ਘੋਲੀਆਂ ਖੁਰਦ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਘੋਲੀਆਂ ਖੁਰਦ, ਜਗਰਾਉਂ – ਫਰੀਦਕੋਟ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਮੋਗਾ ਤੋਂ 21 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਪਿੰਡ ਦੇ ਇਤਿਹਾਸ ਬਾਰੇ ਪਿੰਡ ਨਿਵਾਸੀਆਂ ਮੁਤਾਬਿਕ ਇਹ ਪਿੰਡ ‘ਘੱਲੂ ਚਰਵਾਹੇ’ ਜੋ ਗੁੱਜਰ ਸੀ ਦੇ ਨਾਂ ਤੇ ਰੱਖਿਆ ਗਿਆ। ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਘੱਲਾਂ ਵਿੱਚ ਇੱਕ ‘ਘੱਲੂ ਗੁੱਜਰ ਸੀ ਜੋ ਭੇਡਾਂ ਬੱਕਰੀਆਂ ਲੈ ਕੇ ਫਿਰਦਾ ਰਹਿੰਦਾ ਸੀ। ਉਸਨੂੰ ਪਿੰਡ ਦੇ ਬਜ਼ੁਰਗਾਂ ਨੇ ਕਿਹਾ ਕਿ ਉਹ ਇੱਕ ਨਵਾਂ ਪਿੰਡ ਵਸਾਉਣ ਲਈ ਕੋਈ ਉੱਚੀ ਨੀਵੀਂ ਥਾਂ ਦੀ ਭਾਲ ਕਰੇ। ਥੋੜੀ ਦੇਰ ਬਾਅਦ ਉਸਨੇ ਪਿੰਡ ਵਾਲਿਆਂ ਨੂੰ ਆਪਣੀ ਖੋਜ ਬਾਰੇ ਦੱਸਿਆ ਤੇ ਨਾਲ ਇਹ ਵੀ ਮੰਗ ਕੀਤੀ ਕਿ ਨਵਾਂ ਪਿੰਡ ਉਸਦੇ ਨਾਂ ਤੇ ਰੱਖਿਆ ਜਾਵੇ। ਇਹ ਪਿੰਡ ਲਗਭਗ 250 ਸਾਲ ਪਹਿਲਾਂ ਪਿੰਡ ਦੇ ਬਜ਼ੁਰਗਾਂ ਨੇ ਘੋਲੂ ਚਰਵਾਹੇ ਦੇ ਨਾਂ ਤੇ ਘੋਲੀਆਂ ਕਲਾਂ ਪਿੰਡ ਅਬਾਦ ਕੀਤਾ ਜਦਕਿ ਤਕਰੀਬਨ 200 ਸਾਲ ਪਹਿਲਾਂ ਸ਼ਾਂਤ ਚਿੱਤ ਮਹਾਪੁਰਸ਼ ਬਾਬਾ ਅਲੱਖ ਗਿਰ ਜੀ ਨੇ ਪਿੰਡ ‘ਘੋਲੀਆਂ ਖੁਰਦ’ ਦੀ ਬੁਨਿਆਦ ਰੱਖੀ। ਬਾਬਾ ਅਲੱਖ ਜੀ ਦਾ ਡੇਰਾ ਘੰਟਾ ਘਰ ਦੇ ਉੱਤਰ ਵੱਲ ਹੈ।
ਇੱਥੇ ਇੱਕ ਸੁੰਦਰ ਗੁਰਦੁਆਰਾ ਹੈ ਜੋ ਇੱਕ ਤਪਸੱਵੀ ਤੇ ਰੂਹਾਨੀਅਤ ਦੀ ਮੂਰਤ ਸੰਤ ਬਾਬਾ ਗੁਲਾਬ ਸਿੰਘ ਜੀ ਦੀ ਯਾਦਗਾਰ ਵਿੱਚ ਬਣਾਇਆ ਗਿਆ ਹੈ। ਇੱਥੇ ਹਰ ਸਮੇਂ ਲੰਗਰ ਚਲਦਾ ਰਹਿੰਦਾ ਅਤੇ ਸਵੇਰੇ ਸ਼ਾਮ ਕੀਰਤਨ ਹੁੰਦਾ ਹੈ।
ਪਿੰਡ ਵਿੱਚ ਇੱਕ ‘ਦੇਵਤਿਆਂ ਦਾ ਅਸਥਾਨ’ ਕਰਕੇ ਜਗ੍ਹਾ ਹੈ ਜਿੱਥੇ ਪੂਰਨ ਵਿਧੀ ਨਾਲ ਹਵਨ ਕੀਤਾ ਜਾਂਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ