇਸ ਸ਼ਾਹੂਕਾਰ ਕੋਲ ਨੌਕਰੀ ਕਰਦੇ ਸਨ ਤੇ ਮੁਨੀਮ ਬਾਬਾ ਜੀ ਦਾ ਬਹੁਤ ਸਤਿਕਾਰ ਕਰਦਾ ਸੀ । ਬਾਬਾ ਜੱਲ੍ਹਣ ਨੇ ਮਾਈ ਰਾਮਕੀ ਨੂੰ ਕਿਹਾ ਕਿ ਉਹ ਧਰਮਰਾਜ ਕੋਲ ਜਾ ਕੇ ਕਹੇ ਕਿ ਮੁਨੀਮ ਦਾ ਹਿਸਾਬ-ਕਿਤਾਬ ਕਰ ਦਿੱਤਾ ਜਾਵੇ । ਮਾਈ ਰਾਮਕੀ ਉਸੇ ਵੇਲੇ ਧਰਮਰਾਜ ਕੋਲ ਪੁਜ ਗਈ ਤਾਂ ਅੱਗੋਂ ਧਰਮਰਾਜ ਨੇ ਆਉਣ ਦਾ ਕਾਰਨ ਪੁੱਛਿਆ । ਮਾਈ ਰਾਮਕੀ ਜੀ ਨੇ ਕਿਹਾ ਕਿ ਉਹ ਜੱਲ੍ਹਣ ਭਗਤ ਦਾ ਸੁਨੇਹਾ ਲੈ ਕੇ ਆਈ ਹੈ । ਧਰਮਰਾਜ ਨੇ ਅੱਗੋਂ ਕਿਹਾ ਕਿ ਜੱਲ੍ਹਣ ਭਗਤ ਦਾ ਸੁਨੇਹਾ ਸਿਰ ਮੱਥੇ । ਇਸ ਤੋਂ ਬਾਅਦ ਮਾਈ ਰਾਮਕੀ ਜੀਵਤ ਹੋ ਗਈ । ਜੱਲ੍ਹਣ ਭਗਤ ਨੇ ਮਾਈ ਨੂੰ ਕਿਹਾ ਕਿ ਉਹਨਾਂ ਨੇ ਉਸ ਨੂੰ ਧਰਮਰਾਜ ਕੋਲ ਭੇਜ ਦਿਤਾ ਸੀ ਉਹ ਵਾਪਸ ਕਿਉਂ ਆ ਗਈ ਹੈ । ਇਹ ਗੱਲ ਸੁਣਦਿਆਂ ਹੀ ਮਾਈ ਰਾਮਕੀ ਨੇ ਇਸ ਜਗ੍ਹਾ ਤੇ ਸੁਆਸ ਤਿਆਗ ਦਿੱਤੇ ।

ਬਾਬਾ ਜੱਲ੍ਹਣ ਮਾਈ ਰਾਮਕੀ ਦੇ ਫੁੱਲ ਗੋਇੰਦਵਾਲ ਵਿਖੇ ਜਲ ਪ੍ਰਵਾਹ ਕਰਕੇ ਨੌਸ਼ਹਿਰੇ ਢੱਲੇ ਜਾ ਕੇ 14 ਭਾਦਰੋਂ 1664 ਈ: ਨੂੰ ਅਲੋਪ ਹੋ ਗਏ । ਦਰਬਾਰ ਮਾਈ ਰਾਮਕੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ ਤੇ ਇਸ ਅਸਥਾਨ ਦੀ ਸੇਵਾ ਅੱਜਕਲ੍ਹ ਬਾਬਾ ਨਿਰਮਲ ਸਿੰਘ ਕਰ ਰਹੇ ਹਨ । ਉਹ ਬਾਬਾ ਜੱਲ੍ਹਣ ਦੀ ਅੰਸ਼ ਵਿੱਚੋਂ ਹਨ ਤੇ ਸੰਧੂ ਗੋਤਰ ਨਾਲ ਸਬੰਧਤ ਹਨ । ਲੋਕਾਂ ਵਿਚ ਇਸ ਜਗ੍ਹਾ ਦੀ ਬਹੁਤ ਮਾਨਤਾ ਹੈ ।

ਅਸਥਾਨ ਬਾਬਾ ਭਹੌੜੀ ਵਾਲੇ :

ਇਹ ਅਸਥਾਨ ਬਾਬਾ ਸਾਹਿਬ ਸਿੰਘ ਜਿਹੜੇ ਗੁਰੂ ਅਮਰਦਾਸ ਜੀ ਦੇ ਬੇਸ ਵਿੱਚੋਂ ਸਨ, ਦੀ ਯਾਦ ਵਿਚ ਬਣਿਆ ਹੋਇਆ ਹੈ । ਬਾਬਾ ਸਾਹਿਬ ਸਿੰਘ ਬਚਪਨ ਤੋਂ ਹੀ ਗੁਰੂ ਘਰ ਦੇ ਸ਼ਰਧਾਲੂ ਸਨ, ਇਸ ਲਈ ਜ਼ਿਆਦਾ ਸਮਾਂ ਗੁਰੂ ਘਰ ਦੀ ਸੇਵਾ ਵਿਚ ਹੀ ਬਿਤਾਉਂਦੇ ਸਨ । ਬਾਬਾ ਜੀ ਆਪਣੇ ਕੋਲ ਹਮੇਸ਼ਾਂ ਇਕ ਭਹੌੜੀ ਰੱਖਦੇ ਸਨ ਜਿਸ ਕਾਰਨ ਉਹਨਾਂ ਦਾ ਨਾਂ ਬਾਬਾ ਭਹੌੜੀ ਵਾਲੇ ਪੈ ਗਿਆ । ਇਸ ਜਗ੍ਹਾ ਦੇ ਇਤਿਹਾਸ ਅਨੁਸਾਰ ਬਾਬਾ ਜੀ ਆਪਣੀ ਭਹੋੜੀ ਛੁਹਾਕੇ ਦੁਖੀਆਂ ‘ਤੇ ਮਰੀਜਾਂ ਨੂੰ ਠੀਕ ਕਰ ਦਿੰਦੇ ਸਨ । ਇਸ ਜਗ੍ਹਾ ਤੇ ਫੱਗਣ-ਚੇਤ ਵਿਚ ਇਕਾਦਸ਼ੀ ਨੂੰ ਬਾਬਾ ਜੀ ਦੀ ਯਾਦ ਵਿਚ ਹਰ ਸਾਲ ਬਹੁਤ ਵੱਡਾ ਸਮਾਗਮ ਆਯੋਜਤ ਕੀਤਾ ਜਾਂਦਾ ਹੈ । ਲੋਕ ਦੂਰੋਂ-ਦੂਰੋਂ ਆ ਕੇ ਇੱਥੇ ਅਰਦਾਸ ਕਰਦੇ ਹਨ ਤੇ ਉਹਨਾਂ ਦੀ ਆਸਤਾ ਹੈ ਕਿ ਬਾਬਾ ਜੀ ਦੇ ਅਸਥਾਨ ਤੇ ਸੱਚੇ ਦਿਲੋਂ ਪ੍ਰਾਰਥਨਾ ਕਰਨ ਨਾਲ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਹਨ ।

ਮਸੀਤ :

ਇਹ ਮਸੀਤ ਬਾਬਾ ਸ਼ਾਹ ਹੁਸੈਨ ਦੀ ਮਜਾਰ ਨੂੰ ਜਾਣ ਵਾਲੇ ਰਸਤੇ ਤੇ ਨਵੋਦਿਆ ਸਕੂਲ ਦੀ ਗਰਾਊਂਡ ਵਿਚ ਸਥਿੱਤ ਹੈ । ਇਹ ਮਸੀਤ ਕੋਈ 200 ਸਾਲ ਪੁਰਾਣੀ ਹੈ । ਨਗਰ ਵਿਚ ਵੱਸਦੇ ਮੁਸਲਮਾਨ ਅੱਜਕਲ੍ਹ ਇਸ ਮਸੀਤ ਵਿਚ ਹੀ ਨਮਾਜ਼ ਪੜ੍ਹਦੇ ਹਨ ।

ਸੰਤ ਪੁਰਾ ਡੇਰਾ ਥੇਹ ਸਾਹਿਬ :

ਇਹ ਅਸਥਾਨ ਪੂਜਨੀਕ ਸ਼੍ਰੀਮਾਨ 108 ਸੰਤ ਸਵਾਮੀ ਸੰਤ ਬਾਬਾ ਭਗਤ ਸਿੰਘ ਜੀ ਦੀ ਯਾਦ ਵਿਚ ਪਿੰਡ ਧੂੰਦੇ ਵਾਲੇ ਪਾਸੇ ਦਰਿਆ ਬਿਆਸ ਦੇ ਕਿਨਾਰੇ ਤੇ ਬਣਿਆ ਹੋਇਆ ਹੈ । ਇਸ ਅਸਥਾਨ ਤੇ ਬਾਬਾ ਜੀ ਨੇ 13 ਸਾਲ ਘੋਰ ਤਪੱਸਿਆ ਕੀਤੀ ਤੇ ਸੰਗਤਾਂ ਨੂੰ ਗੁਰਮਤ ਦੇ ਰਾਹ ਪਾਇਆ । ਆਪ ਜੀ ਨੇ ਮਹਾਨ ਘਾਲਣਾ ਘਾਲਕੇ ਇਲਾਕੇ ਦਾ ਸੁਧਾਰ ਕੀਤਾ ਤੇ ਗੁਰਮੁਖੀ ਸਿਖਾ ਕੇ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫ਼ੇ ਤੇ ਵਿਚਾਰਧਾਰਾ ਤੋਂ ਜਾਣੂ ਕਰਵਾਇਆ । ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਪਣੇ ਹੱਥੀਂ ਲਿਖਕੇ ਗੁਰ ਅਸਥਾਨਾਂ ਤੇ ਭੇਟ ਕੀਤੇ । ਸਵਾਮੀ ਜੀ ਤੋਂ ਬਾਅਦ ਆਪ ਜੀ ਦੇ ਉਤਰਾ ਅਧਿਕਾਰੀ ਸ਼੍ਰੀਮਾਨ 108 ਬਾਬਾ ਸੁੱਚਾ ਸਿੰਘ ਜੀ ਗੱਦੀ ਨਸ਼ੀਨ ਹੋਏ । ਉਹਨਾਂ ਨੇ ਆਪਣੇ ਜੀਵਨ ਕਾਲ ਵਿਚ ਇਸ ਅਸਥਾਨ ਦੀ ਸੇਵਾ ਸ੍ਰੀਮਾਨ ਸੰਤ ਕ੍ਰਿਪਾਲ ਸਿੰਘ ਨੂੰ ਸੌਂਪ ਦਿੱਤੀ । ਸੰਤ ਕ੍ਰਿਪਾਲ ਸਿੰਘ ਨੇ ਆਯੁਰਵੈਦਿਕ ਦਵਾਈਆਂ ਨਾਲ ਅਨੇਕਾਂ ਲੋਕਾਂ ਦਾ ਇਲਾਜ ਕਰਕੇ ਘਾਤਕ ਬੀਮਾਰੀਆਂ ਤੋਂ ਛੁਟਕਾਰਾ ਦਿਵਾਇਆ । ਉਹਨਾਂ ਨੇ ਅਨਾਥ ਬੱਚਿਆਂ ਨੂੰ ਰਾਗ ਵਿਦਿਆ ਸਿਖਾ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਤੇ ਇਲਾਕੇ ਦੇ ਸੁਧਾਰ ਲਈ ਅਨੇਕਾਂ ਕਾਰਜ ਕੀਤੇ । ਮਹੰਤ ਕ੍ਰਿਪਾਲ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਆਪ ਜੀ ਦੇ ਉਤਰਾ ਅਧਿਕਾਰੀ ਸ੍ਰੀ ਮਾਨ ਮਹੰਤ ਤਰਲੋਚਨ ਸਿੰਘ ਨਿਰਮਲ ਗੁਰਮਰਿਆਦਾ ਅਨੁਸਾਰ ਇਸ ਅਸਥਾਨ ਦੀ ਸੇਵਾ ਨਿਭਾ ਰਹੇ ਹਨ। ਇਸ ਅਸਥਾਨ ਦੇ ਆਸ ਪਾਸ ਦਰਿਆ ਦੇ ਕਿਨਾਰੇ ਕਾਫ਼ੀ ਪੁਰਾਣੀਆਂ ਗੁਫਾਵਾਂ ਬਣੀਆਂ ਹੋਈਆਂ ਹਨ, ਇਹਨਾਂ ਗੁਫਾਵਾਂ ਵਿਚ ਸੰਤ ਭਗਤ ਸਿੰਘ ਜੀ ਤਪ ਕਰਿਆ ਕਰਦੇ ਸਨ ।

ਗੋਇੰਦਵਾਲ ਸਾਹਿਬ ਦਾ ਇਤਿਹਾਸ | Goindwal Sahib History |

 

ਗੋਇੰਦਵਾਲ ਸਾਹਿਬ ਦਾ ਇਤਿਹਾਸ | Goindwal Sahib History |

ਮਜਾਰ ਬਾਬਾ ਸ਼ਾਹ ਹੁਸੈਨ:

ਇਹ ਮਜਾਰ ਨਗਰ ਦੇ ਦੱਖਣ ਵਾਲੇ ਪਾਸੇ ਦਰਿਆ ਦੇ ਕਿਨਾਰੇ ਤੇ ਬਾਬਾ ਸ਼ਾਹ ਹੁਸੈਨ ਦੀ ਯਾਦ ਵਿਚ ਬਣੀ ਹੋਈ ਹੈ । ਬਾਬਾ ਸ਼ਾਹ ਹੁਸੈਨ ਇਸ ਇਲਾਕੇ ਵਿਚ ਝੌਂਪੜੀ ਵਿਚ ਰਿਹਾ ਕਰਦੇ ਸਨ ਤੇ ਹਰ ਸਮੇਂ ਪ੍ਰਮਾਤਮਾ ਦੀ ਭਗਤੀ ਵਿਚ ਲੀਨ ਰਹਿੰਦੇ ਸਨ । ਬਾਬਾ ਜੀ ਗੁਰੂ ਅਮਰਦਾਸ ਜੀ ਦੇ ਬਹੁਤ ਵੱਡੇ ਸ਼ਰਧਾਲੂ ਸਨ । ਪੁਰਾਤਨ ਇਤਿਹਾਸ ਅਨੁਸਾਰ ਭਾਈ ਪ੍ਰੇਮੀ ਜੀ ਜਿਹੜੇ ਤਲਵੰਡੀ ਚੌਧਰੀਆਂ ਦੇ ਵਸਨੀਕ ਸਨ ਹਰ ਰੋਜ਼ ਗੁਰੂ ਅਮਰਦਾਸ ਜੀ ਲਈ ਦਹੀਂ ਲੈ ਕੇ ਗੋਇੰਦਵਾਲ ਸਾਹਿਬ ਆਇਆ ਕਰਦੇ ਸਨ । ਲੰਗੜੇ ਹੋਣ ਕਾਰਨ ਉਹ ਫੋਹੜੀ ਦੇ ਸਹਾਰੇ ਚੱਲਦੇ ਸਨ । ਇਸ ਦੀ ਸ਼ਰਧਾ ਨੂੰ ਵੇਖਕੇ ਮੁਸਲਮਾਨ ਚੌਧਰੀ ਇਕ ਦਿਨ ਕਹਿਣ ਲੱਗੇ ਕਿ ਗੁਰੂ ਅਮਰਦਾਸ ਤਾਂ ਮੋਇਆਂ ਨੂੰ ਜਿਉਂਦਿਆਂ ਕਰ ਦਿੰਦੇ ਹਨਹ ਭੇਰੀ ਲੱਤ ਨੀਕ ਕਿਉਂ ਨਹੀਂ ਕਰਦੇ । ਭਾਈ ਪ੍ਰੇਮੀ ਜੀ ਨੇ ਕਿਹਾ ਕਿ ਉਸ ‘ਤੇ ਗੁਰੂ ਜੀ ਦੀ ਬਹੁਤ ਮਿਹਰ ਹੈ। ਇਸ ਲਈ ਗੁਰੂ ਮਹਾਰਾਜ ਦੀ ਰਜਾ ਵਿਚ ਹੀ ਰਹਿਣਾ ਪਸੰਦ ਕਰਦਾ ਹੈ । ਚੌਧਰੀਆਂ ਨੇ ਉਸ ਦੀਆਂ ਗੱਲਾਂ ਸੁਣਕੇ ਉਸ ਕੋਲੋਂ ਫੌਹੜੀ ਖੋਹ ਲਈ ਤੇ ਬਿਨ੍ਹਾਂ ਫੱਹੜੀ ਤੋਂ ਚੱਲਣ ਨੂੰ ਕਿਹਾ । ਉਹ ਲੰਗੜਾਉਂਦਾ ਹੋਇਆ ਦਹੀਂ ਲੈ ਕੇ ਗੋਇੰਦਵਾਲ ਸਾਹਿਬ ਵੱਲ ਚੱਲ ਪਿਆ ਪਰ ਪੁੱਜਣ ਵਿਚ ਕਾਫ਼ੀ ਦੇਰ ਹੋ ਗਈ । ਅੱਗੇ ਗੁਰੂ ਜੀ ਜਾਣੀ ਜਾਣ ਸਨ, ਉਹਨਾਂ ਭਾਈ ਪ੍ਰੇਮੀ ਨੂੰ ਪੁੱਛਿਆ ਬਈ ਪ੍ਰੇਮੀ ਜੀ ਅੱਜ ਦੇਰ ਨਾਲ ਕਿਉਂ ਆਏ ਹੋ । ਉਸਨੇ ਸਾਰੀ ਵਿਥਿਆ ਗੁਰੂ ਜੀ ਨੂੰ ਸੁਣਾ ਦਿੱਤੀ ਤੇ ਨਾਲ ਹੀ ਲੱਤ ਠੀਕ ਕਰਨ ਲਈ ਅਰਜੋਈ ਵੀ ਕੀਤੀ ।

ਗੁਰੂ ਅਮਰਦਾਸ ਜੀ ਨੇ ਭਾਈ ਪ੍ਰੇਮੀ ਨੂੰ ਕਿਹਾ ਕਿ ਉਹ ਸ਼ਾਹ ਹੁਸੈਨ ਕੋਲ ਜਾਵੇ, ਉਹ ਉਸਦੀ ਲੱਤ ਠੀਕ ਕਰ ਦਏਗਾ । ਭਾਈ ਪ੍ਰੇਮੀ ਨੇ ਸ਼ਾਹ ਹੁਸੈਨ ਕੋਲ ਪੁਜਕੇ ਮੱਥਾ ਟੇਕਿਆ ਤੇ ਲੱਤ ਠੀਕ ਕਰਨ ਲਈ ਅਰਦਾਸ ਕੀਤੀ । ਸ਼ਾਹ ਹੁਸੈਨ ਨੇ ਉਸ ਸਮੇਂ ਆਪਣਾ ਮੁਗਦਰ ਚੁੱਕਿਆ ਤੇ ਪ੍ਰੇਮੀ ਜੀ ਡਰਦੇ ਮਾਰੇ ਉਠਕੇ ਦੌੜ ਪਏ । ਭਾਈ ਸਾਹਿਬ ਅੱਗੇ-ਅੱਗੇ ਤੇ ਸਾਈਂ ਪਿੱਛੇ-ਪਿੱਛੇ ਗੋਇੰਦਵਾਲ ਗੁਰੂ ਅਮਰਦਾਸ ਜੀ ਦੇ ਦਰਬਾਰ ਪੁੱਜੇ ਤੇ ਗਲ ਵਿਚ ਪੱਲਾ ਪਾ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਰਦੇ ਸਭ ਕੁੱਝ ਆਪ ਹੋ ਤੇ ਨਾਂ ਆਪਣੇ ਫੱਕਰਾਂ ਦਾ ਲੈਂਦੇ ਹੋ । ਸਾਈਂ ਤੇ ਪ੍ਰੇਮੀ ਗੁਰੂ ਜੀ ਦੇ ਚਰਨੀ ਲੱਗੇ ਤੇ ਗੁਰੂ ਜੀ ਨੇ ਇਹਨਾਂ ਦੇ ਸਿਰ ਤੇ ਮਿਹਰ ਦਾ ਹੱਥ ਰੱਖਿਆ।

ਘਾਟ ਬਾਬਾ ਖੜਕ ਸਿੰਘ :

ਇਹ ਘਾਟ ਦਰਿਆ ਬਿਆਸ ਦੇ ਕਿਨਾਰੇ ਤੇ ਬਾਬਾ ਦਰਸ਼ਨ ਸਿੰਘ ਬੀੜ ਸਾਹਿਬ ਵੱਲੋਂ ਬਾਬਾ ਖੜਕ ਸਿੰਘ ਦੀ ਯਾਦ ਵਿਚ ਬਣਾਇਆ ਹੋਇਆ ਹੈ ਜਿੱਥੇ ਲੋਕ ਆਪਣੇ ਸਕੇ। ਸਬੰਧੀਆਂ ਦੀ ਮੌਤ ਮਗਰੋਂ ਫੁੱਲ ਤਾਰਨ ਆਉਂਦੇ ਹਨ । ਇੱਥੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਇਕ ਸਿਮਰਤੀ ਬਾਗ਼ ਵੀ ਬਣਾਇਆ ਹੋਇਆ ਹੈ ਜਿੱਥੇ ਲੋਕ ਵਿਛੜੀ ਰੂਹ ਦੀ ਯਾਦ ਵਿਚ ਇਕ ਪੌਦਾ ਲਗਾਕੇ ਜਾਂਦੇ ਹਨ । ਇਸ ਸਿਮਰਤੀ ਬਾਗ਼ ਵਿਚ ਹਜਾਰਾਂ ਦੀ ਗਿਣਤੀ ਵਿਚ ਕੀਮਤੀ ਅਤੇ ਖੂਬਸੂਰਤ ਬੂਟੇ ਲਗਾਏ ਹੋਏ ਹਨ ।

ਇਸ ਘਾਟ ‘ਤੇ ਰੋਜ਼ਾਨਾ 70-80 ਪਰਿਵਾਰ ਫੁੱਲ ਤਾਰਨ ਲਈ ਆਉਂਦੇ ਹਨ । ਇੱਥੇ ਇਕ ਬਹੁਤ ਵਧੀਆ ਨਰਸਰੀ ਹੈ ਜਿੱਥੇ ਕਈ ਤਰ੍ਹਾਂ ਦੇ ਕੀਮਤੀ ਪੌਦੇ ਰੱਖੇ ਹੋਏ ਹਨ । ਸਿਮਰਤੀ ਬਾਗ਼ ਵਿਚ ਲੱਗੇ ਕੀਮਤੀ ਪੌਦਿਆਂ ਵਿਚ ਅਰਜਨ, ਪਦਮ, ਕਚਨਾਰ, ਗੁਲਮੋਹਰ, ਯੂਨਿਪਰਸ, ਨੂਰਪੁਰ, ਮਹੂਆ, ਸੱਤ ਪੱਤੀਆਂ, ਮੌਲਸਰੀ ਆਦਿ ਵਰਣਨਯੋਗ ਹਨ ।

ਪਿੰਗਲਵਾੜਾ :

ਪਿੰਗਲਵਾੜੇ ਦੀ ਜਗ੍ਹਾ ਪਿੰਡ ਦੀ ਪੰਚਾਇਤ ਨੇ ਸਵਰਗੀ ਭਗਤ ਪੂਰਨ ਸਿੰਘ ਜੀ ਨੂੰ ਦਾਨ ਵਜੋਂ ਦਿੱਤੀ ਸੀ । ਭਗਤ ਜੀ ਨੇ ਇੱਥੇ ਵਧੀਆ ਇਮਾਰਤ ਤਿਆਰ ਕਰਵਾਕੇ 1991 ਵਿਚ ਪਿੰਗਲਵਾੜੇ ਦੀ ਸ਼ਾਖਾ ਖੋਲ੍ਹ ਦਿੱਤੀ ਤੇ ਦੁਖੀਆਂ, ਅਨਾਥਾਂ, ਬੇਸਹਾਰਿਆਂ ਤੇ ਮਾਨਸਿਕ ਰੋਗੀਆਂ ਦਾ ਇਲਾਜ ਤੇ ਸੇਵਾ ਸੰਭਾਲ ਕਰਨਾ ਸ਼ੁਰੂ ਕਰ ਦਿੱਤਾ। ਇਸ ਸਮੇਂ ਇੱਥੇ 103 ਅਨਾਥ, ਬੇਸਹਾਰਾ, ਅਪੰਗ ਤੇ ਮਾਨਸਿਕ ਰੋਗੀ ਰਹਿ ਰਹੇ ਹਨ ਜਿਨ੍ਹਾਂ ਦੀ ਦੇਖ-ਭਾਲ ਇਸ ਸੰਸਥਾ ਵਿਚ ਨਿਯੁਕਤ ਸੇਵਾਦਾਰਾਂ ਵੱਲੋਂ ਘਰਦਿਆਂ ਜੀਆਂ ਵਾਂਗ ਕੀਤੀ ਜਾਂਦੀ ਹੈ । ਇਸ ਸੰਸਥਾ ਵਿਚ ਨਿਯੁਕਤ ਡਾਕਟਰ ਸਤਵਿੰਦਰ ਸਿੰਘ ਤੇ ਡਾਕਟਰ ਬਲਵਿੰਦਰ ਕੌਰ ਪੂਰੀ ਲਗਨ ਤੇ ਸਮਰਪਿਤ ਭਾਵਨਾ ਨਾਲ ਮਰੀਜਾਂ ਦੀ ਦੇਖ-ਭਾਲ ਕਰ ਰਹੇ ਹਨ। ਇਹ ਪਿੰਗਲਵਾੜਾ ਆਲ ਇੰਡੀਆ ਪਿੰਗਲਵਾੜਾ ਸੋਸਾਇਟੀ ਦੇ ਅਧੀਨ ਕੰਮ ਕਰ ਰਿਹਾ ਹੈ ।

ਗੁਰੂ ਅਮਰਦਾਸ ਮਿਸ਼ਨ ਹਸਪਤਾਲ ਗੋਇੰਦਵਾਲ :

ਇਹ ਹਸਪਤਾਲ ਗੋਇੰਦਵਾਲ ਸਾਹਿਬ ਤੋਂ ਫਤਿਆਬਾਦ ਜਾਣ ਵਾਲੀ ਸੜਕ ਤੇ ਬਣਿਆ ਹੋਇਆ ਹੈ । ਇਸ ਹਸਪਤਾਲ ਦਾ ਕੰਮ ਕਾਜ ਇਕ ਟਰੱਸਟ ਦੁਆਰਾ ਚਲਾਇਆ ਜਾ ਰਿਹਾ ਹੈ । ਸਰਦਾਰ ਜਰਨੈਲ ਸਿੰਘ ਭੁੱਲਰ ਇਸ ਟਰੱਸਟ ਦੇ ਚੇਅਰਮੈਨ ਹਨ ਤੇ ਟਰੱਸਟ ਵਿਚ ਕੁਲ ਨੇਂ ਮੈਂਬਰ ਹਨ । ਸ. ਹਰਭਜਨ ਸਿੰਘ ਢਿੱਲੋਂ ਇਸ ਟਰੱਸਟ ਦੇ ਸਕੱਤਰ ਹਨ । ਇਸ ਹਸਪਤਾਲ ਵਿਚ ਇਕ ਦੰਦਾਂ ਦਾ ਡਾਕਟਰ ਤੇ ਇਕ ਫਿਜੀਸ਼ਨ ਰੋਜ਼ ਮਰੀਜ਼ਾਂ ਨੂੰ ਦੇਖਦੇ ਹਨ ਤੇ ਤਕਰੀਬਨ 40-50 ਮਰੀਜ਼ ਰੋਜ਼ਾਨਾ ਇਲਾਜ ਕਰਣ ਲਈ ਇੱਥੇ ਆਉਂਦੇ ਹਨ । ਇੱਥੇ ਮਹੀਨੇ ਵਿਚ ਦੋ ਵਾਰ ਅੱਖਾਂ ਦੇ ਕੈਂਪ ਲੱਗਦੇ ਹਨ । ਕੈਂਪ ਵਿਚ ਮਰੀਜ਼ਾਂ ਨੂੰ ਅੱਖਾਂ ਦੀ ਕਾਲੀ ਐਨਕ ਮੁਫ਼ਤ ਦਿੱਤੀ ਜਾਂਦੀ ਹੈ ਤੇ ਦੂਸਰੀ ਐਨਕ ਦੇ ਬਹੁਤ ਹੀ ਘੱਟ ਪੈਸੇ ਲਏ ਜਾਂਦੇ ਹਨ । ਇਸ ਹਸਪਤਾਲ ਵਿਚ ਫਿਰੋਜ਼ਪੁਰ, ਫਰੀਦਕੋਟ, ਅੰਮ੍ਰਿਤਸਰ, ਜਲੰਧਰ, ਕਪੂਰਥਲਾ ਆਦਿ ਜ਼ਿਲ੍ਹਿਆਂ ‘ਚੋਂ ਲੋਕ ਇਲਾਜ ਲਈ ਆਉਂਦੇ ਹਨ। ਇੱਥੇ ਮਰੀਜ਼ਾਂ ਲਈ ਚਾਹ ਦੀ ਸੇਵਾ ਦਾ ਲੰਗਰ ਲਗਾਇਆ ਜਾਂਦਾ ਹੈ ।

ਪ੍ਰਸਿੱਧ ਵਿਅਕਤੀ

ਗੁਰੂ ਅਮਰਦਾਸ ਜੀ :

ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਮਾਤਾ ਸੁਲੱਖਣੀ ਦੀ ਕੁੱਖੋਂ ਸ਼੍ਰੀ ਤੇਜ ਭਾਨ ਜੀ ਦੇ ਘਰ 05 ਮਈ, 1479 ਈ: ਨੂੰ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ । ਆਪ ਜੀ ਦੇ ਮਾਤਾ-ਪਿਤਾ ਵੈਸ਼ਨੋ ਧਰਮ ਦੇ ਪੈਰੋਕਾਰ ਸਨ ਇਸ ਲਈ ਆਪ ਜੀ ਦੇ ਮਨ ਅੰਦਰ ਵੀ ਧਰਮ ਪ੍ਰਤੀ ਅਥਾਹ ਸ਼ਰਧਾ ਤੇ ਪਿਆਰ ਸੀ । ਆਪ ਜੀ ਦਾ ਵਿਆਹ 11 ਮਾਘ ਸੰਮਤ 1559 ਨੂੰ ਸ਼੍ਰੀ ਦੇਵੀ ਚੰਦ ਬਹਿਲ ਖੱਤਰੀ ਦੀ ਪੁੱਤਰੀ ਬੀਬੀ ਰਾਮੋ ਨਾਲ ਹੋਇਆ ਜਿਨ੍ਹਾਂ ਦੀ ਕੁੱਖੋਂ ਦੋ ਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਅਤੇ ਦੋ ਪੁੱਤਰੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਪੈਦਾ ਹੋਈਆਂ ।

ਚੰਗੇ ਗ੍ਰਹਿਸਤੀ ਹੋਣ ਦੇ ਨਾਲ-ਨਾਲ ਆਪ ਹਿੰਦੂ ਧਰਮ ਵਿਚ ਪ੍ਰਚੱਲਤ ਕਰਮ ਕਾਂਡਾਂ ਵਿਚ ਵੀ ਪੂਰਾ ਵਿਸ਼ਵਾਸ ਰੱਖਦੇ ਸਨ । 42 ਸਾਲ ਦੀ ਉਮਰ ਵਿਚ ਆਪ ਜੀ ਹਰਿਦੁਆਰ ਆਦਿਕ ਹਿੰਦੂ ਤੀਰਥਾਂ ਦੀ ਯਾਤਰਾ ਕਰਨ ਗਏ । ਆਪ ਤੀਰਥਾਂ ਆਦਿਕ ਤੇ ਜਾ ਕੇ ਬ੍ਰਾਹਮਣਾ ਨੂੰ ਦਾਨ ਦੇ ਕੇ ਬਹੁਤ ਖੁਸ਼ੀ ਅਨੁਭਵ ਕਰਦੇ ਸਨ । ਸਿੱਖੀ ਧਾਰਨ ਤੋਂ ਪਹਿਲਾਂ ਗੁਰੂ ਜੀ ਦੇ ਮਨ ਵਿਚ ਪੰਡਤਾਂ, ਜੋਤਸ਼ੀਆਂ, ਯੋਗੀਆਂ ਤੇ ਬ੍ਰਹਮਚਾਰੀਆਂ ਪ੍ਰਤੀ ਬਹੁਤ ਹੀ ਸ਼ਰਧਾ ਤੇ ਸਤਿਕਾਰ ਹੁੰਦਾ ਸੀ । ਹਰਿਦੁਆਰ ਤੋਂ ਵਾਪਸੀ ਤੇ ਰਸਤੇ ਵਿਚ ਮੁੱਖ ਸੜਕ ਦੇ ਕਿਨਾਰੇ ਵੱਸੇ ਪਿੰਡ ਦੇ ਬਾਗ਼ ਵਿਚ ਆਪ ਜੀ ਜਦੋਂ ਅਰਾਮ ਕਰਨ ਲਈ ਠਹਿਰੇ ਤਾਂ ਉਥੇ ਇਕ ਗਣਿਤ ਰੇਖਾ ਵਿਚ ਮਾਹਿਰ ਬ੍ਰਾਹਮਣ ਦੁਰਗਾ ਆਪ ਜੀ ਨੂੰ ਮਿਲ ਪਿਆ । ਉਹ ਆਪ ਜੀ ਦੇ ਚਰਨਾਂ ਵਿਚ ਪਦਮ ਚਿੰਨ ਵੇਖਕੇ ਬਹੁਤ ਹੈਰਾਨ ਹੋਇਆ ਕਿਉਂਕਿ ਜੋਤਿਸ਼ ਵਿਦਿਆ ਵਿਚ ਇਸ ਰੇਖਾ ਦੀ ਬੜੀ ਮਹਾਨਤਾ ਸੀ । ਪਦਮ ਰੇਖਾ ਦਾ ਧਾਰਨੀ ਮਨੁੱਖ ਆਉਣ ਵਾਲੇ ਸਮੇਂ ਵਿਚ ਚੱਕਰਵਰਤੀ ਰਾਜਾ ਅਥਵਾ ਬਹੁਤ ਉੱਚੀ ਕਿਸਮਤ ਵਾਲਾ ਹੁੰਦਾ ਹੈ । ਗੁਰੂ ਜੀ ਦੇ ਚਰਨਾਂ ਵਿਚ ਪਦਮ ਰੇਖਾ ਦੀ ਜਾਣਕਾਰੀ ਮਿਲ ਜਾਣ ਕਾਰਨ ਇਕ ਬ੍ਰਹਮਚਾਰੀ ਸਾਧੂ ਵੀ ਗੁਰੂ ਜੀ ਦੇ ਵਿਅਕਤੀਤਵ ਤੋਂ ਬਹੁਤ ਪ੍ਰਭਾਵਤ ਹੋ ਗਿਆ ਤੇ ਕਾਫ਼ਲੇ ਦੇ ਨਾਲ ਹੀ ਅੱਗੇ ਤੁਰ ਪਿਆ । ਇਕ ਦਿਨ ਰਸਤੇ ਵਿਚ ਪ੍ਰਸ਼ਾਦ ਛਕਦਿਆਂ ਹੋਇਆਂ ਗੁਰੂ ਜੀ ਨੇ ਆਪਣੇ ਭੋਜਨ ਵਿੱਚੋਂ ਕੁਝ ਹਿੱਸਾ ਬ੍ਰਹਮਚਾਰੀ ਸਾਧੂ ਨੂੰ ਦੇ ਦਿੱਤਾ । ਬ੍ਰਹਮਚਾਰੀ ਨੇ ਭੋਜਨ ਛੱਕਣ ਤੋਂ ਪਹਿਲਾਂ ਗੁਰੂ ਜੀ ਨੂੰ ਪੁੱਛਿਆ ਕਿ ਆਪ ਜੀ ਨੇ ਕੋਈ ਗੁਰੂ ਧਾਰਿਆ ਹੋਇਆ ਹੈ ਤਾਂ ਅੱਗੋਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਉਹਨਾਂ ਨੇ ਅਜੇ ਤੱਕ ਕੋਈ ਗੁਰੂ ਨਹੀਂ ਧਾਰਿਆ । ਜਦੋਂ ਬ੍ਰਹਮਚਾਰੀ ਨੇ ਇਹ ਗੱਲ ਸੁਣੀ ਤਾਂ ਬਹੁਤ ਹੀ ਗੁੱਸੇ ਵਿਚ ਆ ਗਿਆ ਤੇ ਕਹਿਣ ਲੱਗਾ ਕਿ ਨਿਗੁਰੇ ਦੇ ਹੱਥਾਂ ਦਾ ਬਣਿਆ ਭੋਜਨ ਖਾਣ ਨਾਲ ਉਸ ਦੇ ਸ਼ੁਭ ਕਰਮ ਨਸ਼ਟ ਹੋ ਗਏ ਹਨ । ਬ੍ਰਹਮਚਾਰੀ ਦੀ ਇਸ ਗੱਲ ਦਾ ਗੁਰੂ ਜੀ ਦੇ ਮਨ ਤੇ ਗਹਿਰਾ ਅਸਰ ਹੋਇਆ ਤੇ ਆਪ ਜੀ ਨੇ ਪ੍ਰਣ ਕਰ ਲਿਆ ਕਿ ਉਹ ਆਤਮਕ ਰਹਿਨੁਮਾਈ ਲਈ ਕਿਸੇ ਮਹਾਂਪੁਰਖ ਦੀ ਅਗਵਾਈ ਪ੍ਰਾਪਤ ਕਰਕੇ ਹੀ ਰਹਿਣਗੇ।

ਗੁਰੂ ਅਮਰਦਾਸ ਜੀ ਦੇ ਭਤੀਜੇ ਦਾ ਵਿਆਹ ਗੁਰੂ ਅੰਗਦ ਦੇਵ ਜੀ ਦੀ ਬੇਟੀ ਬੀਬੀ ਅਮਰੋ ਨਾਲ ਹੋਇਆ ਸੀ ਤੇ ਬੀਬੀ ਜੀ ਹਰ ਰੋਜ਼ ਅੰਮ੍ਰਿਤ ਵੇਲੇ ਉੱਠਕੇ ਇਸ਼ਨਾਨ ਕਰਨ ਤੋਂ ਬਾਅਦ ਮਿੱਠੀ ਬਾਣੀ ਦਾ ਪਾਠ ਕਰਿਆ ਕਰਦੀ ਸੀ । ਇਕ ਦਿਨ ਜਦੋਂ ਬੀਬੀ ਅਮਰੋ ਪਾਠ ਕਰ ਰਹੀ ਸੀ ਤਾਂ ਗੁਰੂ ਅਮਰਦਾਸ ਜੀ ਬਾਣੀ ਸੁਣਕੇ ਬਹੁਤ ਖੁਸ਼ ਹੋਏ ਤੇ ਬੀਬੀ ਜੀ ਨੂੰ ਪੁੱਛਣ ਲੱਗੇ ਕਿ ਇਹ ਬਾਣੀ ਕਿਸ ਦੀ ਹੈ । ਬੀਬੀ ਅਮਰੋ ਨੇ ਕਿਹਾ ਕਿ ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ ਜਿਨ੍ਹਾਂ ਦੀ ਗੱਦੀ ਤੇ ਇਸ ਵੇਲੇ ਉਹਨਾਂ ਦੇ ਪਿਤਾ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਹਨ । ਇਹ ਉੱਤਰ ਸੁਣਕੇ ਗੁਰੂ ਅਮਰਦਾਸ ਜੀ ਦੇ ਮਨ ਵਿਚ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਦੀ ਤਾਂਘ ਪੈਦਾ ਹੋ ਗਈ । ਆਪ ਜੀ ਬੀਬੀ ਅਮਰੋ ਨੂੰ ਨਾਲ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਖਡੂਰ ਸਾਹਿਬ ਪੁੱਜ ਗਏ । ਗੁਰੂ ਅੰਗਦ ਦੇਵ ਜੀ ਨੇ ਕੁੜਮਾਚਾਰੀ ਦੇ ਰਿਸ਼ਤੇ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਗੁਰੂ ਅਮਰਦਾਸ ਜੀ ਦਾ ਆਦਰ ਮਾਣ ਕਰਨਾ ਚਾਹਿਆ ਪਰ ਆਪ ਜੀ ਨੇ ਆਪਣੇ ਆਉਣ ਦਾ ਮਕਸਦ ਸਪੱਸ਼ਟ ਕਰਦਿਆਂ ਹੋਇਆਂ ਬੇਨਤੀ ਕੀਤੀ ਕਿ ਉਹਨਾਂ ਨੂੰ ਗੁਰੂ ਚਰਨਾ ਵਿਚ ਨਿਵਾਸ ਬਖਸ਼ਕੇ ਸੰਗਤ ਦੀ ਸੇਵਾ ਕਰਨ ਦਾ ਸੁਭਾਗ ਬਖਸਿਸ਼ ਕੀਤਾ ਜਾਵੇ । ਗੁਰੂ ਅੰਗਦ ਦੇਵ ਜੀ ਨੇ ਉਹਨਾਂ ਦੀ ਇਹ ਬੇਨਤੀ ਪ੍ਰਵਾਨ ਕਰ ਲਈ ਤੇ ਆਪ ਜੀ ਪੂਰਨ ਤਨੋ-ਮਨੋ ਗੁਰੂ ਘਰ ਦੀ ਸੇਵਾ ਵਿਚ ਜੁਟ ਪਏ । ਉਸ ਸਮੇਂ ਆਪ ਜੀ ਦੀ ਉਮਰ ਕੋਈ 62 ਕੁ ਸਾਲ ਸੀ । ਸਿੱਖ ਧਰਮ ਵਿਚ ਗੁਰੂ ਤੇ ਸੰਗਤ ਦੀ ਸੇਵਾ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਤੇ ਮੁਕਤੀ ਦਾ ਸਾਧਨ ਮੰਨਿਆ ਗਿਆ ਹੈ ਕਿਉਂਕਿ ਇਸ ਕਾਰਜ ਨਾਲ ਮਨ ਨੀਵਾਂ ਤੇ ਮੱਤ ਉੱਚੀ ਹੁੰਦੀ ਹੈ । ਗੁਰੂ ਅਮਰਦਾਸ ਜੀ ਨੇ 12 ਵਰ੍ਹੇ ਖਡੂਰ ਸਾਹਿਬ ਵਿਚ ਗੁਰੂ ਅੰਗਦ ਦੇਵ ਜੀ ਨੂੰ ਬਿਆਸ ਦਰਿਆ ਤੋਂ ਰੋਜ਼ਾਨਾ ਜਲ ਲਿਆ ਕੇ ਇਸ਼ਨਾਨ ਕਰਾਉਣ, ਲੰਗਰ ਦੀ ਸੇਵਾ ਕਰਨ, ਝਾੜੂ ਦੇਣ, ਭਾਂਡੇ ਮਾਂਜਣ ਤੇ ਪ੍ਰਸ਼ਾਦ ਤਿਆਰ ਕਰਕੇ ਸੰਗਤਾਂ ਨੂੰ ਛਕਾਉਣ ਆਦਿ ਦੀ ਕਠਿਨ ਸੇਵਾ ਵਿਚ ਬਿਤਾਏ ਜਿਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਹੋਰ ਕਿਧਰੇ ਵੀ ਨਹੀਂ ਮਿਲਦੀ ।

ਸ੍ਰੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਦੇ ਚੰਗੇ ਗੁਣਾਂ, ਨਿਸ਼ਕਾਮ ਤੇ ਅੱਦੁਤੀ ਸੇਵਾ ਉਪਰ ਬਹੁਤ ਹੀ ਪ੍ਰਸੰਨ ਸਨ । ਇਕ ਰਾਤ ਬਹੁਤ ਵਰਖਾ ਹੋਈ ਤੇ ਜਦੋਂ ਗੁਰੂ ਅਮਰਦਾਸ ਜੀ ਪਾਣੀ ਦੀ ਗਾਗਰ ਮੋਢੇ ਤੇ ਰੱਖਕੇ ਮੀਂਹ ਝੱਖੜ ਦੇ ਚੱਲਦਿਆਂ ਹੋਇਆਂ ਹਨੇਰੀ ਰਾਤ ਸਮੇਂ ਖਡੂਰ ਸਾਹਿਬ ਵੱਲ ਜਾ ਰਹੇ ਸਨ ਤਾਂ ਇਕ ਜੁਲਾਹੇ ਦੀ ਖੱਡੀ ਦੇ ਕਿੱਲੇ ਨਾਲ ਠੇਡਾ ਲੱਗਣ ਕਾਰਨ ਡਿਗ ਪਏ । ਜਦੋਂ ਖੜਕਾ ਹੋਇਆ ਤਾਂ ਜੁਲਾਹੇ ਨੇ ਜੁਲਾਹੀ ਨੂੰ ਪੁੱਛਿਆ ਕਿ ਖੜਾਕ ਕਿਸ ਚੀਜ਼ ਦਾ ਹੋਇਆ ਹੈ । ਉਸ ਸਮੇਂ ਜੁਲਾਹੀ ਨੇ ਕਿਹਾ ਕਿ ਇਹ ਅਮਰੂ ਨਿਥਾਵਾਂ ਹੋਵੇਗਾ । ਇਹ ਗੱਲ ਸੁਣਕੇ ਗੁਰੂ ਅਮਰਦਾਸ ਜੀ ਨੇ ਆਖਿਆ “ਮੈਂ ਹੁਣ ਨਿਥਾਵਾਂ ਨਹੀਂ ਰਿਹਾ ਕਿਉਂਕਿ ਮੈਂ ਹੁਣ ਪੂਰਨ ਗੁਰੂ ਦੇ ਚਰਨਾ ਵਿਚ ਰਹਿੰਦਾ ਹਾਂ ।” ਆਪ ਜੀ ਨੇ ਖਡੂਰ ਸਾਹਿਬ ਆ ਕੇ ਗੁਰੂ ਅੰਗਦ ਦੇਵ ਜੀ ਨੂੰ ਪੂਰੀ ਸ਼ਰਧਾ ਤੇ ਪ੍ਰੇਮ ਨਾਲ ਇਸ਼ਨਾਨ ਕਰਵਾਇਆ। ਉਧਰ ਜੁਲਾਹੀ ਦੀ ਹਾਲਤ ਖਰਾਬ ਹੋਣੀ ਸ਼ੁਰੂ ਹੋ ਗਈ ਤੇ ਕਈ ਤਰ੍ਹਾਂ ਦੇ ਦੌਰੇ ਪੈਣ ਲੱਗ ਪਏ । ਜੁਲਾਹੇ ਨੇ ਗੁਰੂ ਅੰਗਦ ਦੇਵ ਜੀ ਪਾਸ ਆ ਕੇ ਰਾਤ ਵਾਲੀ ਘਟਨਾ ਸੁਣਾਈ ਤੇ ਪਸ਼ਚਾਤਾਪ ਕਰਦੇ ਹੋਏ ਕੁਬੋਲਾਂ ਦੀ ਮੁਆਫ਼ੀ ਮੰਗੀ । ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਜੁਲਾਹੀ ਨੂੰ ਗੁਰੂ ਅਮਰਦਾਸ ਜੀ ਪ੍ਰਤੀ ਅਜਿਹੇ ਸ਼ਬਦ ਨਹੀਂ ਸਨ ਬੋਲਣੇ ਚਾਹੀਦੇ ਕਿਉਂਕਿ ਗੁਰੂ ਅਮਰਦਾਸ ਜੀ ਤਾਂ ਨਿਥਾਵਿਆਂ ਦੇ ਥਾਂ ਤੇ ਨਿਮਾਣਿਆਂ ਦੇ ਮਾਣ ਹਨ । ਇਸ ਘਟਨਾ ਤੋਂ ਪ੍ਰਭਾਵਤ ਤੇ ਪ੍ਰਸੰਨ ਹੋ ਕੇ ਗੁਰੂ ਅੰਗਦ ਦੇਵ ਜੀ ਨੇ 29 ਮਾਰਚ, 1552 ਈ: ਨੂੰ ਗੁਰੂ ਅਮਰਦਾਸ ਜੀ ਨੂੰ ਸਿੰਘਾਸਨ ਤੇ ਬਿਠਾ ਕੇ ਬਾਬਾ ਬੁੱਢਾ ਜੀ ਕੋਲੋਂ ਗੁਰਿਆਈ ਦਾ ਤਿਲਕ ਲਗਵਾਇਆ, ਪੰਜ ਪੈਸੇ ਅਤੇ ਨਾਰੀਅਲ ਰੱਖਕੇ ਆਪ ਮੱਥਾ ਟੇਕਿਆ, ਪ੍ਰਕਰਮਾ ਕੀਤੀਆਂ ਤੇ ਨਾਲ ਹੀ ਬਾਰਾਂ ਵਰ ਦਿੱਤੇ ।

ਗੁਰੂ ਅੰਗਦ ਦੇਵ ਜੀ ਚੇਤਰ ਸੁਦੀ 4 ਸੰਮਤ, 1609 ਮੁਤਾਬਕ 29 ਮਾਰਚ, 1552 ਨੂੰ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਤੇ ਗੁਰੂ ਅਮਰਦਾਸ ਜੀ ਦਾਤੂ ਤੇ ਦਾਸੂ ਦੀ ਈਰਖਾ ਕਾਰਨ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਆ ਗਏ । ਗੋਇੰਦਵਾਲ ਸਾਹਿਬ ਆ ਕੇ ਆਪ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਅਨੇਕਾਂ ਮਹੱਤਵ ਪੂਰਨ ਕਦਮ ਚੁੱਕੇ। ਗੁਰੂ ਜੀ ਦੇ ਇਹਨਾਂ ਇਨਕਲਾਬੀ ਕਦਮਾਂ ਸਦਕਾ ਹਜ਼ਾਰਾਂ ਲੋਕ ਬ੍ਰਾਹਮਣਵਾਦੀ ਕਰਮ ਕਾਡਾਂ ਤੇ ਰਸਮਾਂ ਦਾ ਤਿਆਗ ਕਰਕੇ ਸਿੱਖ ਧਰਮ ਦੇ ਪੈਰੋਕਾਰ ਬਣ ਗਏ । ਲੰਗਰ ਤੇ ਪੰਗਤ ਵਿਚ ਇੱਕਠਿਆਂ ਬੈਠਣ ਵਾਲੇ ਸਾਂਝੀਵਾਲਤਾ ਦੇ ਸਿਧਾਂਤਾਂ ਕਾਰਨ ਬ੍ਰਾਹਮਣੀ ਸੋਚ ਵਾਲੇ ਸਮਾਜ ਦਾ ਅੰਤ ਹੋਣਾ। ਸ਼ੁਰੂ ਹੋ ਗਿਆ ਤੇ ਲੋਕ ਸੱਚੇ ਧਰਮ ਦੀ ਸੋਝੀ ਲੱਗਣ ਕਾਰਨ ਬ੍ਰਾਹਮਣੀ ਮੱਤ ਤੋਂ ਆਜ਼ਾਦ ਹੋਣ ਬਾਰੇ ਸੋਚਣ ਲੱਗ ਪਏ । ਸਿੱਖ ਧਰਮ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਬ੍ਰਾਹਮਣ ਤੇ ਇਸਲਾਮ ਦੇ ਪਰਚਾਰਕਾਂ ਨੇ ਵੀ ਕਈ ਤਰ੍ਹਾਂ ਦੀਆਂ ਰੁਕਾਵਟਾਂ ਖੜੀਆਂ ਕੀਤੀਆਂ ਪਰ ਗੁਰੂ ਜੀ ਦੀ ਸੱਚ ਤੇ ਹੱਕ ਦੀ ਅਵਾਜ਼ ਨੂੰ ਦਬਾਉਣ ਵਿਚ ਉਹ ਸਭ ਪੂਰੀ ਤਰ੍ਹਾਂ ਅਸਫਲ ਰਹੇ ।

ਗੋਇਦਵਾਲ ਸਾਹਿਬ ਵਿਚ ਪੀਣ ਵਾਲੇ ਪਾਣੀ ਦੀ ਬਹੁਤ ਘਾਟ ਸੀ ਜਿਸ ਨੂੰ ਮਹਿਸੂਸ ਕਰਦਿਆਂ ਹੋਇਆਂ ਗੁਰੂ ਜੀ ਨੇ ਵਿਚਾਰ ਕੀਤੀ ਕਿ ਅਜਿਹੀ ਬਾਉਲੀ ਬਣਾਈ ਜਾਵੇ ਜਿਸ ਦਾ ਪਾਣੀ ਅਮੁੱਕ ਹੋਵੇ । ਇਸ ਮੰਤਵ ਨੂੰ ਲੈ ਕੇ ਆਪ ਜੀ ਨੇ ਸੰਮਤ 1616 ਬਿਕਰਮੀ ਵਿਚ ਬਾਉਲੀ ਸਾਹਿਬ ਦਾ ਕੰਮ ਆਰੰਭ ਕੀਤਾ ਤੇ ਇਸ ਦਾ ਪਹਿਲਾ ਟੱਕ ਬਾਬਾ ਬੁੱਢਾ ਜੀ ਕੋਲੋਂ ਲਵਾਇਆ ।

ਸਿੱਖੀ ਦੇ ਪ੍ਰਚਾਰ ਲਈ ਗੁਰੂ ਜੀ ਨੇ 22 ਮੰਜੀਆਂ ਸਥਾਪਤ ਕੀਤੀਆਂ ਤੇ ਵੱਖ-2 ਸਿੱਖਾਂ ਨੂੰ ਵੱਖ-2 ਥਾਵਾਂ ਤੇ ਨਿਯੁਕਤ ਕਰਕੇ ਪ੍ਰਚਾਰ ਲਈ ਭੇਜਿਆ । ਆਪ ਜੀ ਨੇ ਜਾਤ- ਪਾਤ ਦੇ ਭਰਮ ਭੇਦ ਨੂੰ ਖਤਮ ਕਰਨ ਲਈ ਪੰਗਤ ਤੇ ਸੰਗਤ ਦੇ ਸਿਧਾਂਤ ਨੂੰ ਪੂਰੀ ਦ੍ਰਿੜਤਾ ਨਾਲ ਲਾਗੂ ਕਰਕੇ ਭਾਰਤੀ ਸਮਾਜ ਦੀ ਕਾਇਆ ਹੀ ਬਦਲਕੇ ਰੱਖ ਦਿੱਤੀ । ਗੁਰੂ ਅਮਰਦਾਸ ਜੀ ਨੇ ਸਿੱਖ ਸਮਾਜ ਵਿੱਚੋਂ ਸਤੀ ਵਰਗੀ ਅਣਮਨੁੱਖੀ ਅਤੇ ਦਿਲ ਕੰਬਾਊ ਰਸਮ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ । ਗੁਰੂ ਜੀ ਨੇ ਆਪਣੀ ਬੇਟੀ ਦਾ ਵਿਆਹ ਸ੍ਰੀ ਰਾਮੇ ਨਾਲ ਕੀਤਾ ਜਿਹੜਾ ਇਕ ਸਾਧਾਰਨ ਸਿੱਖ ਸੀ । ਬੀਬੀ ਭਾਨੀ ਲਈ ਭਾਈ ਜੇਠਾ (ਗੁਰੂ ਰਾਮਦਾਸ ਜੀ) ਨੂੰ ਚੁਣਿਆ ਜੋ ਘੁੰਗਣੀਆਂ ਵੇਚਣ ਦੇ ਨਾਲ ਗੋਇੰਦਵਾਲ ਸਾਹਿਬ ਵਿਖੇ ਸੰਗਤਾਂ ਦੀ ਸੇਵਾ ਵੀ ਕਰਦਾ ਸੀ। ਗੁਰੂ ਜੀ ਨੇ ਆਪਣੇ ਸਿੱਖਾਂ ਦੇ ਅੰਤਰਜਾਤੀ ਵਿਆਹ ਕਰਵਾਕੇ ਜਾਤਾਂ ਬਰਾਦਰੀਆਂ ਦੇ ਵਹਿਮ ਦੀ ਦੀਵਾਰ ਵੀ ਤੋੜ ਦਿੱਤੀ ।

ਮ੍ਰਿਤਕ ਸਰੀਰ ਦੇ ਸੰਸਕਾਰਾਂ ਦੀ ਰੂਪ ਰੇਖਾ ਨੂੰ ਆਪ ਜੀ ਨੇ ਬਦਲ ਕੇ ਰੱਖ ਦਿੱਤਾ ਤੇ ਉਪਦੇਸ਼ ਦਿੱਤਾ ਕਿ ਮ੍ਰਿਤਕ ਪ੍ਰਾਣੀ ਲਈ ਰੋਣ ਦੀ ਕੋਈ ਜ਼ਰੂਰਤ ਨਹੀਂ ਹੈ ਸਗੋਂ ਰੱਬ ਦੀ ਰਜਾ ਵਿਚ ਰਹਿ ਕੇ ਭਾਣਾ ਮੰਨਣਾ ਚਾਹੀਦਾ ਹੈ । ਬਾਦਸ਼ਾਹ ਅਕਬਰ ਸੰਮਤ, 1622 ਵਿਚ ਪੰਜਾਬ ਆਇਆ ਤਾਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਗੋਇੰਦਵਾਲ ਪੁੱਜਿਆ । ਉਸ ਨੇ ਸੰਗਤ ਵਿਚ ਬੈਠਕੇ ਪ੍ਰਸ਼ਾਦਾ ਛਕਿਆ ਤੇ ਇਸ ਮਰਿਆਦਾ ਤੋਂ ਬਹੁਤ ਹੀ ਪ੍ਰਭਾਵਤ ਹੋਇਆ । ਗੁਰੂ ਅਮਰਦਾਸ ਜੀ ਨੇ ਲੋਕਾਂ ਦੇ ਉਧਾਰ ਲਈ ਕੁਰਕਸ਼ੇਤਰ, ਥਾਨੇਸਰ ਤੇ ਹਰਿਦੁਆਰ ਆਦਿ ਥਾਵਾਂ ਦੀ ਯਾਤਰਾ ਕੀਤੀ ਤੇ ਆਪਣੇ ਉਪਦੇਸ਼ਾਂ ਰਾਹੀਂ ਸਿੱਖੀ ਨਾਲ ਜੋੜਿਆ ।

ਗੁਰੂ ਅਮਰਦਾਸ ਜੀ ਨੇ ਮਾਝੇ ਦੇ ਇਲਾਕੇ ਵਿਚ ਸਿੱਖੀ ਦਾ ਭਰਪੂਰ ਪ੍ਰਚਾਰ ਕਰਕੇ ਸਿੱਖੀ ਦੇ ਲੜ ਲਾਇਆ । ਇਸ ਇਲਾਕੇ ਵਿਚ ਦਿਨ-ਬ-ਦਿਨ ਸਿੱਖਾਂ ਦੀ ਗਿਣਤੀ ਨੂੰ ਵਧਦਿਆਂ ਵੇਖਕੇ ਗੁਰੂ ਅਮਰਦਾਸ ਜੀ ਨੇ ਨਿਕਟ ਭਵਿੱਖ ਵਿਚ ਮਾਝੇ ਦੇ ਵਿਚਕਾਰਲੇ ਇਲਾਕੇ ਵਿਚ ਸਿੱਖੀ ਦੇ ਪ੍ਰਚਾਰ ਦੇ ਵੱਡੇ ਕੇਂਦਰ ਦੀ ਲੋੜ ਮਹਿਸੂਸ ਕਰ ਲਈ ਸੀ। ਇਸ ਲਈ ਆਪ ਜੀ ਨੇ ਗੁਮਟਾਲਾ, ਤੁੰਗ, ਸੁਲਤਾਨਵਿੰਡ ਤੇ ਗਿਲਵਾਲੀ ਆਦਿ ਪਿੰਡਾਂ ਦੇ ਮੁਖੀਏ ਸਦਕੇ ਗੁਰੂ ਚੱਕ ਦੀ ਨੀਂਹ ਰੱਖ ਦਿੱਤੀ ਸੀ ।

ਗੁਰੂ ਅਮਰਦਾਸ ਜੀ ਦੇ ਦੋਨੋਂ ਸਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਕਿਸੇ ਬਿੰਦੂ ਤੋਂ ਵੀ ਗੁਰਗੱਦੀ ਸੰਭਾਲਣ ਦੇ ਯੋਗ ਨਹੀਂ ਸਨ । ਦੂਜੇ ਪਾਸੇ ਗੁਰੂ ਰਾਮਦਾਸ ਜੀ ਜਿਨ੍ਹਾਂ ਨਾਲ ਗੁਰੂ ਜੀ ਦੀ ਸਪੁੱਤਰੀ ਬੀਬੀ ਭਾਨੀ ਵਿਆਹੀ ਹੋਈ ਸੀ, ਹਰ ਸਮੇਂ ਗੁਰੂ ਸੇਵਾ ਦੇ ਇਮਤਿਹਾਨ ਵਿਚ ਪੂਰੇ ਉਤਰੇ ਤੇ ਗੁਰਗੱਦੀ ਦਾ ਭਾਰ ਸੰਭਾਲਣ ਦੀ ਪੂਰੀ ਯੋਗਤਾ ਵੀ ਰੱਖਦੇ ਸਨ । ਇਸ ਲਈ ਗੁਰੂ ਜੀ ਨੇ ਆਪਣੀ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆਇਆ ਸਮਝਕੇ ਭਾਦੋਂ ਸੁਦੀ 15 ਅਰਥਾਤ ਭਾਦੋਂ ਦੀ ਪੂਰਨਮਾਸ਼ੀ ਵਾਲੇ ਦਿਨ 1 ਸਤੰਬਰ, 1574 ਨੂੰ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਪੰਜ ਪੈਸੇ ਤੇ ਨਾਰੀਅਲ ਰੱਖਕੇ ਮੱਥਾ ਟੇਕਿਆ, ਆਪਣੇ ਸਿੰਘਾਸਨ ਤੇ ਬਿਠਾਇਆ ਤੇ ਬਾਬਾ ਬੁੱਢਾ ਜੀ ਕੋਲੋਂ ਉਹਨਾਂ ਨੂੰ ਤਿਲਕ ਲਵਾਇਆ। ਉਸੇ ਦਿਨ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਗਏ ।

ਗੁਰੂ ਅਰਜਨ ਦੇਵ ਜੀ :

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਸਾਹਿਬ ਵਿਖੇ 15 ਅਪ੍ਰੈਲ, 1563 ਈ: ਨੂੰ ਹੋਇਆ । ਆਪ ਜੀ ਸ਼ੁਰੂ ਤੋਂ ਹੀ ਸੰਤ ਸੁਭਾਅ ਦੇ ਸਨ ਇਸ ਲਈ ਆਪ ਜੀ ਦੇ ਨਾਨਾ ਗੁਰੂ ਅਮਰਦਾਸ ਜੀ ਆਪ ਨਾਲ ਬਹੁਤ ਹੀ ਪਿਆਰ ਕਰਿਆ ਕਰਦੇ ਸਨ । ਇਕ ਦਿਨ ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਕੁੱਛੜ ਚੁੱਕਦਿਆਂ ਹੋਇਆਂ ‘ਦੋਹਿਤਾ ਬਾਣੀ ਦਾ ਬੋਹਿਥਾ’ ਦਾ ਵਰਦਾਨ ਦੇ ਦਿੱਤਾ । ਆਪ ਜੀ ਦੇ ਦੋ ਵੱਡੇ ਭਰਾ ਵੀ ਸਨ ਜਿਨ੍ਹਾਂ ਦਾ ਨਾਂ ਪ੍ਰਿਥੀ ਚੰਦ ਤੇ ਮਹਾਦੇਵ ਸੀ । ਗੁਰੂ ਅਰਜਨ ਦੇਵ ਜੀ ਦਾ ਤਕਰੀਬਨ 112 ਸਾਲ ਦਾ ਮੁਢਲਾ ਬਚਪਨ ਗੋਇੰਦਵਾਲ ਸਾਹਿਬ ਵਿਖੇ ਹੀ ਬੀਤਿਆ । ਜਦੋਂ ਗੁਰੂ ਰਾਮਦਾਸ ਜੀ ਗੋਇੰਦਵਾਲ ਛੱਡ ਕੇ ਗੁਰੂ ਦੇ ਚੱਕ (ਅੰਮ੍ਰਿਤਸਰ) ਆਏ ਤਾਂ ਗੁਰੂ ਅਰਜਨ ਦੇਵ ਜੀ ਵੀ ਪਰਿਵਾਰ ਦੇ ਨਾਲ ਹੀ ਉਥੇ ਆ ਗਏ । ਆਪ ਜੀ ਨੇ ਵਿਦਿਆ ਵਿਚ ਚੰਗੀ ਮੁਹਾਰਤ ਹਾਸਲ ਕਰ ਲਈ ਤੇ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਬੜੇ ਹੀ ਪ੍ਰੇਮ ਪਿਆਰ ਤੇ ਸਤਿਕਾਰ ਨਾਲ ਪੜ੍ਹਿਆ ਤੇ ਵਿਚਾਰਿਆ ।

ਆਪ ਜੀ ਦਾ ਵਿਆਹ 1579 ਈ: ਨੂੰ 16 ਸਾਲ ਦੀ ਉਮਰ ਵਿਚ ਮਾਤਾ ਗੰਗਾ ਜੀ ਨਾਲ ਹੋਇਆ ਜੋ ਮਊ ਪਿੰਡ ਜ਼ਿਲ੍ਹਾ ਜਲੰਧਰ ਦੇ ਵਸਨੀਕ ਕ੍ਰਿਸ਼ਨ ਚੰਦ ਦੀ ਪੁੱਤਰੀ ਸੀ । ਉਹਨਾਂ ਦੀ ਕੁੱਖੋਂ 14 ਜੂਨ, 1595 ਈ: ਨੂੰ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਜਨਮ ਲਿਆ । ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਬਾਲ ਅਵਸਥਾ ਵਿਚ ਅਜਿਹੀ ਭਵਿਖਬਾਣੀ ਕੀਤੀ ਸੀ, ਜਿਹੜੀ ਸਪੱਸ਼ਟ ਕਰਦੀ ਸੀ ਕਿ ਸਮਾਂ ਆਉਣ ਤੇ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਬਿਰਾਜਮਾਨ ਹੋਣਗੇ । ਇਸ ਬਾਰੇ ਗੁਰੂ ਰਾਮਦਾਸ ਜੀ ਨੂੰ ਤਾਂ ਸਭ ਕੁਝ ਪਤਾ ਹੀ ਸੀ ਪਰ ਫਿਰ ਵੀ ਉਹ ਆਪਣੇ ਦੂਜੇ ਦੋਹਾਂ ਪੁੱਤਰਾਂ ਨੂੰ ਯਕੀਨ ਦਿਵਾਉਣਾ ਚਾਹੁੰਦੇ ਸਨ ਕਿ ਉਹਨਾਂ ਤੋਂ ਬਾਅਦ ਗੁਰਗੱਦੀ ਦੇ ਹੱਕਦਾਰ ਗੁਰੂ ਅਰਜਨ ਦੇਵ ਜੀ ਹੋਣਗੇ ।

ਗੁਰੂ ਰਾਮਦਾਸ ਜੀ ਦੇ ਤਾਏ ਦਾ ਪੁੱਤ ਭਰਾ ਸਹਾਰੀ ਮੱਲ ਜਿਹੜਾ ਲਾਹੌਰ ਰਹਿੰਦਾ। ਸੀ, ਨੇ ਆਪਣੇ ਲੜਕੇ ਦੇ ਵਿਆਹ ਤੇ ਸ਼ਾਮਲ ਹੋਣ ਲਈ ਗੁਰੂ ਜੀ ਨੂੰ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਅੰਮ੍ਰਿਤਸਰ ਵਿਖੇ ਉਸਾਰੂ ਕੰਮਾਂ ਵਿਚ ਰੁੱਝੇ ਹੋਣ ਕਾਰਨ ਪ੍ਰਿਥੀ ਚੰਦ ਨੂੰ ਵਿਆਹ ਤੇ ਭੇਜਣ ਦਾ ਵਾਅਦਾ ਕਰਕੇ ਉਸਨੂੰ ਆਪਣੇ ਤਾਏ ਨਾਲ ਜਾਣ ਲਈ ਕਿਹਾ ਪਰ ਉਸਨੇ ਨਾਂਹ ਕਰ ਦਿੱਤੀ ਕਿਉਂਕਿ ਉਸਦੀ ਨਜ਼ਰ ਗੁਰਗੱਦੀ ਤੇ ਟਿਕੀ ਹੋਈ ਸੀ । ਪ੍ਰਿਥੀ ਚੰਦ ਦੇ ਮਨ੍ਹਾਂ ਕਰਨ ਤੇ ਆਪਣੇ ਦੂਸਰੇ ਬੇਟੇ ਮਹਾਦੇਵ ਨੂੰ ਵਿਆਹ ਤੇ ਜਾਣ ਲਈ ਕਿਹਾ ਤਾਂ ਉਸਨੇ ਵੀ ਵਿਆਹ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ । ਬਾਅਦ ਵਿਚ ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਸਾਹਿਬਜਾਦੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਵਿਆਹ ਵਿਚ ਸ਼ਾਮਲ ਹੋਣ ਲਈ ਕਿਹਾ ਤਾਂ ਉਹਨਾਂ ਝੱਟ-ਪੱਟ ਇਹ ਹੁਕਮ ਸੁਣਕੇ ਗੁਰੂ ਜੀ ਦੇ ਚਰਨਾਂ ਵਿਚ ਮੱਥਾ ਟੇਕਿਆ ਤੇ ਵਿਆਹ ਵਿਚ ਸ਼ਾਮਲ ਹੋਣ ਲਈ ਲਾਹੌਰ ਨੂੰ ਤੁਰ ਗਏ । ਲਾਹੌਰ ਵਿਖੇ ਰਹਿੰਦਿਆਂ ਹੋਇਆਂ ਆਪ ਜੀ ਨੇ ਬਹੁਤ ਵੱਡੀ ਪੱਧਰ ਤੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਗੁਰੂ ਘਰ ਨਾਲ ਜੋੜਿਆ । ਉਥੇ ਰਹਿੰਦਿਆਂ ਆਪ ਜੀ ਨੇ ਆਪਣੇ ਪਿਤਾ ਜੀ ਵੱਲ ਕਈ ਪੱਤਰ ਭੇਜੇ ਕਿ ਉਹਨਾਂ ਦਾ ਮਨ ਗੁਰਦਰਸ਼ਨ ਨੂੰ ਹਮੇਸ਼ਾ ਲੋਚਦਾ ਰਹਿੰਦਾ ਹੈ । ਕੁਝ ਚਿਰ ਬਾਅਦ ਬਾਬਾ ਬੁੱਢਾ ਜੀ ਲਾਹੌਰ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਅੰਮਿ੍ਤਸਰ ਲੈ ਆਏ ।

ਆਪਣੀ ਸੱਚ ਖੰਡ ਵਾਪਸੀ ਦਾ ਸਮਾਂ ਨੇੜੇ ਪੁੱਜਾ ਜਾਣਕੇ ਸ੍ਰੀ ਗੁਰੂ ਰਾਮਦਾਸ ਜੀ ਤ ਗੋਇੰਦਵਾਲ ਸਾਹਿਬ ਚਲੇ ਗਏ ਤੇ ਉਥੇ ਸੰਗਤਾਂ ਦਾ ਵਿਸ਼ੇਸ਼ ਇਕੱਠ ਬੁਲਾਇਆ । ਸੰਗਤਾਂ ਦੇ ਇੱਕਠ ਵਿਚ ਸਭ ਦੀ ਸ਼ਹਿਮਤੀ ਨਾਲ ਆਪ ਜੀ ਨੇ ਇਹ ਫੈਸਲਾ ਕੀਤਾ ਕਿ ਗੁਰਗੱਦੀ ਦੀ ਜ਼ੁੰਮੇਵਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪੀ ਜਾਵੇ ਤੇ ਉਸੇ ਫੈਸਲੇ ਅਨੁਸਾਰ 1 ਸਤੰਬਰ, 1581 ਈ: ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਾਬਾ ਬੁੱਢਾ ਜੀ ਪਾਸੋਂ ਤਿਲਕ ਲਵਾਕੇ ਗੁਰਗੱਦੀ ਤੇ ਬਿਠਾ ਦਿੱਤਾ । ਪ੍ਰਿਥੀ ਚੰਦ ਵੱਡਾ ਭਰਾ ਹੋਣ ਦੇ ਨਾਤੇ ਇਸ ਫੈਸਲੇ ਨੂੰ ਹਜ਼ਮ ਨਾ ਕਰ ਸਕਿਆ ਤੇ ਗੁਰੂ ਦਰਬਾਰ ਦੇ ਕੰਮ ਕਾਜ ਵਿਚ ਕਈ ਤਰ੍ਹਾਂ ਦੇ ਅੜਿਕੇ ਖੜ੍ਹੇ ਕਰਨ ਲੱਗ ਪਿਆ । ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੀ ਯੋਗ ਅਗਵਾਈ ਕਾਰਨ ਉਹ ਆਪਣੇ ਘਟੀਆ ਮਨਸੂਬਿਆਂ ਵਿਚ ਕੋਈ ਸਫਲਤਾ ਪ੍ਰਾਪਤ ਨਾ ਕਰ ਸਕਿਆ । ਗੁਰੂ ਰਾਮਦਾਸ ਜੀ ਦੀ ਸੱਚਖੰਡ ਵਾਪਸੀ ਤੋਂ ਕੁਝ ਚਿਰ ਬਾਅਦ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਤੋਂ ਵਾਪਸ ਗੁਰੂ ਕੇ ਚੱਕ (ਅੰਮ੍ਰਿਤਸਰ) ਆ ਗਏ ਤੇ ਗੁਰੂ ਰਾਮਦਾਸ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਪੂਰਨ ਜਾਮਾ ਪਹਿਨਾਉਣ ਲਈ ਪੂਰੀ ਲਗਨ ਨਾਲ ਕੰਮ ਸ਼ੁਰੂ ਕਰ ਦਿੱਤਾ । ਗੁਰੂ ਕੇ ਚੱਕ ਦਾ ਨਾਂ ਆਪ ਜੀ ਨੇ ਰਾਮਦਾਸ ਪੁਰ ਜਾਂ ਚੱਕ ਰਾਮਦਾਸ ਰੱਖ ਦਿੱਤਾ ।

ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੇ ਮਗਰੋਂ ਆਏ ਤਿੰਨ ਗੁਰੂ ਸਾਹਿਬਾਨ ਦੀ ਰੂਹਾਨੀਅਤ ਨਾਲ ਭਰਪੂਰ ਬਾਣੀ ਦੇ ਫਲਸਫੇ ਨੂੰ ਹੋਰ ਅੱਗੇ ਤੋਰਿਆ ਗੁਰੂ ਜੀ ਨੇ ਅਕਾਲ ਪੁਰਖ ਦੀ ਉਪਾਸ਼ਨਾ ਅਜਿਹੇ ਅਮੋਲਕ, ਸੁੰਦਰ ਤੇ ਅਧਿਆਤਮਕ ਤਰੀਕਿਆਂ ਨਾਲ ਕੀਤੀ ਕਿ ਵੱਡੇ ਤੋਂ ਵੱਡਾ ਹੰਕਾਰੀ, ਕੁਰੱਖਤ ਤੇ ਸਖ਼ਤ ਹਿਰਦਾ ਵੀ ਉਸ ਮਹਾਨ ਅਕਾਲ ਪੁਰਖ ਦੀ ਭਗਤੀ ਵਿਚ ਜੁੜਨ ਲਈ ਉਤਸੁਕਤਾ ਵਿਖਾਉਂਦਾ ਹੋਇਆ ਮੋਮ ਵਾਂਗ ਪਿਘਲ ਗਿਆ । ਗੁਰੂ ਜੀ ਵੱਲੋਂ ਰਚੀ ਸੁਖਮਨੀ ਸਾਹਿਬ ਦੀ ਬਾਣੀ ਮਨ ਨੂੰ ਪੂਰਨ ਟਿਕਾਓ ਬਖਸ਼ਦੀ ਹੈ, ਸਰੀਰ ਨੂੰ ਸਾਫ਼ ਸੁਥਰਾ ਤੇ ਸਵੱਛ ਬਣਾਉਂਦੀ ਹੈ, ਹਿਰਦੇ ਵਿਚ ਠੰਡ ਪਾਉਂਦੀ ਹੋਈ। ਆਤਮਾ ਨੂੰ ਆਨੰਦਿਤ ਕਰਦੀ ਹੈ ਮਾਨੋ ਕਿ ਇਹ ਸਰਬ ਰੋਗਾਂ ਦੀ ਔਸ਼ਧੀ ਹੈ । ਗੁਰੂ ਜੀ ਚਾਹੁੰਦੇ ਸਨ ਕਿ ਗੁਰਬਾਣੀ ਨੂੰ ਅਸਲੀ ਤੇ ਸ਼ੁਧ ਰੂਪ ਵਿਚ ਇਕੱਤਰ ਕੀਤਾ ਜਾਵੇ ਤਾਂ ਜੋ ਸਿੱਖ ਇਸ ਤੋਂ ਗੁਰਉਪਦੇਸ਼ ਅਸਲੀ ਰੂਪ ਵਿਚ ਪ੍ਰਾਪਤ ਕਰ ਸਕਣ । ਇਸ ਕਰਕੇ ਗੁਰੂ ਜੀ ਨੇ ਪਹਿਲੇ ਚਾਰ ਗੁਰੂਆਂ ਦੀ ਬਾਣੀ ਇਕੱਠੀ ਕਰਕੇ, ਨਾਲ ਆਪਣੀ ਬਾਣੀ ਸ਼ਾਮਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਦਾ ਕਾਰਜ ਆਰੰਭ ਕਰ ਦਿੱਤਾ । ਇਹ ਕੰਮ ਸੰਮਤ 1655 ਵਿਚ ਚਾਲੂ ਹੋ ਗਿਆ ਪ੍ਰਿਥੀਏ ਵਰਗੇ ਗੁਰੂ ਘਰ ਦੇ ਦੋਖੀਆਂ ਨੇ ਇਸ ਮਹਾਨ ਕਾਰਜ ਵਿਚ ਵਿਘਨ ਪਾਉਣ ਲਈ ਬਾਦਸ਼ਾਹ ਅਕਬਰ ਨੂੰ ਇਹ ਚੁਗਲੀ ਲਾਈ ਕਿ ਗੁਰੂ ਅਰਜਨ ਦੇਵ ਇਕ ਗ੍ਰੰਥ ਤਿਆਰ ਕਰਵਾ ਰਹੇ ਹਨ ਜਿਸ ਵਿਚ ਦੀਨੇ ਇਲਾਹੀ, ਹਜ਼ਰਤ ਮੁਹੰਮਦ ਅਤੇ ਹਿੰਦੂ ਅਵਤਾਰਾਂ ਵਿਰੁੱਧ ਲਿਖਿਆ ਜਾਣਾ ਹੈ । ਅਕਬਰ ਨੇ 1598 ਈ: ਨੂੰ ਗੋਇੰਦਵਾਲ ਵਿਖੇ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਗੁਰਬਾਣੀ ਵਿਚ ਅੰਕਤ ਕੀਤੇ ਜਾਣ ਵਾਲੇ ਕੁਝ ਸ਼ਬਦ ਸੁਣਕੇ ਬਹੁਤ ਖੁਸ਼ ਹੋਇਆ ।

ਗੁਰੂ ਜੀ ਨੇ ਬਾਬਾ ਮੋਹਨ ਜੀ ਪਾਸੋਂ ਸੈਂਚੀਆਂ ਲਿਆਉਣ ਲਈ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਗੋਇੰਦਵਾਲ ਭੇਜਿਆ ਪਰ ਬਾਬਾ ਮੋਹਨ ਜੀ ਨੇ ਸੈਂਚੀਆਂ ਦੇਣ ਤੋਂ ਨਾਂਹ ਕਰ ਦਿੱਤੀ । ਫਿਰ ਗੁਰੂ ਜੀ ਨੰਗੇ ਪੈਰੀਂ ਸੰਗਤਾਂ ਸਮੇਤ ਗੋਇੰਦਵਾਲ ਪੁੱਜੇ ਤੇ ਜਿਸ ਚੁਬਾਰੇ ਵਿਚ ਮੋਹਨ ਜੀ ਰਹਿੰਦੇ ਸਨ ਦੇ ਕੋਲ ਜਾ ਖੜੋਤੇ । ਗੁਰੂ ਜੀ ਨੇ ਗਾਉੜੀ ਰਾਗ ਵਿਚ ਇਕ ਸ਼ਬਦ ਉਚਾਰਨ ਕੀਤਾ । ਇਸ ਵਿਚ ਗੁਰੂ ਜੀ ਨੇ ਬਾਬਾ ਮੋਹਨ ਜੀ ਤੇ ਪਿਆਰੇ ਅਕਾਲ ਪੁਰਖ, ਕਰਤਾਰ, ਮੋਹਨ ਦੀ ਉਪਮਾ ਕੀਤੀ । ਇਸ ਸ਼ਬਦ ਦੇ ਉਚਾਰੇ ਜਾਣ ਦੇ ਨਾਲ ਹੀ ਬਾਬਾ ਜੀ ਦੀ ਸਮਾਧੀ ਖੁੱਲ੍ਹ ਗਈ ਤੇ ਉਹ ਚੁਬਾਰੇ ਤੋਂ ਉਤਰ ਕੇ ਗੁਰੂ ਜੀ ਪਾਸ ਆਏ ਤੇ ਸੈਂਚੀਆਂ ਗੁਰੂ ਜੀ ਦੇ ਹਵਾਲੇ ਕਰ ਦਿੱਤੀਆਂ। ਗੁਰੂ ਸਾਹਿਬਾਨ ਦੀ ਬਾਣੀ ਇਕੱਠੀ ਕਰਨ ਦੇ ਨਾਲ-2 ਗੁਰੂ ਜੀ ਨੇ ਭਗਤਾਂ ਦੀ ਬਾਣੀ ਵੀ ਇਕੱਤਰ ਕਰਨੀ ਅਰੰਭੀ । ਭਗਤਾਂ ਦੀ ਬਹੁਤ ਸਾਰੀ ਬਾਣੀ ਤਾਂ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਸਮੇਂ ਇਕੱਠੀ ਕਰਕੇ ਲੈ ਆਏ ਸਨ ਤੇ ਉਹ ਬਾਣੀ ਗੁਰੂ ਜੀ ਪਾਸ ਮੌਜੂਦ ਸੀ । ਇਸ ਬਾਣੀ ਵਿੱਚੋਂ ਚੋਣ ਕਰਕੇ 15 ਭਗਤਾਂ ਦੀ ਚੋਣਵੀਂ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰਨ ਲਈ ਪ੍ਰਵਾਨ ਕੀਤੀ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕੰਮ 1604 ਈ: ਵਿਚ ਸੰਪੂਰਨ ਹੋਇਆ । 1604 ਈ: ਵਿਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਰਿਮੰਦਰ (ਦਰਬਾਰ) ਸਾਹਿਬ ਵਿਖੇ ਪ੍ਰਕਾਸ਼ ਕੀਤਾ ਗਿਆ ਤੇ ਬਾਬਾ ਬੁੱਢਾ ਜੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਥਾਪੇ ਗਏ ।

ਗੁਰੂ ਘਰ ਦੇ ਪ੍ਰਬੰਧਕੀ ਕੰਮਾਂ ਦੇ ਨਾਲ-2 ਆਪ ਜੀ ਨੇ ਉਸਾਰੀ ਕੰਮਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ । ਸਭ ਤੋਂ ਪਹਿਲਾਂ ਸੰਤੋਖਸਰ ਦਾ ਤਾਲ ਪੱਕਾ ਕਰਵਾਇਆ ਤੇ ਬਾਅਦ ਵਿਚ 1588 ਈ: ਨੂੰ ਅੰਮ੍ਰਿਤਸਰ ਸਰੋਵਰ ਵਿਚ ਸੂਫ਼ੀ ਪੀਰ ਮੀਆਂ ਮੀਰ ਪਾਸੋਂ। ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ । ਹਰਿਮੰਦਰ ਸਾਹਿਬ ਦੇ ਦਰਵਾਜ਼ੇ ਚੌਂਹੀ ਪਾਸੀ ਰੱਖ ਕੇ ਇਹ ਦਰਸਾ ਦਿੱਤਾ ਕਿ ਇਹ ਅਸਥਾਨ ਸਭ ਧਰਮਾਂ ਲਈ ਸਾਂਝਾ ਹੈ । ਸੰਮਤ, 1647 ਵਿਚ ਤਰਨਤਾਰਨ ਸਰੋਵਰ ਦੀ ਖੁਦਵਾਈ ਅਰੰਭੀ ਤੇ ਨਗਰ ਵਸਾਇਆ। ਇਸ ਤੋਂ ਇਲਾਵਾ ਗੁਰੂ ਜੀ ਨੇ ਕਰਤਾਰਪੁਰ (ਜਲੰਧਰ), ਸ੍ਰੀ ਹਰਿਗੋਬਿੰਦਪੁਰਾ ਆਦਿ ਨਗਰ ਵਸਾਏ ਤੇ ਹੋਰ ਕਈ ਗੁਰਦੁਆਰਿਆਂ ਦਾ ਨਿਰਮਾਣ ਕਰਵਾਇਆ ।

ਜਦ ਤੀਕ ਨਰਮ ਧਾਰਮਿਕ ਵਿਚਾਰਾਂ ਵਾਲਾ ਅਕਬਰ ਬਾਦਸ਼ਾਹ ਜ਼ਿੰਦਾ ਰਿਹਾ ਕੱਟੜਪੰਥੀ ਗੁਰੂ ਘਰ ਦਾ ਨੁਕਸਾਨ ਕਰਨ ਵਿਚ ਕੋਈ ਕਾਮਯਾਬੀ ਪ੍ਰਾਪਤ ਨਾ ਕਰ ਸਕੇ । ਅਕਬਰ ਦੀ ਮੌਤ ਤੋਂ ਬਾਅਦ ਜਦੋਂ ਜਹਾਂਗੀਰ ਬਾਦਸ਼ਾਹ ਬਣਿਆ ਤਾਂ ਉਹ ਮੁਲਾਣਿਆਂ ਦੀਆਂ ਸਿੱਖੀ ਵਿਰੁੱਧ ਗੱਲਾਂ ਵਿਚ ਆ ਗਿਆ ਤੇ ਉਸਦੇ ਮਨ ਵਿਚ ਗੁਰੂ ਘਰ ਪ੍ਰਤੀ ਵੈਰ ਵਿਰੋਧ ਤੇ ਈਰਖਾ ਭਰ ਗਈ । ਉਹ ਸਮਝ ਬੈਠਾ ਕਿ ਗੁਰੂ ਜੀ ਇਸਲਾਮ ਨੂੰ ਢਾਅ ਲਾ ਰਹੇ ਹਨ । ਉਸ ਨੇ ਇਹ ਧਾਰ ਲਿਆ ਕਿ ਗੁਰੂ ਜੀ ਨੂੰ ਜਾਂ ਤਾਂ ਮੁਸਲਮਾਨ ਬਣਾਇਆ ਜਾਵੇ ਜਾਂ ਸ਼ਹੀਦ ਕਰ ਦਿੱਤਾ ਜਾਵੇ । ਗੁਰੂ ਘਰ ਦੇ ਦੋਖੀਆਂ ਦੀ ਇਸ ਕਹਾਣੀ ਨੇ ਵੀ ਬਲਦੀ ਉਤੇ ਤੇਲ ਪਾਉਣ ਵਾਲੀ ਗੱਲ ਕੀਤੀ ਕਿ ਗੁਰੂ ਜੀ ਨੇ ਬਾਗੀ ਖੁਸਰੇ ਨਾਲ ਗੱਲਬਾਤ ਕੀਤੀ ਸੀ। ਜਹਾਂਗੀਰ ਨੂੰ ਬਹਾਨਾ ਮਿਲ ਗਿਆ ਤੇ ਉਸ ਨੇ ਗੁਰੂ ਸਾਹਿਬ ਤੇ ਰਾਜ ਧਰੋਹ ਦਾ ਝੂਠਾ ਇਲਜ਼ਾਮ ਲਗਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ । ਗੁਰੂ ਜੀ ਨੂੰ ਲਾਹੌਰ ਵਿਖੇ ਲਿਜਾ ਕੇ ਅਨੇਕਾਂ ਤਸੀਹੇ ਦਿੱਤੇ। ਗਏ । ਰਾਵੀ ਦਰਿਆ ਦੇ ਕੰਢੇ ਤੇ ਤੱਤੀਆਂ ਤਵੀਆਂ ਤੇ ਬਿਠਾ ਕੇ ਸਿਰ ਵਿਚ ਤੱਤੀ ਰੇਤ ਪਵਾਕੇ 30 ਮਈ, 1606 ਈ: ਨੂੰ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ । ਗੁਰੂ ਜੀ ਧਰਮ ਦੀ ਖਾਤਰ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਵੀ ਕਰਤਾਰ ਦੇ ਭਾਣੇ ਨੂੰ ਮਿੱਠਾ ਮੰਨਦੇ ਹੋਏ ਸ਼ਹੀਦ ਹੋ ਗਏ ।

ਬਾਵਾ ਪਰਮਜੀਤ ਸਿੰਘ :

ਬਾਵਾ ਗਰੁੱਪ ਦੇ ਸੰਸਥਾਪਕ ਬਾਵਾ ਪਰਮਜੀਤ ਸਿੰਘ ਦਾ ਜਨਮ 1925 ਵਿਚ ਲਾਹੌਰ ਵਿਖੇ ਮਸਹੂਰ ਆਜ਼ਾਦੀ ਘੁਲਾਟੀਏ ਬਾਵਾ ਸਰੂਪ ਸਿੰਘ ਦੇ ਘਰ ਹੋਇਆ । ਬਾਵਾ ਜੀ ਦੇ ਪੈਦਾ ਹੋਣ ਸਮੇਂ ਉਹਨਾਂ ਦੇ ਪਿਤਾ ਜੇਲ੍ਹ ਵਿਚ ਨਜ਼ਰਬੰਦ ਸਨ । 1947 ਵਿਚ ਦੇਸ਼ ਦੀ ਵੰਡ ਤੋਂ ਬਾਅਦ ਬਾਵਾ ਪਰਿਵਾਰ ਜਲੰਧਰ ਆ ਕੇ ਵੱਸ ਗਿਆ ਜਿੱਥੇ ਬਾਵਾ ਜੀ ਨੇ ਆਪਣੇ ਜੀਵਨ ਦਾ ਸੰਘਰਸ਼ ਅਰੰਭਿਆ । ਬਾਵਾ ਜੀ ਦੇ ਪਿਤਾ ਨੇ ਉਹਨਾਂ ਨੂੰ ਕੁਝ ਰੁਪਏ ਦੇ ਕੇ ਕਾਰੋਬਾਰ ਕਰਨ ਲਈ ਕਿਹਾ । ਬਾਵਾ ਪਰਮਜੀਤ ਸਿੰਘ ਨੇ ਝਟਕਈਆਂ ਕੋਲ ਜਾਕੇ ਬੱਕਰੀਆਂ ਦੀਆਂ ਖੱਲਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ । ਇਹ ਖੱਲਾਂ ਇਕੱਠੀਆਂ ਕਰਕੇ ਬਾਅਦ ਵਿਚ ਮਦਰਾਸ ਆਦਿ ਸ਼ਹਿਰਾਂ ਨੂੰ ਜਿੱਥੇ ਬੂਟ ਬਣਦੇ ਸਨ ਭੇਜ ਦਿੱਤੀਆਂ ਜਾਂਦੀਆਂ ਸਨ । ਹੌਲੀ-2 ਉਹਨਾਂ ਦੇ ਕਾਰੋਬਾਰ ਵਿਚ ਵਾਧਾ ਹੁੰਦਾ ਗਿਆ ਤੇ ਇਸ ਕੰਮ ਨੂੰ ਹੋਰ ਨਿਪੁੰਨਤਾ ਨਾਲ ਕਰਨ ਲਈ ਉਹਨਾਂ ਨੇ ਇਕ ਮਸ਼ੀਨ ਖਰੀਦ ਲਈ ।

ਇਸ ਛੋਟੇ ਜਿਹੇ ਉਦਮ ਤੋਂ ਮਿਲੀ ਸਫਲਤਾ ਨੂੰ ਵੇਖ ਕੇ ਉਹਨਾਂ ਨੇ ਕਾਰੋਬਾਰ ਵਧਾਉਣਾ ਸ਼ੁਰੂ ਕਰ ਦਿੱਤਾ ਤੇ ਅਕਾਲ ਪੁਰਖ ਦੀ ਮਿਹਰ ਸਕਦਾ ਉਹ ਦਿਨ ਦੂਣੀ ਤੇ ਰਾਤ ਚੌਗਣੀ ਤਰੱਕੀ ਕਰਦੇ ਹੋਏ ਸਫਲਤਾ ਦੀਆਂ ਮੰਜ਼ਲਾਂ ਤਹਿ ਕਰਦੇ-2 ਬਹੁਤ ਵੱਡੇ ਉਦਯੋਗਪਤੀ ਬਣ ਗਏ । 1980 ਵਿਚ ਉਹਨਾਂ ਨੇ ਇਕ ਨਵਾਂ ਯੂਨਿਟ ਲਗਾਇਆ ਜਿਹੜਾ ਬੂਟਾਂ ਦੇ ਉਪਰਲੇ ਹਿੱਸੇ ਅੰਤਰਾਸ਼ਟਰੀ ਮਿਆਰ ਦੇ ਬਣਾਉਂਦਾ ਸੀ ਤੇ ਬਾਅਦ ਵਿਚ ਇੱਥੇ ਪੂਰੇ ਬੂਟ ਬਣਨੇ ਸ਼ੁਰੂ ਹੋ ਗਏ । 1983 ਵਿਚ ਉਹਨਾਂ ਨੇ ਗੋਇੰਦਵਾਲ ਸਾਹਿਬ ਵਿਖੇ ਬਾਵਾ ਬੂ ਨਾਂ ਦੀ ਕੰਪਨੀ ਸਥਾਪਤ ਕੀਤੀ ਕਿਉਂਕਿ ਉਹ ਗੁਰੂ ਅਮਰਦਾਸ ਜੀ ਦੇ ਬੰਸ ਵਿੱਚੋਂ ਹੋਣ ਕਾਰਨ ਇਸ ਨਗਰ ਨੂੰ ਪੂਰੀ ਤਰ੍ਹਾਂ ਵਿਕਸਤ ਤੇ ਖੁਸ਼ਹਾਲ ਵੇਖਣ ਦੇ ਚਾਹਵਾਨ ਸਨ ।

ਇਹ ਇਲਾਕਾ ਵਿਦਿਆ ਦੇ ਖੇਤਰ ਵਿਚ ਵੀ ਬਹੁਤ ਹੀ ਪਛੜਿਆ ਹੋਇਆ ਸੀ। ਇਸ ਘਾਟ ਨੂੰ ਮਹਿਸੂਸ ਕਰਦਿਆਂ ਹੋਇਆਂ ਬਾਵਾ ਜੀ ਨੇ 1980 ਵਿਚ ਇੱਥੇ ਅਮਰਪੁਰੀ ਪਬਲਿਕ ਸਕੂਲ ਦੀ ਨੀਂਹ ਰੱਖ ਦਿੱਤੀ । ਇਸ ਸਕੂਲ ਦੇ ਖੁੱਲ੍ਹਣ ਨਾਲ ਇਸ ਇਲਾਕੇ ਦੇ ਪੇਂਡੂ ਲੋਕਾਂ ਦੇ ਬੱਚਿਆਂ ਨੂੰ ਬਹੁਤ ਹੀ ਲਾਭ ਹੋਇਆ ਕਿਉਂਕਿ ਇਹ ਸਕੂਲ ਉਹਨਾਂ ਲਈ ਹੀ ਖੋਲ੍ਹਿਆ ਗਿਆ ਸੀ ।

ਬਾਵਾ ਪਰਮਜੀਤ ਸਿੰਘ ਮਜ਼ਦੂਰ ਵਰਗ ਨਾਲ ਬਹੁਤ ਹੀ ਪਿਆਰ ਕਰਦੇ ਸਨ । ਕਈ ਮਜ਼ਦੂਰਾਂ ਨੇ ਆਪਣੀ ਸਾਰੀ ਉਮਰ ਹੀ ਬਾਵਾ ਜੀ ਦੇ ਨਾਲ ਕੰਮ ਕਰਦਿਆਂ ਹੋਇਆਂ ਗੁਜ਼ਾਰ ਦਿੱਤੀ ਕਿਉਂਕਿ ਉਹ ਬਾਵਾ ਜੀ ਨੂੰ ਸਫ਼ਲਤਾ ਦੀਆਂ ਬੁਲੰਦੀਆਂ ਤੇ ਪਹੁੰਚਿਆਂ   ਹੋਇਆ ਵੇਖਣ ਦੇ ਚਾਹਵਾਨ ਸਨ । ਵਿਦੇਸ਼ੀ ਗਾਹਕ ਬਾਵਾ ਜੀ ਦੇ ਵਿਅੱਕਤੀਤਵ ਤੋਂ ਬਹੁਤ ਹੀ ਪ੍ਰਭਾਵਤ ਸਨ ਤੇ ਉਹਨਾਂ ਦੀ ਬੜੀ ਕਦਰ ਕਰਦੇ ਸਨ ।

10 ਜੂਨ, 1995 ਨੂੰ ਜਦੋਂ ਬਾਵਾ ਪਰਮਜੀਤ ਸਿੰਘ, ਜਲੰਧਰ ਤੋਂ ਗੋਇੰਦਵਾਲ ਸਾਹਿਬ ਨੂੰ ਆ ਰਹੇ ਸਨ ਤਾਂ ਕਾਰ ਹਾਦਸੇ ਵਿਚ ਉਹਨਾਂ ਦੀ ਮੌਤ ਹੋ ਗਈ । ਗੋਇੰਦਵਾਲ ਸਾਹਿਬ ਤੇ ਇਸ ਦੇ ਆਸ ਪਾਸ ਦੇ ਲੋਕ ਅੱਜ ਵੀ ਬਾਵਾ ਜੀ ਦੇ ਕੀਤੇ ਕੰਮਾਂ ਕਾਰਨ ਉਹਨਾਂ ਨੂੰ ਯਾਦ ਕਰਦੇ ਹਨ ।

ਸ. ਬਲੀ ਸਿੰਘ :

ਸ. ਬਲੀ ਸਿੰਘ ਦਾ ਜਨਮ 1922 ਵਿਚ ਗੋਇੰਦਵਾਲ ਸਾਹਿਬ ਵਿਖੇ ਸ. ਤਰਲੋਕ ਸਿੰਘ ਦੇ ਘਰ ਹੋਇਆ । ਪ੍ਰਾਇਮਰੀ ਤਕ ਦੀ ਪੜ੍ਹਾਈ ਪਿੰਡੀਆਂ ਤੋਂ ਕਰਕੇ ਦਸਵੀਂ ਗੁਰੂ ਅਰਜਨ ਦੇਵ ਹਾਈ ਸਕੂਲ ਤਰਨਤਾਰਨ ਤੋਂ ਕੀਤੀ । ਉਹਨਾਂ ਨੇ 1938 ਵਿਚ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਦਫ਼ਤਰੀ ਦੇ ਤੌਰ ਤੇ ਸੇਵਾ ਕਰਨੀ ਸ਼ੁਰੂ ਕੀਤੀ। 1941-42 ਵਿਚ ਬਤੌਰ ਅਸਿਸਟੈਂਟ ਮੈਨੇਜਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ 1943 ਵਿਚ ਮੈਨੇਜਰ ਸੁਖਨੰਦਨ ਸਿੰਘ ਦੀ ਬਦਲੀ ਤੋਂ ਬਾਅਦ ਉਹ ਮੈਨੇਜਰ ਦੇ ਅਹੁਦੇ ਤੇ ਨਿਯੁਕਤ ਹੋ ਗਏ । ਇਹਨਾਂ ਨੇ ਗੁਰਦੁਆਰਾ ਬਾਉਲੀ ਸਾਹਿਬ ਦੀ ਮੈਨੇਜਰੀ ਦੀ ਡਿਉਟੀ ਨੂੰ ਬੜੇ ਹੀ ਨਿਮਰਤਾ ਪੂਰਨ ਤੇ ਸੇਵਾ ਭਾਵ ਨਾਲ ਨਿਭਾਇਆ ਤੇ ਹਰ ਕੰਮ ਨੂੰ ਗੁਰੂ ਘਰ ਦੇ ਨਿਮਾਣੇ ਸੇਵਕ ਵਜੋਂ ਹੀ ਪੂਰਾ ਕੀਤਾ । ਹੁਣ ਭਾਵੇਂ ਉਹ ਰਿਟਾਇਰ ਹੋ ਚੁੱਕੇ ਹਨ ਪਰ ਅੱਜ ਵੀ ਉਹਨਾਂ ਦਾ ਮਾਣ ਸਤਿਕਾਰ ਉਸੇ ਤਰ੍ਹਾਂ ਹੀ ਕਇਮ ਹੈ ਤੇ ਨਗਰ ਦੇ ਹਰੇਕ ਧਾਰਮਿਕ, ਸਮਾਜਿਕ ਤੇ ਸਭਿਆਚਾਰਕ ਕੰਮ ਵਿਚ ਉਹਨਾਂ ਦੀ ਸਲਾਹ ਤੇ ਅਸ਼ੀਰਵਾਦ ਲਈ ਜਾਂਦੀ ਹੈ !

ਉਹ ਲੱਗਭਗ 60 ਸਾਲ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਰਹੇ। ਉਹਨਾਂ ਦੀ ਇਤਨੀ ਲੰਬੀ ਸੇਵਾ ਨੂੰ ਅਗਰ ਇਕ ਨਵਾਂ ਇਤਿਹਾਸ ਸਿਰਜਣ ਵਾਲੀ ਪ੍ਰਾਪਤੀ ਕਿਹਾ। ਜਾਵੇ ਤਾਂ ਕੋਈ ਗਲਤ ਨਹੀਂ ਹੋਵੇਗਾ । ਉਹਨਾਂ ਦੇ ਸਮੇਂ ਦੌਰਾਨ ਲੰਗਰ ਹਾਲ, ਸਰਾਂ, ਦੀਵਾਨ ਹਾਲ ਆਦਿ ਦੀ ਉਸਾਰੀ ਤੇ ਬਾਉਲੀ ਸਾਹਿਬ ਦੀ ਮੁਰੰਮਤ ਦਾ ਕੰਮ ਸੰਤ ਕਰਤਾਰ ਸਿੰਘ ਜੀ ਦੀ ਦੇਖ-ਰੇਖ ਹੇਠ ਸੰਪੂਰਨ ਹੋਇਆ । 1952 ਤੋਂ 1998 ਤਕ ਲਗਾਤਾਰ ਉਹ ਪਿੰਡ ਦੇ ਸਰਪੰਚ ਰਹੇ । ਸਰਪੰਚੀ ਦੇ ਦੌਰਾਨ ਉਹਨਾਂ ਨੇ ਬਾਉਲੀ ਸਾਹਿਬ ਤੋਂ ਗੁਰਦੁਆਰਾ ਚੁਬਾਰਾ ਸਾਹਿਬ ਤਕ ਜਾਣ ਵਾਲਾ ਬਜ਼ਾਰ ਚੌੜਾ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ । ਸ. ਬਲੀ ਸਿੰਘ ਅੱਜ ਗੋਇੰਦਵਾਲ ਸਾਹਿਬ ਵਿਖੇ ਹੀ ਰਹਿ ਰਹੇ ਹਨ।

ਭਾਈ ਲਾਲ ਜੀ :

ਗੁਰੂ ਘਰ ਦੇ ਮਸ਼ਹੂਰ ਕੀਰਤਨੀਏ ਭਾਈ ਲਾਲ ਜੀ ਜਿਹੜੇ ਅੱਜਕਲ੍ਹ ਚੂਨਾ ਮੰਡੀ, ਲਾਹੌਰ ਵਿਖੇ ਰਹਿ ਰਹੇ ਹਨ, ਗੋਇੰਦਵਾਲ ਸਾਹਿਬ ਦੇ ਜੰਮਪਲ ਹਨ । ਇਹਨਾਂ ਦਾ ਪਰਿਵਾਰ ਭਾਈ ਮਰਦਾਨਾ ਜੀ ਦੀ ਅੰਸ਼ ਵਿੱਚੋਂ ਹੈ । ਭਾਈ ਲਾਲ ਜੀ (ਘਰ ਦਾ ਨਾਂ ਆਸ਼ਿਕ ਅਲੀ) ਦੇ ਪਿਤਾ ਦਾ ਨਾਂ ਭਾਈ ਰਹਿਮੂ ਸੀ । ਭਾਈ ਲਾਲ ਜੀ ਆਪਣੇ ਪਿਤਾ ਭਾਈ ਰਹਿਮੂ, ਵੱਡੇ ਭਾਈ ਅਰਸ਼ਾਦ ਅਹਿਮਦ ਤੇ ਖੁਸ਼ੀ ਮੁਹੰਮਦ ਨਾਲ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਕੀਰਤਨ ਕਰਿਆ ਕਰਦੇ ਸਨ । ਇਹ ਜੱਥਾ ਛੇ ਮਹੀਨੇ ਗੋਇੰਦਵਾਲ ਸਾਹਿਬ ਵਿਖੇ ਤੇ ਛੇ ਮਹੀਨੇ ਕਪੂਰਥਲਾ ਵਿਖੇ ਮਹਾਰਾਜਾ ਕਪੂਰਥਲਾ ਵੱਲੋਂ ਬਣਾਏ ਵੱਡੇ ਗੁਰਦੁਆਰੇ ਵਿਚ ਜਾ ਕੇ ਕੀਰਤਨ ਦੀ ਸੇਵਾ ਕਰਿਆ ਕਰਦੇ ਸਨ । ਜਦੋਂ ਇਹ ਜੱਥਾ ਕਪੂਰਥਲੇ ਚਲਿਆ ਜਾਂਦਾ ਸੀ ਤਾਂ ਇਹਨਾਂ ਦੀ ਜਗ੍ਹਾ ਭਾਈ ਲਾਲ ਜੀ ਦੇ ਤਾਇਆ ਜੀ ਭਾਈ ਬੱਖੂ, ਭਾਈ ਬਰਕਤ ਅਲੀ ਤੇ ਭਾਈ ਕੋਲੀ ਦਾ ਜੱਥਾ ਇੱਥੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਕੀਰਤਨ ਦੀ ਸੇਵਾ ਨਿਭਾਉਂਦਾ ਸੀ ।

ਭਾਈ ਲਾਲ ਜੀ ਦਾ ਜੱਦੀ ਘਰ ਗੁਰਦੁਆਰਾ ਚੁਬਾਰਾ ਸਾਹਿਬ ਦੇ ਨਜ਼ਦੀਕ ਹੀ ਹੈ। ਇਸ ਘਰ ਵਿਚ ਅੱਜਕਲ੍ਹ ਮਾਸਟਰ ਤੀਰਥ ਸਿੰਘ ਦੇ ਪਰਿਵਾਰ ਦੇ ਲੋਕ ਰਹਿ ਰਹੇ ਹਨ। ਪਾਕਿਸਤਾਨ ਜਾਣ ਤੋਂ ਬਾਅਦ ਭਾਈ ਲਾਲ ਜੀ ਕਈ ਵੇਰ ਇਸ ਨਗਰ ਵਿਚ ਆ ਚੁੱਕੇ ਹਨ।

ਸਰਦਾਰ ਕ੍ਰਿਪਾਲ ਸਿੰਘ :

ਸਰਦਾਰ ਕ੍ਰਿਪਾਲ ਸਿੰਘ ਦਾ ਜਨਮ 2 ਮਾਰਚ, 1946 ਨੂੰ ਸਰਦਾਰ ਦਲੀਪ ਸਿੰਘ ਦੇ ਘਰ ਹੋਇਆ । ਉਹ ਫਤਿਆਬਾਦ ਤੋਂ ਦਸਵੀਂ ਪਾਸ ਕਰਕੇ 1963 ਵਿਚ ਫੌਜ ਵਿਚ ਭਰਤੀ ਹੋ ਗਏ । 1966 ਵਿਚ ਦੇਹਰਾਦੂਨ ਵਿਖੇ ਹੋਈਆਂ ਖੇਡਾਂ ਵਿਚ ਇਹਨਾਂ ਨੇ 26 ਮੀਲ ਦੀ ਦੌੜ ਵਿਚ ਹਿੱਸਾ ਲਿਆ ਤੇ ਦੁਜੇ ਦੌੜਾਕਾਂ ਨਾਲੋਂ ਪੰਜ ਕਿਲੋਮੀਟਰ ਅੱਗੇ ਰਹਿ ਕੇ ਪਹਿਲਾ ਸਥਾਨ ਹਾਸਲ ਕੀਤਾ । ਉਹਨਾਂ ਦੀ ਇਸ ਪ੍ਰਾਪਤੀ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਉਹਨਾਂ ਨੂੰ ਏਸ਼ੀਆਈ ਖੇਡਾਂ ਦੇ ਟਰਾਇਲ ਲਈ ਪਟਿਆਲੇ ਭੇਜ ਦਿੱਤਾ ਜਿੱਥੇ ਉਹਨਾਂ 26 ਮੀਲ ਦੀ ਦੂਰੀ 2 ਘੰਟੇ 28 ਮਿੰਟਾਂ ਵਿਚ ਪੂਰੀ ਕੀਤੀ ਪਰ ਏਸ਼ੀਆਈ ਖੇਡਾਂ ਵਿਚ ਜਾਣ ਦਾ ਮੌਕਾ ਨਾ ਮਿਲਿਆ । 1967 ਵਿਚ ਸੰਗਰੂਰ ਵਿਚ ਹੋਈਆਂ ਆਲ ਇੰਡੀਆ ਦੌੜਾਂ ਵਿਚ ਉਹਨਾਂ ਨੇ 5,000 ਤੇ 10,000 ਮੀਟਰ ਵਿਚ ਨਵਾਂ ਰਿਕਾਰਡ ਬਣਾਇਆ । ਇਸੇ ਹੀ ਸਾਲ ਅਪ੍ਰੈਲ ਵਿਚ ਇੰਡੋ-ਲੰਕਾ ਕਲਚਰਲ ਮੀਟ ਵਿਚ 5,000 ਮੀਟਰ ਤੇ 10,000 ਮੀਟਰ ਦੀਆਂ ਦੌੜਾਂ ਵਿਚ ਹਿੱਸਾ ਲੈ ਕੇ 10,000 ਮੀਟਰ ਵਿਚ ਨਵਾਂ ਏਸ਼ੀਆਈ ਰਿਕਾਰਡ ਕਾਇਮ ਕੀਤਾ। ਇਸ ਦੌੜ ਵਿਚ ਲੰਕਾਂ ਦਾ ਦੌੜਾਕ ਐਸ.ਬੀ. ਰੋਜਾ ਜਿਹੜਾ ਏਸ਼ੀਅਨ ਚੈਂਪੀਅਨ ਸੀ, ਦੂਸਰੇ ਨੰਬਰ ਤੇ ਰਿਹਾ ।

1970 ਵਿਚ ਫੌਜ ਛੱਡ ਕੇ ਉਹ ਰੇਲਵੇ ਵਿਚ ਆ ਗਏ ਪਰ ਤਰੱਕੀ ਨਾ ਮਿਲਣ ਕਾਰਨ 1973 ਵਿਚ ਰੇਲਵੇ ਦੀ ਨੌਕਰੀ ਛੱਡ ਦਿੱਤੀ ਤੇ ਸੀ.ਆਰ.ਪੀ. ਐਫ. ਵਿਚ ਬਤੌਰ ਇੰਸਪੈਕਟਰ ਭਰਤੀ ਹੋ ਗਏ । 1973 ਵਿਚ ਦੁਰਗਾਪੁਰ ਵਿਖੇ ਰਾਸ਼ਟਰੀ ਖੇਡਾਂ ਵਿਚ ਭਾਗ ਲਿਆ ਤੇ 5,000 ਤੇ 10,000 ਮੀਟਰ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। 1975 ਵਿਚ ਪੈਰ ਤੇ ਸੱਟ ਲੱਗਣ ਕਾਰਨ ਖੇਡਾਂ ਵਿਚ ਹਿੱਸਾ ਲੈਣਾ ਬੰਦਾ ਕਰ ਦਿੱਤਾ । ਇਹਨਾਂ ਨੇ ਨਾਗਾਲੈਂਡ, ਜੰਮੂ ਕਸ਼ਮੀਰ, ਪੰਜਾਬ ਤੇ ਅਸਾਮ ਆਦਿ ਸੂਬਿਆਂ ਵਿਚ ਅੱਤਵਾਦੀਆਂ ਦੀਆਂ ਕਾਰਵਾਈਆਂ ਤੇ ਕਾਬੂ ਪਾਉਣ ਲਈ ਬਹੁਤ ਹੀ ਬਹਾਦਰੀ ਵਿਖਾਈ ਜਿਸ ਕਾਰਨ ਇਹਨਾਂ ਸੂਬਿਆਂ ਦੀਆਂ ਸਰਕਾਰਾਂ ਨੇ ਆਪ ਜੀ ਦੀ ਬਹੁਤ ਪ੍ਰਸ਼ੰਸਾ ਕੀਤੀ ।

ਇਹਨਾਂ ਦੀਆਂ ਉੱਚ ਕੋਟੀ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆ 1988 ਵਿਚ ਰਾਸ਼ਟਰਪਤੀ ਵੱਲੋਂ ਇਹਨਾਂ ਨੂੰ ਪ੍ਰੈਜੀਡੈਂਟਸ ਪੁਲੀਸ ਮੈਡਲ ਫਾਰ ਗੈਲੰਟਰੀ ਨਾਲ ਸਨਮਾਨਿਤ ਕੀਤਾ ਗਿਆ । ਸਰਦਾਰ ਕ੍ਰਿਪਾਲ ਸਿੰਘ ਸੀ.ਆਰ. ਪੀ.ਐਫ. ਵਿਚ ਉੱਚ ਕੋਟੀ ਦੀ ਸੇਵਾ ਕਰਦੇ ਹੋਏ 31 ਮਾਰਚ, 2003 ਨੂੰ ਕਮਾਡੈਂਟ ਦੇ ਅਹੁਦੇ ਤੋਂ ਰਿਟਾਇਰ ਹੋਏ ਤੇ ਅੱਜ ਕਲ੍ਹ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਵਿਖੇ ਰਹਿ ਰਹੇ ਹਨ ।

ਸੁਜਿੰਦਰ ਸਿੰਘ ਲਾਲੀ :

24 ਮਾਰਚ, 1953 ਨੂੰ ਜਨਮੇਂ ਸੁਜਿੰਦਰ ਸਿੰਘ ਲਾਲੀ ਰਾਜਨੀਤੀ ਵਿਚ ਗੂੜੀ ਦਿਲਚਸਪੀ ਰੱਖਦੇ ਹਨ ਤੇ ਪੂਰੀ ਤਨਦੇਹੀ ਨਾਲ ਕਾਂਗਰਸ ਪਾਰਟੀ ਦੀ ਸੇਵਾ ਵਿਚ ਜੁਟੇ ਹੋਏ ਹਨ । ਇਹ 1998-03 ਵਿਚ ਪਿੰਡ ਦੇ ਸਰਪੰਚ ਵੀ ਰਹੇ ਹਨ । ਇਸ ਦੌਰਾਨ ਇਹਨਾਂ ਨੇ ਪਿੰਡ ਦੇ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਗਲੀਆਂ ਨਾਲੀਆਂ ਪੱਕੀਆਂ ਕਰਵਾਈਆਂ ਤੇ ਸੋਲਰ ਲਾਈਟਾਂ ਦਾ ਬੰਦੋਬਸਤ ਕਰਵਾਇਆ । ਲੋਕਾਂ ਨੂੰ ਵਧੀਆ ਤੇ ਸਾਫ਼ ਸੁਥਰਾ ਪਾਣੀ ਉਪਲਬਧ ਕਰਵਾਉਣ ਦੀ ਯੋਜਨਾ ਅਧੀਨ ਪੰਜਾਬ ਸਰਕਾਰ ਦੀ ਮਦਦ ਨਾਲ ਪਿੰਡ ਵਿਚ,ਪਾਣੀ ਦੀ ਇਕ ਵੱਡੀ ਟੈਂਕੀ ਬਣਵਾਈ । ਇਸ ਵੇਲੇ ਇਹ ਜ਼ਿਲ੍ਹਾ ਪ੍ਰੀਸ਼ਦ ਜੋਨ ਗੋਇੰਦਵਾਲ ਦੇ ਮੈਂਬਰ ਹਨ । ਇਸ ਤੋਂ ਇਲਾਵਾ ਇਹ ਜ਼ਿਲ੍ਹਾ ਯੋਜਨਾ ਬੋਰਡ ਦੇ ਵੀ ਮੈਂਬਰ ਹਨ ।

ਇਹਨਾਂ ਦੇ ਵੱਡੇ ਭਰਾ ਐਡਵੋਕੇਟ ਜੋਗਿੰਦਰ ਸਿੰਘ ਭੱਲਾ ਤਰਨਤਾਰਨ ਵਿਖੇ ਵਕਾਲਤ ਕਰ ਰਹੇ ਹਨ। ਉਹਨਾਂ ਨੇ ਆਪਣੀ ਰਿਹਾਇਸ਼ ਅੰਮ੍ਰਿਤਸਰ ਵਿਖੇ ਰੱਖੀ ਹੋਈ ਹੈ।

ਦੁਰਘਟਨਾਵਾਂ, ਭੁਚਾਲ, ਹੜ੍ਹ, ਬੀਮਾਰੀ, ਡਾਕਾ ਆਦਿ

ਦੁਰਘਟਨਾਵਾਂ :

ਜੁਲਾਈ, 1996 ਦੌਰਾਨ ਦਰਿਆ ਵਿਚ ਬੰਤਾ ਸਿੰਘ ਫ਼ੌਜੀ ਦੀ ਬੇੜੀ ਉਲਟਣ ਨਾਲ ਇਸ ਵਿਚ ਸੈਰ ਕਰ ਰਹੇ ਨੌਜਵਾਨ ਲੜਕੇ ਲੜਕੀਆਂ ਸਮੇਤ ਅੱਠ ਵਿਅੱਕਤੀ ਡੁੱਬ ਕੇ ਮਰ ਗਏ ਸਨ । ਜਦ ਬੰਤਾ ਸਿੰਘ ਬੱਚਿਆਂ ਨੂੰ ਨਦੀ ਵਿਚ ਘੁਮਾ ਰਿਹਾ ਸੀ ਤਾਂ ਉਹਨਾਂ ਨੇ ਸ਼ਰਾਰਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਬੇੜੀ ਇਕ ਪਾਸੇ ਉਲਟ ਗਈ । ਬੱਚੇ ਘਬਰਾਕੇ ਬੰਤਾ ਸਿੰਘ ਨੂੰ ਚੰਬੜਨ ਲੱਗੇ ਤਾਂ ਬੇੜੀ ਹੋਰ ਡਾਵਾਂ ਡੋਲ ਹੋ ਗਈ ਤੇ ਵੇਖਦਿਆਂ-2 ਹੀ ਹਾਦਸੇ ਦਾ ਸ਼ਿਕਾਰ ਹੋ ਗਈ । ਉਸ ਸਮੇਂ ਬਾਹਰ ਖੜ੍ਹੇ ਬੱਚਿਆਂ ਦੇ ਮਾਪਿਆਂ ਦੇ ਰੌਲਾ ਪਾਉਣ ਤੇ ਇਕ ਹੋਰ ਬੇੜੀ ਵਾਲਾ ਦਵਿੰਦਰ ਸਿੰਘ ਆਪਣੀ ਬੇੜੀ ਨੂੰ ਪਾਣੀ ਵਿਚ ਲੈ ਗਿਆ ਤੇ ਡੁੱਬ ਰਹੀ ਬੇੜੀ ਵਿਚ ਸਵਾਰ ਕੁਝ ਲੋਕਾਂ ਨੂੰ ਬਚਾ ਕੇ ਬਾਹਰ ਲਿਆਉਣ ਵਿਚ ਕਾਮਯਾਬ ਹੋ ਗਿਆ। ਪ੍ਰਸ਼ਾਸਨ ਨੇ ਇਸ ਬੇੜੀ ਦੇ ਉਲਟਣ ਦਾ ਕਾਰਨ ਬੇੜੀ ਦੀ ਮਾੜੀ ਹਾਲਤ ਤੇ ਇਸ ਵਿਚ ਜ਼ਿਆਦਾ ਲੋਕਾਂ ਨੂੰ ਬਿਠਾਉਣਾ ਦੱਸਿਆ ।

ਹੜ੍ਹ :

1988 ਵਿਚ ਹੋਈਆਂ ਭਾਰੀ ਬਾਰਿਸ਼ਾਂ ਕਾਰਨ ਦਰਿਆ ਬਿਆਸ ਤੇ ਬਣਿਆ ਕੱਚਾ ਬੰਨ੍ਹ ਟੁੱਟ ਗਿਆ ਸੀ ਜਿਸ ਕਾਰਨ ਕਾਫ਼ੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ । ਇਕ ਬੇੜੀ ਜਿਹੜੀ ਦਰਿਆ ਦੇ ਦੂਸਰੇ ਪਾਸੇ ਜਾ ਰਹੀ ਸੀ, ਦੇ ਉਲਟਣ ਨਾਲ ਇਕ ਆਦਮੀ ਦੀ ਮੌਤ ਹੋ ਗਈ ਸੀ ।

ਪਲੇਗ :

1914-15 ਦੇ ਦਰਮਿਆਨ ਇੱਥੇ ਵੱਡੇ ਪੈਮਾਨੇ ਤੇ ਪਲੇਗ ਫੈਲ ਗਈ ਸੀ ਜਿਸ ਕਾਰਨ ਅਨੇਕਾਂ ਲੋਕ ਮੌਤ ਦਾ ਸ਼ਿਕਾਰ ਹੋ ਗਏ ਸਨ । ਬੀਮਾਰੀ ਤੋਂ ਬਚਣ ਲਈ ਕਈ ਲੋਕ ਇਸ ਨਗਰ ਨੂੰ ਛੱਡਕੇ ਹੋਰ ਥਾਵਾਂ ਤੇ ਚਲੇ ਗਏ ਸਨ ।

ਵਿਦਿਅਕ ਸੰਸਥਾਵਾਂ

ਗੋਇੰਦਵਾਲ ਸਾਹਿਬ ਵਿਖੇ ਤਿੰਨ ਸੀਨੀਅਰ ਸੈਕੰਡਰੀ ਸਕੂਲ ਹਨ । ਇਹਨਾਂ ਤੋਂ ਇਲਾਵਾ ਕੁਝ ਹੋਰ ਪਬਲਿਕ ਸਕੂਲ ਵੀ ਹਨ ਜਿਨ੍ਹਾਂ ਦੀ ਗਿਣਤੀ ਸੱਤ ਹੈ ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ :

ਇਹ ਸਕੂਲ 1978 ਵਿਚ ਪ੍ਰਾਇਮਰੀ ਤੋਂ ਮਿਡਲ ਬਣਿਆ ਤੇ ਸਕੂਲ ਦੀ ਨਵੀਂ ਇਮਾਰਤ 1981 ਵਿਚ ਪਿੰਡ ਤੋਂ ਬਾਹਰ ਖੁੱਲੀ ਜਗ੍ਹਾ ਵਿਖੇ ਬਣਾਈ ਗਈ । ਹਰਜਿੰਦਰ ਸਿੰਘ ਇਸ ਸਕੂਲ ਦੀ ਛੇਵੀਂ ਜਮਾਤ ਵਿਚ ਦਾਖਲ ਹੋਣ ਵਾਲਾ ਪਹਿਲਾ ਵਿਦਿਆਰਥੀ ਸੀ। 1983 ਵਿਚ ਇਹ ਸਕੂਲ ਹਾਈ ਸਕੂਲ ਬਣ ਗਿਆ ਤੇ 1989 ਵਿਚ ਇਸ ਨੂੰ ਸੀਨੀਅਰ ਸੈਕੰਡਰੀ ਸਕੂਲ ਬਣਾ ਦਿੱਤਾ ਗਿਆ । ਇਸ ਵੇਲੇ ਸਕੂਲ ਕੋਲ ਵਧੀਆ ਇਮਾਰਤ ਹੈ ਤੇ ਇੱਥੇ 1,000 ਦੇ ਕਰੀਬ ਵਿਦਿਆਰਥੀ/ ਵਿਦਿਆਰਥਣਾਂ ਪੜ੍ਹਦੇ ਹਨ । ਇਸ ਸਕੂਲ ਦੇ ਵਿਦਿਆਰਥੀ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲੇ ਵਿਚ ਹਿੱਸਾ ਲੈ ਕੇ ਵਿਸ਼ੇਸ਼ ਸਨਮਾਨ ਪ੍ਰਾਪਤ ਕਰ ਚੁੱਕੇ ਹਨ । ਸਕੂਲ ਦੇ ਬੱਚਿਆਂ ਦੀ ਖੇਡਾਂ ਵਿਚ ਵੀ ਵਿਸ਼ੇਸ਼ ਰੁਚੀ ਹੈ । 2001 ਵਿਚ ਸਕੂਲ ਦੀ ਫੁਟਬਾਲ ਟੀਮ ਜ਼ਿਲ੍ਹਾ ਜੇਤੂ ਰਹੀ । ਇਸੇ ਤਰ੍ਹਾਂ 2000 ਤੇ 2001 ਵਿਚ ਸਕੂਲ ਦੀ ਕਬੱਡੀ ਟੀਮ ਨੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ । ਕਿੱਤਾ ਸਿਖਲਾਈ ਅਧੀਨ ਇੱਥੇ ਮਕੈਨੀਕਲ ਤੇ ਗਾਰਮੈਂਟਸ ਮੇਕਿੰਗ ਦੀ ਸਿਖਲਾਈ ਦਿੱਤੀ ਜਾਂਦੀ ਹੈ ਤੇ ਬੱਚੇ ਇੱਥੋਂ ਇਹ ਕਿੱਤੇ ਸਿਖ ਕੇ ਆਪਣੇ ਵਧੀਆ ਕਾਰੋਬਾਰ ਚਲਾ ਰਹੇ ਹਨ ।

ਅਮਰਪੁਰੀ ਪਬਲਿਕ ਸਕੂਲ :

ਇਹ ਸਕੂਲ 1980 ਵਿਚ ਪ੍ਰਸਿੱਧ ਸਮਾਜ ਸੇਵੀ ਸਵਰਗੀ ਬਾਵਾ ਪਰਮਜੀਤ ਸਿੰਘ ਤੇ ਸ੍ਰੀਮਤੀ ਬਲਜੀਤ ਬਾਵਾ ਦੇ ਯਤਨਾ ਦੁਆਰਾ ਹੋਂਦ ਵਿਚ ਆਇਆ ਸੀ ਅੱਜਕਲ੍ਹ ਬਾਵਾ ਆਤਮਜੀਤ ਸਿੰਘ ਦੀ ਰਹਿਨੁਮਾਈ ਹੇਠ ਬੜੀ ਸਫਲਤਾ ਨਾਲ ਅੱਗੇ ਵੱਧ ਰਿਹਾ ਹੈ ।

ਇਸ ਸਕੂਲ ਨੂੰ ਬੁਲੰਦੀਆਂ ਤੇ ਪਹੁੰਚਾਣ ਲਈ ਸ੍ਰੀਮਤੀ ਬਲਜੀਤ ਬਾਵਾ ਨੇ ਬਹੁਤ ਹੀ ਘਾਲਣਾ ਘਾਲੀ ਹੈ। ਸੀ.ਬੀ.ਐਸ.ਈ. ਨਾਲ ਸਬੰਧਤ ਇਹ ਸਕੂਲ ਪੰਜਾਬ ਦਾ ਸਭ ਤੋਂ ਵਧੀਆ ਸਕੂਲ ਹੈ । ਇਸ ਸਕੂਲ ਵਿਚ 1200 ਤੋਂ ਵੱਧ ਬੱਚੇ ਪੜ੍ਹਦੇ ਹਨ ਤੇ ਇਹ ਸਾਰੇ ਪੇਂਡੂ ਇਲਾਕਿਆਂ ਨਾਲ ਸਬੰਧਤ ਹਨ। ਦੂਰ-ਦੁਰਾਡੇ ਪਿੰਡਾਂ ‘ਚੋਂ ਬੱਚਿਆਂ ਨੂੰ ਲਿਆਉਣ ਲਈ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਹੈ । ਸਕੂਲ ਦਾ ਵਾਤਾਵਰਣ ਬਹੁਤ ਹੀ ਸੁੰਦਰ ਤੇ ਮਨਮੋਹਕ ਹੈ। ਪ੍ਰਿੰਸੀਪਲ ਪੂਰੀ ਤਨਦੇਹੀ ਤੇ ਲਗਨ ਨਾਲ ਆਪਣੀਆਂ ਜੁੰਮੇਵਾਰੀਆਂ ਨਿਭਾ ਰਹੇ ਹਨ ।

ਜਵਾਹਰ ਨਵੋਦਿਆ ਵਿਦਿਆਲਾ :

ਇਹ ਵਿਦਿਆਲਾ ਭਾਰਤ ਸਰਕਾਰ ਦੇ ਮਨੁੱਖੀ ਵਸੀਲਿਆਂ ਦੇ ਮੰਤਰਾਲੇ ਨੇ 1987 ਵਿਚ ਸਥਾਪਤ ਕੀਤਾ ਸੀ । ਇਸ ਸਕੂਲ ਵਿਚ ਇਸ ਸਮੇਂ 407 ਬੱਚੇ ਪੜ੍ਹ ਰਹੇ ਹਨ ਤੇ ਇਹ ਸਭ ਬੱਚੇ ਸਕੂਲ ਹੋਸਟਲ ਵਿਚ ਹੀ ਰਹਿੰਦੇ ਹਨ । ਇਹ ਸਕੂਲ ਦਰਿਆ ਬਿਆਸ ਦੇ ਕਿਨਾਰੇ ਤੇ ਸਥਿਤ ਹੈ ਤੇ ਇੱਥੋਂ ਦਾ ਵਾਤਾਵਰਣ ਬਹੁਤ ਹੀ ਵਧੀਆ ਤੇ ਆਕਰਸ਼ਕ ਹੈ । ਇਸ ਸਕੂਲ ਦੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਸਿੰਘ ਦੇ ਦੱਸਣ ਅਨੁਸਾਰ 2002-03 ਦੇ ਦਸਵੀਂ ਦੇ ਇਮਤਿਹਾਨ ਵਿਚ ਸਕੂਲ ਦੇ 51 ਬੱਚੇ ਬੈਠੇ ਸਨ ਤੇ ਸਾਰੇ ਹੀ ਬਹੁਤ ਵਧੀਆ ਨੰਬਰ ਲੈ ਕੇ ਪਾਸ ਹੋਏ ਹਨ । ਸਕੂਲ ਦੀ ਬਾਹਰਵੀਂ ਕਲਾਸ ਦਾ ਨਤੀਜਾ ਵੀ ਬਹੁਤ ਵਧੀਆ ਰਿਹਾ ਹੈ । ਇਸ ਸਕੂਲ ਵਿਚ ਪੜ੍ਹਨ ਵਾਲੇ ਸਾਰੇ ਬੱਚੇ ਇਸ ਇਲਾਕੇ ਦੇ ਪਿੰਡਾਂ ਨਾਲ ਸਬੰਧ ਰੱਖਦੇ ਹਨ ।

ਗੁਰੂ ਅਮਰਦਾਸ ਪਬਲਿਕ ਸਕੂਲ :

ਦਸਵੀਂ ਤਕ ਦਾ ਇਹ ਸਕੂਲ 1992 ਵਿਚ ਸ਼ੁਰੂ ਹੋਇਆ ਸੀ ਇਸ ਸਮੇਂ ਇੱਥੇ 1653 ਬੱਚੇ ਪੜ੍ਹ ਰਹੇ ਹਨ । ਸ੍ਰੀਮਤੀ ਦਿਲਜੀਤ ਕੌਰ ਇਸ ਸਕੂਲ ਦੇ ਪ੍ਰਿੰਸੀਪਲ ਹਨ। ਸਕੂਲ ਕੋਲ ਬਹੁਤ ਹੀ ਵਧੀਆ ਇਮਾਰਤ ਹੈ ਤੇ ਅਧਿਆਪਕਾਂ ਦੀ ਗਿਣਤੀ 67 ਹੈ।

ਸਰਕਾਰੀ ਪ੍ਰਾਇਮਰੀ ਸਕੂਲ :

ਇਹ ਸਕੂਲ ਗੁਰਦੁਆਰਾ ਚੁਬਾਰਾ ਸਾਹਿਬ ਦੇ ਨਜ਼ਦੀਕ ਹੈ ਤੇ ਸਭ ਤੋਂ ਪੁਰਾਣਾ ਸਕੂਲ ਹੈ । ਬਜ਼ੁਰਗਾਂ ਦੇ ਦੱਸਣ ਮੁਤਾਬਿਕ ਇਹ ਸਕੂਲ 1890 ਦੇ ਆਸ ਪਾਸ ਖੁਲ੍ਹਿਆ ਸੀ ।

ਬੀਬੀ ਭਾਨੀ ਮਾਡਲ ਸਕੂਲ :

ਇਹ ਸਕੂਲ 1995 ਵਿਚ ਆਰਥਿਕ ਪੱਖੋਂ ਪੱਛੜੇ ਵਰਗ ਦੇ ਬੱਚਿਆਂ ਨੂੰ ਵਿਦਿਆ ਦੇਣ ਦੇ ਮਨੋਰਥ ਤਹਿਤ ਖੋਲ੍ਹਿਆ ਗਿਆ ਸੀ । ਇਸ ਸਕੂਲ ਵਿਚ ਬੱਚਿਆਂ ਦੀ ਗਿਣਤੀ 700 ਦੇ ਕਰੀਬ ਹੈ ਤੇ ਇਸ ਦਾ ਪ੍ਰਬੰਧ ਅਮਰਪੁਰੀ ਪਬਲਿਕ ਸਕੂਲ ਦੇ ਅਧੀਨ ਹੈ ।

ਬੀਬੀ ਭਾਨੀ ਆਈ.ਟੀ.ਆਈ. ਗੋਇੰਦਵਾਲ :

ਅੱਜ ਦੇ ਵਿਗਿਆਨਕ ਯੁੱਗ ਵਿਚ ਤਕਨੀਕੀ ਮੁਹਾਰਤ ਸਮੇਂ ਦੀ ਜ਼ਰੂਰਤ ਬਣ ਗਈ ਹੈ ਤੇ ਇਸ ਤੋਂ ਬਗੈਰ ਸਮੇਂ ਦੇ ਨਾਲ ਚੱਲਣਾ ਬਹੁਤ ਮੁਸ਼ਕਲ ਹੈ । ਇਸ ਇਲਾਕੇ ਵਿਚ ਕਨੀਕੀ ਸਿਖਿਆ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਦੂਰ ਦੁਰਾਡੇ ਸ਼ਹਿਰਾਂ ਵਿਚ ਭੇਜਣਾ ਪੈਂਦਾ ਸੀ ਜਿਸ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਇਸ ਇਲਾਕੇ ਦੀਆਂ ਮੁਸ਼ਕਲਾਂ ਨੂੰ ਸਮਝਦਿਆਂ ਹੋਇਆਂ ਬਾਬਾ ਦਰਸ਼ਨ ਸਿੰਘ ਕਾਰ ਸੇਵਾ ਵਾਲਿਆਂ ਨੇ ਇੱਥੇ ਬੱਚੀਆਂ ਲਈ 1999 ਵਿਚ ਆਈ.ਟੀ.ਆਈ. ਕਾਲਜ ਸ਼ੁਰੂ ਕਰਵਾ ਦਿੱਤਾ । ਬਾਬਾ ਜੀ ਦੇ ਇਸ ਖੇਤਰ ਵਿਚ ਕੀਤੇ ਉਪਰਾਲੇ ਨਾਲ ਸਥਾਨਕ ਲੋਕਾਂ ਦੀਆਂ ਲੜਕੀਆਂ ਨੂੰ ਬਹੁਤ ਹੀ ਲਾਭ ਹੋਇਆ ਹੈ । ਇਹ ਆਈ.ਟੀ.ਆਈ. ਦਰਿਆ ਬਿਆਸ ਦੇ ਕਿਨਾਰੇ ਪੁਲ ਦੇ ਨਜ਼ਦੀਕ ਬਣੀ ਹੋਈ ਹੈ ।

ਇਸ ਸੰਸਥਾ ਵਿਚ ਇਸ ਸਮੇਂ 130 ਦੇ ਕਰੀਬ ਲੜਕੀਆਂ ਕੰਪਿਊਟਰ, ਨੀਡਲ ਵਰਕ, ਡਰੈਸ ਮੇਕਿੰਗ ਆਦਿ ਦੀ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ । ਦੋ ਮੰਜ਼ਲਾਂ ਇਮਾਰਤ ਦੇ ਆਸ ਪਾਸ ਲੱਗੇ ਤਰ੍ਹਾਂ-2 ਦੇ ਫੁੱਲ ਬੂਟੇ ਇਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਹੇ ਹਨ। ਇਹ ਸੰਸਥਾ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟਰੇਨਿੰਗ ਨਾਲ ਸਬੰਧਤ ਹੈ । ਹੁਣ ਇੱਥੇ ਕੰਪਿਊਟਰ ਵਿਦਿਆ ਦੇ ਡਿਗਰੀ ਕੋਰਸ ਸ਼ੁਰੂ ਹੋ ਗਏ ਹਨ ਇਸ ਲਈ ਇਹ ਸੰਸਥਾ ਪੰਜਾਬ ਟੈਕਨੀਕਲ ਯੂਨੀਵਰਸਟੀ, ਜਲੰਧਰ ਨਾਲ ਵੀ ਸਬੰਧਤ ਹੋ ਗਈ ਹੈ ।

ਪਿੰਡ ਦੀਆਂ ਲਾਇਬਰੇਰੀਆਂ

ਇਸ ਪਿੰਡ ਦੀ ਪੰਚਾਇਤ ਦੀ ਕੋਈ ਲਾਇਬਰੇਰੀ ਨਹੀਂ ਹੈ । ਗੁਰਦੁਆਰਾ ਬਾਉਲੀ ਸਾਹਿਬ ਦੀ ਲਾਇਬਰੇਰੀ ਵੀ ਬਹੁਤ ਹੀ ਛੋਟੀ ਹੈ । ਸਕੂਲਾਂ ਦੀਆਂ ਆਪਣੀਆਂ ਲਾਇਬਰੇਰੀਆਂ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:-

(ੳ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਇਬਰੇਰੀ:

ਇਸ ਸਕੂਲ ਦੀ ਲਾਇਬਰੇਰੀ ਵਿਚ ਪੰਜਾਬੀ ਦੀਆਂ 375, ਹਿੰਦੀ ਦੀਆਂ 70 ਤੇ ਅੰਗ੍ਰੇਜੀ ਦੀਆਂ 125 ਪੁਸਤਕਾਂ ਹਨ । ਲਾਇਬਰੇਰੀ ਵਿਚ ਪੰਜਾਬੀ ਟ੍ਰਿਬਿਊਨ ਤੇ ਅੰਗ੍ਰੇਜ਼ੀ ਟ੍ਰਿਬਿਊਨ ਅਖਬਾਰਾਂ ਆਉਂਦੀਆਂ ਹਨ ।

(ਅ) ਅਮਰਪੁਰੀ ਪਬਲਿਕ ਲਾਇਬਰੇਰੀ :

ਅਮਰਪੁਰੀ ਪਬਲਿਕ ਸਕੂਲ ਦੀ ਲਾਇਬਰੇਰੀ ਬਹੁਤ ਵੱਡੀ ਹੈ ਜਿਸ ਵਿਚ 13500 ਦੇ ਕਰੀਬ ਪੁਸਤਕਾਂ ਮੌਜੂਦ ਹਨ । ਤਵਾਰੀਖ਼ ਗੁਰੂ ਖਾਲਸਾ ਸਭ ਤੋਂ ਪੁਰਾਣੀ ਪੁਸਤਕ ਹੈ ਤੇ ਇਕ ਅੰਗਰੇਜ਼ੀ ਦੀ ਪੁਸਤਕ ਕੈਪਟਨ ਕੁਕਡਿਸਕਵਰ ਸੁਪਰੀਮ ਵੀ ਕਾਫ਼ੀ ਪੁਰਾਣੀ ਲਗਦੀ ਹੈ । ਰੋਜ਼ਾਨਾਂ ਅਖਬਾਰਾਂ ਵਿਚ ਅਜੀਤ, ਹਿੰਦੁਸਤਾਨ ਟਾਈਮਜ਼ ਆਦਿ ਅਖਬਾਰਾਂ ਮੰਗਵਾਈਆਂ ਜਾਂਦੀਆਂ ਹਨ ।

(ੲ) ਗੁਰੂ ਅਮਰਦਾਸ ਪਬਲਿਕ ਸਕੂਲ ਲਾਇਬਰੇਰੀ :

ਇਸ ਲਾਇਬਰੇਰੀ ਵਿਚ ਕੋਈ 9500 ਤੋਂ ਵੱਧ ਪੁਸਤਕਾਂ ਰੱਖੀਆਂ ਹੋਈਆਂ ਹਨ। ਅਜੀਤ, ਜੱਗਬਾਣੀ ਤੇ ਟ੍ਰਿਬਿਊਨ ਤੋਂ ਇਲਾਵਾ ਕਈ ਮੈਗਜ਼ੀਨ ਵੀ ਮੰਗਵਾਏ ਜਾਂਦੇ ਹਨ ।

(ਸ) ਜਵਾਹਰ ਨਵੋਦਿਆ ਲਾਇਬਰੇਰੀ:

ਇਸ ਸਕੂਲ ਦੀ ਲਾਇਬਰੇਰੀ ਵਿਚ 5000 ਦੇ ਕਰੀਬ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਦੀਆਂ ਪੁਸਤਕਾਂ ਰੱਖੀਆਂ ਹੋਈਆਂ ਹਨ। ਰੋਜ਼ਾਨਾ ਅਖਬਾਰਾਂ ਵਿਚ ਟ੍ਰਿਬਿਊਨ, ਹਿੰਦੁਸਤਾਨ ਟਾਈਮਜ਼, ਪੰਜਾਬ ਕੇਸਰੀ, ਅਜੀਤ ਤੇ ਜੱਗਬਾਣੀ ਮੰਗਵਾ ਈਆਂ ਜਾਂਦੀਆਂ ਹਨ।

(ਹ) ਭਗਤ ਰਵਿਦਾਸ ਲਾਇਬਰੇਰੀ :

ਇਹ ਲਾਇਬਰੇਰੀ ਗੁਰਮਤਿ ਮਿਸ਼ਨਰੀ ਕਾਲਜ, ਲੁਧਿਆਣਾ ਦੀ ਸਰਪ੍ਰਸਤੀ ਹੇਠ ਚੱਲ ਰਹੀ ਹੈ ਤੇ 2003 ਵਿਚ ਹੀ ਖੁੱਲੀ ਹੈ । ਇਸ ਲਾਇਬਰੇਰੀ ਵਿਚ ਜ਼ਿਆਦਾ ਕਰਕੇ ਧਾਰਮਿਕ ਪੁਸਤਕਾਂ ਹੀ ਰੱਖੀਆਂ ਹੋਈਆਂ ਹਨ । ਇੱਥੇ ਪੰਜਾਬੀ ਦੀਆਂ 400 ਹਿੰਦੀ ਦੀਆਂ 7 ਤੇ ਅੰਗਰੇਜ਼ੀ ਦੀਆਂ 25 ਪੁਸਤਕਾਂ ਮੌਜੂਦ ਹਨ । ਇਸ ਤੋਂ ਇਲਾਵਾ ਅਖ਼ਬਾਰਾਂ ਵਿਚ ਅਜੀਤ ਮੰਗਵਾਈ ਜਾਂਦੀ ਹੈ ਤੇ ਮੈਗਜ਼ੀਨਾਂ ਵਿਚ ਸਪੋਕਸਮੈਨ, ਸਿੱਖ ਫੁਲਵਾੜੀ ਤੇ ਗੁਰਮਤ ਪ੍ਰਕਾਸ਼ ਆਦਿ ਆਉਂਦੇ ਹਨ ।

ਪਿੰਡ ਦੇ ਸਾਹਿਤਕਾਰ ਤੇ ਉਹਨਾਂ ਦੀਆਂ ਰਚਨਾਵਾਂ

ਭਾਵੇਂ ਇਸ ਨਗਰ ਦੀ ਆਪਣੀ ਕੋਈ ਸਾਹਿਤ ਸਭਾ ਨਹੀਂ ਹੈ ਫਿਰ ਵੀ ਨਗਰ ਨੂੰ ਕਈ ਸਾਹਿਤਕਾਰ, ਕਵੀ ਤੇ ਗੀਤਕਾਰ ਪੈਦਾ ਕਰਨ ਦਾ ਮਾਣ ਹਾਸਲ ਹੈ। ਇਹਨਾਂ ਵਿੱਚੋਂ ਬਹੁਤੇ ਸਟੇਜੀ ਕਵੀ ਹੀ ਹਨ ਭਾਵੇਂ ਕਿ ਕਵਿਤਾਵਾਂ, ਗੀਤ ਆਦਿ ਉਹਨਾਂ ਦੇ ਆਪਣੇ ਹੀ ਰਚੇ ਹੋਏ ਹਨ । ਇਹਨਾਂ ਸਾਹਿਤਕਾਰਾਂ ਦਾ ਵੇਰਵਾ ਇਸ ਤਰ੍ਹਾਂ ਹੈ:-

ਡਾਕਟਰ ਕੇਵਲ ਕ੍ਰਿਸ਼ਨ :

1930 ਵਿਚ ਗੋਇੰਦਵਾਲ ਸਾਹਿਬ ਵਿਖੇ ਪੈਦਾ ਹੋਏ ਡਾਕਟਰ ਕੇਵਲ ਕ੍ਰਿਸ਼ਨ ਅੱਠਵੀਂ ਤਕ ਐਮ.ਬੀ. ਹਾਈ ਸਕੂਲ, ਬਟਾਲੇ ਪੜ੍ਹੇ ਤੇ ਦਸਵੀਂ ਖਡੂਰ ਸਾਹਿਬ ਤੋਂ ਪਾਸ ਕੀਤੀ। ਉਹ 1952 ਵਿਚ ਆਰ.ਐਮ.ਪੀ. ਡਾਕਟਰ ਬਣੇ । ਉਦੋਂ ਤੋਂ ਲੈ ਕੇ ਅੱਜ ਤਕ ਮਰੀਜ਼ਾਂ ਦੀ ਸੇਵਾ ਕਰਦੇ ਆ ਰਹੇ ਹਨ । ਕੁਝ ਚਿਰ ਉਹਨਾਂ ਨੇ ਕਪੂਰਥਲੇ ਵੀ ਡਾਕਟਰੀ ਦਾ ਕੰਮ ਕੀਤਾ। ਪਰ ਗੋਇੰਦਵਾਲ ਦੀ ਖਿੱਚ ਕਾਰਨ ਵਾਪਸ ਆ ਗਏ ।

ਕਵਿਤਾ ਉਹਨਾਂ ਨੇ ਛੇਵੀਂ ਜਮਾਤ ਵਿਚ ਪੜ੍ਹਦਿਆਂ ਹੀ ਲਿਖਣੀ ਸ਼ੁਰੂ ਕਰ ਦਿੱਤੀ। ਸੀ ਤੇ ਸਟੇਜ ਤੋਂ ਪਹਿਲੀ ਕਵਿਤਾ ਅੱਠਵੀਂ ਵਿਚ ਪੜਦਿਆਂ ਹੋਇਆਂ ਬੋਲੀ। ਉਹ ਹੁਣ ਤਕ ਕੋਈ 80 ਦੇ ਕਰੀਬ ਕਵਿਤਾਵਾਂ ਲਿਖ ਚੁੱਕੇ ਹਨ ਤੇ ਜ਼ਿਆਦਤਰ ਕਵਿਤਾਵਾਂ ਦਾ ਲਹਿਜਾ ਵੈਰਾਗਮਈ ਹੈ । ਜਦੋਂ ਉਹ ਆਪਣੀ ਕਵਿਤਾ ਨੂੰ ਪੱਕੇ ਰਾਗਾਂ ਵਿਚ ਢਾਲਦੇ ਹੋਏ ਤਰੱਨਮ ਵਿਚ ਪੜ੍ਹਦੇ ਹਨ ਤਾਂ ਸਰੋਤੇ ਕੀਲੇ ਜਾਂਦੇ ਹਨ । ਉਹ ਦੱਸਦੇ ਹਨ ਕਿ ਦਿੱਲੀ ਵਿਖੇ ਕਈ ਸਟੇਜਾਂ ਤੇ ਉਹ ਆਪਣੀਆਂ ਕਵਿਤਾਵਾਂ ਪੜ੍ਹ ਚੁੱਕੇ ਹਨ । ਉਹਨਾਂ ਵੱਲੋਂ ਲਿਖੀਆਂ ਹੋਈਆਂ ਕਵਿਤਵਾਂ ਆਰਥਿਕ ਤੰਗੀ ਕਾਰਨ ਅਣਛਪੀਆਂ ਹੀ ਪਈਆਂ ਹੋਈਆਂ ਹਨ । ਉਹਨਾਂ ਵੱਲੋਂ ਲਿਖੀ ਸ਼ਾਇਰੀ ਦਾ ਨਮੂਨਾ ਇਸ ਤਰ੍ਹਾਂ ਹੈ :-

ਅੱਖਾਂ ਜਦੋਂ ਮੀਟੀਆਂ ਜ਼ਮਾਨਾ ਮੈਨੂੰ ਰੋਏਗਾ ।

ਥਾਂ-2 ਤੇ ਆਪਣਾ ਬੇਗਾਨਾ ਮੈਨੂੰ ਰੋਏਗਾ ।

ਜੇ ਮੈਂ ਨ ਮਿਲਿਆ ਗਲੀਆਂ ਦੇ ਰਾਹਾਂ ਵਿਚ,

ਗਲੀ ਦਾ ਨਿਆਣਾ ਤੇ ਸਿਆਣਾ ਮੈਨੂੰ ਰੋਏਗਾ ।

ਜੇ ਨ ਮੈਂ ਮਿਲਿਆ ਨਜ਼ਰਾਂ ਦੇ ਤੀਰਾਂ ਵਿਚ,

ਤੀਰ ਟੁਟ ਜਾਣਗੇ ਨਿਸ਼ਾਨਾ ਮੈਨੂੰ ਰੋਏਗਾ ।

ਜੇ ਨ ਮੈਂ ਮਿਲਿਆ ਮਹਿਖਾਰਾ ਨੂੰ ਮਹਿਖਾਨੇ ਵਿਚ,

ਜਾਮ ਟੁਟ ਜਾਣਗੇ ਪੈਮਾਨਾ ਮੈਨੂੰ ਰੋਏਗਾ ।

ਇਹ ਵੀ ਮੈਨੂੰ ਪਤਾ ਹੈ ਕਿ ਲੋਕੀ ਘੱਟ ਰੋਣਗੇ,

ਕੋਈ-2 ਪ੍ਰੇਮ ਦਾ ਦਿਵਾਨਾ ਮੈਨੂੰ ਰੋਏਗਾ ।

ਗੋਇੰਦਵਾਲ ਸਾਹਿਬ ਦਾ ਇਤਿਹਾਸ | Goindwal Sahib History |

ਕਵੀਸ਼ਰ ਬਲੀ ਸਿੰਘ :

1921 ਵਿਚ ਗੰਡੀਵਿੰਡ ਵਿਖੇ ਜਨਮੇਂ ਕਵੀਸ਼ਰ ਬਲੀ ਸਿੰਘ ਨੇ ਆਪਣੀ ਜ਼ਿੰਦਗੀ ਦੇ 60-65 ਸਾਲ ਗੋਇੰਦਵਾਲ ਸਾਹਿਬ ਵਿਖੇ ਹੀ ਗੁਜ਼ਾਰੇ ਹਨ ਕਿਉਂਕਿ ਉਹ ਛੋਟੀ ਉਮਰੇ ਹੀ ਇੱਥੇ ਆ ਕੇ ਰਹਿਣ ਲੱਗ ਪਏ ਸਨ । ਸ੍ਰੀ ਗੁਰੂ ਗ੍ਰੰਥ ਸਹਿਬ ਦਾ ਪਾਠ ਸਿੱਖਣ ਤੋਂ ਬਾਅਦ ਉਹ ਪਾਠੀ ਬਣ ਗਏ ਤੇ ਪਾਠ ਕਰਕੇ ਆਪਣੀ ਰੋਟੀ ਕਮਾਉਣ ਲੱਗ ਪਏ । ਇਕ ਵੇਰੀ ਉਹਨਾਂ ਸਪਤਾਹਿਕ ਪਾਠ ਕੀਤਾ ਤਾਂ ਘਰ ਵਾਲਿਆਂ ਵੱਲੋਂ ਪੰਜ ਰੁਪਏ ਤੇ ਇਕ ਰੇਜਾ ਮਿਲਿਆ ਤੇ ਕੋਈ 15 ਕੁ ਪੈਸੇ ਚੜਾਵੇ ਦੇ ਮਿਲ ਗਏ । ਉਹਨਾਂ ਤੋਂ ਬਾਅਦ ਢਾਡੀ ਜੱਥੇ ਨੇ ਆਪਣਾ ਪਰਸੰਗ ਸੁਨਾਉਣਾ ਸ਼ੁਰੂ ਕਰ ਦਿੱਤਾ । ਢਾਡੀ ਇਤਿਹਾਸ ਨੂੰ ਤਰੋੜ -ਮਰੋੜ ਕੇ ਗਲਤ ਤਰੀਕੇ ਨਾਲ ਪੇਸ਼ ਕਰ ਰਹੇ ਸਨ ਫਿਰ ਵੀ ਲੋਕ ਧੜਾ-ਧੜ ਉਹਨਾਂ ਨੂੰ ਮਾਇਆ ਭੇਟ ਕਰ ਰਹੇ ਸਨ । ਇਸ ਘਟਨਾ ਨੇ ਉਹਨਾਂ ਦੇ ਮਨ ਤੇ ਡੂੰਘਾ ਅਸਰ ਕੀਤਾ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਰਚੀ ਬਾਣੀ ਨੂੰ ਪੂਰੀ ਦਿਲਚਸਪੀ ਤੇ ਧਿਆਨ ਨਾਲ ਪੜ੍ਹ ਕੇ ਵਿਚਾਰਨਾ ਸ਼ੁਰੂ ਕਰ ਦਿੱਤਾ । ਕੁਝ ਸਮੇਂ ਦੀ ਮਿਹਨਤ ਮਗਰੋਂ ਉਹ ਖੁਦ ਕਵਿਤਾ ਰਚਣ ਵਿਚ ਕਾਮਯਾਬ ਹੋ ਗਏ ਤੇ ਉਹਨਾਂ ਨੂੰ ਪੂਰੀ ਸੋਝੀ ਹੋ ਗਈ ਕਿ ਕਬਿੱਤ ਕਿੱਦਾਂ ਬਣਦਾ ਹੈ ਤੇ ਕਵਿਤਾ ਕਿਵੇਂ ਰਚੀ ਜਾਂਦੀ ਹੈ ! ਸਾਹਿਤ ਬਾਰੇ ਹੋਰ ਵਿਸ਼ੇਸ਼ ਜਾਣਕਾਰੀ ਉਹਨਾਂ ਪੰਡਤ ਹੀਰਾਦਾਸ ਜਿਹੜੇ ਹਰਿਦੁਆਰ ਤੋਂ ਪੜ੍ਹਕੇ ਆਏ ਸਨ ਕੋਲੋਂ ਪ੍ਰਾਪਤ ਕੀਤੀ ।

ਕਵੀਸ਼ਰ ਬਲੀ ਸਿੰਘ ਨੇ ਬਾਬਾ ਬਿਧੀ ਚੰਦ, ਭਾਈ ਤਾਰੂ ਸਿੰਘ ਆਦਿ ਤੇ ਵਧੀਆ ਇਤਿਹਾਸਕ ਪ੍ਰਸੰਗ ਲਿਖ ਕੇ ਸੰਗਤਾਂ ਦੀ ਭੇਟਾ ਕੀਤੇ । ਸੰਗਤਾਂ ਦੇ ਬੁਲਾਵੇ ਤੇ ਉਹ ਆਪਣੇ ਜੱਥੇ ਨਾਲ ਝੰਗ, ਮੁਲਤਾਨ, ਮਿੰਟਗੁਮਰੀ, ਸਰਗੋਧਾ, ਬੰਬਈ, ਕਲਕੱਤਾ, ਟਾਟਾ ਆਦਿ ਸ਼ਹਿਰਾਂ ਵਿਚ ਆਪਣੀ ਕਵਿਸ਼ਰੀ ਸੁਨਾਉਣ ਲਈ ਅਕਸਰ ਜਾਂਦੇ ਰਹਿੰਦੇ ਸਨ । ਉਹਨਾਂ ਦੇ ਸ਼ਗਿਰਦਾਂ ਵਿਚ ਗੁਰਦਿਆਲ ਸਿੰਘ ਚੰਦਨ, ਕਿਹਰ ਸਿੰਘ ਝਾਮਕੇ, ਦਰਸ਼ਨ ਸਿੰਘ ਚੋਲਾ ਸਾਹਿਬ, ਬਖਸ਼ੀਸ਼ ਸਿੰਘ ਰਾਣੀ ਵਲਾਹ, ਜੋਗਾ ਸਿੰਘ ਜੋਗੀ ਤੁਗਲਵਾਨਾ, ਮਹਿੰਦਰ ਸਿੰਘ ਵਡਾਲਾ ਆਦਿ ਦੇ ਨਾਂ ਵਰਣਨਯੋਗ ਹਨ । ਗੋਇੰਦਵਾਲ ਸਾਹਿਬ ਦੇ ਮੇਲੇ ਤੇ ਉਹ ਹਮੇਸ਼ਾਂ ਹੀ ਕਵੀਸ਼ਰੀ ਪੜ੍ਹਦੇ ਰਹੇ ਹਨ । ਉਹਨਾਂ ਦੇ ਪਿਤਾ ਸ. ਮੋਹਨ ਸਿੰਘ ਵੀ ਉਹਨਾਂ ਦੇ ਜੱਥੇ ਵਿਚ ਸਨ। ਪ੍ਰਸਿੱਧ ਕਵੀਸ਼ਰੀ ਜੋਗਾ ਸਿੰਘ ਜੋਗੀ ਤਿੰਨ ਸਾਲ ਉਹਨਾਂ ਦੇ ਕਵੀਸ਼ਰੀ ਜੱਥੇ ਵਿਚ ਰਹੇ ।

1952 ਵਿਚ ਰਾਜਸਥਾਨ ਦੇ ਗੰਗਾ ਨਗਰ ਜ਼ਿਲ੍ਹੇ ਦੇ ਪਿੰਡ ਕਰਨਖੇੜੀ ਵਿਖੇ ਉਹਨਾਂ ਨੂੰ 50 ਰੁਪਏ ਦਾ ਇਨਾਮ ਮਿਲਿਆ । ਬਾਬਾ ਦਿਆ ਸਿੰਘ ਬਿਧੀਚੰਦੀਏ ਤੇ ਗੁਰੂ ਗੋਬਿੰਦ ਸਿੰਘ ਕਵੀਸ਼ਰ ਸਭਾ ਸੁਰ ਸਿੰਘ ਨੇ ਸਤੰਬਰ, 2002 ਵਿਚ ਇਕ ਹਜ਼ਾਰ ਰੁਪਿਆ ਇਕ ਸੋਨੇ ਦਾ ਮੈਡਲ ਤੇ ਇਕ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ । ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਨੌਜਵਾਨ ਕਵੀਸ਼ਰੀ ਸਭਾ ਦਿਆਲ ਵੱਲੋਂ 2000 ਵਿਚ ਇਕ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ ।

ਕਵੀਸ਼ਰ ਬਲੀ ਸਿੰਘ ਦੀ ਕਵੀਸ਼ਰੀ ਦੇ ਕੁਝ ਅੰਸ਼ ਇਸ ਤਰ੍ਹਾਂ ਹਨ :-

ਸੁਣੋ ਗੱਲ ਮਲਕ ਜੀ ਨਾਲ ਗੌਰ ਦੇ, ਭੂੰਡਾ ਨਾਲ ਪੈਂਦੇ ਨਹੀਂ ਪਿਆਰ ਭੌਰ ਦੇ ।

ਸਪਣੀ ਦਾ ਹੁੰਦਾ ਪੁੱਤਾਂ ਨਾਲ ਪਿਆਰ ਨਹੀਂ ।

ਭੋਜਨ ਜੋ ਤੇਰਾ ਸਾਡੇ ਦਰਕਾਰ ਨਹੀਂ ।

ਬਾਜਾਂ ਨਾਲ ਕੂੰਜਾਂ ਨਹੀਂ ਪਿਆਰ ਪਾਉਂਦੀਆਂ ।

ਸ਼ੇਰਾਂ ਲਾਗੇ ਹਰਨੀਆਂ ਕਦੇ ਨਹੀਂ ਆਉਂਦੀਆਂ ।

ਵਿਧਵਾ ਨੂੰ ਕਦੇ ਸੋਭਦਾ ਸ਼ੰਗਾਰ ਨਹੀਂ ।

ਭੋਜਨ ਜੋ ਤੇਰਾ………………………..

 

ਚੰਦਨ ਦੀ ਸੁਗੰਧ ਬਾਂਸ ਵਿੱਚੋਂ ਆਉਂਦੀ ਨਹੀਂ ।

ਚੰਦ ਦਾ ਵਿਛੋੜਾ ਚਕਵੀ ਜੋ ਸਹਿੰਦੀ ਨਹੀਂ ।

ਕਰੇ ਤਾਕਤਵਰ ਕਿਸੇ ਨਾਲ ਪਿਆਰ ਨਹੀਂ ।

ਭੋਜਨ ਜੋ ਤੇਰਾ………………………….

 

ਬਗਲਿਆਂ ਤੇ ਹੰਸਾਂ ਦਾ ਇੱਕੋ ਹੀ ਰੰਗ ਹੈ ।

ਬਗ ਖਾਵੇ ਮੱਛੀਆਂ ਚਾਹੇ ਵਸੇ ਗੰਗ ਹੈ ।

ਮੋਤੀਆਂ ਤੋਂ ਬਿਨਾ ਹੰਸਾ ਦਾ ਆਹਾਰ ਨਹੀਂ ।

ਭੋਜਨ ਜੋ ਤੇਰਾ………………………………

 

ਉਸਦੀ ਕਮਾਈ ਦਾ ਭੰਡਾਰ ਸ਼ੁੱਧ ਹੈ ।

ਉਹਦੇ ਪਿਆਰ ਭੋਜਨ ‘ਚ ਨਿਰਾ ਦੁੱਧ ਹੈ ।

ਵੈਸ਼ਨੋ ਹਾਂ ਅਸੀਂ ਖਾਵਣਾ ਸ਼ਿਕਾਰ ਨਹੀਂ ।

ਭੋਜਨ ਜੇ ਤੇਰਾ……………………………..

 

ਲਾਲੋ ਸਾਡੇ ਨਾਲ ਕਰਦਾ ਪਿਆਰ ਹੈ ।

ਤੇਰੇ ਵਿਚ ਮਲਕਾ ਬਹੁਤ ਹੰਕਾਰ ਹੈ ।

ਬਲੀ ਸਿੰਘ ਕਹਿੰਦਾ ਬਹੁਤਾ ਵਾਰ-ਵਾਰ ਨਹੀਂ ।

ਭੋਜਨ ਜੋ ਤੇਰਾ ਸਾਡੇ ਦਰਕਾਰ ਨਹੀਂ ।

ਕਵੀਸ਼ਰ ਰਾਮ ਸਿੰਘ :

1952 ਵਿਚ ਗੋਇੰਦਵਾਲ ਵਿਖੇ ਜਨਮੇ ਕਵੀਸ਼ਰ ਰਾਮ ਸਿੰਘ ਦਾ ਪਿੰਡ ਵਿਚ ਕਾਫ਼ੀ ਇੱਜਤ ਮਾਣ ਹੈ । ਇਹਨਾਂ ਨੇ ਦਸਵੀਂ ਪਾਸ ਕਰਨ ਉਪਰੰਤ ਸਰਹਾਲੀ ਤੋਂ ਦੋ ਸਾਲ ਦਾ ਸਰਵੇਅਰ ਦਾ ਕੋਰਸ ਕੀਤਾ ਤੇ ਅੱਜਕਲ੍ਹ ਸੁਲਤਾਨਪੁਰ ਲੋਧੀ ਵਿਖੇ ਸਰਕਾਰੀ ਨੌਕਰੀ ਕਰ ਰਹੇ ਹਨ ।

ਜੋਗਾ ਸਿੰਘ ਜੋਗੀ ਦੇ ਕਵੀਸ਼ਰੀ ਜੱਥੇ ਦੀ ਕਵੀਸ਼ਰੀ ਦਾ ਮਨ ਤੇ ਅਜਿਹਾ ਪ੍ਰਭਾਵ ਪਿਆ ਕਿ ਅੱਠਵੀਂ ਵਿਚ ਪੜ੍ਹਦਿਆਂ ਹੀ ਜੋਗੀ ਦੀ ਲਿਖੀ ਹੋਈ ਕਵੀਸ਼ਰੀ ਸਟੇਜਾਂ ਤੇ ਗਾਉਣੀ ਸ਼ੁਰੂ ਕਰ ਦਿੱਤੀ । ਇਕ ਦਿਨ ਜੋਗੀ ਜੀ ਵੱਲੋਂ ਮਾਰੇ ਤਾਹਨੇ ਦਾ ਮਨ ਤੇ ਅਜਿਹਾ ਅਸਰ ਹੋਇਆ ਕਿ ਇਤਹਾਸ ਨੂੰ ਖੋਜਕੇ ਖੁਦ ਕਵੀਸ਼ਰੀ ਰਚਣੀ ਸ਼ੁਰੂ ਕਰ ਦਿੱਤੀ ਤੇ ਆਪਣੇ ਜੱਥੇ ਨਾਲ ਖਾਸ-2 ਪ੍ਰੋਗਰਾਮਾਂ ਤੇ ਜਾਣਾ ਸ਼ੁਰੂ ਕਰ ਦਿੱਤਾ । ਕਵੀਸ਼ਰੀ ਉਹਨਾਂ 1969 ਤੋਂ ਰਚਣੀ ਸ਼ੁਰੂ ਕੀਤੀ ਤੇ ਕਾਫ਼ੀ ਕੁਝ ਲਿਖਿਆ ਹੋਇਆ ਅਣਛਪਿਆ ਹੀ ਪਿਆ ਹੈ । ਉਹਨਾਂ ਵੱਲੋਂ ਲਿਖੀ ਜਾ ਰਹੀ ਕਵੀਸ਼ਰੀ ਦੀਆਂ ਕੁਝ ਸਤਰਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :-

ਗੁਰੂ ਅਮਰਦਾਸ ਜੀ ਦੀ ਸੇਵਾ ਤੇ ਗੱਦੀ ਪ੍ਰਾਪਤ ਕਰਨੀ

ਲਹਿਰੀਆ ਛੰਦ-

ਕਰਾਉਣ ਲਈ ਇਸ਼ਨਾਨ, ਲੈਣ ਜਲ ਦੇ ।

ਪਹਿਲੀ ਰਾਤ ਸੀ ਬਿਆਸਾ ਵੱਲੇ ਚਲਦੇ ।

ਬਾਣੀ ਪੜ੍ਹ ਮਨ ਤਨ ਨਾਮ ਵਿਚ ਰੰਗ ਗਏ ।

ਇੰਜ ਸੇਵਾ ਨੂੰ ਕਮਾਉਂਦੇ ਬਾਰਾਂ ਸਾਲ ਲੰਘ ਗਏ ।

ਵੱਡੀ ਉਮਰ ਤੇ ਬਿਰਧ ਸਰੀਰ ਸੀ

ਸਿੱਖੀ ਪਰਖ ਵੀ ਪਹੁੰਚੀ ਆ ਅਖੀਰ ਸੀ

ਰੋਜ ਵਾਂਗ ਜਾਣਾ ਅਜੇ ਨੀਰ ਸੀ ।

ਝੁੱਲੇ ਕਹਿਰ ਤੇ ਤੂਫਾਨ, ਅੱਜ ਪੂਰੇ ਵੱਲ ਨਾ ।

ਨਿੱਤ ਸੇਵਾ ਨੂੰ ਕਮਾਉਣ ਵੇਲ੍ਹੇ ਬਹਿਣ ਪਲ ਨਾ।

ਵੇਲਾ ਹੋ ਗਿਆ ਤੇ ਚੱਲ ਪਏ ਬਿਆਸਾ ਨੂੰ ।

ਗੁਰੂ ਲੇਖੇ ਲਾ ਦੇ ਮਨਾ ਤੂੰ ਸਵਾਸਾਂ ਨੂੰ ।

ਛੱਡ ਇਸ ਕੂੜੀ ਦੁਨੀਆਂ ਦੀ ਆਸਾਂ ਨੂੰ ।

ਜਿਨ੍ਹਾਂ ਦੀਵੇ ਨਾਲ ਲਾਈਆਂ, ਸੜ ਉਹ ਪਤੰਗੇ ਗਏ ।

ਇੰਜ ਸੇਵਾ ਨੂੰ ਕਮਾਉਂਦੇ ਬਾਰਾਂ ਸਾਲ ਲੰਘ ਗਏ ।

ਮੀਂਹ ਰੁਕਿਆ ਨਾ ਹਟਿਆ ਤੂਫਾਨ ਸੀ ।

ਗਾਗਰ ਭਰ ਕੇ ਖਡੂਰ ਪਹੁੰਚੇ ਆਣ ਸੀ ।

ਰਾਹ ਖੁੰਝ ਗਏ ਤੇ ਭੁੱਲਿਆ ਧਿਆਨ ਸੀ ।

ਪਿਆ ਖੱਡੀ ਵਿਚ ਪੈਰ ਸੀ ਭਰੀ ਜਲ ਨਾ ।

ਨਿੱਤ ਸੇਵਾ ਨੂੰ ਕਮਾਉਂਦੇ ਵੇਲ੍ਹੇ ਬਹਿਣ ਪਲ ਨਾ ।

ਜਾਂਦੇ ਸਾਰ ਗੁਰਾਂ ਗਲ ਨਾਲ ਲਾ ਲਿਆ ।

ਗੱਦੀ ਆਪਣੀ ਤੇ ਹੱਥੀਂ ਸੀ ਬਿਠਾ ਲਿਆ ।

ਬਾਬੇ ਬੁੱਢੇ ਜੀ ਤੋਂ ਤਿਲਕ ਲਵਾ ਲਿਆ ।

ਵੇਖ ਮਿਲੀ ਗੁਰਗੱਦੀ ‘ਰਾਮ’ ਰਹਿ ਕਈ ਦੰਗ ਗਏ ।

ਇੰਜ ਸੇਵਾ ਨੂੰ ਕਮਾਉਂਦੇ ਬਾਰਾਂ ਸਾਲ ਲੰਘ ਗਏ ।

ਅਵਤਾਰ ਸਿੰਘ :

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੋਇੰਦਵਾਲ ਵਿਖੇ ਪੰਜਾਬੀ ਅਧਿਆਪਕ ਵਜੋਂ ਕੰਮ ਕਰ ਰਹੇ ਮਾਸਟਰ ਅਵਤਾਰ ਸਿੰਘ ਗੋਇੰਦਵਾਲ ਸਾਹਿਬ ਦੇ ਜੰਮਪਲ ਹਨ । ਉਹ ਵਧੀਆ ਅਧਿਆਪਕ ਹੋਣ ਦੇ ਨਾਲ ਇਕ ਵਧੀਆ ਲੇਖਕ ਤੇ ਕਵੀ ਵੀ ਹਨ । ਇਹਨਾਂ ਦੀਆਂ ਲਿਖੀਆਂ ਹੋਈਆਂ ਕਈ ਕਵਿਤਾਵਾਂ ਅਜੀਤ, ਪੰਜਾਬੀ ਟ੍ਰਿਬਿਊਨ, ਜੱਗ ਬਾਣੀ ਤੇ ਦੇਸ਼ ਸੇਵਕ ਆਦਿ ਅਖਬਾਰਾਂ ਵਿਚ ਛੱਪ ਚੁੱਕੀਆਂ ਹਨ । ਮਾਸਟਰ ਅਵਤਾਰ ਸਿੰਘ ਐਮ.ਏ., ਬੀ.ਐੱਡ. ਹਨ ਤੇ ਇਸ ਤੋਂ ਇਲਾਵਾ ਇਹਨਾਂ ਨੇ ਭਾਈ ਵੀਰ ਸਿੰਘ ਗੁਰਮਤਿ ਵਿਦਿਆਲਾ ਤਰਨਤਾਰਨ ਤੋਂ ਗੁਰਬਾਣੀ ਦਾ ਪਾਠ ਤੇ ਸੰਗੀਤ ਵਿਦਿਆ ਦਾ ਦੋ ਸਾਲ ਦਾ ਕੋਰਸ ਵੀ ਕੀਤਾ ਹੋਇਆ ਹੈ। ਉਹ ਸਕੂਲ ਦੇ ਸਭਿਆਚਾਰਕ ਪ੍ਰੋਗਰਾਮਾਂ ਦੇ ਇੰਚਾਰਜ ਹਨ ਤੇ ਇਹਨਾਂ ਦੀ ਅਗਵਾਈ ਹੇਠ ਸਕੂਲ ਦੇ ਬੱਚੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਹਿੱਸਾ ਲੈ ਕੇ ਕਈ ਇਨਾਮ ਜਿੱਤ ਚੁੱਕੇ ਹਨ ।

ਮਾਸਟਰ ਅਵਤਾਰ ਸਿੰਘ ਸਮਾਜਿਕ ਬੁਰਾਈਆਂ ਵਿਰੁੱਧ ਲੜ੍ਹਨ ਲਈ ਪੂਰੀ ਤਰ੍ਹਾਂ ਮਨ ਬਣਾਈ ਬੈਠੇ ਹਨ । ਇਸ ਕਾਰਜ ਦੀ ਸਫਲਤਾ ਲਈ ਵਿਸ਼ੇਸ਼ ਮੁਹਿੰਮ ਵੀ ਆਰੰਭ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਾਲ ਸਾਹਿਤ ‘ਤੇ ਲਿਖੀਆਂ ਕਵਿਤਾਵਾਂ ਦੀ ਇਕ ਕਿਤਾਬ ਛਪਵਾਉਣ ਦੀ ਯੋਜਨਾ ਬਣਾ ਰਹੇ ਹਨ। ਪੰਜਾਬ ਦੇ ਸਭਿਆਚਾਰਕ ਤੇ ਇਤਿਹਾਸਕ ਵਿਰਸੇ ਨੂੰ ਜਿਉਂਦਿਆਂ ਰੱਖਣ ਵਿਚ ਇਹਨਾਂ ਦੀ ਵਿਸ਼ੇਸ਼ ਦਿਲਚਸਪੀ ਹੈ। ਉਹਨਾਂ ਦੀ ਲਿਖੀ ਕਵਿਤਾ ਦਾ ਨਮੂਨਾ ਇਸ ਤਰ੍ਹਾਂ ਹੈ :-

(1) ਅਸੀਂ ਲਾ ਬੈਠੇ ਯਾਰੀਆਂ ਬੇਗਾਨਿਆਂ ਦੇ ਨਾਲ ।

ਅਸੀਂ ਮਰ ਗਏ ਹਾਂ ਸੱਜਣਾ ਦੇ ਤਾਹਨਿਆਂ ਦੇ ਨਾਲ ।

ਲੋਕੀ ਪੁੱਛਦੇ ਰਹੇ ਸਕੇ ਦੂਰ ਕਿਉਂ ਹੋਏ ।

ਅਸੀਂ ਟਾਲਦੇ ਰਹੇ ਹਾਂ ਬਹਾਨਿਆਂ ਦੇ ਨਾਲ ।

ਚੁੱਪ ਚਾਪ ਹੀ ਮੁਹੱਬਤਾਂ ਦਾ ਘਾਣ ਹੋ ਗਿਆ ।

ਰਹੇ ਮਹਿਫ਼ਲਾਂ ਸਜਾਉਂਦੇ ਸ਼ਾਮਿਆਨਿਆਂ ਦੇ ਨਾਲ ।

ਉਹ ਤੇ ਏ.ਸੀ. ਵਿਚ ਬੈਠ ਮੌਜਾਂ ਮਾਣਦੇ ਰਹੇ,

ਅਸੀਂ ਘੁਲਦੇ ਰਹੇ ਹਾਂ ਕਾਰਖਾਨਿਆਂ ਦੇ ਨਾਲ ।

ਅੱਜ ਸੱਜਣ ਇਕੱਲਾ ਹੋ ਕੇ ਤੁਰ ਚੱਲਿਆ,

ਅਸੀਂ ਤੁਰਦੇ ਰਹੇ ਹਾਂ ਜ਼ਮਾਨਿਆਂ ਦੇ ਨਾਲ ।

ਲੋਕੀ ਆਖਦੇ ਬੇਗਾਨੇ ਤਾਂ ਬੇਗਾਨੇ ਹੁੰਦੇ ਨੇ,

ਹੁੰਦਾ ਮਤਲਬ ਉਹਨਾਂ ਨੂੰ ਖਜ਼ਾਨਿਆਂ ਦੇ ਨਾਲ ।

ਗੋਇੰਦਵਾਲੀਆ ਇਹ ਝੂਠਾ ਸੰਸਾਰ ਵੇਖਿਆ,

ਆ ਬੈਠਾ ‘ਅਵਤਾਰ’ ਮਸਤਾਨਿਆਂ ਦੇ ਨਾਲ ।

ਪੰਜਾਬ ਦੀ ਸ਼ਾਨ

(2) ਮੈਂ ਵੇਖਿਆ ਜੇ ਯਾਰੋ, ਰੋਂਦਾ ਪੰਜਾਬ ਮੇਰਾ ।

ਸੁਪਨੇ ‘ਚ ਕੋਈ ਮੈਥੋਂ ਖੋਂਹਦਾ ਪੰਜਾਬ ਮੇਰਾ ।

ਜਿਸ ਨੂੰ ਹੈ ਖੂਨ ਦਿੱਤਾ ਸਾਡੇ ਵਡੇਰਿਆਂ ਨੇ,

ਰਿਹਾ ਪਹਿਲੇ ਨੰਬਰ ਤੇ ਖਲੋਂਦਾ ਪੰਜਾਬ ਮੇਰਾ ।

ਮੰਗਿਆ ਜਦੋਂ ਕਿਸੇ ਨੇ, ਕੋਈ ਆਸਰਾ ਹੈ ਆ ਕੇ,

ਅੱਖੀਆਂ ਤੇ ਸਦਾ ਹੀ ਬਿਠਾਉਂਦਾ ਪੰਜਾਬ ਮੇਰਾ ।

ਸਾਡੇ ਦਿਲਾਂ ਦੀ ਧੜਕਣ ਹੈ, ਆਨ ਸ਼ਾਨ ਸਾਡੀ,

ਉੱਚੀ ਤੋਂ ਉੱਚੀ ਪਦਵੀ, ਦਿਵਾਉਂਦਾ ਪੰਜਾਬ ਮੇਰਾ ।

ਅੱਖ ਗਹਿਰੀ ਨਾਲ ਕੋਈ, ਜੇ ਵੇਖੇ ਏਹਦੇ ਵੱਲੇ,

ਵੇਖੀਂ ਫੇਰ ਕਿੱਦਾਂ, ਉਡਾਉਂਦਾ ਪੰਜਾਬ ਮੇਰਾ ।

ਭੀੜ ਬਣੀ ਜਦ ਕਦੀ ਵੀ, ਮੇਰੇ ਪਿਆਰੇ ਦੇਸ਼ ਉੱਤੇ,

ਆਪਣਾ ਵੀ ਹਿੱਸਾ ਪੂਰਾ, ਪਾਉਂਦਾ ਪੰਜਾਬ ਮੇਰਾ ।

ਰਲ ਮਿਲਕੇ ਰਹੀਏ ਲੋਕੋ, ‘ਅਵਤਾਰ’ ਸੱਚ ਕਹਿੰਦਾ,

ਪਿੰਡ ਗੋਇੰਦਵਾਲ ਜਿਸਦਾ, ਕਹਾਉਂਦਾ ਪੰਜਾਬ ਮੇਰਾ ।

ਹਰਜਿੰਦਰ ਗਿੱਲ :

ਛੱਤੀ ਸਾਲਾ ਹਰਜਿੰਦਰ ਗਿੱਲ ਗੋਇੰਦਵਾਲ ਸਾਹਿਬ ਦਾ ਜੰਮਪਲ ਹੈ । ਉਹ ਹੁਣ ਤੱਕ 30 ਦੇ ਕਰੀਬ ਕਵਿਤਾਵਾਂ ਲਿਖ ਚੁੱਕਾ ਹੈ ਜਿਨ੍ਹਾਂ ਵਿੱਚੋਂ ਬਹੁਤੀਆਂ ਨਵਾਂ ਜ਼ਮਾਨਾ ਤੇ ਤਰਕਸ਼ੀਲ ਮੈਗਜ਼ੀਨ ਵਿਚ ਛੱਪ ਚੁਕੀਆਂ ਹਨ । ਉਸਨੇ 1983 ਵਿਚ ਇਸ ਖੇਤਰ ਵਿਚ ਪੈਰ ਰੱਖਿਆ ਤੇ ਕਾਫ਼ੀ ਹੱਦ ਤਕ ਸਫਲਤਾ ਵੀ ਹਾਸਲ ਕੀਤੀ । ਉਹ ਥੀਏਟਰ ਵੀ ਕਰਦਾ ਰਿਹਾ ਹੈ। ਤੇ ਇਸ ਖੇਤਰ ਵਿਚ ਉਸ ਨੇ ਸਰਦਾਰ ਦਰਸ਼ਨ ਸਿੰਘ ਸ਼ੌਂਕੀ ਦੁਸਾਂਝ ਕਲਾਂ, ਜਲੰਧਰ ਵਾਲਿਆਂ ਦੀ ਸਰਪ੍ਰਸਤੀ ਹੇਠ ਕਈ ਨਾਟਕਾਂ ਵਿਚ ਹਿੱਸਾ ਲਿਆ। ਉਸਨੇ 2001 ਵਿਚ ਤਰਕਵਾਦੀ ਕਲਾ ਮੰਚ ਬਣਾਇਆ ਜਿਸ ਵਿਚ ਤਰਕਸ਼ੀਲ ਵਿਚਾਰਧਾਰਾ ਵਾਲੇ ਡਰਾਮੇ ਖੇਡ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਜਾਲ ‘ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ । ਇਹਨਾਂ ਦੇ ਗਰੁੱਪ ਵੱਲੋਂ ਖੇਡਿਆ ‘ਫੇਰੀ ਵਾਲਾ ਬਾਬਾ’ ਨਾਟਕ ਲੋਕਾਂ ਨੇ ਬੇਹੱਦ ਪਸੰਦ ਕੀਤਾ । ਉਹ ਜਲੰਧਰ ਦੂਰਦਰਸ਼ਨ ਦੇ ਲਿਸ਼ਕਾਰਾ ਤੇ ਨਵਰੰਗ ਪ੍ਰੋਗਰਾਮਾਂ ਵਿਚ ਬਤੌਰ ਟੀ.ਵੀ. ਆਰਟਿਸਟ ਵੀ ਹਿੱਸਾ ਲੈਂਦਾ ਰਿਹਾ ਹੈ ।

ਹਰਜਿੰਦਰ ਦੀ ਗੀਤਾਂ ਦੀ ਇਕ ਕੈਸਟ ਜੇ.ਐਮ.ਸੀ. ਕੰਪਨੀ, ਅੰਮ੍ਰਿਤਸਰ ਨੇ 2001 ਵਿਚ ਰੀਲੀਜ਼ ਕੀਤੀ ਸੀ ਜਿਸ ਵਿਚ ਉਸਦੇ ਦੋ ਗੀਤ ਪੌਣਾਹਾਰੀ ਨੇ ਬੁਲਾਇਆ ਤੇ ਆਜੋ ਸਾਰੇ ਚੱਲੀਏ ਜੋਗੀ ਦੇ ਦੁਆਰੇ ‘ਤੇ ਬਹੁਤ ਮਕਬੂਲ ਹੋਏ । ਅੱਜਕਲ੍ਹ ਹਰਜਿੰਦਰ ਗੋਆ ਦੇ ਸ਼ਹਿਰ ਮਡਗਾਓਂ ਵਿਖੇ ਆਪਣਾ ਕਾਰੋਬਾਰ ਕਰਦਾ ਹੈ ਪਰ ਦਿਲ ਉਸਦਾ ਗੋਇੰਦਵਾਲ ਸਾਹਿਬ ਵਿਖੇ ਹੀ ਵੱਸਦਾ ਹੈ । ਉਸਦੀ ਇਕ ਕਵਿਤਾ ਜਿਹੜੀ ਤਰਕਸ਼ੀਲ ਦੇ ਜਨਵਰੀ-ਫਰਵਰੀ, 2002 ਦੇ ਅੰਕ ਵਿਚ ਛਪੀ ਸੀ, ਦਾ ਨਮੂਨਾ ਇਸ ਤਰ੍ਹਾਂ ਹੈ :-

ਧਰਮ ਤੋੜਦੈ ਜੋੜਦਾ ਨਹੀਂ

ਲੋਕੀ ਆਖਦੇ ਨੇ ਧਰਮ ਜੋੜਦੈ, ਤੋੜਦਾ ਨਹੀਂ,

ਪਰ ਜਿੰਨਾ ਖੂਨ ਇਨਸਾਨ ਦਾ ਧਰਮ ਰੋੜਦੈ, ਕੋਈ ਹੋਰ ਰੋੜਦਾ ਨਹੀਂ ।

ਕਿਉਂਕਿ ਧਰਮ ਨੇ ਪਾਈਆਂ ਨੇ ਲੋਕਾਂ ਵਿਚ ਵੰਡੀਆਂ ।

ਲੱਖਾਂ ਧੀਆਂ ਬੇ-ਇੱਜਤ ਹੋਈਆਂ ਤੇ ਲੱਖਾਂ ਹੋਈਆਂ ਰੰਡੀਆਂ ।

ਇਧਰੋਂ ਉਧਰੋਂ ਉਜੜਕੇ ਜਦੋਂ ਫਿਰ ਵੱਸਿਆ ਇਨਸਾਨ ।

ਧਰਮ ਦੀ ਸਦਾ ਹੀ ਉਸਦੇ ਸਿਰ ‘ਤੇ ਲਟਕਦੀ ਰਹੀ ਕਿਰਪਾਨ ।

ਓਧਰ ਸ਼ੀਆ ਸੁੰਨੀ ਦੰਗੇ ਇਧਰ ਚੌਰਾਸੀ ਦਾ ਘੱਲੂਘਾਰਾ ।

ਕੰਮ ਇਹ ਧਰਮ ਦਾ ਹੈ, ਕਿਸੇ ਹੋਰ ਦਾ ਨਹੀਂ ।

ਪਰ ਲੋਕੀ ਫਿਰ ਵੀ ਕਹਿੰਦੇ ਨੇ ਧਰਮ ਜੋੜਦੈ, ਤੋੜਦਾ ਨਹੀਂ ।

ਇਹ ਧਰਮ ਹੀ ਹੈ ਜੋ ਸੈਂਕੜੇ ਸਾਲ ਮਿਹਨਤਕਸ਼ਾਂ ਨੂੰ ਸ਼ੂਦਰ ਕਹਿਕੇ ਪੁਕਾਰਦਾ ਰਿਹੈ।

ਇਹ ਧਰਮ ਹੀ ਸੀ ਜੋ ਮਰ ਚੁੱਕੇ ਦੀ ਵਿਧਵਾ ਨੂੰ ਸਤੀ ਕਹਿਕੇ ਸਾੜਦਾ ਰਿਹੈ ।

ਜਦੋਂ ਮਾਸੂਮ ਬੱਚਿਆਂ ਨੂੰ ਨੀਂਹਾਂ ਵਿਚ ਚਿਣਾਇਆ ਗਿਆ ।

ਤਾਂ ਉਦੋਂ ਵੀ ਇਕ ਧਰਮ ਦੂਜੇ ਧਰਮ ਨੂੰ ਲਲਕਾਰਦਾ ਰਿਹੈ ।

ਬੱਸਾਂ ‘ਚੋਂ ਕੱਢ-2 ਕੇ ਬੇਦੋਸ਼ਿਆਂ ਨੂੰ ਮਾਰਨਾ ।

ਕੰਮ ਤਾਂ ਇਹ ਵੀ ਧਰਮ ਦਾ ਹੈ ਕਿਸੇ ਹੋਰ ਦਾ ਨਹੀਂ ।

ਮੈਂ ਇਸੇ ਲਈ ਕਹਿੰਦਾ ਹਾਂ ਧਰਮ ਤੋੜਦੈ, ਜੋੜਦਾ ਨਹੀਂ ।

ਹੱਥ ਲਿਖਤਾਂ ਦਾ ਵੇਰਵਾ

ਹੱਥ ਲਿਖਤ ਜੁੜਵੀਂ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਤਸਵੀਰਾਂ ਸਹਿਤ :

ਇਹ ਪੁਸਤਕ ਬਹੁਤ ਹੀ ਪੁਰਾਣੀ ਲਿਖੀ ਹੋਈ ਲਗਦੀ ਹੈ । ਪਹਿਲੇ 22 ਸਫੇ ਗੁੰਮ ਹਨ ਤੇ ਕੁਲ ਸਫੇ 574 ਹਨ । ਪਹਿਲੇ ਸਫੇ ਨਾ ਹੋਣ ਕਾਰਨ ਲੇਖਕ ਤੇ ਸਮੇਂ ਬਾਰੇ ਕੁੱਝ ਪਤਾ ਨਹੀਂ ਲਗਦਾ ਪਰ ਅੰਦਾਜਨ ਇਹ ਪੁਸਤਕ 100 ਕੁ ਸਾਲ ਪੁਰਾਣੀ ਲੱਗਦੀ ਹੈ। ਇਹ ਪੁਸਤਕ ਅੱਜਕਲ੍ਹ ਮਾਸਟਰ ਅਵਤਾਰ ਸਿੰਘ ਜਿਹੜੇ ਸਰਕਾਰੀ ਸੈਕੰਡਰੀ ਸਕੂਲ ਵਿਚ ਅਧਿਆਪਕ ਹਨ, ਕੋਲ ਸੁਰੱਖਿਅਤ ਪਈ ਹੋਈ ਹੈ। ਉਹ ਇਸ ਕਿਤਾਬ ਵਿਚ ਲਿਖੀ ਸ਼ਬਦਾਵਲੀ ਦਾ ਲੋਕ ਭਾਸ਼ਾ ਵਿਚ ਅਨੁਵਾਦ ਕਰ ਰਹੇ ਹਨ ਤੇ ਹੁਣ ਤਕ 15 ਕੁ ਸਾਖੀਆਂ ਦਾ ਅਨੁਵਾਦ ਕਰ ਚੁੱਕੇ ਹਨ ।

ਸ਼ਿਲਾਲੇਖ, ਪੜੀਆਂ, ਨੀਂਹ ਪੱਥਰ, ਚਿੱਤਰ, ਵਿਸ਼ੇਸ਼ ਸਿੱਕੇ ਤੇ ਪਟੇ ਆਦਿ

ਗੋਇੰਦਵਾਲ ਸਾਹਿਬ ਵਿਖੇ ਗੁਰਦੁਆਰਿਆਂ ਮੰਦਰਾਂ ਤੇ ਹੋਰ ਕਈ ਧਾਰਮਿਕ ਅਸਥਾਨਾਂ ਤੇ ਨੀਂਹ ਪੱਥਰ ਆਦਿ ਤਾਂ ਵੇਖਣ ਨੂੰ ਮਿਲਦੇ ਹਨ ਪਰ ਇਹ ਕੋਈ ਇਤਿਹਾਸਕ ਮਹੱਤਤਾ ਵਾਲੇ ਨਹੀਂ ਹਨ । ਕਈ ਥਾਵਾਂ ਤੇ ਕੰਧਾਂ ਤੇ ਪ੍ਰਾਚੀਨ ਚਿੱਤਰ ਬਣੇ ਹੋਏ ਹਨ ਪਰ ਕੋਈ ਦੇਖ ਭਾਲ ਨਾ ਹੋਣ ਕਾਰਨ ਇਹਨਾਂ ਦੇ ਰੰਗ ਫਿੱਕੇ ਪੈ ਰਹੇ ਹਨ ।

ਪੁਰਾਣੇ ਧਾਰਮਿਕ ਅਸਥਾਨਾਂ ਦੀਆਂ ਕਈ ਬੰਦ ਪਈਆਂ ਤੇ ਟੁੱਟੀਆਂ ਭੱਜੀਆਂ ਇਮਾਰਤਾਂ ਕੰਧਾਂ ਤੇ ਉਕਰੀ ਚਿੱਤਰਕਾਰੀ ਨਾਲ ਭਰੀਆਂ ਪਈਆਂ ਹਨ ਪਰ ਲੋਕਾਂ ਅੰਦਰ ਇਸ ਚਿੱਤਰਕਲਾ ਨੂੰ ਸੰਭਾਲਣ ਪ੍ਰਤੀ ਕੋਈ ਜਾਗਰੂਕਤਾ ਜਾਂ ਰੁੱਚੀ ਨਾ ਹੋਣ ਕਾਰਨ ਪੁਰਾਣਾ ਇਤਿਹਾਸ ਦਰਸਾਉਣ ਵਾਲੀਆਂ ਇਹ ਕਲਾ ਕ੍ਰਿਤੀਆਂ ਅਲੋਪ ਹੋਣ ਦੇ ਕਿਨਾਰੇ ਹਨ ।

ਗੁਰਦੁਆਰਾ ਬਾਉਲੀ ਸਾਹਿਬ ਦੇ ਮੁੱਖ ਦਰਵਾਜ਼ੇ ‘ਤੇ ਜਿੱਥੋਂ ਸ਼ਰਧਾਲੂ ਬਾਉਲੀ ਸਾਹਿਬ ਦੇ ਅੰਦਰ ਪ੍ਰਵੇਸ਼ ਕਰਦੇ ਹਨ, ਦਸ ਗੁਰੂ ਸਾਹਿਬਾਨ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਤੇ ਬਾਬਾ ਅਨੰਦ ਜੀ ਦੇ ਚਿੱਤਰ ਬਣੇ ਹੋਏ ਹਨ । ਇਹ ਚਿੱਤਰ ਕੋਈ 120 ਕੁ ਸਾਲ ਪੁਰਾਣੇ ਲੱਗਦੇ ਹਨ । ਗੁਰਦੁਆਰਾ ਚੁਬਾਰਾ ਸਾਹਿਬ ਵਿਖੇ ਬਣੇ ਇਕ ਚਿੱਤਰ ਵਿਚ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਨਗਰ ਗੋਇੰਦਵਾਲ ਵਿਖਾਇਆ ਗਿਆ ਹੈ । ਇਸ ਤੋਂ ਥੋੜ੍ਹੀ ਦੂਰ ਅੱਗੇ ਬਰਾਂਡੇ ਵਿਚ ਬਣੇ ਇਕ ਚਿੱਤਰ ਵਿਚ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦੇਣ ਦਾ ਦ੍ਰਿਸ਼ ਹੈ । ਇਸ ਵਿਚ ਬਾਬਾ ਬੁੱਢਾ ਜੀ, ਗੁਰੂ ਰਾਮਦਾਸ ਜੀ ਨੂੰ ਤਿਲਕ ਲਗਾ ਰਹੇ ਹਨ ਤੇ ਨਾਲ ਹੀ ਕੁਝ ਪ੍ਰੇਮੀ ਸੰਗਤਾਂ ਖੜ੍ਹੀਆਂ ਹਨ।

ਬਾਬਾ ਸਾਵਣ ਮਲ ਜੀ ਦੇ ਗੁਰਦੁਆਰੇ ਵਿਚ ਬਾਬਾ ਜੀ ਦਾ ਇਕ ਚਿੱਤਰ ਹੈ ਜਿਸ ਵਿਚ ਭਰੇ ਰੰਗਾਂ ਨੂੰ ਵੇਖਕੇ ਲੱਗਦਾ ਹੈ ਕਿ ਪੁਰਾਣੇ ਸਮੇਂ ਦੇ ਕਲਾਕਾਰ ਚਿੱਤਰਕਾਰੀ ਦੇ ਖੇਤਰ ਵਿਚ ਬਹੁਤ ਹੀ ਨਿਪੁੰਨ ਸਨ । ਗੁਰਦੁਆਰਾ ਬਾਉਲੀ ਸਾਹਿਬ ਦੇ ਦੱਖਣ ਵੱਲ ਬਜ਼ਾਰ ਵਿਚ ਬਾਬਾ ਭਹੌੜੀ ਵਾਲਿਆਂ ਦਾ ਅਸਥਾਨ ਹੈ ਤੇ ਇੱਥੇ ਗੁਰੂ ਨਾਨਕ ਦੇਵ ਜੀ ਦੇ ਚਿੱਤਰ ਤੋਂ ਇਲਾਵਾ ਬਾਬਾ ਭਹੌੜੀ ਵਾਲਿਆਂ ਦੇ ਅਨੇਕਾਂ ਚਿੱਤਰ ਬਣੇ ਹੋਏ ਹਨ । ਇਹ ਚਿੱਤਰ ਤਕਰੀਬਨ 120 ਕੁ ਸਾਲ ਪੁਰਾਣੇ ਦੱਸੇ ਜਾਂਦੇ ਹਨ ।

ਨਗਰ ਵਿਚ ਬਣੇ ਕ੍ਰਿਸ਼ਨ ਮੰਦਰ ਵਿਚ ਕੰਧਾਂ ‘ਤੇ ਬਹੁਤ ਹੀ ਵਧੀਆ ਕਿਸਮ ਦੀ ਚਿੱਤਰਕਾਰੀ ਕੀਤੀ ਹੋਈ ਹੈ । ਇਹਨਾਂ ਚਿੱਤਰਾਂ ਵਿਚ ਇਕ ਚਿੱਤਰ ਸ੍ਰੀ ਕ੍ਰਿਸ਼ਨ ਜੀ ਤੇ ਰਾਧਾ ਦਾ ਹੈ । ਦੂਸਰੇ ਚਿੱਤਰਾਂ ਵਿਚ ਕਲਾਕਾਰਾਂ ਨੂੰ ਰਾਸਲੀਲਾ ਕਰਦੇ ਵਿਖਾਇਆ ਗਿਆ ਹੈ । ਇਹ ਚਿੱਤਰ ਕੋਈ 80-90 ਸਾਲ ਪੁਰਾਣੇ ਹਨ । ਸ੍ਰੀ ਕ੍ਰਿਸ਼ਨ ਮੰਦਰ ਠਾਕਰਦੁਆਰਾ ਵਿਚ ਰਾਧਾ ਕ੍ਰਿਸ਼ਨ, ਹਨੂਮਾਨ ਤੇ ਭੈਰੋਂ ਦੇ ਚਿੱਤਰ ਬਣੇ ਹੋਏ ਹਨ ਤੇ ਇਹ ਚਿੱਤਰਕਾਰੀ ਤਕਰੀਬਨ 150 ਕੁ ਸਾਲ ਪੁਰਾਣੀ ਲੱਗਦੀ ਹੈ । ਸਾਂਭ ਸੰਭਾਲ ਪ੍ਰਤੀ ਅਣਗਹਿਲੀ ਕਾਰਨ ਇਹਨਾਂ ਚਿੱਤਰਾਂ ਦੇ ਰੰਗਾਂ ਵਿਚ ਕਾਫ਼ੀ ਕਾਲਾਪਨ ਆ ਚੁੱਕਾ ਹੈ ।

ਪਿੰਡ ਵਿਚ ਲੱਗਦੇ ਮੇਲੇ

ਮੇਲਾ ਗੋਇੰਦਵਾਲ ਸਾਹਿਬ :

ਗੋਇੰਦਵਾਲ ਸਾਹਿਬ ਦੀ ਧਾਰਮਿਕ ਮਹੱਤਤਾ ਕਾਰਨ ਇੱਥੇ ਹਰ ਰੋਜ਼ ਮੇਲੇ ਜਿੰਨੀ ਰੌਣਕ ਰਹਿੰਦੀ ਹੈ ਪਰ ਪੁੰਨਿਆਂ ਵਾਲੇ ਦਿਨ ਸੰਗਤਾਂ ਦਾ ਇਕੱਠ ਇਕ ਬਹੁਤ ਵੱਡੇ ਮੇਲੇ ਦਾ ਰੂਪ ਧਾਰਨ ਕਰ ਜਾਂਦਾ ਹੈ ਕਿਉਂਕਿ ਉਸ ਦਿਨ ਕਾਫ਼ੀ ਗਿਣਤੀ ਵਿਚ ਬਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਲਈ ਆਉਂਦੇ ਹਨ । ਸਭ ਤੋਂ ਵੱਡਾ ਮੇਲਾ ਭਾਦਰੋਂ ਦੀ ਪੂਰਨਮਾਸ਼ੀ ਵਾਲੇ ਦਿਨ ਲੱਗਦਾ ਹੈ ਜਿਸ ਵਿਚ ਦੇਸ਼ ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਸ਼ਾਮਲ ਹੁੰਦੇ ਹਨ । ਇਸ ਮੇਲੇ ਸਮੇਂ ਅਨੇਕਾਂ ਧਾਰਮਿਕ ਦੀਵਾਨ ਲੱਗਦੇ ਹਨ ਜਿੱਥੇ ਗੁਰਬਾਣੀ ਕੀਰਤਨ, ਵਖਿਆਨ ਤੇ ਪ੍ਰਚਾਰ ਦਾ ਪ੍ਰਵਾਹ ਚੱਲਦਾ ਹੈ । ਮੇਲੇ ਦੌਰਾਨ ਵੱਖ-2 ਰਾਜਸੀ ਪਾਰਟੀਆਂ ਵੀ ਰਾਜਸੀ ਕਾਨਫਰੰਸਾਂ ਕਰਕੇ ਲੋਕਾਂ ਨੂੰ ਆਪਣੇ ਪ੍ਰੋਗਰਾਮਾਂ ਤੋਂ ਜਾਣੂ ਕਰਵਾਉਂਦੀਆਂ ਹਨ । ਇਹ ਮੇਲਾ ਹੁਣ ਨਾਨਕਸ਼ਾਹੀ ਕੈਲੰਡਰ ਅਨੁਸਾਰ ਲੱਗਣਾ ਸ਼ੁਰੂ ਹੋ ਗਿਆ ਹੈ ਤੇ ਅੱਗੇ ਤੋਂ ਹਰ ਸਾਲ ਇਕ ਅੱਸੂ ਨੂੰ ਹੀ ਲੱਗਿਆ। ਕਰੇਗਾ । 4

ਵਿਸਾਖੀ ਦਾ ਮੇਲਾ :

ਇਸ ਮੇਲੇ ਦਾ ਆਰੰਭ ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਪਾਰੋ ਜੀ ਦੀ ਸਲਾਹ ‘ਤੇ ਕੀਤਾ ਸੀ । ਉਸ ਸਮੇਂ ਤੋਂ ਇਹ ਮੇਲਾ ਅੱਜ ਤਕ ਲੱਗਦਾ ਆ ਰਿਹਾ ਹੈ। ਵਿਸਾਖੀ ਵਾਲੇ ਦਿਨ ਕਾਫ਼ੀ ਗਿਣਤੀ ਵਿਚ ਸੰਗਤਾਂ ਬਾਉਲੀ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਆਉਂਦੀਆਂ ਹਨ । ਇਸ ਪਵਿੱਤਰ ਦਿਨ ਨਗਰ ਵਿਚ ਕਾਫ਼ੀ ਰੌਣਕ ਹੁੰਦੀ ਹੈ ।

ਮੇਲਾ ਥੇਹ ਸਾਹਿਬ :

ਇਹ ਮੇਲਾ ਸੰਤਪੁਰਾ ਡੇਰਾ ਥੇਹ ਸਾਹਿਬ ਵਿਖੇ ਪੂਜਨੀਕ ਸ਼੍ਰੀਮਾਨ 108 ਸੰਤ ਸਵਾਮੀ ਬਾਬਾ ਭਗਤ ਸਿੰਘ ਦੀ ਯਾਦ ਵਿਚ ਹਰ ਸਾਲ 1 ਜਨਵਰੀ ਨੂੰ ਲੱਗਦਾ ਹੈ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੁੰਦੇ ਹਨ । ਇਸ ਮੇਲੇ ਵਿਚ ਦੇਸ਼ ਵਿਦੇਸ਼ ‘ਚੋਂ ਅਨੇਕਾਂ ਨਿਰਮਲੇ ਸਾਧੂ ਸੰਤ ਤੇ ਮਹਾਂਪੁਰਸ਼ ਸ਼ਾਮਲ ਹੁੰਦੇ ਹਨ ਤੇ ਆਪਣੇ ਵਖਿਆਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਹਨ ।

ਬਾਬਾ ਸ਼ਾਹ ਹੁਸੈਨ ਦਾ ਮੇਲਾ :

ਇਹ ਮੇਲਾ ਹਰ ਸਾਲ ਸਾਉਣ ਮਹੀਨੇ ਦੇ ਪਹਿਲੇ ਵੀਰਵਾਰ ਨੂੰ ਲੱਗਦਾ ਹੈ । ਮੇਲੇ ਵਾਲੇ ਦਿਨ ਗੁੜ ਵਾਲੇ ਚੌਲਾ ਤੋਂ ਇਲਾਵਾ ਹੋਰ ਵੀ ਅਨੇਕਾਂ ਕਿਸਮਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ । ਉਸ ਦਿਨ ਮਜਾਰ ਤੇ ਬਹੁਤ ਹੀ ਰੌਣਕ ਹੁੰਦੀ ਹੈ ਕਿਉਂਕਿ ਦੂਰ ਦੁਰਾਡੀਆਂ ਥਾਵਾਂ ਤੋਂ ਹਜ਼ਾਰਾਂ ਸ਼ਰਧਾਲੂ ਬਾਬੇ ਦੀ ਮਜਾਰ ਤੇ ਸਜਦਾ ਕਰਨ ਆਉਂਦੇ ਹਨ। ਕਵੀਸ਼ਰੀ ਜੱਥੇ ਆਪਣੀ ਕਵੀਸ਼ਰੀ ਰਾਹੀਂ ਇਸ ਜਗ੍ਹਾ ਦਾ ਇਤਿਹਾਸ ਤੇ ਮਹੱਤਤਾ ਇੱਥੇ ਆਏ ਸ਼ਰਧਾਲੂਆਂ ਨੂੰ ਦੱਸਦੇ ਹਨ । ਇਸ ਮੇਲੇ ਵਿਚ ਕਬੱਡੀ ਟੂਰਨਾਮੈਂਟ ਵੀ ਕਰਵਾਇਆ ਜਾਂਦਾ ਹੈ ਜਿਸ ਵਿਚ ਅੰਮ੍ਰਿਤਸਰ ਤੇ ਕਪੂਰਥਲਾ ਜ਼ਿਲ੍ਹਿਆਂ ਦੀਆਂ ਟੀਮਾਂ ਹਿੱਸਾ ਲੈਂਦੀਆਂ ਹਨ। ਮੇਲੇ ਦਾ ਪ੍ਰਬੰਧ ਧੂੰਦਾ, ਚੰਢੇਰ ਤੇ ਮਿਆਣੀ ਪਿੰਡਾਂ ਦੀ ਬਣੀ ਹੋਈ ਕਮੇਟੀ ਕਰਦੀ ਹੈ।

ਬਾਬਾ ਸ਼ਾਹ ਸਰੀਫ ਦਾ ਮੇਲਾ :

ਬਾਬਾ ਸ਼ਾਹ ਸਰੀਫ ਬਾਬਾ ਸ਼ਾਹ ਹੁਸੈਨ ਦੇ ਭਾਈ ਦੱਸੇ ਜਾਂਦੇ ਹਨ । ਉਹਨਾਂ ਦੀ ਮਜਾਰ ਦੀ ਲੋਕਾਂ ਵਿਚ ਕਾਫ਼ੀ ਮਾਨਤਾ ਹੈ ਤੇ ਲੋਕ ਹਰ ਵੀਰਵਾਰ ਇੱਥੇ ਆ ਕੇ ਮੱਥਾ ਟੇਕਦੇ ਹਨ ਤੇ ਚੌਲਾਂ ਦਾ ਪ੍ਰਸ਼ਾਦ ਚੜਾਉਂਦੇ ਹਨ । ਇੱਥੇ ਹਰ ਸਾਲ ਸਾਉਣ ਦੇ ਦੂਸਰੇ ਵੀਰਵਾਰ ਬਾਬਾ ਜੀ ਦੀ ਯਾਦ ਵਿਚ ਮੇਲਾ ਲੱਗਦਾ ਹੈ ।

ਮਨੋਰੰਜਨ ਦੇ ਸਾਧਨ

ਅੱਜ ਦੇ ਵਿਗਿਆਨਕ ਯੁੱਗ ਵਿਚ ਟੀ.ਵੀ., ਕੇਬਲ ਟੀ.ਵੀ ਤੇ ਰੇਡੀਓ ਆਦਿ ਆਧੁਨਿਕ ਸੁਵਿਧਾਵਾਂ ਦੇ ਆ ਜਾਣ ਕਾਰਨ ਮਨਪਰਚਾਵੇ ਦੇ ਪੁਰਾਣੇ ਸਾਧਨ ਜਿਵੇਂ ਰਾਸ ਪੈਣੀ, ਨਾਟਕ ਆਦਿ ਖੇਡਣੇ ਲੱਗਭਗ ਖ਼ਤਮ ਹੀ ਹੋ ਚੁੱਕੇ ਹਨ ਤੇ ਅਤੀਤ ਦੀਆਂ ਕਹਾਣੀਆਂ ਬਣਕੇ ਰਹਿ ਗਏ ਹਨ । ਅੱਜ ਕੱਲ੍ਹ ਹਰ ਕੋਈ ਪੁਰਾਣੀਆਂ ਰਹੁ ਰੀਤਾਂ ਨੂੰ ਭੁਲਦਾ ਹੋਇਆ। ਨਵੀਆਂ ਨੂੰ ਅਪਣਾਈ ਜਾ ਰਿਹਾ ਹੈ । ਜ਼ਮਾਨੇ ਦੇ ਏਨੀ ਤੇਜ਼ੀ ਨਾਲ ਬਦਲਣ ਦੇ ਬਾਵਜੂਦ ਵੀ ਕੁਝ ਸਿਰੜੀ ਲੋਕ ਤੇ ਸੰਸਥਾਵਾਂ ਮਨੋਰੰਜਨ ਦੇ ਸਾਧਨਾਂ ਦੀਆਂ ਪੁਰਾਣੀਆਂ ਰੀਤਾਂ ਤੇ ਰਸਮਾਂ ਨੂੰ ਜਿੰਦਾ ਰੱਖਣ ਲਈ ਯਤਨਸ਼ੀਲ ਹਨ ।

ਰਾਗ ਸਭਾ :

ਸ੍ਰੀ ਰਾਮ ਸਭਾ ਗੋਇੰਦਵਾਲ ਵੱਲੋਂ 1903 ਵਿਚ ਇੱਥੇ ਪੰਡਤ ਰਾਮ ਲਾਲ ਦੀ ਸਰਪ੍ਰਸਤੀ ਹੇਠ ਰਾਗ ਸਭਾ ਸਥਾਪਤ ਕੀਤੀ ਗਈ । ਇਸ ਰਾਗ ਸਭ ਵੱਲੋਂ ਹਰ ਸਾਲ ਪਹਿਲੇ ਸਰਾਧ ਵਾਲੇ ਦਿਨ ਸੰਗੀਤ ਦਾ ਤਿੰਨ ਦਿਨਾਂ ਸੰਮੇਲਨ ਕਰਵਾਇਆ ਜਾਂਦਾ ਸੀ ਜਿਸ ਵਿਚ ਭਾਈ ਰੱਖਾ, ਭਾਈ ਮਲੰਗ, ਭਾਈ ਕਸੀਰਾ, ਪੰਡਤ ਗੰਧਰਵ ਲੋਹੀਆ ਵਾਲੇ, ਭਾਈ ਜਵਾਲਾ ਸਿੰਘ ਜੀ ਸੈਦਪੁਰ ਵਾਲੇ, ਮਾਸਟਰ ਕਰਮ ਸਿੰਘ ਜੀ ਚਕਰਵਰਤੀ ਬਾਲੇਕੀ, ਮਾਸਟਰ ਨੱਧਾ ਸਿੰਘ ਜੀ ਲੁਧਿਆਣਾ, ਪ੍ਰੋਫੈਸਰ ਸਤਪਾਲ ਕਾਲੀਆ ਅਪੜੇ ਵਾਲੇ ਸ਼ਿਰਕਤ ਕਰਿਆ ਕਰਦੇ ਸਨ । ਇਸ ਤੋਂ ਇਲਾਵਾ ਭਾਈ ਚਾਂਦ, ਭਾਈ ਰੂੜਾ, ਭਾਈ ਮੰਨਾ, ਭਾਈ ਨਾਨਕ ਮਮਦੋਟ, ਪੰਡਤ ਕਵੀਰਾਜ ਕਥਾਵਾਚਕ, ਪੰਡਤ ਬੁੱਧੀ ਚੰਦਰ, ਪੰਡਤ ਸ੍ਰੀ ਕਾਂਤ ਜੀ, ਬ੍ਰਹਮਾਨੰਦ ਸੰਤੋਸ਼ੀ, ਪੰਡਤ ਸ਼ਾਮ ਸੁੰਦਰ ਸਾਸ਼ਤਰੀ ਆਦਿ ਵੀ ਇਸ ਮੇਲੇ ਵਿਚ ਆਪਣੀ ਹਾਜ਼ਰੀ ਲਵਾਇਆ ਕਰਦੇ ਸਨ । ਸਭ ਤੋਂ ਪਹਿਲਾ ਮੇਲਾ 1904 ਵਿਚ ਆਯੋਜਿਤ ਕੀਤਾ ਗਿਆ ਸੀ । ਭਾਈ ਲਾਲ ਜੀ ਜਿਹੜੇ ਇਸ ਪਿੰਡ ਦੇ ਜੰਮਪਲ ਹਨ ਤੇ ਭਾਈ ਮਰਦਾਨਾ ਦੀ ਅੰਸ਼ ਵਿੱਚੋਂ ਹਨ, ਵੀ ਇਸ ਮੇਲੇ ਵਿਚ ਹਿੱਸਾ ਲੈਂਦੇ ਸਨ । ਉਹ ਪਾਕਿਸਤਾਨ ਬਣਨ ਤੋਂ ਬਾਅਦ ਵੀ ਦੋ ਵਾਰੀ ਮੇਲੇ ਵਿਚ ਆਪਣੀ ਕਲਾ ਨਾਲ ਸਰੋਤਿਆਂ ਦਾ ਮਨੋਰੰਜਨ ਕਰਕੇ ਗਏ ਹਨ । ਜ਼ਿਆਦਾਤਰ ਹਿੰਦੂ ਪਰਿਵਾਰਾਂ ਦੇ ਇੱਥੋਂ ਦੂਰ ਸ਼ਹਿਰਾਂ ਵਿਚ ਚਲੇ ਜਾਣ ਕਾਰਨ ਹੁਣ ਇਹ ਮੇਲਾ ਬੰਦ ਹੋ ਚੁੱਕਾ ਹੈ ਪਰ ਡਾਕਟਰ ਕੇਵਲ ਕ੍ਰਿਸ਼ਨ ਜੋ ਕਿ ਇਕ ਸਿਰੜੀ ਵਿਅਕਤੀ ਹਨ, ਜਲਦੀ ਹੀ ਮੇਲੇ ਨੂੰ ਦੁਬਾਰਾ ਸ਼ੁਰੂ ਕਰਨ ਦਾ ਪ੍ਰੋਗਰਾਮ ਬਣਾ ਰਹੇ ਹਨ ।

ਗੋਇੰਦਵਾਲ ਵੈਲਫੇਅਰ ਕਲੱਬ:

ਇਸ ਕਲੱਬ ਨੂੰ ਬਣਿਆਂ ਕੋਈ ਦੋ ਕੁ ਸਾਲ ਹੋਏ ਹਨ । ਮਸ਼ਹੂਰ ਹਾਸਰਸ ਕਲਾਕਾਰ ਕਾਸ਼ੀ ਰਾਮ ਚੰਨ ਇਸ ਸੰਸਥਾ ਦੇ ਸਰਪ੍ਰਸਤ ਹਨ ਤੇ ਸਕੱਤਰ ਸਿੰਘ ਸਾਹਨੀ ਇਸ ਦੇ ਪ੍ਰਧਾਨ ਹਨ । ਇਹ ਕਲੱਬ ਲੋਕ ਭਲਾਈ ਦੇ ਕਾਰਜਾਂ ਵਿਚ ਪੂਰੀ ਤਨਦੇਹੀ ਨਾਲ ਜੁੱਟੀ ਹੋਈ ਹੈ । ਪੰਜਾਬੀ ਸਭਿਆਚਾਰ ਨੂੰ ਜਿਉਂਦਿਆਂ ਰੱਖਣ ਤੇ ਲੱਚਰਪੁਣੇ ਤੋਂ ਬਚਾਉਣ ਦਾ ਇਸ ਸੰਸਥਾ ਨੇ ਤਹੱਈਆ ਕੀਤਾ ਹੋਇਆ ਹੈ ਤੇ ਇਸ ਮਕਸਦ ਦੀ ਪੂਰਤੀ ਲਈ ਇੱਥੇ ਹਰ ਸਾਲ ਬਹੁਤ ਵੱਡਾ ਸਭਿਆਚਾਰਕ ਮੇਲਾ ਕਰਵਾਇਆ ਜਾਂਦਾ ਹੈ ਜਿਸ ਵਿਚ ਸ਼ਾਮਲ ਕਲਾਕਾਰ ਸਨਮਾਨਿਤ ਕੀਤੇ ਜਾਂਦੇ ਹਨ ।

ਵਿਰਾਸਤ ਕਲਾ ਮੰਚ :

ਵਿਰਾਸਤ ਕਲਾ ਮੰਚ ਪਿਛਲੇ ਤਕਰੀਬਨ ਇਕ ਸਾਲ ਤੋਂ ਕੰਮ ਕਰ ਰਿਹਾ ਹੈ । ਇਸ ਵਿਚ 30 ਦੇ ਕਰੀਬ ਕਲਾਕਾਰ ਸ਼ਾਮਲ ਹਨ । ਇਹ ਕਲਾਮੰਚ ਸ੍ਰੀਮਤੀ ਜਸਵੀਰ ਕੌਰ ਪਤਨੀ ਮਾਸਟਰ ਅਵਤਾਰ ਸਿੰਘ ਦੇ ਨਿਰਦੇਸ਼ਨ ਹੇਠ ਚੱਲ ਰਿਹਾ ਹੈ । ਇਹ ਮੰਚ ਹੁਣ ਤਕ ਚਮਕੌਰ ਦੀ ਗੜੀ, ਖੇਲ-ਖੇਲ ਵਿਚ, ਮਿੱਟੀ ਰੁਦਨ ਕਰੇ, ਹਨੇਰੇ ਤੋਂ ਚਾਨਣ ਆਦਿ ਨਾਟਕ ਵੱਖ-2 ਥਾਵਾਂ ਤੇ ਖੇਡ ਚੁੱਕਾ ਹੈ । ਇਹ ਮੰਚ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲੇ ‘ਤੇ ਪੰਜਾਬ ਦੀ ਵਿਰਾਸਤ ‘ਚੋਂ ਅਲੋਪ ਹੋ ਚੁੱਕੇ ਸਭਿਆਚਾਰ ਜਿਵੇਂ ਸੁਹਾਗ, ਘੋੜੀਆਂ ਆਦਿ ਦੀ ਪੇਸ਼ਕਾਰੀ ਕਰਕੇ ਸਰਦਾਰ ਜਸਦੇਵ ਸਿੰਘ ਜਸੋਵਾਲ ਕੋਲੋਂ ਸਨਮਾਨ ਪ੍ਰਾਪਤ ਕਰ ਚੁੱਕਾ ਹੈ । ਵਿਰਾਸਤ ਕਲਾ ਮੰਚ ਆਪਣੇ ਟੀਚਿਆਂ ਵਿਚ ਪੰਜਾਬ ਦੇ ਛੋਟੇ ਤੋਂ ਛੋਟੇ ਇਤਿਹਾਸਕ ਗੁਰਦੁਆਰਿਆਂ ਦੀ ਡਾਕੂਮੈਂਟਰੀ ਤਿਆਰ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਨੱਚਦਾ ਪੰਜਾਬ :

ਇਹ ਕਲੱਬ ਰਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਪਿਛਲੇ ਦੋ ਸਾਲਾਂ ਤੋਂ ਹੋਂਦ ਵਿਚ ਆਈ ਹੈ ਤੇ 22 ਦੇ ਕਰੀਬ ਮੈਂਬਰ ਇਸ ਕਲੱਬ ਦੀਆਂ ਗਤੀਵਿਧੀਆਂ ਨਾਲ ਜੁੜੇ ਹੋਏ ਹਨ । ਇਸ ਕਲੱਬ ਦਾ ਮੁੱਖ ਨਿਸ਼ਾਨਾ ਪੰਜਾਬ ਦੇ ਸਭਿਆਚਾਰਕ ਵਿਰਸੇ ਦੀ ਸੰਭਾਲ ਕਰਨਾ ਹੈ ਤੇ ਇਸ ਪ੍ਰੋਗਰਾਮ ਅਧੀਨ ਇਹ ਬੱਚਿਆਂ ਨੂੰ ਪੱਗਾਂ ਬੰਨ੍ਹਣ ਦੀ ਟ੍ਰੇਨਿੰਗ ਦਿੰਦੀ ਹੈ । ਇਹ ਕਲੱਬ ਭੰਗੜੇ ਤੇ ਗਿੱਧੇ ਨੂੰ ਹਰਮਨ ਪਿਆਰਾ ਬਨਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਤੇ ਅਗਲੇ ਸਾਲ ਤੋਂ ਸਾਲਾਨਾ ਸ਼ੋਅ ਕਰਵਾਉਣ ਦਾ ਪ੍ਰੋਗਰਾਮ ਉਲੀਕ ਰਹੀ ਹੈ ।

ਦਰਿਆ ਦੇ ਨਜ਼ਦੀਕ ਵਸੇ ਹੋਣ ਕਾਰਨ ਲੋਕਾਂ ਨੂੰ ਮੱਛੀਆਂ ਫੜਨ ਦਾ ਕਾਫ਼ੀ ਸ਼ੌਂਕ ਹੈ ਇਸ ਲਈ ਮੱਛੀ ਫੜਨ ਦੇ ਸ਼ੌਕੀਨ ਦਰਿਆ ਤੋਂ ਮੱਛੀਆਂ ਫੜਕੇ ਆਪਣਾ ਸ਼ੌਕ ਪੂਰਾ ਕਰ ਲੈਂਦੇ ਹਨ ।

ਹੁਣ ਕੇਬਲ ਟੀ.ਵੀ. ਦੇ ਆ ਜਾਣ ਕਾਰਨ ਅਨੇਕਾਂ ਹੀ ਟੀ.ਵੀ. ਚੈਨਲ ਖੁੱਲ੍ਹ ਰਹੇ ਹਨ ਜਿਸ ਕਾਰਨ ਹਰ ਇਕ ਨੂੰ ਮਰਜ਼ੀ ਮੁਤਾਬਿਕ ਮਨੋਰੰਜਨ ਕਰਨ ਦਾ ਮੌਕਾ ਮਿਲ ਗਿਆ ਹੈ ਤੇ ਲੋਕ ਘਰ ਵਿਚ ਬਹਿਕੇ ਹੀ ਮਨੋਰੰਜਨ ਦਾ ਅਨੰਦ ਮਾਣ ਲੈਂਦੇ ਹਨ ।

ਕਲਾਕਾਰ, ਚਿੱਤਰਕਾਰ, ਮੂਰਤੀਕਾਰ, ਸ਼ਿਲਪਕਾਰ ਤੇ ਕਾਰੀਗਰ

ਭਾਵੇਂ ਇਹ ਨਗਰ ਬਹੁਤ ਛੋਟਾ ਹੈ ਤੇ ਇਨਸਾਨ ਨੂੰ ਆਪਣੀ ਪ੍ਰਤਿਭਾ ਚਮਕਾਉਣ ਲਈ ਲੋੜੀਂਦੀ ਸਿੱਖਿਆ ਜਾਂ ਸੇਧ ਨਹੀਂ ਮਿਲਦੀ ਪਰ ਫਿਰ ਵੀ ਕਲਾ ਦੇ ਖੇਤਰ ਵਿਚ ਇਸ ਪਿੰਡ ਵਿਚ ਇਕ ਅਜਿਹੇ ਨੌਜਵਾਨ ਦਾ ਜਨਮ ਹੋਇਆ ਜਿਸ ਨੇ ਕਲਾਕਾਰੀ ਦੇ ਖੇਤਰ ਵਿਚ ਹਾਸਰਸ ਦੀ ਵਿਅੰਗਮਈ ਕਲਾਕਾਰੀ ਰਾਹੀਂ ਪਿੰਡ ਦੇ ਨਾਂ ਨੂੰ ਸਾਰੀ ਦੁਨੀਆ ਵਿਚ ਚਮਕਾਰ ਦਿੱਤਾ ਹੈ । ਇਸ ਮਹਾਨ ਨਗਰ ਦੇ ਉਸ ਕਲਾਕਾਰ ਦਾ ਨਾਂ ਹਰਦੀਪ ਸਿੰਘ ਉਰਫ਼ ਕਾਸ਼ੀ ਰਾਮ ਚੰਨ ਹੈ । ਇਸ ਕਲਾਕਾਰ ਦਾ ਜਨਮ 23 ਫ਼ਰਵਰੀ, 1967 ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ ਤੇ ਪੜ੍ਹਾਈ ਵੀ ਗੋਇੰਦਵਾਲ ਤੋਂ ਹੀ ਪੂਰੀ ਕੀਤੀ ।

ਅੱਜਕਲ੍ਹ ਉਹ ਬੀ.ਐਚ.ਟੀ.ਐਲ. ਵਿਚ ਫਿਟਰ ਵਜੋਂ ਕੰਮ ਕਰ ਰਿਹਾ ਹੈ ਤੇ ਗੋਇੰਦਵਾਲ ਸਾਹਿਬ ਵਿਖੇ ਹੀ ਰਹਿ ਰਿਹਾ ਹੈ । ਉਹ ਸੱਤ ਅੱਠ ਸਾਲ ਦੀ ਉਮਰ ਤੋਂ ਹੀ ਕਲਾਕਾਰੀ ਦੇ ਖੇਤਰ ਨਾਲ ਜੁੜਿਆ ਹੋਇਆ ਹੈ । ਇਸ ਇਲਾਕੇ ਵਿਚ ਕਮਿਊਨਿਸਟ ਡਰਾਮੇ ਆਦਿ ਖੇਡਿਆ ਕਰਦੇ ਸਨ ਤੇ ਇਹ ਉਹਨਾਂ ਡਰਾਮਿਆਂ ਵਿਚ ਔਰਤ ਦਾ ਰੋਲ ਅਦਾ ਕਰਦਾ ਸੀ । ਇਹਨਾਂ ਡਰਾਮਿਆਂ ਵਿਚ ਕੰਮ ਕਰਦਿਆਂ ਹੋਇਆਂ ਉਸਦੀ ਪ੍ਰਤਿਭਾ ਵਿਚ ਕਾਫ਼ੀ ਨਿਖਾਰ ਆ ਗਿਆ ਤੇ 1987 ਤੋਂ ਉਸ ਨੇ ਦੂਰਦਰਸ਼ਨ ਦੇ ਜਵਾਤਰੰਗ ਪ੍ਰੋਗਰਾਮ ਵਿਚ ਹਿੱਸਾ ਲੈਣਾ। ਸ਼ੁਰੂ ਕਰ ਦਿੱਤਾ । ਦੂਰਦਰਸ਼ਨ ਵਿਚ ਪ੍ਰੋਗਰਾਮ ਕਰਦਿਆਂ ਹੋਇਆਂ ਉਹ ਵਿਅੰਗਮਈ ਹਾਸਰਸ ਕਲਾਕਾਰ ਸ੍ਰੀ ਘੁੱਲੇ ਸ਼ਾਹ ਦੇ ਸੰਪਰਕ ਵਿਚ ਆ ਗਿਆ ।

ਉਹ ਘੁੱਲੇ ਸ਼ਾਹ ਨਾਲ ਰਲਕੇ ਅਨੇਕਾਂ ਪ੍ਰੋਗਰਾਮ ਕਰ ਚੁੱਕਾ ਹੈ ਤੇ ਘੁੱਲੇ ਸ਼ਾਹ ਨਾਲ ਉਸਦੀਆਂ ਕਈ ਵੀ.ਸੀ.ਡੀ. ਕੈਸਟਾਂ ਬਜ਼ਾਰ ਵਿਚ ਆ ਚੁੱਕੀਆਂ ਹਨ ਜਿਵੇਂ ਘੁੱਲੇ ਸ਼ਾਹ ਦਾ ਠਾਕਾ, ਉਹ ਘੁੱਲੇ ਸ਼ਾਹ ਆਦਿ । ‘ਉਹ ਘੁੱਲੇ ਸ਼ਾਹ’ ਕੈਸਟ 2000 ਵਿਚ ਐਮ ਕੇ ਅੰਮਿ੍ਤਸਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੀਲੀਜ਼ ਕੀਤੀ ਸੀ । ਇਹ ਕੈਸੇਂਟ ਕਰੀਏਟਰ ਕੰਪਨੀ ਵੱਲੋਂ ਤਿਆਰ ਕੀਤੀ ਗਈ ਸੀ । ਉਹ ਸਮਾਜਿਕ ਬੁਰਾਈਆਂ ਨੂੰ ਵਿਅੰਗ ਰਾਹੀਂ ਲੋਕਾਂ ਸਾਹਮਣੇ ਪੇਸ਼ ਕਰਕੇ ਇਹਨਾਂ ਤੋਂ ਲੋਕਾਂ ਦਾ ਖਹਿੜਾ ਛੁਡਾਉਣਾ ਚਾਹੁੰਦੇ ਹਨ ਤੇ ਨਾਲ ਹੀ ਪੰਜਾਬੀ ਸੱਭਿਆਚਾਰ ਨੂੰ ਅਸ਼ਲੀਲਤਾ ਦੀ ਲਾਹਨਤ ਤੋਂ ਬਚਾਉਣ ਲਈ ਯਤਨਸ਼ੀਲ ਹਨ।

ਸ਼੍ਰੀ ਕਾਸ਼ੀ ਰਾਮ ਚੰਨ ਕਲਾਕਾਰੀ ਦੇ ਖੇਤਰ ਵਿਚ ਬਹੁਤ ਹੀ ਮਿਹਨਤ ਤੇ ਲਗਨ ਨਾਲ ਕੰਮ ਕਰ ਰਹੇ ਹਨ ਤੇ ਹੁਣ ਤਕ ਗਦਰ ਅਵਾਰਡ, ਨੰਦ ਲਾਲ ਨੂਰਪੁਰੀ ਅਵਾਰਡ, ਰਫ਼ੀ ਅਵਾਰਡ ਨਾਲ ਸਨਮਾਨਿਤ ਹੋ ਚੁੱਕੇ ਹਨ । ਇਸ ਤੋਂ ਇਲਾਵਾ ਹੋਰ ਕਈ ਸਭਾ ਸੁਸਾਇਟੀਆਂ ਉਹਨਾਂ ਦੀ ਕਲਾਕਾਰੀ ਦੀ ਕਦਰ ਕਰਦੀਆਂ ਹੋਈਆਂ ਉਹਨਾਂ ਨੂੰ ਸਨਮਾਨਿਤ ਕਰ ਚੁੱਕੀਆਂ ਹਨ । ਜਗਤ ਪ੍ਰਸਿੱਧ ਹਾਸਰਸ ਕਲਾਕਾਰ ਸ੍ਰੀ ਘੁੱਲੇ ਸ਼ਾਹ ਨੂੰ ਉਹ ਆਪਣਾ ਗੁਰੂ ਮੰਨਦੇ ਹਨ ।

ਸਾਜ਼ ਸੰਗੀਤ ਤੇ ਰਾਗ ਵਿਦਿਆ ਦੇ ਮਾਹਿਰ

ਭਾਈ ਸਵਰਨ ਸਿੰਘ :

ਭਾਵੇਂ ਇਸ ਨਗਰ ਵਿਚ ਸਾਜ਼ ਸੰਗੀਤ ਤੇ ਰਾਗ ਵਿਦਿਆ ਦੀ ਸਿਖਲਾਈ ਲਈ ਕੋਈ ਸੰਸਥਾ ਨਹੀਂ ਪਰ ਗੁਰੂ ਅਮਰਦਾਸ ਜੀ ਦੀ ਮਿਹਰ ਸਦਕਾ ਇਸ ਪਿੰਡ ਦੇ ਜੰਮਪਲ ਭਾਈ ਸਵਰਨ ਸਿੰਘ ਨੇ ਇਸ ਖੇਤਰ ਵਿਚ ਬਹੁਤ ਹੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ । ਉਹ ਪੱਕੇ ਰਾਗਾਂ ਵਿਚ ਬਹੁਤ ਹੀ ਵਧੀਆ ਕੀਰਤਨ ਕਰਦੇ ਹਨ ਤੇ ਅੱਜਕਲ੍ਹ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਹਜ਼ੂਰੀ ਰਾਗੀ ਵਜੋਂ ਸੇਵਾ ਕਰ ਰਹੇ ਹਨ । 1956 ਵਿਚ ਸਰਦਾਰ ਨਾਰਾਇਣ ਸਿੰਘ ਦੇ ਘਰ ਜਨਮੇ ਭਾਈ ਸਵਰਨ ਸਿੰਘ ਬੀਮਾਰ ਹੋਣ ਕਾਰਨ ਪੰਜਵੀਂ ਤੋਂ ਅੱਗੇ ਨਾ ਪੜ੍ਹ ਸਕੇ ਤੇ ਰਾਗ ਵਿਦਿਆ ਸਿੱਖਣ ਲਈ 1972 ਵਿਚ ਆਪਣੇ ਭਣਵੱਈਏ ਕੋਲ ਲੁਧਿਆਣੇ ਚਲੇ ਗਏ । ਇਹਨਾਂ ਦੇ ਭਣਵੱਈਆ ਰਾਗ ਵਿਦਿਆ ਵਿਚ ਬਹੁਤ ਹੀ ਮਾਹਿਰ ਸਨ ਤੇ ਉਚਕੋਟੀ ਦਾ ਕੀਰਤਨ ਕਰਦੇ ਸਨ । ਉਥੇ ਰਹਿੰਦਿਆਂ ਹੋਇਆਂ ਇਹ ਰਾਗ ਵਿਦਿਆ ਵਿਚ ਬਹੁਤ ਹੀ ਨਿਪੁੰਨ ਹੋ ਗਏ ਤੇ ਗੁਰਦੁਆਰਾ ਕਲਗੀਧਰ, ਦੂਖਨਿਵਾਰਨ ਸਾਹਿਬ, ਮਾਡਲ ਗਰਾਮ ਤੇ ਹੋਰ ਵੱਡੇ-2 ਗੁਰਦੁਆਰਿਆਂ ਵਿਚ ਕੀਰਤਨ ਦੀ ਸੇਵਾ ਕਰਕੇ ਮੁਹਾਰਤ ਹਾਸਲ ਕਰਦੇ ਰਹੇ । 1979 ਵਿਚ ਮੁੰਬਈ ਚਲੇ ਗਏ ਕੁਝ ਦਿਨ ਵੱਖ-2 ਗੁਰਦੁਆਰਿਆਂ ਵਿਚ ਕੀਰਤਨ ਕਰਨ ਮਗਰੋਂ ਗੁਰਦੁਆਰਾ ਦਸਮੇਸ਼ ਨਗਰ ਕੋਲੀ ਵਾੜਾ, ਤੇਗ ਬਹਾਦਰ ਨਗਰ ਵਿਚ ਕੀਰਤਨ ਦੀ ਸੇਵਾ ਲੈ ਲਈ । ਇਕ ਸਾਲ ਬਾਅਦ ਵਾਪਸ ਲੁਧਿਆਣੇ ਆ ਗਏ ਤੇ ਇੱਥੇ ਕੀਰਤਨ ਰਾਹੀਂ ਸੰਗਤਾਂ ਦੀ ਸੇਵਾ ਕਰਦੇ ਰਹੇ । ਫਿਰ ਦਿੱਲੀ ਜਾ ਕੇ ਗੁਰਦੁਆਰਾ ਸੀਸ ਗੰਜ ਵਿਖੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ । 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਕੁਝ ਸਮਾਂ ਪਹਿਲਾਂ ਵਾਪਸ ਆਪਣੇ ਨਗਰ ਗੋਇੰਦਵਾਲ ਆ ਗਏ ਤੇ 1 ਜਨਵਰੀ, 1985 ਨੂੰ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਕੀਰਤਨ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋ ਗਿਆ । ਇਹਨਾਂ ਦਾ ਸ਼ਬਦ ਕੀਰਤਨ 1990 ਤੋਂ ਟੀ.ਵੀ. ‘ਤੇ ਰੀਲੇਅ ਹੁੰਦਾ ਆ ਰਿਹਾ ਹੈ ।

ਭਾਈ ਸਵਰਨ ਸਿੰਘ ਹੁਣ ਤਕ ਨਗਰ ਦੇ ਕਈ ਬੱਚਿਆਂ ਜਿਨ੍ਹਾਂ ਵਿਚ ਜਗਤਾਰ ਸਿੰਘ ਤੇ ਗੁਲਸ਼ਨ ਆਦਿ ਸ਼ਾਮਲ ਹਨ, ਨੂੰ ਪੱਕੇ ਰਾਗਾਂ ਵਿਚ ਕੀਰਤਨ ਕਰਨ ਲਈ ਪਰਪੱਕ ਕਰ ਚੁੱਕੇ ਹਨ । ਇਹਨਾਂ ਦਾ ਲੜਕਾ ਵੀ ਇਹਨਾਂ ਦੀ ਰਹਿਨੁਮਾਈ ਹੇਠ ਬਹੁਤ ਵਧੀਆ ਤਬਲਾ ਵਾਦਿਕ ਬਣ ਚੁੱਕਾ ਹੈ ।

ਅਖਾੜਾ ਜਾਂ ਵਿਆਮਸ਼ਾਲਾ

ਇਸ ਪਿੰਡ ਵਿਚ ਕੋਈ ਸਾਂਝਾ ਅਖਾੜਾ ਜਾਂ ਵਿਆਮਸ਼ਾਲਾ ਨਹੀਂ ਪਰ ਇੱਥੋਂ ਦੇ ਪੁਰਾਣੇ ਤੇ ਮਸ਼ਹੂਰ ਪਹਿਲਵਾਨ ਕੈਲੇ ਨੇ ਆਪਣੇ ਘਰ ਦੀ ਪੈਲੀ ਵਿਚ ਹੀ ਇਕ ਅਖਾੜਾ ਬਣਾਇਆ ਹੋਇਆ ਹੈ । ਇਸ ਅਖਾੜੇ ਵਿਚ ਉਹ ਹਰ ਰੋਜ਼ ਨੌਜਵਾਨ ਮੁੰਡਿਆਂ ਦਾ ਜ਼ੋਰ ਕਰਵਾਉਂਦਾ ਹੈ ਤੇ ਉਹਨਾਂ ਨੂੰ ਕੁਸ਼ਤੀ ਲੜਨ ਦੇ ਗੁਰ ਦੱਸਦਾ ਹੈ । ਉਸਦੇ ਦਿਲ ਅੰਦਰ ਇਹ ਚਾਹਤ ਤੇ ਤੜਪ ਹੈ ਕਿ ਉਸਦੇ ਪਿੰਡ ਦੇ ਮੁੰਡੇ ਚੰਗੇ ਪਹਿਲਵਾਨ ਬਣਕੇ ਪਿੰਡ ਦਾ ਨਾਂ ਰੌਸ਼ਨ ਕਰਨ ।

ਪਹਿਲਵਾਨ ਜਾਂ ਘੁਲਾਟੀ

ਕੈਲਾ ਪਹਿਲਵਾਨ ਗੋਇੰਦਵਾਲ ਸਾਹਿਬ ਦਾ ਜੰਮਪਲ ਹੈ ਤੇ ਪਹਿਲਵਾਨੀ ਦੇ ਖੇਤਰ ਵਿਚ ਨਾਮਣਾ ਖੱਟਣ ਕਾਰਨ ਉਸਦੀ ਪਿੰਡ ਵਿਚ ਵੱਖਰੀ ਪਹਿਚਾਣ ਹੈ । ਪਿੰਡ ਦੇ ਸਾਰੇ ਲੋਕ ਕੈਲੇ ਦਾ ਬਹੁਤ ਹੀ ਸਤਿਕਾਰ ਕਰਦੇ ਹਨ ਕਿਉਂਕਿ ਪਹਿਲਵਾਨੀ ਵਿਚ ਮੱਲਾਂ ਮਾਰਕੇ ਉਸਨੇ ਪਿੰਡ ਦਾ ਨਾਂ ਉੱਚਾ ਕੀਤਾ ਹੈ । ਜਦੋਂ ਕੈਲੇ ਨੂੰ ਮਿਲੇ ਤਾਂ ਉਸਨੇ ਦੱਸਿਆ ਕਿ ਛੋਟੀ ਉਮਰੇ ਉਹ ਬਹੁਤ ਮੋਟਾ ਸੀ ਤੇ ਹਰ ਕੋਈ ਉਸਨੂੰ ਢਾਅ ਲੈਂਦਾ ਸੀ ਜਿਸ ਕਾਰਨ ਉਸਨੂੰ ਆਪਣੇ ਪਿਤਾ ਮੰਗਲ ਸਿੰਘ ਕੋਲੋਂ ਕਾਫ਼ੀ ਬੁਰਾ ਭਲਾ ਸੁਣਨਾ ਪੈਂਦਾ ਸੀ । ਇਸ ਨਮੋਸ਼ੀ ਤੋਂ ਬਚਣ ਲਈ ਉਸ ਨੇ ਕੁਸ਼ਤੀ ਦੇ ਗੁਰ ਸਿੱਖਣ ਲਈ ਮੁੱਖੇ ਗੋਇੰਦਵਾਲੀਏ ਤੇ ਬਾਜੀਗਰ ਜੋਗਿੰਦਰ ਨੂੰ ਆਪਣਾ ਗੁਰੂ ਧਾਰ ਲਿਆ । 18 ਸਾਲ ਦੀ ਉਮਰ ਵਿਚ ਕੈਲੇ ਨੇ ਭੋਲੂ ਪਹਿਲਵਾਨ ਜਿਹੜਾ ਉਸ ਤੋਂ 10 ਸਾਲ ਵੱਡਾ ਸੀ ਤੇ ਸਵਾ ਦੋ ਮਣ ਭਾਰਾ ਸੀ, ਨਾਲ ਕੁਸ਼ਤੀ ਲੜਕੇ ਲਗਾਤਾਰ ਤਿੰਨ ਵਾਰ ਢਾਇਆ । ਸਰਦਾਰ ਬਲੀ ਸਿੰਘ ਸਾਬਕਾ ਮੈਨੇਜਰ ਗੁਰਦੁਆਰਾ ਬਾਉਲੀ ਸਾਹਿਬ ਦੇ ਕਹਿਣ ’ਤੇ ਉਹ ਕਬੱਡੀ ਵੀ ਖੇਡਦਾ ਰਿਹਾ ।

ਕੈਲੇ ਨੇ ਜੰਡਿਆਲੇ ਦੀਆਂ 20 ਦੇ ਕਰੀਬ ਛਿੰਝਾਂ ਵਿਚ ਕੁਸ਼ਤੀ ਲੜੀ ਤੇ ਬਾਬੇ ਚੇਲੇ, ਨਾਰਲੀ, ਨਾਗੋਕੇ ਤੇ ਰਾਮਪੁਰਾ ਆਦਿ ਵਿਚ ਆਪਣੀ ਪਹਿਲਵਾਨੀ ਦੇ ਚਮਤਕਾਰ ਵਿਖਾ ਕੇ ਇਲਾਕੇ ਦੇ ਲੋਕਾਂ ਤੋਂ ਵਾਹ-2 ਖੱਟੀ । ਉਸਦੇ ਦੱਸਣ ਅਨੁਸਾਰ ਪੁਰਾਣੇ ਸਮਿਆਂ ਵਿਚ ਜਿੱਤਣ ਵਾਲੇ ਪਹਿਲਵਾਨ ਨੂੰ 50 ਰੁਪਏ ਇਨਾਮ ਵਜੋਂ ਦਿੱਤੇ ਜਾਂਦੇ ਸਨ ।

ਖੇਡਾਂ

ਤੈਰਾਕੀ :

ਦਰਿਆ ਦੇ ਕਿਨਾਰੇ ਵੱਸੇ ਹੋਣ ਕਾਰਨ ਗੋਇੰਦਵਾਲ ਸਾਹਿਬ ਦੇ ਬਹੁਤ ਸਾਰੇ ਵਸਨੀਕਾਂ ਨੂੰ ਤੈਰਨਾ ਆਉਂਦਾ ਹੈ ।

ਕਬੱਡੀ :

ਇਸ ਪਿੰਡ ਵਿਚ ਕਬੱਡੀ ਦਾ ਕਾਫ਼ੀ ਸ਼ੌਂਕ ਹੈ । ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਕਬੱਡੀ ਦੀ ਬਹੁਤ ਵਧੀਆ ਟੀਮ ਹੈ। ਇਹ ਟੀਮ 2000 ਤੇ 2001 ਵਿਚ ਜ਼ਿਲ੍ਹਾ ਜੇਤੂ ਰਹਿ ਚੁੱਕੀ ਹੈ ।

ਫੁੱਟਬਾਲ :

ਇਸ ਪਿੰਡ ਦੇ ਨੌਜਵਾਨਾਂ ਅੰਦਰ ਫੁੱਟਬਾਲ ਖੇਡਣ ਦੀ ਕਾਫ਼ੀ ਦਿਲਚਸਪੀ ਹੈ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਜ਼ਿਲ੍ਹੇ ਵਿਚ ਆਪਣੀ ਹੋਂਦ ਦਾ ਵਧੀਆ ਪ੍ਰਦਰਸ਼ਨ ਕਰ ਰਹੀ ਹੈ । ਇਸ ਪਿੰਡ ਦਾ ਨੌਜਵਾਨ ਸਵਰਨਜੀਤ ਸਿੰਘ ਬਾਵਾ ਜਿਹੜਾ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਦਾ ਰਿਹਾ ਹੈ, 1997 ਦੀ ਜੂਨੀਅਰ ਫੁੱਟਬਾਲ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਪੰਜਾਬ ਵੱਲੋਂ ਖੇਡ ਚੁੱਕਾ ਹੈ । ਇਹ ਖਿਡਾਰੀ ਜੇ.ਸੀ.ਟੀ. ਮਿਲ, ਫਗਵਾੜਾ ਦੀ ਟੀਮ ਵਿਚ ਖੇਡਦਾ ਰਿਹਾ ਹੈ ।

ਕ੍ਰਿਕਟ  :

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਦੀ ਟੀਮ ਛੋਟੇ-2 ਟੂਰਨਾਮੈਂਟਾਂ ਵਿਚ ਹਿੱਸਾ ਲੈਂਦੀ ਰਹਿੰਦੀ ਹੈ । ਪਿੰਡ ਦੇ ਨੌਜਵਾਨਾਂ ਅੰਦਰ ਕ੍ਰਿਕਟ ਦੀ ਖੇਡ ਪ੍ਰਤੀ ਕਾਫ਼ੀ ਰੁਚੀ वै।

ਇਸ ਪਿੰਡ ਵਿੱਚੋਂ ਪੁਰਾਣੀਆਂ ਖੇਡਾਂ ਜਿਵੇਂ ਗੁੱਲੀ ਡੰਡਾ, ਕੋਟਲਾ ਛਪਾਕੀ, ਖਿੱਦੋ ਖੂੰਡੀ, ਲੁਕਣ ਮੀਚੀ, ਪਿੱਠੂ ਗਰਮ ਤੇ ਜੰਡ ਬ੍ਰਾਹਮਣ ਆਦਿ ਲੱਗਭਗ ਅਲੋਪ ਹੀ ਹੋ ਚੁੱਕੀਆਂ ਹਨ ਤੇ ਇਹਨਾਂ ਦੀ ਜਗ੍ਹਾ ਹੁਣ ਖੋ-ਖੋ ਤੇ ਅਥਲੈਟਿਕਸ ਆਦਿ ਨੇ ਲੈ ਲਈ ਹੈ। ਇਸ ਪਿੰਡ ਦੇ ਜੰਮਪਲ ਸ. ਕ੍ਰਿਪਾਲ ਸਿੰਘ ਜਿਹੜੇ ਸੀ.ਆਰ.ਪੀ.ਐਫ. ‘ਚੋਂ ਕਮਾਂਡੈਂਟ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ 5000 ਤੇ 10000 ਮੀਟਰ ਦੌੜਾਂ ਦੇ ਨੈਸ਼ਨਲ ਚੈਂਪੀਅਨ ਰਹੇ ਹਨ ।

ਸਭ ਤੋਂ ਬਿਰਧ ਵਿਅਕਤੀ ਨਾਲ ਮੁਲਾਕਾਤ (ਸਾਲ 2004 ਅਨੁਸਾਰ)

ਲੋਕਾਂ ਕੋਲੋਂ ਪੁਛ-ਗਿੱਛ ਕਰਨ ‘ਤੇ ਪਤਾ ਚੱਲਿਆ ਕਿ ਮਿਸਤਰੀ ਦਿਆਲ ਸਿੰਘ ਸਪੁੱਤਰ ਭਗਵਾਨ ਸਿੰਘ ਇਸ ਨਗਰ ਦੇ ਸਭ ਤੋਂ ਬਿਰਧ ਵਿਅਕਤੀ ਹਨ। ਉਹਨਾਂ ਦੇ ਘਰ ਦਾ ਪਤਾ ਕਰਨ ਮਗਰੋਂ ਉਧਰ ਜਾ ਰਹੇ ਸਾਂ ਕਿ ਬਜ਼ੁਰਗ ਇਕ ਦੁਕਾਨ ਵਿਚ ਬੈਠੇ ਹੋਏ ਮਿਲ ਗਏ । ਜਦ ਬਜ਼ੁਰਗ ਨੂੰ ਉਹਨਾਂ ਨਾਲ ਮੁਲਾਕਾਤ ਬਾਰੇ ਦੱਸਿਆ ਤਾਂ ਉਹ ਬਹੁਤ ਖੁਸ਼ ਹੋਏ । ਉਹਨਾਂ ਦੀ ਉਮਰ ਬਾਰੇ ਪੁੱਛਿਆ ਤਾਂ ਕਹਿਣ ਲੱਗੇ ਕਿ ਉਹ 1906-07 ਦੇ ਆਸ ਪਾਸ ਪੈਦਾ ਹੋਏ। ਸਨ । ਉਹਨਾਂ ਦੀ ਸਿਹਤ ਅਜੇ ਵੀ ਚੰਗੀ ਹੈ ਪਰ ਕੰਨਾਂ ਤੋਂ ਕੁਝ ਉੱਚੀ ਸੁਣਦੇ ਹਨ ਤੇ ਅੱਖਾਂ ਵੀ ਥੋੜ੍ਹੀਆਂ ਕਮਜ਼ੋਰ ਹੋ ਗਈਆਂ ਹਨ । ਉਹਨਾਂ ਦੀ ਪੜ੍ਹਾਈ ਬਾਰੇ ਗੱਲ ਕੀਤੀ ਤਾਂ ਕਹਿਣ ਲੱਗੇ “ਮੈਂ ਨੌਵੀਂ ‘ਚੋਂ ਪੜ੍ਹਨੋਂ ਹਟਿਆ ਸੀ । 1916 ਵਿਚ ਪਿੰਡ ਦੇ ਸਰਕਾਰੀ ਸਕੂਲ ਵਿਚ ਦਾਖਲ ਹੋਇਆ ਸੀ ਤੇ ਇੱਥੋਂ ਤਿੰਨ ਜਮਾਤਾਂ ਪਾਸ ਕੀਤੀਆਂ । ਖੁਆਸਪੁਰ ਦੇ ਮੁਨਸ਼ੀ ਹਰੀ ਰਾਮ ਸਾਡੇ ਮਾਸਟਰ ਸਨ । 1919 ਦੇ ਆਸ ਪਾਸ ਸਾਡਾ ਪਰਿਵਾਰ ਫਰੀਦਕੋਟ ਚਲਿਆ ਗਿਆ। ਕਿਉਂਕਿ ਪਿਤਾ ਜੀ ਉਥੇ ਇਮਾਰਤੀ ਲੱਕੜੀ ਦਾ ਕੰਮ ਕਰਦੇ ਸਨ । ਮੈਂ 1924 ਵਿਚ ਨੌਵੀਂ ‘ਚੋਂ ਪੜਦਿਆਂ ਹੋਇਆਂ ਪੜ੍ਹਾਈ ਛੱਡ ਦਿੱਤੀ ਤੇ ਲੱਕੜੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ । 1925-26 ਵਿਚ ਸਾਡਾ ਪਰਿਵਾਰ ਵਾਪਿਸ ਗੋਇੰਦਵਾਲ ਆ ਗਿਆ । ਬਜ਼ੁਰਗ ਦੇ ਦੱਸਣ ਅਨੁਸਾਰ ਉਹ ਅੰਗਰੇਜ਼ੀ, ਫਾਰਸੀ, ਉਰਦੂ ਤੇ ਪੰਜਾਬੀ ਪੜ੍ਹੇ ਹੋਏ ਹਨ । ਪੰਜਾਬੀ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਪੜ੍ਹਾਈ ਜਾਂਦੀ ਸੀ ।

ਜਦ ਬਜ਼ੁਰਗ ਨੂੰ ਕਿਸੇ ਦੁਰਘਟਨਾ ਜਾਂ ਬਿਮਾਰੀ ਬਾਰੇ ਪੁੱਛਿਆ ਤਾਂ ਕਹਿਣ ਲੱਗੇ “1914-15 ਵਿਚ ਇਸ ਇਲਾਕੇ ਵਿਚ ਪਲੇਗ ਦੀ ਭਿਆਨਕ ਬੀਮਾਰੀ ਫੈਲ ਗਈ ਸੀ ਜਿਸ ਨਾਲ ਅਨੇਕਾਂ ਲੋਕ ਮੌਤ ਦਾ ਸ਼ਿਕਾਰ ਹੋ ਗਏ ਸਨ ।”

ਬਾਬਾ ਜੀ ਇਮਾਰਤੀ ਲੱਕੜੀ ਦਾ ਕਾਰੋਬਾਰ ਕਰਨ ਲਈ ਤੁਸੀਂ ਕਿਤੇ ਬਾਹਰ ਵੀ ਗਏ ?

ਬਜ਼ੁਰਗ ਨੇ ਦੱਸਿਆ ਕਿ ਉਹ ਲੱਕੜੀ ਦਾ ਕੰਮ ਅੰਗਰੇਜ਼ਾਂ ਤੇ ਬੰਗਾਲੀਆਂ ਨਾਲ ਮਿਲਕੇ ਕਰਦੇ ਰਹੇ ਤੇ ਕੁਝ ਚਿਰ ਲਾਹੌਰ, ਕੋਇਟਾ, ਪੇਸ਼ਾਵਰ ਤੇ ਅੰਮ੍ਰਿਤਸਰ ਵੀ ਉਹਨਾਂ ਇਹ ਕੰਮ ਕੀਤਾ । ਜਦੋਂ ਉਹਨਾਂ ਨੂੰ ਇਹ ਪੁੱਛਿਆ ਕਿ ਗੋਇੰਦਵਾਲ ਸਾਹਿਬ ਬੱਸ ਕਦੋਂ ਆਈ ਤਾਂ ਉਹਨਾਂ ਦੱਸਿਆ “1927-28 ਦੇ ਦਰਮਿਆਨ ਦੋ ਬੱਸਾਂ ਅੰਮ੍ਰਿਤਸਰੋਂ ਤਰਨਤਾਰਨ ਦੇ ਰਸਤੇ ਇੱਥੇ ਆਉਣੀਆਂ ਸ਼ੁਰੂ ਹੋਈਆਂ ।” ਅੰਮ੍ਰਿਤਸਰੋਂ, ਲਾਹੌਰ ਤੇ ਪੇਸ਼ਾਵਰ ਦੇ ਸਫਰ ਬਾਰੇ ਪੁੱਛਿਆ ਤਾਂ ਕਹਿਣ ਲੱਗੇ “ਉਹਨਾਂ ਦਿਨਾਂ ਵਿਚ ਅੰਮ੍ਰਿਤਸਰ ਤੋਂ ਲਾਹੌਰ ਦਾ ਰੇਲ ਦਾ ਕਿਰਾਇਆ ਅੱਠ ਆਨੇ ਸੀ । ਲਾਹੌਰ ਤੋਂ ਪੇਸ਼ਾਵਰ ਦੇ 5 ਰੁਪਏ ਲਗਦੇ ਸਨ ।”

ਮਿਸਤਰੀ ਦਿਆਲ ਸਿੰਘ ਵਿਆਹੇ ਹੋਏ ਹਨ ਪਰ ਉਹਨਾਂ ਦੀ ਕੋਈ ਔਲਾਦ ਨਹੀਂ ਹੈ।

ਪਿੰਡ ਦੀ ਆਬਾਦੀ ਬਾਰੇ ਪੁੱਛਿਆ ਤਾਂ ਕਹਿਣ ਲੱਗੇ “ਪਾਕਿਸਤਾਨ ਬਣਨ ਤੋਂ ਪਹਿਲਾਂ ਪਿੰਡ ਦੀ ਆਬਾਦੀ 900-1000 ਦੇ ਕਰੀਬ ਸੀ ਜਿਸ ਵਿਚ 400 ਦੇ ਕਰੀਬ ਮੁਸਲਮਾਨ ਸਨ । ਪਕਿਸਤਾਨ ਬਣਨ ਮਗਰੋਂ ਮੁਸਲਮਾਨ ਪਿੰਡੀਆਂ ਪਿੰਡ ਵਿਚ ਇਕੱਠੇ ਹੋ ਕੇ ਕਾਫਲਿਆਂ ਰਾਹੀਂ ਪਾਕਿਸਤਾਨ ਚਲੇ ਗਏ । ਮਰਵਾਹੇ, ਬਾਵੇ ਤੇ ਤਰੇਹਨ ਵੀ ਪਿੰਡ ਛੱਡਕੇ ਦੇਸ਼ ਦੇ ਦੂਸਰੇ ਸ਼ਹਿਰਾਂ ਵਿਚ ਚਲੇ ਗਏ ।

ਖੇਡਾਂ ਬਾਰੇ ਬਜ਼ੁਰਗ ਨੂੰ ਪੁੱਛਿਆ ਤਾਂ ਕਹਿਣ ਲੱਗੇ ” ਪੁਰਾਣੇ ਜ਼ਮਾਨੇ ਵਿਚ ਜਦੋਂ ਬੱਚੇ ਸਾਂ ਤਾਂ ਗੁੱਲੀ ਡੰਡਾ ਖੇਡਿਆ ਕਰਦੇ ਸਾਂ ਬਾਅਦ ਵਿਚ ਕੁਸ਼ਤੀ ਦਾ ਸ਼ੌਂਕ ਪੈ ਗਿਆ ।” ਮਨੋਰੰਜਨ ਦੀ ਗੱਲ ਕਰਦਿਆਂ ਉਹਨਾਂ ਦੱਸਿਆ ਕਿ “ਲੋਹੜੀ ਦੇ ਤਿਉਹਾਰ ਸਮੇਂ ਪਿੰਡ ਵਿਚ ਰਾਸ ਪੈਂਦੀ ਸੀ ਤੇ ਕਈ ਦਿਨ ਰੌਣਕਾਂ ਲੱਗਦੀਆਂ ਰਹਿੰਦੀਆਂ ਸਨ । ਇਹ ਗੱਲ 1933-34 ਦੀ ਹੈ ।” ਅੱਜ ਦੇ ਜ਼ਮਾਨੇ ਬਾਰੇ ਗੱਲ ਕਰਦਿਆਂ ਹੋਇਆਂ ਕਹਿਣ ਲੱਗੇ “ਮਹਿੰਗਾਈ ਬਹੁਤ ਵੱਧ ਗਈ ਹੈ ਜਿਸ ਕਾਰਨ ਆਮ ਆਦਮੀ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਆਪਣੀ ਗੱਲ ਨੂੰ ਅੱਗੇ ਤੋਰਦਿਆਂ ਹੋਇਆਂ ਕਹਿਣ ਲੱਗੇ “1933-34 ਵਿਚ ਮੈਂ 21 ਗਜ ਮਲਮਲ ਦਾ ਥਾਨ 7 ਰੁਪੈ ਵਿਚ ਖਰੀਦਿਆ ਸੀ ।”

ਅੱਜਕਲ੍ਹ ਦੀਆਂ ਸੁਖ ਸਹੂਲਤਾਂ ਦੀ ਗੱਲ ਚੱਲੀ ਤਾਂ ਕਹਿਣ ਲੱਗੇ “ਪਿਛਲੇ ਸਮਿਆਂ ਦੇ ਮੁਕਾਬਲੇ ਆਵਾਜਾਈ ਦੇ ਸਾਧਨ ਬਹੁਤ ਵਧੀਆ ਹੋ ਗਏ ਹਨ, ਪਹਿਲਾਂ ਤਾਂ ਤੁਰ- ਤੁਰ ਕੇ ਹੀ ਮਰ ਜਾਈਦਾ ਸੀ ।”

ਆਪਣਾ ਸਮਾਂ ਕਿਵੇਂ ਬਤੀਤ ਕਰਦੇ ਹੋ ਮੈਂ ਪੁੱਛਿਆ ? ਉਹ ਕਹਿਣ ਲੱਗੇ “ਮੈਂ ਆਪਣਾ ਸਮਾਂ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਜੋੜਿਆਂ ਤੇ ਸਾਇਕਲਾਂ ਦੀ ਸੇਵਾ ਕਰਕੇ ਬਤੀਤ ਕਰਦਾ ਹਾਂ । ਪਹਿਲਾਂ ਰੇਡਿਉ ਸੁਣਦਾ ਸਾਂ ਪਰ ਹੁਣ ਨਹੀਂ ।”

ਅਖੀਰ ‘ਤੇ ਮੈਂ ਬਾਬਾ ਜੀ ਦਾ ਧੰਨਵਾਦ ਕੀਤਾ ਤੇ ਸਤਿ ਸ੍ਰੀ ਅਕਾਲ ਬੁਲਾ ਕੇ ਅੱਗੇ ਚੱਲ ਪਏ ।

ਗੋਇੰਦਵਾਲ ਸਾਹਿਬ ਦਾ ਇਤਿਹਾਸ | Goindwal Sahib History |

ਵਹਿਮ ਭਰਮ ਤੇ ਧਾਰਮਿਕ ਵਿਸ਼ਵਾਸ

ਹਰ ਇਲਾਕੇ ਦੇ ਲੋਕਾਂ ਵਿਚ ਕੁਝ ਸਥਾਨਕ ਵਹਿਮ ਭਰਮ ਤੇ ਧਾਰਮਿਕ ਵਿਸ਼ਵਾਸ ਹੁੰਦੇ ਹਨ ਤੇ ਇਸ ਤਰ੍ਹਾਂ ਦੇ ਕੁਝ ਵਹਿਮ ਭਰਮ ਤੇ ਧਾਰਮਿਕ ਵਿਸ਼ਵਾਸ ਇਸ ਨਗਰ ਵਿਚ ਵੀ ਚੱਲਤ ਹਨ ।

  1. ਗੁਰਦੁਆਰਾ ਦਮਦਮਾ ਸਾਹਿਬ ਵਿਚ ਲੋਕਾਂ ਦਾ ਬਹੁਤ ਵਿਸ਼ਵਾਸ ਹੈ, ਇਸ ਲਈ ਉਹ ਬੱਚਿਆਂ ਨੂੰ ਉਥੇ ਲਿਜਾ ਕੇ ਸਰੋਵਰ ਵਿਚ ਇਸ਼ਨਾਨ ਕਰਵਾਉਂਦੇ ਹਨ, ਫਿਰ ਗੁਰਦੁਆਰਾ ਸਾਹਿਬ ਵਿਚ ਮਿੱਟੀ ਦੀ ਭੜੋਲੀ, ਝਾੜੂ ਤੇ ਲੂਣ ਝੜਾ ਕੇ ਬੱਚੇ ਦਾ ਮੱਥਾ ਟਿਕਵਾਉਂਦੇ ਹਨ । ਲੋਕਾਂ ਦਾ ਧਾਰਮਿਕ ਵਿਸ਼ਵਾਸ ਹੈ ਕਿ ਅਜਿਹਾ ਕਰਨ ਨਾਲ ਬੱਚਿਆਂ ਦੀ ਸੋਕੜੇ ਦੀ ਬੀਮਾਰੀ ਦੂਰ ਹੋ ਜਾਂਦੀ ਹੈ ਤੇ ਫੋੜੇ, ਫਿਨਸੀਆਂ ਅਤੇ ਮੌਹਕੇ ਆਦਿ ਵੀ ਖਤਮ ਹੋ ਜਾਂਦੇ ਹਨ ।
  2. ਕਿਸੇ ਬੱਚੇ ਨੂੰ ਮਾਤਾ ਨਿਕਲ ਆਵੇ ਤਾਂ ਉਸਨੂੰ ਮੰਗਲਵਾਰ ਮਾਤਾ ਚਿੰਤਪੁਰਨੀ ਦੇ ਮੰਦਰ ਲਿਜਾ ਕੇ ਕੱਚੀ ਲੱਸੀ ਪਾਈ ਜਾਂਦੀ ਹੈ । ਲੋਕਾਂ ਦਾ ਵਿਸ਼ਵਾਸ ਹੈ ਕਿ ਅਜਿਹਾ ਕਰਨ ਨਾਲ ਮਾਤਾ ਦੀ ਕਰੋਪੀ ਖਤਮ ਹੋ ਜਾਂਦੀ ਹੈ ਤੇ ਬੱਚਾ ਠੀਕ ਹੋ ਜਾਂਦਾ ਹੈ ।
  3. ਬਾਉਲੀ ਸਾਹਿਬ ਦੀਆਂ ਚੌਰਾਸੀ ਪੌੜੀਆਂ ਹਨ ਤੇ ਸ਼ਰਧਾਲੂ ਹਰੇਕ ਪੌੜੀ ‘ਤੇ ਬੈਠ ਕੇ ਜਪੁਜੀ ਸਾਹਿਬ ਦਾ ਪਾਠ ਕਰਨ ਉਪਰੰਤ ਹਰ ਵਾਰੀ ਇਸ਼ਨਾਨ ਕਰਦੇ ਹੋਏ ਅਗਲੀਆਂ ਪੌੜੀਆਂ ਤੇ ਤੁਰੇ ਜਾਂਦੇ ਹਨ । ਲੋਕਾਂ ਵਿਚ ਇਹ ਧਾਰਮਿਕ ਵਿਸ਼ਵਾਸ ਹੈ ਕਿ ਚੌਰਾਸੀ ਪੌੜੀਆਂ ‘ਤੇ ਬੈਠ ਕੇ ਜਪੁਜੀ ਸਾਹਿਬ ਦਾ ਪਾਠ ਕਰਕੇ ਹਰ ਵਾਰੀ ‘ਇਸ਼ਨਾਨ ਕਰਨ ਨਾਲ ਚੌਰਾਸੀ ਲੱਖ ਜੂਨਾਂ ਦੇ ਗੇੜ ਤੋਂ ਮੁਕਤੀ ਮਿਲ ਜਾਂਦੀ ਹੈ ।
  4. ਇੱਥੋਂ ਦੇ ਲੋਕਾਂ ਅਨੁਸਾਰ ਨਗਰ ਵੱਸਣ ਤੋਂ ਪਹਿਲਾਂ ਹਰ ਸਾਲ ਇੱਥੇ ਦਰਿਆ ਵਿਚ ਡੁਬਕੇ ਇਕ ਬੰਦਾ ਜ਼ਰੂਰ ਮਰਦਾ ਸੀ ਤੇ ਅੱਜਕਲ੍ਹ ਵੀ ਮਰ ਰਿਹਾ ਹੈ । ਸੱਤ ਅੱਠ ਸਾਲ ਤਕ ਇੱਥੇ ਕੋਈ ਵੀ ਦਰਿਆ ਵਿਚ ਡੁਬਕੇ ਨਾ ਮਰਿਆ ਤਾਂ 1996 ਵਿਚ ਬੇੜੀ ਉਲਟਣ ਨਾਲ ਇਕੱਠੇ ਹੀ ਅੱਠ ਬੱਚੇ ਮਰ ਗਏ ।
  5. ਇੱਥੇ ਗੁਰਦੁਆਰਾ ਚੁਬਾਰਾ ਸਾਹਿਬ ਵਿਖੇ ਇਕ ਜਗ੍ਹਾ ਬਣੀ ਹੋਈ ਹੈ ਜਿੱਥੇ ਬੈਠ ਕੇ ਭਾਈ ਲਾਲੋ ਜੀ ਤਈਏ ਤਾਪ ਦਾ ਇਲਾਜ ਕਰਿਆ ਕਰਦੇ ਸਨ। ਅੱਜਕਲ੍ਹ ਤਈਏ ਤਾਪ ਦੇ ਮਰੀਜ਼ ਇਸ ਜਗ੍ਹਾ ‘ਤੇ ਗੁੜ ਚੜ੍ਹਾ ਕੇ ਮੱਥਾ ਟੇਕਦੇ ਹਨ ਤੇ ਉਹਨਾਂ ਦਾ ਵਿਸ਼ਵਾਸ ਹੈ ਕਿ ਅਜਿਹਾ ਕਰਨ ਨਾਲ ਤਈਆ ਤਾਪ ਉਤਰ ਜਾਂਦਾ ਹੈ ।

 

ਰਸਮਾਂ ਰੀਤਾਂ ਦਾ ਵੇਰਵਾ

ਇਸ ਨਗਰ ਵਿਚ ਜੰਮਣ, ਮਰਨ, ਮੁੰਡਨ ਤੇ ਵਿਆਹ ਆਦਿ ਦੀਆਂ ਰਸਮਾਂ ਆਮ ਹਿੰਦੂਆਂ ਸਿੱਖਾਂ ਵਾਲੀਆਂ ਹੀ ਹਨ ।

ਜਨਮ ਸਬੰਧੀ ਰਸਮਾਂ :

ਗੁੜਤੀ :

ਨਵ ਜੰਮੇ ਬੱਚੇ ਨੂੰ ਘਰ ਦੀ ਕੋਈ ਸਿਆਣੀ ਔਰਤ ਸ਼ਹਿਦ ਚਟਾ ਦਿੰਦੀ ਹੈ । ਇਸ ਰਸਮ ਨੂੰ ਗੁੜਤੀ ਆਖਿਆ ਜਾਂਦਾ ਹੈ । ਪੰਜਾਬੀ ਸਮਾਜ ਵਿਚ ਗੁੜਤੀ ਦੀ ਬੜੀ ਮਹੱਤਤਾ ਹੈ ।

ਦੁੱਧ ਧੁਆਈ :

ਨਵੇਂ ਜੰਮੇ ਬੱਚੇ ਨੂੰ ਸ਼ਹਿਦ ਚਟਾਉਣ ਤੋਂ ਕੁਝ ਚਿਰ ਬਾਅਦ ਬੱਚੇ ਦੀ ਮਾਂ ਦੇ ਦੁੱਧ ਧੋਤੇ ਜਾਂਦੇ ਹਨ । ਗੰਗਾ ਜਲ ਤੇ ਸਾਦੇ ਪਾਣੀ ਨੂੰ ਕਿਸੇ ਬਰਤਨ ਵਿਚ ਮਿਲਾਕੇ ਕੁਆਰੀ ਕੁੜੀ ਕੋਲੋਂ ਘਾਹ ਦੀਆਂ ਤਿੜਾਂ ਨਾਲ ਬੱਚੇ ਦੀ ਮਾਂ ਦੇ ਦੁੱਧ ਧੁਆਏ ਜਾਂਦੇ ਹਨ । ਇਹ ਰਸਮ ਕਰਨ ਵਾਲੀ ਕੁੜੀ ਨੂੰ ਕੁਝ ਪੈਸੇ ਵੀ ਦਿੱਤੇ ਜਾਂਦੇ ਹਨ । ਆਮ ਤੌਰ ਤੇ ਇਹ ਰਸਮ ਨਣਾਨ ਹੀ ਕਰਦੀ ਹੈ। ਇਸ ਰਸਮ ਤੋਂ ਬਾਅਦ ਬੱਚੇ ਨੂੰ ਦੁੱਧ ਦੇਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ।

ਚੌਂਕੇ ਚਾੜ੍ਹਨਾ :

ਬੱਚੇ ਦੇ ਜੰਮਣ ਤੋਂ 13 ਦਿਨਾਂ ਬਾਅਦ ਮਾਂ ਨੂੰ ਇਸ਼ਨਾਨ ਕਰਵਾ ਕੇ ਚੌਂਕੇ ਚੜਾ ਦਿੱਤਾ ਜਾਂਦਾ ਹੈ । ਇਸ ਦਿਨ ਬ੍ਰਾਹਮਣ ਨੂੰ ਭੋਜਨ ਛਕਾਇਆ ਜਾਂਦਾ ਹੈ । ਸਿੱਖਾਂ ਵਿਚ ਵੀ ਇਸ ਦਿਨ ਭਾਈ ਨੂੰ ਸੱਦਕੇ ਭੋਜਨ ਛਕਾਇਆ ਜਾਂਦਾ ਹੈ ।

ਬਾਹਰ ਵਧਾਉਣਾ :

ਜਦੋਂ ਬੱਚਾ ਸਵਾ ਮਹੀਨੇ ਦਾ ਹੋ ਜਾਂਦਾ ਹੈ ਤਾਂ ਉਸ ਦਿਨ ਭੋਜਨ ਛਕਾਇਆ ਜਾਂਦਾ ਹੈ ਤੇ ਫਿਰ ਬੱਚੇ ਨੂੰ ਕਿਤੇ ਵੀ ਬਾਹਰ ਲਿਜਾਣ ਦੀ ਖੁੱਲ੍ਹ ਹੋ ਜਾਂਦੀ ਹੈ।

ਤੜਾਗੀ ਬੰਨ੍ਹਣੀ :

ਬੱਚੇ ਦੇ ਜੰਮਣ ਤੋਂ 40 ਦਿਨਾਂ ਬਾਅਦ ਉਸ ਦੇ ਲੱਕ ਨਾਲ ਕਾਲੇ ਰੰਗ ਦਾ ਧਾਗਾ ਬੰਨ੍ਹ ਦਿੱਤਾ ਜਾਂਦਾ ਹੈ । ਇਸ ਨੂੰ ਤੜਾਗੀ ਆਖਦੇ ਹਨ ।

ਝੱਗੀ ਪਾਉਣੀ :

ਨਵ ਜੰਮਿਆ ਬੱਚਾ ਜਦੋਂ 6 ਮਹੀਨਿਆਂ ਦਾ ਹੋ ਜਾਂਦਾ ਹੈ ਤਾਂ ਉਸ ਨੂੰ ਮੰਦਰ ਲਿਜਾ ਕੇ ਝੱਗੀ ਪੁਆਈ ਜਾਂਦੀ ਹੈ ।

ਗਿਲਤੀ ਬੰਨ੍ਹਣੀ :

ਇੱਥੇ ਖੱਤਰੀਆਂ, ਬ੍ਰਾਹਮਣਾਂ ਵਿਚ 6 ਮਹੀਨੇ ਦੇ ਹਰ ਬੱਚੇ ਨੂੰ ਗਿਲਤੀ ਬੰਨ੍ਹੀ ਜਾਂਦੀ ਹੈ ।

ਨਾੜੂਆ ਕੱਟਣਾ :

ਇੱਥੇ ਵੱਸਦੇ ਰਾਠੌਰ ਸਿੱਖ ਆਪਣੇ ਬੱਚਿਆਂ ਦੇ ਨਾੜ੍ਹ ਕਾਨੇ ਦੇ ਛਿਲਕੇ ਨਾਲ ਕੱਟਦੇ ਹਨ ।

ਡੌਲਾ ਛੇਕਣਾ :

ਇੱਥੋਂ ਦੇ ਰਾਠੌਰ ਸਿੱਖਾਂ ਵਿਚ ਰਮਾਣੇ ਗੋਤਰ ਦੇ ਲੋਕ ਲੜਕਾ ਜੰਮਣ ਤੋਂ ਸਵਾ ਮਹੀਨੇ ਤਕ ਲੜਕੇ ਦੇ ਪਿਤਾ ਨੂੰ ਬੱਚੇ ਦੇ ਮੰਜੇ ਕੋਲ ਨਹੀਂ ਜਾਣ ਦਿੰਦੇ । ਸਵਾ ਮਹੀਨੇ ਤੋਂ ਬਾਅਦ ਰਾਤ ਦੇ ਹਨੇਰੇ ਵਿਚ ਬਾਹਰ ਮੁਰਗਾ ਛੱਡਿਆ ਜਾਂਦਾ ਹੈ । ਇਸ ਤੋਂ ਮਗਰੋਂ ਘਰ ਵਿਚ ਦੇਸੀ ਘਿਉ ਦੀ ਜੋਤ ਜਗਾ ਕੇ ਸੂਈ ਗਰਮ ਕੀਤੀ ਜਾਂਦੀ ਹੈ ਤੇ ਇਹ ਗਰਮ ਸੂਚੀ ਬੱਚੇ ਦੇ ਡੌਲੇ ਨਾਲ ਲਗਾਈ ਜਾਂਦੀ ਹੈ। ਇਸ ਰਸਮ ਨੂੰ ਡੌਲਾ ਛੇਕਣਾ ਕਹਿੰਦੇ ਹਨ ।

ਨਾਮ ਕਰਨ ਦੀ ਰਸਮ :

ਹਿੰਦੂ ਬੱਚੇ ਦੇ ਸਵਾ ਮਹੀਨੇ ਦਾ ਹੋਣ ‘ਤੇ ਪੰਡਤ ਕੋਲੋਂ ਮਹੂਰਤ ਕਢਵਾਕੇ ਰਾਸ਼ੀ ਦੇ ਪਹਿਲੇ ਅੱਖਰ ‘ਤੇ ਬੱਚੇ ਦਾ ਨਾਂ ਰੱਖ ਦਿੰਦੇ ਹਨ। ਸਿੱਖਾਂ ਵਿਚ ਇਹ ਰਸਮ ਗੁਰਦੁਆਰਾ ਸਾਹਿਬ ਜਾ ਕੇ ਕੀਤੀ ਜਾਂਦੀ ਹੈ ਤੇ ਹੁਕਮਨਾਮੇ ਵਿਚ ਆਏ ਪਹਿਲੇ ਅੱਖਰ ਦੇ ਅਧਾਰ ‘ਤੇ ਬੱਚੇ ਦਾ ਨਾਂ ਰੱਖਿਆ ਜਾਂਦਾ ਹੈ ।

ਦੰਦੀ ਕੱਢਣਾ :

ਬੱਚੇ ਦੁਆਰਾ ਪਹਿਲੀ ਦੰਦੀ ਕੱਢਣ ‘ਤੇ ਬਹੁਤ ਖੁਸ਼ੀ ਕੀਤੀ ਜਾਂਦੀ ਹੈ । ਅਗਰ ਬੱਚਾ ਹੇਠਲੀ ਦੰਦੀ ਕੱਢਦਾ ਹੈ ਤਾਂ ਉਸ ਨੂੰ ਸ਼ੁੱਭ ਸ਼ਗਨ ਮੰਨਕੇ ਕੱਚੀ ਗਿਰੀ ਬੱਚੇ ਦੇ ਮੂੰਹ ਨੂੰ ਛੁਹਾ ਕੇ ਆਂਢ ਗੁਆਂਢ ਵਿਚ ਵੰਡੀ ਜਾਂਦੀ ਹੈ। ਉਪਰਲੀ ਦੰਦੀ ਨੂੰ ਬਦਸ਼ਗਨੀ ਸਮਝਿਆ ਜਾਂਦਾ ਹੈ ਤੇ ਨਾਨਕਿਆਂ ਨੂੰ ਸੱਦਕੇ ਦੰਦ ਠੁਕਾਈ ਦੀ ਰਸਮ ਕਰਵਾਈ ਜਾਂਦੀ ਹੈ ।

ਵਿਆਹ ਸਬੰਧੀ ਰਸਮਾਂ :

ਅੱਜਕਲ੍ਹ ਸਮਾਜ ਵਿਚ ਬਦਲ ਰਹੀਆਂ ਰਸਮਾਂ ਰੀਤਾਂ ਦਾ ਅਸਰ ਵਿਆਹ ਸਬੰਧੀ ਰਸਮਾਂ ‘ਤੇ ਵੀ ਪੈਣਾ ਸ਼ੁਰੂ ਹੋ ਰਿਹਾ ਹੈ ਜਿਸ ਕਾਰਨ ਕਈ ਪੁਰਾਣੇ ਰਿਵਾਜ਼ ਅਲੋਪ ਹੁੰਦੇ ਜਾ ਰਹੇ ਹਨ ਤੇ ਉਹਨਾਂ ਦੀ ਜਗ੍ਹਾ ਕਈ ਤਰ੍ਹਾਂ ਦੇ ਨਵੇਂ ਰਸਮੋਂ ਰਿਵਾਜ਼ਾਂ ਨੇ ਲੈ ਲਈ ਹੈ । ਇਸ ਇਲਾਕੇ ਵਿਚ ਵਿਆਹ ਪੁਰਾਤਨ ਪ੍ਰਚੱਲਤ ਰੀਤੀ ਅਨੁਸਾਰ ਹੀ ਕੀਤੇ ਜਾਂਦੇ ਹਨ ਪਰ ਕੁਝ ਸਥਾਨਕ ਰਸਮਾਂ ਵੀ ਕੀਤੀਆਂ ਜਾਂਦੀਆਂ ਹਨ।

ਵੇਖਾ ਵਿਖਾਈ :

ਜਦੋਂ ਕਿਸੇ ਰਿਸ਼ਤੇ ਬਾਰੇ ਦੱਸ ਪੈਂਦੀ ਹੈ ਤਾਂ ਪਹਿਲਾਂ ਕੁੜੀ ਵਾਲੇ ਮੁੰਡੇ ਨੂੰ ਵੇਖਣ ਲਈ ਆਉਂਦੇ ਹਨ ਤੇ ਫਿਰ ਕੁੜੀ ਵਾਲੇ ਮੁੰਡਾ ਵੇਖ ਜਾਂਦੇ ਹਨ । ਅੱਜਕੱਲ੍ਹ ਮੁੰਡਾ ਤੇ ਕੁੜੀ ਇਕ ਦੂਜੇ ਨੂੰ ਵੇਖ ਕੇ ਆਪਣੀ ਰਾਏ ਦੱਸਦੇ ਹਨ ਤੇ ਫਿਰ ਗੱਲ ਅੱਗੇ ਤੁਰਦੀ ये।

ਠਾਕਾ :

ਲੜਕੇ ਲੜਕੀ ਤੇ ਮਾਪਿਆਂ ਦੀ ਸਹਿਮਤੀ ਤੋਂ ਬਾਅਦ ਲੜਕੀ ਵਾਲੇ ਲੜਕੇ ਦੇ ਘਰ ਜਾ ਕੇ ਆਪਣੀ ਵਿਤੀ ਹੈਸੀਅਤ ਅਨੁਸਾਰ ਲੜਕੇ ਦੀ ਝੋਲੀ ਵਿਚ ਸ਼ਗਨ ਪਾ ਆਉਂਦੇ ਹਨ । ਅੱਜਕਲ੍ਹ ਠਾਕੇ ਦੀ ਰਸਮ ਗੁਰਦੁਆਰਿਆਂ, ਮੰਦਰਾਂ ਜਾਂ ਪੈਲਸਾਂ ਆਦਿ ਵਿਚ ਲੜਕੇ ਲੜਕੀ ਨੂੰ ਇੱਕਠਿਆਂ ਬਿਠਾ ਕੇ ਵੀ ਕਰ ਦਿੱਤੀ ਜਾਂਦੀ ਹੈ ।

ਸ਼ਗਨ ਪਾਉਣਾ :

ਅੱਜਕਲ੍ਹ ਵਿਆਹ ਤੋਂ ਇਕ ਜਾਂ ਦੋ ਦਿਨ ਪਹਿਲਾਂ ਕੁੜੀ ਵਾਲੇ ਮੁੰਡੇ ਵਾਲਿਆਂ ਦੇ ਘਰ ਮਿਠਾਈਆਂ ਤੇ ਫਲਾਂ ਦੇ ਟੋਕਰੇ ਆਦਿ ਲੈ ਕੇ ਆਉਂਦੇ ਹਨ ਤੇ ਮੁੰਡੇ ਦੀ ਝੋਲੀ ਵਿਚ ਵਿੱਤ ਮੁਤਾਬਿਕ ਸ਼ਗਨ ਪਾ ਜਾਂਦੇ ਹਨ । ਇਸ ਰਸਮ ਤੋਂ ਬਾਅਦ ਲੜਕੇ ਵਾਲੇ ਘਰ ਦੀਆਂ ਔਰਤਾਂ ਕੁੜੀ ਨੂੰ ਚੁੰਨੀ ਚੜਾਉਣ ਜਾਂਦੀਆਂ ਹਨ ।

ਮਾਂਜੇ ਪਾਉਣਾ ਜਾਂ ਮਾਈਆਂ ਪਾਉਣਾ :

ਵਿਆਹ ਤੋਂ ਤਿੰਨ ਦਿਨ ਪਹਿਲਾਂ ਕੁੜੀ ਨੂੰ ਮਾਂਜੇ/ਮਾਈਆਂ ਪਾਇਆ ਜਾਂਦਾ ਹੈ । ਹਲਦੀ, ਘਿਉ, ਤੇਲ ਆਦਿ ਦਾ ਬਣਿਆ ਹੋਇਆ। ਵਟਣਾ ਲੜਕੀ ਦੇ ਮੁੰਹ ਹੱਥ ਤੇ ਪੈਰਾਂ ਆਦਿ ਤੇ ਮਲਿਆ ਜਾਂਦਾ ਹੈ । ਮੁੰਡੇ ਨੂੰ ਵਟਣਾ ਮੱਲਣ ਤੋਂ ਬਾਅਦ ਦੋਸਤਾਂ ਵੱਲੋਂ ਮੁੰਡੇ ਨੂੰ ਗਾਨਾ ਬੰਨ੍ਹਿਆ ਜਾਂਦਾ ਹੈ ਤੇ ਲਾਗੀ ਵੱਲੋਂ ਮੌਲੀ ਬੰਨ੍ਹੀ ਜਾਂਦੀ ਹੈ । ਇਸ ਰਸਮ ਵਾਲੇ ਦਿਨ ਗੁਲਗੁਲੇ ਤੇ ਗੁਣੇ ਕੱਢਕੇ ਸ਼ਰੀਕੇ ਵਿਚ ਵੰਡੇ ਜਾਂਦੇ ਹਨ ।

ਸਿਹਰਾ ਬੰਦੀ :

ਵਿਆਹ ਤੋਂ ਇਕ ਦਿਨ ਪਹਿਲਾਂ ਮੁੰਡੇ ਦੀ ਸਿਹਰਾ ਬੰਦੀ ਕੀਤੀ ਜਾਂਦੀ ਹੈ । ਭੱਲਾ ਬਰਾਦਰੀ ਦਾ ਮੁੰਡਾ ਇਸ ਰਸਮ ਤੋਂ ਬਾਅਦ ਰਾਤੀ ਗੁਰਦੁਆਰਾ ਚੁਬਾਰਾ ਸਾਹਿਬ ਵਿਖੇ ਸੌਂਦਾ ਹੈ ਤੇ ਅਗਲੇ ਦਿਨ ਉੱਥੋਂ ਹੀ ਵਿਆਹੁਣ ਲਈ ਤੁਰ ਜਾਂਦਾ ਹੈ । ਹਿੰਦੂਆਂ ਵਿਚ ਲੜਕਾ ਰਾਤ ਕਿਸੇ ਦੂਸਰੇ ਦੇ ਘਰ ਜਾ ਕੇ ਸੌਂਦਾ ਹੈ ਤੇ ਅਗਲੇ ਦਿਨ ਉਥੋਂ ਹੀ ਬਰਾਤ ਤੁਰਦੀ ਹੈ । ਸਿਹਰੇ ਤੋਂ ਬਾਅਦ ਲੜਕਾ ਵਾਪਸ ਆਪਣੇ ਘਰ ਨਹੀਂ ਆਉਂਦਾ । ਆਮ ਸਿੱਖਾਂ ਵਿਚ ਸਵੇਰੇ ਜੰਞ ਚੜ੍ਹਨ ਵੇਲੇ ਹੀ ਸਿਹਰਾਬੰਦੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਬਰਾਤ ਵਿਆਹੁਣ ਲਈ ਰਵਾਨਾ ਹੋ ਜਾਂਦੀ ਹੈ ।

ਜੰਡੀ ਵੱਢਣੀ :

ਭੱਲਾ ਬਰਾਦਰੀ ਵਿਚ ਇਹ ਰਿਵਾਜ਼ ਹੈ ਕਿ ਵਿਆਹ ਤੋਂ ਇਕ ਦਿਨ ਪਹਿਲਾਂ ਮੁੰਡਾ ਜੰਗਲ ਵਿਚ ਜਾ ਕੇ ਜੰਡ ਦਾ ਟਾਹਣ ਵੱਢਦਾ ਹੈ। ਅੱਜਕਲ੍ਹ ਜੰਡ ਦੇ ਦਰਖ਼ਤ ਖਤਮ ਹੋਣ ਕਾਰਨ ਕਿਸੇ ਵੀ ਰੁਖ ਦੀ ਟਾਹਣੀ ਵੱਢਕੇ ਇਹ ਰਸਮ ਪੂਰੀ ਕੀਤੀ ਜਾਂਦੀ ਹੈ । ਇਸ ਨੂੰ ਜੰਡੀ ਵੱਢਣਾ ਆਖਦੇ ਹਨ ।

ਮਿਲਣੀ :

ਜੰਞ ਜਦੋਂ ਕੁੜੀ ਵਾਲਿਆਂ ਦੇ ਘਰ ਪੁਜਦੀ ਹੈ ਤਾਂ ਦੋਹਾਂ ਪਾਸਿਆਂ ਤੋਂ ਰਿਸ਼ਤੇਦਾਰਾਂ ਦੀ ਮਿਲਣੀ ਹੁੰਦੀ ਹੈ । ਲੜਕੀ ਦਾ ਪਿਤਾ ਲੜਕੇ ਦੇ ਬਾਪ ਨੂੰ, ਮਾਮਾ ਮਾਮੇ ਨੂੰ, ਲੜਕੀ ਦਾ ਭਰਾ ਲੜਕੇ ਦੇ ਭਰਾ ਨੂੰ ਆਪਣੀ ਵਿਤੀ ਸਮਰਥਾ ਅਨੁਸਾਰ ਬਗਨ ਪਾ ਕੇ ਸਮਾਜਿਕ ਰਸਮ ਪੂਰੀ ਕਰਦੇ ਹਨ । ਅੱਜਕਲ੍ਹ ਮਿਲਣੀ ਤੋਂ ਪਹਿਲਾਂ ਬਰਾਤ ਦੇ ਪੁੱਜਣ ਸਮੇਂ ਬਰਾਤੀ ਖੂਬ ਭੰਗੜਾ ਪਾਉਂਦੇ ਹਨ ।

ਲਾਵਾਂ :

ਹਿੰਦੂਆਂ ਵਿਚ ਲਾਵਾਂ ਬੇਦੀ ਤੇ ਬਿਠਾ ਕੇ ਕੀਤੀਆਂ ਜਾਂਦੀਆਂ ਹਨ ਤੇ ਸਿੱਖ ਪਰਿਵਾਰਾਂ ਵਿਚ ਲਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠ ਕੇ ਸਿੱਖ ਰਹਿਤ ਮਰਿਆਦਾ ਅਨੁਸਾਰ ਕੀਤੀਆਂ ਜਾਂਦੀਆਂ ਹਨ ।

ਦਾਜ ਵਿਖਾਉਣਾ :

ਇਹ ਰਸਮ ਅੱਜਕਲ੍ਹ ਲੱਗਭਗ ਖਤਮ ਹੀ ਹੋ ਚੁੱਕੀ ਹੈ। ਕਿਉਂਕਿ ਹੁਣ ਲੋਕਾਂ ਨੂੰ ਵਿਖਾਏ ਬਗੈਰ ਸਭ ਕੁਝ ਚੁੱਪ ਚੁਪੀਤੇ ਹੀ ਦੇ ਦਿੱਤਾ ਜਾਂਦਾ ਹੈ ।

ਪਾਣੀ ਵਾਰਨਾ :

ਵਿਆਹ ਤੋਂ ਬਾਅਦ ਜਦੋਂ ਬਰਾਤ ਵਾਪਸ ਘਰ ਪੁਜਦੀ ਹੈ ਤਾਂ ਲੜਕੇ ਦੀ ਮਾਂ ਗੜਵੀ ਵਿਚ ਪਾਣੀ ਪਾ ਕੇ ਘਰ ਦੀਆਂ ਬਰੂਹਾਂ ਤੇ ਖੜੀ ਹੋ ਜਾਂਦੀ ਹੈ । ਫਿਰ ਦੋਨਾਂ ਦੇ ਸਿਰ ਤੋਂ ਪਾਣੀ ਵਾਰਕੇ ਪੀਂਦੀ ਹੈ । ਇਸ ਤੋਂ ਪਿੱਛੋਂ ਦਰਵਾਜ਼ੇ ਤੇ ਤੇਲ ਚੋ ਕੇ ਦੋਹਾਂ ਨੂੰ ਘਰ ਦੇ ਅੰਦਰ ਦਾਖ਼ਲ ਕੀਤਾ ਜਾਂਦਾ ਹੈ । ਪਾਣੀ ਵਾਰਨ ਦੀ ਰਸਮ ਸਮੇਂ ‘ਪਾਣੀ ਵਾਰ ਬੰਨੇ ਦੀਏ ਮਾਏ ਬੰਨਾ ਵਾਰ ਖੜਾ’ ਗੀਤ ਗਾਇਆ ਜਾਂਦਾ ਹੈ ।

ਵਡੇਰੇ ਪੂਜਣੇ :

ਘਰ ਵਿਚ ਪਰਵੇਸ਼ ਹੋਣ ਤੋਂ ਬਾਅਦ ਕੰਧਾਂ ਤੇ ਹੱਥਾਂ ਦੇ ਨਿਸ਼ਾਨ ਪਾ ਕੇ ਵਡੇਰਿਆਂ ਦੀ ਪੂਜਾ ਕੀਤੀ ਜਾਂਦੀ ਹੈ । ਇਹ ਰਿਵਾਜ ਹਿੰਦੂਆਂ ਵਿਚ ਪ੍ਰਚੱਲਤ ਹੈ ।

ਗਾਨੇ ਖੇਡਣਾ :

ਵਿਆਹ ਤੋਂ ਅਗਲੇ ਦਿਨ ਪਰਾਤ ਵਿਚ ਕੱਚੀ ਲੱਸੀ ਪਾ ਕੇ ਚਾਂਦੀ ਦਾ ਰੁਪਿਆ ਕੱਚੀ ਲੱਸੀ ਵਿਚ ਸੁਟ ਦਿੱਤਾ ਜਾਂਦਾ ਹੈ ਤੇ ਜਿਹੜਾ ਪਹਿਲਾਂ ਰੁਪਈਆ ਲੱਭ ਲੈਂਦਾ ਹੈ ਉਸਨੂੰ ਹੁਸ਼ਿਆਰ ਤੇ ਚਲਾਕ ਸਮਝਿਆ ਜਾਂਦਾ ਹੈ ।

ਮੁਕਲਾਵਾ :

ਅੱਜ ਕਲ੍ਹ ਮੁਕਲਾਵਾ ਵੀ ਵਿਆਹ ਵਾਲੇ ਦਿਨ ਹੀ ਦੇ ਦਿੱਤਾ ਜਾਂਦਾ। ਹੈ । ਲੜਕੀ ਲੜਕਾ ਘਰੋਂ ਤੁਰਨ ਤੋਂ ਬਾਅਦ ਥੋੜ੍ਹੀ ਦੂਰ ਜਾ ਕੇ ਕਿਸੇ ਧਾਰਮਿਕ ਅਸਥਾਨ, ਗੁਰਦੁਆਰੇ, ਮੰਦਰ ਵਿਚ ਮੱਥਾ ਟੇਕ ਕੇ ਵਾਪਸ ਆ ਜਾਂਦੇ ਹਨ । ਇਸ ਤੋਂ ਮਗਰੋਂ ਲੜਕੀ ਨੂੰ ਸਹੁਰੇ ਘਰ ਲਈ ਰਵਾਨਾ ਕਰ ਦਿੱਤਾ ਜਾਂਦਾ ਹੈ ।

ਖਿੱਚੜੀ ਬਣਾਉਣੀ :

ਵਿਆਹ ਤੋਂ ਅਗਲੇ ਦਿਨ ਭੱਲੇ ਬਰਾਦਰੀ ਦੇ ਮੁੰਡਾ ਕੁੜੀ ਗੁਰਦੁਆਰਾ ਚੁਬਾਰਾ ਸਾਹਿਬ ਮੱਥਾ ਟੇਕਣ ਜਾਂਦੇ ਹਨ ਤੇ ਉਥੋਂ ਉਹਨਾਂ ਨੂੰ ਚੌਲਾਂ ਤੇ ਦਾਲ (ਖਿਚੜੀ) ਦਾ ਪ੍ਰਸ਼ਾਦ ਮਿਲਦਾ ਹੈ । ਇਸ ਪ੍ਰਸ਼ਾਦ ਦੀ ਘਰ ਆ ਕੇ ਖਿੱਚੜੀ ਬਣਾਈ ਜਾਂਦੀ ਹੈ। ਤੇ ਸਾਰੇ ਪਰਿਵਾਰ ਵਾਲੇ ਇਹ ਖਿੱਚੜੀ ਖਾਂਦੇ ਹਨ ।

ਮੁੰਡਨ ਸਬੰਧੀ ਰਸਮਾਂ :

ਹਿੰਦੂ ਘਰਾਂ ਵਿਚ ਮੁੰਡਨ ਤਕਰੀਬਨ ਤਿੰਨ ਸਾਲ ਦੀ ਉਮਰ ਤੋਂ ਬਾਅਦ ਕੀਤਾ ਜਾਂਦਾ ਹੈ । ਮੁੰਡਨ ਵੇਲੇ ਸਾਰੇ ਸਾਕ ਸਬੰਧੀ ਆਉਂਦੇ ਹਨ ਤੇ ਪੰਡਤ ਕੋਲੋਂ ਹਵਨ ਕਰਵਾਕੇ ਬੱਚੇ ਦੇ ਮੁੰਡਨ ਕਰ ਦਿੱਤੇ ਜਾਂਦੇ ਹਨ । ਇਸ ਰਸਮ ਤੋਂ ਬਾਅਦ ਬੱਚੇ ਨੂੰ ਨਾਨਕਿਆਂ ਵੱਲੋਂ ਲਿਆਂਦੇ ਕੱਪੜੇ ਪਵਾਏ ਜਾਂਦੇ ਹਨ । ਮੁੰਡਨ ਵਾਲੇ ਦਿਨ ਪੰਜ ਚੱਪਣੀਆਂ। ਹੇਠਾਂ ਰੱਖ ਕੇ ਬੱਚੇ ਕੋਲੋਂ ਤੁੜਵਾਈਆਂ ਜਾਂਦੀਆਂ ਹਨ 1

ਦਸਤਾਰਬੰਦੀ :

ਸਿੱਖ ਭਾਈਚਾਰੇ ਵਿਚ ਜਦੋਂ ਬੱਚਾ ਪੰਜ ਸਾਲ ਦਾ ਹੋ ਜਾਂਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਕਰਵਾਇਆ ਜਾਂਦਾ ਹੈ ਤੇ ਭੋਗ ਵਾਲੇ ਦਿਨ ਬੱਚੇ ਦੀ ਦਸਤਾਰਬੰਦੀ ਕੀਤੀ ਜਾਂਦੀ ਹੈ । ਇਹ ਦਸਤਾਰ ਨਾਨਕੇ ਲੈ ਕੇ ਆਉਂਦੇ ਹਨ । ਭੱਲਾ ਬਰਾਦਰੀ ਵਾਲੇ, ਜਦੋਂ ਬੱਚਾ 3-4 ਸਾਲ ਦਾ ਹੋ ਜਾਂਦਾ ਹੈ ਤਾਂ ਉਸਨੂੰ ਗੁਰਦੁਆਰਾ ਸਾਹਿਬ ਵਿਖੇ ਲਿਆ। ਕੇ ਦਹੀਂ ਨਾਲ ਇਸ਼ਨਾਨ ਕਰਵਾਉਂਦੇ ਹਨ ਤੇ ਗੁਰਦੁਆਰਾ ਚੁਬਾਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਘਰ ਜਾ ਕੇ ਪੱਗ ਬਨਾਉਣ ਦੀ ਰਸਮ ਕਰਦੇ ਹਨ ।

ਮਰਨ ਸਬੰਧੀ ਰਸਮਾਂ :

ਭੁੰਜੇ ਲਾਹੁਣਾ : ਜਦੋਂ ਕੋਈ ਪ੍ਰਾਣੀ ਮਰਨ ਕਿਨਾਰੇ ਪੁੱਜ ਜਾਂਦਾ ਹੈ ਤਾਂ ਉਸਨੂੰ ਜ਼ਮੀਨ ਤੇ ਭੁੰਜੇ ਲੰਮਿਆ ਪਾ ਦਿੱਤਾ ਜਾਂਦਾ ਹੈ । ਉਸ ਦੇ ਸਿਰਹਾਣੇ ਦੀਵਾ ਬਾਲ ਕੇ ਕੁਝ ਕਣਕ ਰੱਖ ਦਿੱਤੀ ਜਾਂਦੀ ਹੈ ਤੇ ਮੂੰਹ ਵਿਚ ਗੰਗਾ ਜਲ ਪਾਇਆ ਜਾਂਦਾ ਹੈ । ਹਿੰਦੂਆਂ ਵਿਚ ਗੀਤਾ ਤੇ ਸਿੱਖਾਂ ਵਿਚ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ।

ਵੱਡਿਆਂ ਕਰਨਾ :

ਜਦੋਂ ਕਿਸੇ ਵਡੇਰੀ ਉਮਰ ਦੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਉਸ ਨੂੰ ਵੱਡਿਆਂ ਕਰਨ ਲਈ ਅਰਥੀ ਨੂੰ ਝੰਡੀਆਂ, ਗੁਬਾਰਿਆਂ ਆਦਿ ਨਾਲ ਸਜਾਇਆ ਜਾਂਦਾ ਹੈ । ਅਰਥੀ ਨੂੰ ਮੜ੍ਹੀਆਂ ਵਿਚ ਲਿਜਾਂਦੇ ਸਮੇਂ ਪਟਾਕੇ ਚਲਾਏ ਜਾਂਦੇ ਹਨ ਤੇ ਬੈਂਡ ਵਾਜੇ ਆਦਿ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ । ਹਿੰਦੂ ਰਾਮ ਨਾਮ ਸਤ ਤੇ ਸਿੱਖ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਅਰਥੀ ਦੇ ਮਗਰ ਤੁਰੇ ਜਾਂਦੇ ਹਨ । ਸ਼ਮਸਾਨ ਘਾਟ ਵਿਚ ਅੱਗ ਲਗਾਉਣ ਮਗਰੋਂ ਲੋਕਾਂ ਨੂੰ ਮਖਾਣੇ, ਛੁਹਾਰੇ, ਮੁੰਗਫਲੀ, ਬਦਾਮ ਆਦਿ ਵੰਡੇ ਜਾਂਦੇ ਹਨ । ਅਰਥੀ ਨੂੰ ਅੱਗ ਲਗਾਉਣ ਤੋਂ ਪਹਿਲਾਂ ਔਰਤਾਂ ਮੱਥਾ ਟੇਕਦੀਆਂ ਹਨ।

ਭੰਡਾਰ ਭੰਨਣਾ :

ਜਦੋਂ ਅਰਥੀ ਸਮਸ਼ਾਨ ਘਾਟ ਦੇ ਤਕਰੀਬਨ ਅੱਧ ਵਿਚ ਪੁੱਜ ਜਾਂਦੀ ਹੈ ਤਾਂ ਉਸ ਨੂੰ ਉੱਥੇ ਰੱਖਕੇ ਮਿੱਟੀ ਦੇ ਭਾਂਡੇ ‘ਚੋਂ ਚਾਰੇ ਪਾਸੇ ਪਾਣੀ ਡੋਲ੍ਹਿਆ ਜਾਂਦਾ ਹੈ। ਤੇ ਸਿਰ ਕੋਲ ਆ ਕੇ ਭਾਂਡੇ ਨੂੰ ਭੰਨ ਦਿੱਤਾ ਜਾਂਦਾ ਹੈ ।

ਅੰਤਮ ਸੰਸਕਾਰ :

ਭੰਡਾਰ ਭੰਨਣ ਤੋਂ ਬਾਅਦ ਅਰਥੀ ਨੂੰ ਸਮਸ਼ਾਨ ਘਾਟ ਲਿਜਾ ਕੇ ਚਿਤਾ ਦੇ ਕੋਲ ਰੱਖ ਦਿੱਤਾ ਜਾਂਦਾ ਹੈ । ਲਾਸ਼ ਨੂੰ ਚਿਤਾ ਤੇ ਰੱਖ ਕੇ ਅੰਤਮ ਦਰਸ਼ਨ ਕਰਵਾਏ ਜਾਂਦੇ ਹਨ । ਲਾਸ਼ ਨੂੰ ਲੱਕੜਾਂ ਨਾਲ ਚੰਗੀ ਤਰ੍ਹਾਂ ਢੱਕਣ ਤੋਂ ਬਾਅਦ ਘਰ ਦਾ ਵੱਡਾ ਲੜਕਾ ਚਿਤਾ ਨੂੰ ਅੱਗ ਲਾਉਂਦਾ ਹੈ । ਵੇਦ ਮੰਤਰਾਂ ਦਾ ਉਚਾਰਨ ਕਰਦਿਆਂ ਹੋਇਆਂ ਘਿਉ ਤੇ ਹੋਰ ਸਮੱਗਰੀ ਚਿਤਾ ਉਪਰ ਪਾ ਦਿੱਤੀ ਜਾਂਦੀ ਹੈ । ਸਿੱਖਾਂ ਵਿਚ ਅਗਨੀ ਭੇਂਟ ਕਰਨ ਤੋਂ ਪਹਿਲਾਂ ਕੀਰਤਨ ਸੋਹਲੇ ਦਾ ਪਾਠ ਕੀਤਾ ਜਾਂਦਾ ਹੈ ਤੇ ਅਰਦਾਸ ਕੀਤੀ ਜਾਂਦੀ ਹੈ ।

ਕਪਾਲ ਕਿਰਿਆ :

ਜਦੋਂ ਅੱਗ ਲੱਗਣ ਤੋਂ ਬਾਅਦ ਸਿਰ ਫਟਣ ਯੋਗ ਹੋ ਜਾਂਦਾ ਹੈ। ਤਾਂ ਲੱਕੜੀ ਨਾਲ ਸਿਰ ਵਿਚ ਛੇਕ ਕਰ ਦਿੱਤਾ ਜਾਂਦਾ ਹੈ । ਇਸ ਨੂੰ ਕਪਾਲ ਕਿਰਿਆ ਆਖਦੇ ਹਨ ।

ਉਠਾਲਾ :

ਘਰ ਪੁੱਜਣ ਮਗਰੋਂ ਘਰ ਦਾ ਬੰਦਾ ਬਾਹਰ ਆ ਕੇ ਹੱਥ ਜੋੜ ਕੇ ਖੜ੍ਹਾ ਹੋ ਜਾਂਦਾ ਹੈ ਤੇ ਲੋਕ ਉਸ ਨੂੰ ਮਿਲਦੇ ਹੋਏ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ । ਸਿੱਖਾਂ ਵਿਚ ਲੋਕ ਗੁਰਦੁਆਰੇ ਜਾਂਦੇ ਹਨ ਤੇ ਅਰਦਾਸ ਹੋਣ ਤੋਂ ਬਾਅਦ ਪ੍ਰਸ਼ਾਦ ਲੈ ਕੇ ਘਰਾਂ ਨੂੰ ਪਰਤ ਜਾਂਦੇ ਹਨ।

ਚੌਥਾ :

ਚੌਥੇ ਦਿਨ ਸਮਸ਼ਾਨ ਘਾਟ ਜਾ ਕੇ ਫੁੱਲ ਚੁਗੇ ਜਾਂਦੇ ਹਨ । ਅਗਰ ਚੌਥਾ ਐਤਵਾਰ ਨੂੰ ਆਉਂਦਾ ਹੋਵੇ ਤਾਂ ਫੁੱਲ ਇਕ ਦਿਨ ਪਹਿਲਾਂ ਹੀ ਚੁਗ ਲਏ ਜਾਂਦੇ ਹਨ । ਕਈ ਲੋਕ ਉਸੇ ਦਿਨ ਫੁੱਲ ਤਾਰਨ ਲਈ ਹਰਿਦੁਆਰ ਚਲੇ ਜਾਂਦੇ ਹਨ ਤੇ ਕਈ ਗੋਇੰਦਵਾਲ ਸਹਿਬ ਵਿਖੇ ਬਿਆਸ ਨਦੀ ਵਿਚ ਜਲ ਪਰਵਾਹ ਕਰ ਦਿੰਦੇ ਹਨ ।

ਕਿਰਿਆ :

ਇਹ ਰਸਮ ਮੌਤ ਤੋਂ ਤੇਰਵੇਂ ਦਿਨ ਹੁੰਦੀ ਹੈ । ਸਿੱਖ ਪਰਿਵਾਰਾਂ ਵਿਚ ਦਸਮੇਂ ਤੇ ਆਖੰਡ ਪਾਠ ਦਾ ਭੋਗ ਪਾਇਆ ਜਾਂਦਾ ਹੈ ਤੇ ਲੰਗਰ ਛਕਾਇਆ ਜਾਂਦਾ ਹੈ । ਇਸ ਦਿਨ ਪੱਗ ਬਨ੍ਹਾਈ ਦੀ ਰਸਮ ਵੀ ਕੀਤੀ ਜਾਂਦੀ ਹੈ । ਇਹ ਮਰਨ ਵਾਲੇ ਵਿਅਕਤੀ ਦੇ ਸੋਗ ਦਾ ਅੰਤਮ ਦਿਨ ਹੁੰਦਾ ਹੈ ਤੇ ਇਸ ਤੋਂ ਬਾਅਦ ਸਭ ਲੋਕ ਆਪਣੇ-2 ਘਰਾਂ ਨੂੰ ਮੁੜ ਜਾਂਦੇ ਹਨ।

ਲੋਕ ਕਹਾਣੀਆਂ, ਸਥਾਨਕ ਕਹਾਣੀਆਂ ਜਾਂ ਸਾਖੀਆਂ

ਇਕ ਮਿਥਿਹਾਸਕ ਕਹਾਣੀ ਅਨੁਸਾਰ ਇਸ ਇਲਾਕੇ ਵਿਚ ਇਕ ਦੈਂਤ ਤੇ ਦੈਂਤਣੀ ਰਹਿੰਦੇ ਸਨ । ਜਦੋਂ ਗੋਂਦਾ ਖੱਤਰੀ ਜਿਹੜਾ ਇਸ ਇਲਾਕੇ ਦਾ ਸ਼ਾਹੂਕਾਰ ਸੀ, ਇੱਥੇ ਮਕਾਨ ਆਦਿ ਬਣਾ ਕੇ ਪਿੰਡ ਵਸਾਉਣ ਦੀ ਕੋਸ਼ਿਸ਼ ਕਰਦਾ ਸੀ ਤਾਂ ਇਹ ਦੈਂਤ ਉਸ ਨੂੰ ਢਾਹ ਕੇ ਬਰਬਾਦ ਕਰ ਦਿੰਦੇ ਸਨ । ਕਹਿੰਦੇ ਹਨ ਕਿ ਜਦੋਂ ਗੁਰੂ ਅੰਗਦ ਦੇਵ ਜੀ ਨੇ ਗੋਂਦੇ ਖੱਤਰੀ ਤੇ ਭਾਈ ਬੱਲੂ ਕੋਲੋਂ ਪਿੰਡ ਦੇ ਆਲੇ ਦੁਆਲੇ ਲਕੀਰ ਫਿਰਾਈ ਤਾਂ ਸਭ ਦਿਉ ਦਾਨੂ ਭੱਜ ਗਏ ਪਰ ਦੈਂਤਣੀ ਗਰਭਵਤੀ ਹੋਣ ਕਾਰਨ ਭੱਜਣ ਵਿਚ ਅਸਫਲ ਰਹੀ । ਇਸ ਦੈਂਤਣੀ ਨੇ ਪ੍ਰਣ ਕੀਤਾ ਕਿ ਉਹ ਅੱਗੇ ਤੋਂ ਕਿਸੇ ਨੂੰ ਕੁਝ ਨਹੀਂ ਕਹੇਗੀ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਨੁਕਾਸਾਨ ਕਰੇਗੀ।

ਇਕ ਕਥਾ ਅਨੁਸਾਰ ਗੁਰਦੁਆਰਾ ਦਮਦਮਾ ਸਾਹਿਬ ਦੇ ਕੋਲ ਇਕ ਜੋਗੀ ਜਿਹੜਾ ਸੁੱਕ ਕੇ ਹੱਡੀਆਂ ਦੀ ਮੁੱਠ ਹੋ ਗਿਆ ਸੀ ਨੇ ਗੁਰੂ ਅਮਰਦਾਸ ਜੀ ਦੇ ਚਰਨਾ ਦੀ ਛੋਹ ਲੱਗਣ ਤੇ ਬੇਨਤੀ ਕੀਤੀ ਕਿ ਉਸ ਨੂੰ ਮੁਕਤੀ ਦੀ ਦਾਤ ਦੇ ਕੇ ਸੱਚ ਖੰਡ ਨਿਵਾਸ ਦੀ ਬਖਸ਼ਿਸ਼ ਕੀਤੀ ਜਾਵੇ । ਗੁਰੂ ਸਾਹਿਬ ਵੱਲੋਂ ਕੀਤੀ ਬੇਨਤੀ ਨਾਲ ਉਸਦੀ ਅਰਦਾਸ ਪ੍ਰਵਾਨ ਹੋਈ ਤੇ ਉਸ ਨੂੰ ਸੱਚਖੰਡ ਦਾ ਨਿਵਾਸ ਮਿਲ ਗਿਆ ।

ਇਹ ਕਹਾਣੀ ਦਰਬਾਰ ਮਾਈ ਰਾਮਕੀ ਨਾਲ ਜੁੜੀ ਹੋਈ ਹੈ । ਮਾਈ ਰਾਮਕੀ ਜੀ ਦੇ ਪਤੀ ਬਾਬਾ ਜੱਲ੍ਹਣ ਕਸੂਰ ਵਿਖੇ ਇਕ ਸ਼ਾਹੂਕਾਰ ਕੋਲ ਨੌਕਰੀ ਕਰਿਆ ਕਰਦੇ ਸਨ ਤੇ ਸ਼ਾਹੂਕਾਰ ਦਾ ਮੁਨੀਮ ਬਾਬਾ ਜੀ ਨੂੰ ਬਹੁਤ ਪਿਆਰ ਕਰਦਾ ਸੀ । ਜਦੋਂ ਬਾਬਾ ਜੱਲ੍ਹਣ ਤੇ ਮਾਈ ਰਾਮਕੀ ਗੰਗਾ ਤੋਂ ਵਾਪਸ ਆ ਕੇ ਜਿੱਥੇ ਮਾਈ ਰਾਮਕੀ ਦੀ ਜਗ੍ਹਾ ਬਣੀ ਹੋਈ ਹੈ ਆਰਾਮ ਕਰਨ ਲਈ ਠਹਿਰੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਸ਼ਾਹੂਕਾਰ ਦੇ ਮਨੀਮ ਦਾ ਦੇਹਾਂਤ ਹੋ ਗਿਆ ਹੈ । ਬਾਬਾ ਜੱਲ੍ਹਣ ਨੇ ਮਾਈ ਰਾਮਕੀ ਨੂੰ ਕਿਹਾ ਕਿ ਮੁਨੀਮ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਸੀ। ਇਸ ਲਈ ਤੁਸੀਂ ਧਰਮਰਾਜ ਕੋਲ ਜਾ ਕੇ ਕਹੋ ਕਿ ਮੁਨੀਮ ਦਾ ਲੇਖਾ-ਜੋਖਾ ਕਰਕੇ ਹਿਸਾਬ ਕਰ ਦੇਵੇ । ਮਾਈ ਰਾਮਕੀ ਉਸੇ ਵੇਲੇ ਧਰਮਰਾਜ ਕੋਲ ਪੁੱਜ ਗਈ ਤੇ ਕਿਹਾ ਕਿ ਉਹ ਜੱਲ੍ਹਣ ਭਗਤ ਦਾ ਸੁਨੇਹਾ ਲੈ ਕੇ ਆਈ ਹੈ । ਧਰਮਰਾਜ ਨੇ ਕਿਹਾ ਕਿ ਜੱਲ੍ਹਣ ਭਗਤ ਦਾ ਸੁਨੇਹਾ ਸਿਰ ਮੱਥੇ ਤੇ ਉਹ ਉਸਦਾ ਪੂਰਾ ਸਤਿਕਾਰ ਕਰਨਗੇ। ਧਰਮਰਾਜ ਦੇ ਸੁਨੇਹੇ ਤੋਂ ਬਾਅਦ ਮਾਈ ਰਾਮਕੀ ਵਾਪਿਸ ਆ ਕੇ ਜੀਵਤ ਹੋ ਗਈ । ਬਾਬਾ ਜੀ ਨੇ ਜਦੋਂ ਮਾਈ ਜੀ ਨੂੰ ਉਠਦਿਆਂ ਵੇਖਿਆ ਤਾਂ ਕਹਿਣ ਲੱਗੇ ਕਿ ਉਹਨਾਂ ਨੂੰ ਤਾਂ ਸੱਚ ਖੰਡ ਭੇਜ ਦਿੱਤਾ ਸੀ ਫਿਰ ਵਾਪਿਸ ਕਿਉਂ ਆ ਗਏ । ਇਹ ਗੱਲ ਸੁਣਕੇ ਮਾਈ ਰਾਮਕੀ ਨੇ ਉੱਤਰ ਦਿੱਤਾ ਕਿ ਉਹ ਧਰਮਰਾਜ ਦਾ ਸੁਨੇਹਾ ਦੇਣ ਲਈ ਵਾਪਸ ਆਈ ਹੈ । ਏਨੀ ਗੱਲ ਕਇੱਥੇ ਮਾਈ ਰਾਮਕੀ ਜੀ ਨੇ ਸੁਆਸ ਤਿਆਗ ਦਿੱਤੇ ।

ਲੋਕ ਗੀਤ, ਬੋਲੀਆਂ, ਸੁਹਾਗ, ਘੋੜੀਆਂ

ਲੋਕ ਗੀਤ :

ਹਾਏ ਹਾਏ ਬੁੱਢੜੇ ਨੂੰ ਕਿੱਥੋਂ ਚੇਤਾ ਆ ਗਿਆ।

ਬੁੱਢੜੇ ਤੋਂ ਡਰਦੀ ਬੁੱਢੜੀ ਸੁਰਮਾ ਨਾ ਪਾਵੇ ।

ਬੁੱਢੜਾ ਕੱਜਲ ਲੈ ਕੇ ਆ ਗਿਆ

ਹਾਏ ਹਾਏ ਬੁੱਢੜੇ ਨੂੰ ਕਿੱਥੋਂ ਚੇਤਾ ਆ ਗਿਆ

 

ਬੁੱਢੜੇ ਤੋਂ ਡਰਦੀ ਬੁੱਢੜੀ ਨਾਲਾ ਨਾ ਪਾਵੇ ।

ਬੁੱਢੜਾ ਸੰਗਲ ਲੈ ਕੇ ਆ ਗਿਆ । ਹਾਏ ਹਾਏ……..

 

ਬੁੱਢੜੇ ਤੋਂ ਡਰਦੀ ਬੁੱਢੜੀ ਮੂੰਹ ਨਾ ਧੋਵੇ

ਬੁੱਢੜਾ ਪਾਊਡਰ ਲੈ ਕੇ ਆ ਗਿਆ । ਹਾਏ ਹਾਏ…….

 

ਬੁੱਢੜੇ ਤੋਂ ਡਰਦੀ ਬੁੱਢੜੀ ਸਿਰ ਨਾ ਵਾਹਵੇ ।

ਬੁੱਢੜਾ ਕੰਘਾ ਲੈ ਕੇ ਆ ਗਿਆ । ਹਾਏ ਹਾਏ………..

 

ਬੁੱਢੜੇ ਤੋਂ ਡਰਦੀ ਬੁੱਢੜੀ ਕੱਪੜੇ ਨਾ ਪਾਏ

ਬੁੱਢੜਾ ਸਾੜੀ ਲੈ ਕੇ ਆ ਗਿਆ । ਹਾਏ ਹਾਏ………..

.

ਬੁੱਢੜੇ ਤੋਂ ਡਰਦੀ ਬੁੱਢੜੀ ਚੱਪਲ ਨਾ ਪਾਵੇ

ਬੁੱਢੜਾ ਸੈਂਡਲ ਲੈ ਕੇ ਆ ਗਿਆ । ਹਾਏ ਹਾਏ……..

 

ਬੁੱਢੜੇ ਤੋਂ ਡਰਦੀ ਬੁੱਢੜੀ ਚੂੜੀਆਂ ਨਾ ਪਾਵੇ

ਬੁੱਢੜਾ ਗਜਰੇ ਲੈ ਕੇ ਆ ਗਿਆ । ਹਾਏ ਹਾਏ……….

 

ਘੋੜੀ :

ਘੋੜੀ ਤੇਰੀ ਵੇ ਮੱਲਾ ਸੋਹਣੀ

ਸੋਹਣੀ ਕਾਠੀਆਂ ਦੇ ਨਾਲ, ਕਾਠੀ ਡੇਢ ਤੇ ਹਜਾਰ,

ਉਮਰਾਵਾਂ ਤੇਰੀ ਚਾਲ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ ।

ਵਿਚ ਬਾਗਾਂ ਦੇ ਤੁਸੀਂ ਆਓ, ਚੋਟ ਨਗਾਰਿਆਂ ਤੇ ਲਾਓ ।

ਖਾਣਾ ਰਾਜਿਆਂ ਦਾ ਖਾਓ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ ।

ਚੀਰਾ ਤੇਰਾ ਵੇ ਮੱਲਾ ਸੋਹਣਾ, ਬਣਦਾ ਕਲਗੀਆਂ ਦੇ ਨਾਲ

ਕਲਗੀ ਡੇਢ ਤੇ ਹਜਾਰ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ ।

ਕੈਂਠਾ ਤੇਰਾ ਵੇ ਮੱਲਾ ਸੋਹਣਾ, ਬਣਦਾ ਜੁਗਨੀਆਂ ਦੇ ਨਾਲ

ਜੁਗਨੀ ਡੇਢ ਤੇ ਹਜਾਰ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ ।

ਜਾਮਾ ਤੇਰਾ ਵੇ ਮੱਲਾ ਸੋਹਣਾ, ਬਣਦਾ ਤਣੀਆਂ ਦੇ ਨਾਲ

ਤਣਵੀ ਡੇਢ ਤੇ ਹਜਾਰ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ ।

ਜੁੱਤੀ ਤੇਰੀ ਵੇ ਮੱਲਾ ਸੋਹਣੀ ਜੜੀ ਤਿੱਲਿਆਂ ਦੇ ਨਾਲ ।

ਕੇਹੀ ਸੋਹਣੀ ਤੇਰੀ ਚਾਲ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ ।

ਵਿਚ ਬਾਹਰਾਂ ਦੇ ਤੁਸੀਂ ਆਓ, ਚੋਟ ਨਗਾਰਿਆਂ ਤੇ ਲਾਓ ।

ਪੁੱਤ ਸਰਦਾਰਾਂ ਦੇ ਅਖਵਾਓ, ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ ।

ਟੱਪੇ  :

ਕੱਛੇ ਮਾਰ ਕੇ ਸਾਗ ਵਾਲੀ ਤੌੜੀ, ਦਿਉਰ ਭਾਬੀ ਮੱਸਿਆ ਚੱਲੇ ।

ਮੁੰਡੇ ਮਰ ਗਏ ਕਮਾਈਆਂ ਕਰਦੇ, ਲੱਛੀ ਤੇਰੇ ਬੰਦ ਨਾ ਬਣੇ ।

ਤੇਰੇ ਲੌਂਗ ਦਾ ਪਿਆ ਲਿਸ਼ਕਾਰਾ, ਹਾਲੀਆਂ ਨੇ ਹਲ ਡੱਕ ਲਏ ।

ਰੱਬ ਵਰਗਾ ਆਸਰਾ ਤੇਰਾ, ਛੱਡ ਕੇ ਨਾ ਜਾਈਂ ਮਿੱਤਰਾ ।

ਚੰਦਰਾ ਗੁਆਂਢ ਨਾ ਹੋਵੇ, ਲਾਈ ਲੱਗ ਨਾ ਹੋਵੇ ਘਰ ਵਾਲਾ ।

ਪਰ੍ਹੇ ਹੋ ਜਾਂ ਕਪਾਹ ਦੀਏ ਛਿਟੀਏ, ਪਤਲੋ ਨੂੰ ਲੰਘ ਜਾਣਦੇ ।

ਬੇੜੀ ਪੂਰ ਤ੍ਰਿੰਜਣ ਦੀਆਂ ਕੁੜੀਆਂ, ਸਬੱਬ ਨਾਲ ਹੋਣ ਕੱਠੀਆਂ ।

ਚੰਨ ਭਾਵੇਂ ਨਿੱਤ ਚੜਦਾ, ਸਾਨੂੰ ਸੱਜਣਾਂ ਬਾਝ ਹਨੇਰਾ ।

ਲੱਗੀਆਂ ਤ੍ਰਿੰਜਣਾਂ ਦੀਆਂ, ਮੈਨੂੰ ਯਾਦ ਗੱਡੀ ਵਿਚ ਆਈਆਂ ।

ਚਰਖੇ ਦੀ ਘੂਕ ਸੁਣਕੇ, ਜੋਗੀ ਉਤਰ ਪਹਾੜੋਂ ਆਇਆ ।

ਛੰਦ  :

ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਥਾਲੀ

ਛੰਦ ਮੈਂ ਤੁਹਾਨੂੰ ਤਾਂ ਸੁਣਾਵਾਂ ਜੇ ਹੱਥ ਜੋੜੇ ਸਾਲੀ

ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਖੀਰਾ

ਭੈਣ ਤੁਹਾਡੀ ਇਉਂ ਰੱਖਾਂਗਾ, ਜਿਉਂ ਮੁੰਦਰੀ ਵਿਚ ਹੀਰਾ।

ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਤਰ

ਲੋਕ ਭਾਨੀਆਂ ਮਾਰਦੇ ਸੰਜੋਗ ਜੋਰਾਵਰ ।

ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ

ਕੇਸਰ ਸੱਸ ਮੇਰੀ ਤਾਂ ਪਾਰਬਤੀ, ਸਹੁਰਾ ਮੇਰਾ ਪ੍ਰਮੇਸ਼ਰ ।

ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਘਿਉ

ਸੱਸ ਅੱਜ ਤੋਂ ਮਾਂ ਹੈ ਮੇਰੀ ਸਹੁਰਾ ਲੱਗਦਾ ਪਿਉ ।

ਸੁਹਾਗ :

ਪੁੱਤ ਬਣਕੇ ਕਮਾਇਆ ਘਰ ਤੇਰੇ ਦਾਜ ਦੇ ਕੇ ਤੋਰ ਬਾਬਲ ਜੀ

ਧੱਕੇ ਦੇਣ ਸਕੀਆਂ ਭਰਜਾਈਆਂ ਬਾਬਲ ਤੇਰੇ ਮਹਿਲਾਂ ਵਿੱਚੋਂ

ਭਲਕੇ ਸਵੇਰੇ ਤੁਰ ਜਾਣਾ ਅਸਾਂ ਕਿਹੜੀ ਵੀਰ ਦੀ ਜਗੀਰ ਮੱਲਣੀ ਪੁੱਤ

ਬਣਕੇ ਕਮਾਇਆ ਘਰ ਤੇਰੇ ਦਾਜ ਦੇ ਕੇ ਤੋਰ ਬਾਬਲਾ

ਕਣਕ ਛੋਲਿਆਂ ਦਾ ਖੇਤ ਹੌਲੀ ਹੌਲੀ ਨਿਸਰ ਗਿਆ

ਬਾਬਲ ਧਰਮੀ ਦਾ ਦੇਸ਼ ਹੌਲੀ ਹੌਲੀ ਵਿਸਰ ਗਿਆ ।

ਮਾਤਾ ਬੋਲੀਆਂ ਨਾ ਮਾਰ ਅਸੀਂ ਤੇਰੇ ਨਾ ਆਵਾਂਗੇ,

ਬਾਬਲ ਧਰਮੀ ਦਾ ਦੇਸ਼ ਕਦੀ ਫੇਰਾ ਪਾ ਜਾਵਾਂਗੇ ।

ਕਣਕ ਛੋਲਿਆਂ ਦਾ ਖੇਤ ਹੌਲੀ ਹੌਲੀ ਨਿਸਰ ਗਿਆ,

ਤਾਏ ਧਰਮੀ ਦਾ ਦੇਸ਼ ਹੌਲੀ ਹੌਲੀ ਵਿਸਰ ਗਿਆ ।

ਤਾਈ ਬੋਲੀਆਂ ਨਾ ਮਾਰ ਅਸੀਂ ਤੇਰੇ ਨਾ ਆਵਾਂਗੇ,

ਤਾਏ ਧਰਮੀ ਦਾ ਦੇਸ਼ ਕਦੀ ਫੇਰਾ ਪਾ ਜਾਵਾਂਗੇ ।

ਕਣਕ ਛੋਲਿਆਂ ਦਾ ਖੇਤ ਹੌਲੀ ਹੌਲੀ ਨਿਸਰ ਗਿਆ,

ਮਾਮੇ ਧਰਮੀ ਦਾ ਦੇਸ਼ ਹੌਲੀ ਹੌਲੀ ਵਿਸਰ ਗਿਆ ।

ਮਾਮੀ ਬੋਲੀਆਂ ਨਾ ਮਾਰ ਅਸੀਂ ਤੇਰੇ ਨਾ ਆਵਾਂਗੇ,

ਮਾਮੇ ਧਰਮੀ ਦਾ ਦੇਸ਼ ਕਦੀ ਫੇਰਾ ਪਾ ਜਾਵਾਂਗੇ ।

ਕਣਕ ਛੋਲਿਆਂ ਦਾ ਖੇਤ ਹੌਲੀ ਹੌਲੀ ਨਿਸਰ ਗਿਆ ।

ਵੱਢ ਵੱਢ ਕਣਕ ਢੇਰ ਲਾਏ ਸਾਹਿਬ ਪਲੜਾ ਫੇਰਿਆ,

ਗੜਗੱਜ ਪਾਉਂਦੀ ਜੰਞ ਆਈ ਵੇਖ ਬਾਬਲ ਮੇਰਿਆ ।

ਧੀਆਂ ਦਾ ਬਾਬਲ ਕਦੇ ਨਾ ਨਿਵਿਆਂ ਧੀਆਂ ਨੇ ਆਣ ਨਿਵਾਇਆ

ਗੱਲ ਪਲੜਾ ਪਾ ਕੇ ਅਰਜ਼ ਕਰਦਾ

ਧੀਆਂ ਤਾਂ ਧਨ ਪਰਾਇਆ ।

ਬੁਝਾਰਤਾਂ

  1. ਸ਼ੀਸੇ ਦਾ ਇਕ ਮਹਿਲ ਬਣਾਇਆ, ਵਿਚ ਬਿਠਾਈ ਰਾਣੀ, ਉਤੋਂ ਦੀ ਮੈਂ ਅੱਗ ਬਾਲੀ ਤੇ ਥੱਲਿਓਂ ਪਾਇਆ ਪਾਣੀ.. …………….ਹੁੱਕਾ
  2. ਤੇਰੀ ਮਾਂ ਭੱਜੀ ਫਿਰੇ, ਮੇਰਾ ਪਿਉ ਭਜਾਈ ਫਿਰੇ, ਲੋਕੋ ਜੱਫਾ ਪਾਈ ਫਿਰੇ ………………….ਕੁੜ ਮਧਾਣੀ
  3. ਨਿੱਕੀ ਜਿਹੀ ਕੁੜੀ, ਲੈ ਪਰਾਂਦਾ ਤੁਰੀ. …………………..ਸੂਈ ਧਾਗਾ
  4. ਨਿੱਕੀ ਜਿਹੀ ਕੁੜੀ, ਉਹਦਾ ਢਿਡ ਛਣਕੇ. ………………………..ਲਾਲ ਮਿਰਚ
  5. ਨਿੱਕੀ ਜਿਹੀ ਕੁੜੀ ਉਹਦੇ ਢਿੱਡ ‘ਚ ਲਕੀਰ…………………………….. ਕਣਕ ਦਾ ਦਾਣਾ
  6. ਉਰਲੇ ਟਿੱਬੇ ਮੇਰੀ ਭਾਬੋ ਵੱਸੇ, ਮੈਂ ਜਾਵਾਂ ਤਾਂ ਖਿੜ-2 ਹੱਸੇ……………….. ਕਪਾਹ
  7. ਨੀਲੀ ਟਾਕੀ ਚੌਲ ਬੱਧੇ, ਦਿਨੇ ਗਵਾਚੇ ਰਾਤੀ ਲੱਭੇ………………………… ਤਾਰੇ
  8. ਬਾਹਰੋਂ ਆਇਆ ਬਾਬਾ ਲੋਧੀ, ਛੇ ਟੰਗਾਂ ਇਕ ਬੋਦੀ……………………… ਤੱਕੜੀ
  9. ਲੰਮ ਸਲੰਮਾ ਗੱਭਰੂ ਉਹਦੇ ਗਿੱਟੇ ਦਾੜੀ………………………………….. .ਗੰਨਾ
  10. ਬਾਹਰੋਂ ਆਇਆ ਅਬਦੁ ਮਾਨਾ, ਵੀਹ ਲੱਤਾ ਤੇ ਛੇ ਜ਼ੁਬਾਨਾ. ………………………ਚੌਹਾਂ ਬਲਦਾਂ ਦਾ ਸੁਹਾਗਾ
  1. ਨਿੱਕੀ ਜਿਹੀ ਕੋਠੜੀ ਡਾਂਗਾਂ ਨਾਲ ਭਰੀ. …………………ਤੀਲਾਂ ਦੀ ਡੱਬੀ
  2. ਤੂੰ ਚੱਲ ਮੈਂ ਆਇਆ. ……………………………………….ਬੂਹਾ
  3. ਚਾਰ ਕੁ ਲੱਕੜੀਆਂ ਥੱਬਾ ਆਂਦਰਾਂ ਦਾ, ਜਿਹੜਾ ਮੇਰੀ ਬਾਤ ਨਾ ਬੁੱਝੇ ਉਹ ਪੁੱਤ ਬਾਂਦਰਾਂ ਦਾ. …………………..ਮੰਜਾ
  4. ਆਪ ਤੇ ਲੰਘ, ਖਸਮ ਨੂੰ ਲੰਘਾ. ………….ਕਪਾਹ-ਵੜੇਵੇਂ
  5. ਮਾਂ ਜੰਮੀ ਨਾ ਪੁੱਤ ਕੋਠੇ ਤੇ. ……………………….ਧੂੰਆਂ
  6. ਨਿੱਕੀ ਜਿਹੀ ਕੋਠੜੀ ਵਿਚ ਬੱਤੀ ਦਾਣੇ. ………………………..ਦੰਦ
  7. ਪੰਜਾਂ ਚੋਰਾਂ ਪੰਡ ਚਰਾਈ ਜਾਂ ਰੱਖੀ ਦਰਬਾਰ,………………………. ਬੁਰਕੀ
  8. ਕਾਲਾ ਸੀ ਕਲਿਤਰ ਸੀ ਕਾਲੇ ਪਿਉ ਦਾ ਪੁੱਤਰ ਸੀ, ਆਰੋਂ ਪਾਣੀ ਪੀਂਦਾ ਸੀ ਬੂਟੀ ਛਾਵੇਂ ਬਹਿੰਦਾ ਸੀ……………….ਬਤਾਊਂ, ਬੈਂਗਣ
  9. ਦੋ ਕਬੂਤਰ ਉਡਦੇ ਜਾਂਦੇ ਤੂਤ ਦੇ ਪੱਤੇ ਝੜਦੇ ਜਾਂਦੇ…………………………ਟੋਕਾ
  10. ਤਰਨਤਾਰਨੋ ਮੱਝ ਲਿਆਂਦੀ ਬਧੀ ਬਰਾਂਡੇ ਹੇਠ

ਸਾਰਾ ਟੱਬਰ ਚੁੰਘ ਹਟਿਆ ਅਜੇ ਵੀ ਡੋਕੇ ਹੇਠ………………………………….. ਹੁੱਕਾ

  1. ਲਾਲ ਮੂੰਹ ਪਿੰਡਾ ਜਰਦੀ ਸੱਚੇ ਸਾਹਿਬ ਕੋਲੋਂ ਨਹੀਂ ਡਰਦੀ. …………………………ਸਿਉਂਕ

 

ਅਖਾਣ/ਮੁਹਾਵਰੇ

  1. ਪਾਣੀ ਪੁਲਾਂ ਹੇਠੋਂ ਲੰਘਣਾ ।
  2. ਨਾਨੀ ਖਸਮ ਕਰੇ ਦੋਹਤਾ ਚੱਟੀ ਭਰੇ ।
  3. ਖਵਾਜੇ ਦਾ ਗਵਾਹ ਡੱਡੂ ।
  4. ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ ।
  5. ਘਰ ਆਇਆ ਅੰਮਾ ਜਾਇਆ, ਬਾਹਰ ਲੋਕ ਪਰਾਇਆ ।
  6. ਸਰਫਾ ਕਰਕੇ ਸੁੱਤੀ, ਆਟਾ ਖਾ ਗਈ ਕੁੱਤੀ ।
  7. ਅਖੇ ਆਪਣੇ ਨੈਣ ਮੈਨੂੰ ਦੇ ਦੇ ਤੇ ਆਪ ਮਟਕਾਉਂਦੀ ਫਿਰ ।
  8. ਉੱਤੇ ਪਈਆਂ ਤਕਾਲਾਂ, ਕੁਚੱਜੀ ਮਾਰੇ ਛਾਲਾਂ ।
  9. ਉਠ ਹੋਵੇ ਨਾ ਫਿਟੇ ਮੂੰਹ ਗੋਡਿਆਂ ਦਾ ।
  10. ਘਰ ਦੀ ਕੁਕੜੀ ਦਾਲ ਬਰਾਬਰ ।
  11. ਅਖੇ ਤੂੰ ਕੌਣ ਮੈਂ ਖਾਹ ਮਖਾਹ ।
  12. ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਇਕੱਲੀ ।
  13. ਕਣਕ ਦੇ ਨਾਲ ਘੁਣ ਵੀ ਪਿਸ ਜਾਂਦਾ ਹੈ ।
  14. ਖਾਈਏ ਕਣਕ ਦਾਲ ਜਿਹੜੀ ਨਿਭੇ ਨਾਲ ।
  15. ਕੁੱਛੜ ਕੁੜੀ ਤੇ ਸ਼ਹਿਰ ਢੰਢੋਰਾ ।
  16. ਪੇਟ ਦਾਈ ਤੋਂ ਗੁੱਝੇ ਨਹੀਂ ਰਹਿੰਦੇ ।
  17. ਕਰ ਮਜੂਰੀ ਖਾਹ ਚੂਰੀ ।
  18. ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ ।
  19. ਇਹ ਜੱਗ ਮਿੱਠਾ ਅਗਲਾ ਕਿਸੇ ਨਾ ਡਿੱਠਾ
  20. ਚੱਲ ਨੀ ਨੂੰਹੇ ਨਿੱਸਲ ਹੋ ਚਰਖਾ ਛੱਡ ਤੇ ਚੱਕੀ ਝੋ ।
  21. ਗੱਲੀਂ ਬਾਤੀਂ ਮੈਂ ਵੱਡੀ ਕਰਤੂਤੀਂ ਮੇਰੀ ਜਠਾਣੀ ।
  22. ਸਹੇ ਦੀ ਨਹੀਂ, ਪਹੇ ਦੀ ਪਈ ਏ ।
  23. ਨਾਲੇ ਚੋਪੜੀਆਂ ਨਾਲੇ ਦੋ ਦੋ ।
  24. ਸਖੀ ਨਾਲ ਸੂਮ ਭਲਾ ਜਿਹੜਾ ਦੇਵੇ ਤੁਰਤ ਜਵਾਬ ।
  25. ਹੱਥਾਂ ਬਾਝ ਕਰਾਰਿਆਂ, ਵੈਰੀ ਮਿੱਤ ਨਾ ਹੋਏ ।

 

ਪਿੰਡ ਵਿਚ ਵਰਤੀ ਜਾਂਦੀ ਸ਼ਬਦਾਵਲੀ

ਗੋਇੰਦਵਾਲ ਸਾਹਿਬ ਵਿਚ ਤਿੰਨ ਤਰ੍ਹਾਂ ਦੀ ਬੋਲੀ ਬੋਲਣ ਵਾਲੇ ਲੋਕ ਵੱਸਦੇ ਹਨ। ਇਸ ਨਗਰ ਵਿਚ ਵੱਸਣ ਵਾਲੇ ਲੋਕਾਂ ਦਾ ਹੁਣ ਤਕ ਬਹੁਤ ਹੀ ਪਿਆਰ ਮੁਹੱਬਤ ਬਣਿਆ। ਹੋਇਆ ਹੈ ਤੇ ਕਿਧਰੇ ਵੀ ਕਿਸੇ ਤਰ੍ਹਾਂ ਦਾ ਕੋਈ ਜਾਤੀ ਭੇਦ ਭਾਵ ਵੇਖਣ ਨੂੰ ਨਹੀਂ ਮਿਲਦਾ। ਤਿੰਨ ਤਰ੍ਹਾਂ ਦੀ ਬੋਲੀ ਬੋਲਣ ਵਾਲਿਆਂ ਵਿਚ ਲਹੌਰੀਏ ਜੱਟ, ਰਠੌਰ ਸਿੰਘ ਤੇ ਆਮ ਲੋਕ ਹਨ। ਰਠੌਰ ਜਾਤੀ ਦੇ ਲੋਕ ਰੋਟੀ ਨੂੰ ਬਾਟੀ, ਜਾਂਦਾ ਨੂੰ ਜਾਵੜੀਆ ਤੇ ਖਾਣ ਨੂੰ ਖਾਵੜੀਆ ਕਰਕੇ ਬੋਲਦੇ ਹਨ । ਇਸ ਨਗਰ ਵਿਚ ਵੱਸਦੇ ਲਹੌਰੀਏ ਆਪਣੀ ਬੋਲੀ ਵਿਚ ਭੈੜਿਆ ਸ਼ਬਦ ਦੀ ਆਮ ਵਰਤੋਂ ਕਰਦੇ ਹਨ । ਕੀ ਕਰਦਾ ਏਂ ਨੂੰ ਕੀ ਕਰੇਨਾ ਏਂ ਆਖਦੇ ਹਨ । ਕਿੱਥੇ ਸ਼ਬਦ ਨੂੰ ਕਿਦੇ ਬੋਲਦੇ ਹਨ ਤੇ ਮੱਝਾਂ ਨੂੰ ਮੱਝੀ ਆਖਦੇ ਹਨ’। ਇੱਥੇ ਵੱਸਣ ਵਾਲੇ ਆਮ ਲੋਕ ਟਕਸਾਲੀ ਬੋਲੀ ਹੀ ਬੋਲਦੇ ਹਨ । ਇੱਥੇ ਬੋਲੇ ਜਾਂਦੇ ਸ਼ਬਦਾਂ ਵਿਚ ਭਾਜੀ ਸ਼ਬਦ ਦੀ ਵਰਤੋਂ ਕਾਫ਼ੀ ਕੀਤੀ ਜਾਂਦੀ ਹੈ । ਕੁੜੀਆਂ ਨੂੰ ਬੁਲਾਉਣ ਲੱਗਿਆਂ ਨੀਂ ਕਰਕੇ ਜ਼ਰੂਰ ਬੁਲਾਇਆ ਜਾਂਦਾ ਹੈ ਤੇ ਬਜ਼ੁਰਗ ਨੂੰ ਸਤਿਕਾਰ ਵਜੋਂ ਬਾਪੂ ਜੀ ਕਹਿਕੇ ਬੁਲਾਇਆ ਜਾਂਦਾ ਹੈ ।

ਇੱਥੇ ਵਰਤੇ ਜਾਂਦੇ ਕੁਝ ਸ਼ਬਦਾਂ ਜਿਹੜੇ ਆਮ ਬੋਲੀ ਨਾਲੋਂ ਕੁਝ ਵੱਖਰੇ ਹਨ, ਦਾ ਨਮੂਨਾ ਇਸ ਤਰ੍ਹਾਂ ਹੈ :-

ਗੋਇੰਦਵਾਲ ਸਾਹਿਬ ————ਆਮ

ਥੱਲੜਾ ———————– ਹੇਠਲਾ

ਹੇਠਾਂ—————————-ਥੱਲੇ

ਕਿਵੇਂ—————————–ਕਿੱਦਾਂ

ਮੈਂ ਜਾਂਦੀਆਂ————————-ਮੈਂ ਜਾਊਂਗੀ

ਤੂੰ ਜਾਵੇਂਗੀ————————–ਤੂੰ ਜਾਏਂਗੀ

ਖੜੋਤਾ ਸੀ—————————-ਖਲੋਤਾ ਸੀ

ਪਿੰਜਣੀ——————————–ਪਿੰਨੀ

ਪੁੱਤ———————————–ਪੁੱਤਰ

 

 

 

Credit – ਭਾਸ਼ਾ ਵਿਭਾਗ ਪੰਜਾਬ

Leave a Comment

error: Content is protected !!