ਗੱਜਣ ਵਾਲਾ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਗੱਜਣ ਵਾਲਾ, ਮੋਗਾ – ਫਿਰੋਜ਼ਪੁਰ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮਹੇਸ਼ਰੀ ਤੋਂ 9 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸਵਾ ਦੋ ਸੌ ਸਾਲ ਪਹਿਲਾਂ ਬਾਬਾ ਗੱਜਣ ਸਿੰਘ ਨੇ ਵਸਾਇਆ ਸੀ । ਬਾਬਾ ਗੱਜਣ ਸਿੰਘ ਬਾਬਾ ਜੈਮਲ ਸਿੰਘ ਬਰਾੜ ਦਾ ਭਤੀਜਾ ਸੀ ਜਿਸਦੇ ਨਾਂ ‘ਤੇ ਨਾਲ ਵਾਲਾ ਪਿੰਡ ‘ਜੈਮਲ ਵਾਲਾ’ ਹੈ। ਕੁਝ ਬਰਾੜਾਂ ਦੇ ਘਰ ਪਿੰਡ ਜੈਮਲ ਵਾਲਾ ਤੋਂ ਆ ਕੇ ਵੱਸੇ ਅਤੇ ਹੋਰ ਕੰਮੀਆਂ ਤੇ ਕਾਮਿਆਂ ਦਾ ਵਸੇਬਾ ਕਰਾਕੇ ਇਹ ਪਿੰਡ ਵਸਾਇਆ ਗਿਆ। ਇਸ ਪਿੰਡ ਵਿੱਚ ਬਰਾੜ, ਢਿੱਲੋਂ, ਖੋਸੇ ਜੱਟਾਂ ਤੋਂ ਇਲਾਵਾ ਤੀਜਾ ਹਿੱਸਾ ਆਬਾਦੀ ਹਰੀਜਨਾਂ ਦੀ ਹੈ।
ਗੱਜਣਵਾਲੇ ਦੇ ਪੂਰਬ ਵੱਲ ਗੁਰਦੁਆਰਾ ਗੁਰੂਸਰ ਹੈ। ਗੁਰੂ ਹਰਿਗੋਬਿੰਦ ਸਾਹਿਬ ਨਾਲ ਵਾਲੇ ਪਿੰਡ ‘ਡਰੋਲੀ ਭਾਈ’ ਆਉਂਦੇ ਰਹਿੰਦੇ ਸਨ ਅਤੇ ਜੈਮਲ ਵਾਲੇ ਦੀ ਜੂਹ ਵਿੱਚ ਸੈਰ ਕਰਨ ਜਾਂ ਸ਼ਿਕਾਰ ਕਰਨ ਆਉਂਦੇ ਸਨ ਜੋ ‘ਗੱਜਣਵਾਲੇ’ ਦੇ ਪੂਰਬ ਵਿੱਚ ਹੈ। ਇਸ ਗੁਰਦੁਆਰੇ ਦਾ ਨੀਂਹ ਪੱਥਰ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਰੱਖਿਆ ਤੇ ਪਿੰਡ ਵਾਲਿਆਂ ਨੇ ਇੱਕ ਲੱਖ ਰੁਪਏ ਖਰਚ ਕਰਕੇ ਇਹ ਗੁਰਦੁਆਰਾ ਬਣਾਇਆ।
ਪਿੰਡ ਵਿੱਚ ਬਾਬਾ ਸਾਈ ਦੀ ਕਬਰ ਹੈ ਜਿੱਥੇ ਲੋਕ ਆਪਣੀਆਂ ਸੁੱਖਾਂ ਪੂਰੀਆਂ ਕਰਦੇ ਹਨ। ਪਿੰਡ ਦੇ ਨਾਲ ਇੱਕ ਬੇਚਰਾਗ ਪਿੰਡ ਪਠਾਣਗੜ੍ਹ ਦਾ ਥੇਹ ਹੈ। ਇਸ ਥੇਹ ਤੋਂ ਨਾਨਕਸ਼ਾਹੀ ਇੱਟਾਂ, ਸਿੱਕੇ ਤੇ ਭਾਂਡੇ ਅਕਸਰ ਮਿਲਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ