ਘੜਾਮ
ਸਥਿਤੀ :
ਤਹਿਸੀਲ ਪਟਿਆਲਾ ਦਾ ਪਿੰਡ ਘੜਾਮ, ਪਟਿਆਲੇ ਤੋਂ ਲਗਭਗ 39 ਕਿਲੋਮੀਟਰ ਦੂਰ, ਹਰਿਆਣੇ ਦੀ ਸੀਮਾ ਦੇ ਨਾਲ ਲਗਦਾ ਪਟਿਆਲਾ – ਘੜਾਮ ਸੜਕ ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਬਾਰੇ ਕਿਹਾ ਜਾਂਦਾ ਹੈ ਕਿ ਇਹ ਭਗਵਾਨ ਰਾਮ ਦੇ ਨਾਨਕੇ ਦਾ ਨਗਰ ਸੀ ਅਤੇ ਭਾਰਤ ਵਿੱਚ ਮੁਸਲਮਾਨੀ ਰਾਜ ਦੀ ਸਥਾਪਨਾ ਲਈ ਆਏ ਮੁਹੰਮਦ ਗੌਰੀ ਨੇ 1193 ਵਿੱਚ ਅਫਗਾਨਿਸਤਾਨ ਦੇ ਰਸਤੇ ਭਾਰਤ ਵਿੱਚ ਆ ਕੇ ਇਸੇ ਨਗਰ ਨੂੰ ਆਪਣੀ ਪਹਿਲੀ ਰਾਜਧਾਨੀ ਬਣਾਇਆ ਸੀ ਅਤੇ ਆਪਣੇ ਇੱਕ ਸੇਵਕ ਕੁਤਬਦੀਨ ਐਬਕ ਨੂੰ ਇੱਥੋਂ ਦਾ ਰਾਜਾ ਨਿਯੁਕਤ ਕੀਤਾ ਸੀ। ਪੁਰਾਣੇ ਇਤਿਹਾਸ ਵਿੱਚ ਇਸ ਪਿੰਡ ਦਾ ਨਾਂ ‘ਕੁਹਰਾਮ’ ਕਰਕੇ ਮਿਲਦਾ ਹੈ। ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਹੀ ਮਸ਼ਹੂਰ ਮੁਸਲਮਾਨ ਫ਼ਕੀਰ ਬਾਬਾ ਮੀਰਾਂ ਜੀ ਭੀਖਮ ਸ਼ਾਹ ਨਾਲ ਮੁਲਾਕਾਤ ਕੀਤੀ ਸੀ।
ਇਹ ਪਿੰਡ ਦੋ ਹਿੱਸਿਆਂ ਵਿੱਚ ਉਸ ਪੁਰਾਣੇ ਮਹਿਲ ਦੇ ਖੰਡਰਾਂ ਦੇ ਆਸ-ਪਾਸ ਵੱਸਿਆ ਹੋਇਆ ਹੈ ਜਿਹੜਾ 12ਵੀਂ ਸਦੀ ਵਿੱਚ ਬਣਵਾਇਆ ਗਿਆ ਦੱਸਿਆ ਜਾਂਦਾ ਹੈ। ਬੰਦਾ ਬਹਾਦਰ ਦੇ ਹਮਲੇ ਸਮੇਂ ਇਹ ਨਗਰ ਆਪਣੀ ਪਛਾਣ ਗੁਆ ਬੈਠਾ। ਪਿੰਡ ਦੇ ਘਰ ਪੁਰਾਣੇ ਕਿਲ੍ਹੇ ਦੀਆਂ ਛੋਟੀਆਂ ਇੱਟਾਂ ਦੇ ਬਣੇ ਹੋਏ ਹਨ। ਪਿੰਡ ਵਿੱਚ ਪੁਰਾਣੇ ਮਹਿਲ ਦਾ ਇੱਕ ਉੱਚਾ ਥੇਹ ਹੈ। ਪਿੰਡ ਵਿੱਚ ਸੂਫ਼ੀ ਸੰਤ ਬਾਬਾ ਭੀਖਮ ਸ਼ਾਹ ਦਾ ਮਜ਼ਾਰ ਹੈ ਜਿਸ ਦੀ ਮਾਨਤਾ ਦੂਰ-ਦੂਰ ਤੱਕ ਹੈ।
ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਬਾਬਾ ਭੀਖਮ ਸ਼ਾਹ ਨੂੰ ਮਿਲਣ ਆਏ ਤੇ ਬਾਹਰ ਬਣੇ ਤਲਾਅ ਤੇ ਰੁੱਕ ਗਏ ਤੇ ਭੀਖਮ ਸ਼ਾਹ ਨੂੰ ਸੱਦਾ ਭੇਜਿਆ ਤਾਂ ਸ਼ਾਹ ਆ ਕੇ ਗੁਰੂ ਜੀ ਨੂੰ ਤਲਾਅ ਤੇ ਮਿਲੇ ਜਿਸਨੂੰ ਅੱਜ ਕੱਲ੍ਹ ਮਿਲਾਪਸਰ ਕਿਹਾ ਜਾਂਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ