ਚਹਿਲਾਂ ਵਾਲਾ
ਸਥਿਤੀ :
ਤਹਿਸੀਲ ਤਲਵੰਡੀ ਸਾਬੋ ਦਾ ਇਹ ਪਿੰਡ ਚਹਿਲਾਂ ਵਾਲਾ, ਮੌੜ ਮੰਡੀ ਤੋਂ 15 ਕਿਲੋਮੀਟਰ ਦੂਰ ਮੌੜ-ਪੈਰੋਂ ਲਿੰਕ ਰੋਡ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਰੱਲਾ ਤੋਂ ਕੁੱਝ ਪਰਿਵਾਰਾਂ ਨੇ ਉੱਠ ਕੇ ਇਹ ਪਿੰਡ ਜੰਡ ਦੀ ਮੋੜੀ ਗੱਡ ਕੇ ਵਸਾਇਆ ਸੀ ਜੋ ਜੰਡ ਦਾ ਦਰਖਤ ਅੱਜ ਵੀ ਮੌਜੂਦ ਹੈ। ਸਾਰੇ 17 ਪਰਿਵਾਰਾਂ ਦਾ ਇੱਕ ਗੋਤ ‘ਚਹਿਲ’ ਸੀ ਇਸ ਕਰਕੇ ਪਿੰਡ ਦਾ ਨਾਂ ‘ਚਹਿਲਾਂ ਵਾਲਾ’ ਪੈ ਗਿਆ।
ਇਹ ਪਿੰਡ ‘ਬਾਬਾ ਜੋਗੀ ਪੀਰ’ ਕਰਕੇ ਵੀ ਮਸ਼ਹੂਰ ਹੈ ਜਿੱਥੇ ਹਰ ਸਾਲ ਚੇਤ ਤੇ ਭਾਦੋਂ ਦੀ ਚਾਨਣੀ ਚੌਥ ਨੂੰ ਭਾਰੀ ਮੇਲਾ ਲਗਦਾ ਹੈ। ‘ਬਾਬਾ ਜੋਗੀ ਪੀਰ’ ਨੂੰ ਇਤਿਹਾਸਕਾਰਾਂ ਨੇ ‘ਚਹਿਲਾਂ ਦਾ ਪੀਰ’ ਵੀ ਕਿਹਾ ਹੈ। ਪਿੰਡ ਵਿੱਚ ‘ਬਾਬਾ ਜੋਗੀ ਪੀਰ’ ਦੀ ਇੱਕ ਝਿੜੀ ਹੈ ਜਿਸ ਵਿੱਚ ਕਰੀਰ ਹੀ ਕਰੀਰ ਹਨ ਜਿੱਥੇ ਪਿੰਡ ਦੇ ਹਰ ਨਵ-ਵਿਆਹੁਤਾ ਲੜਕੇ ਨੂੰ ਲਾੜੀ ਸਮੇਤ ਸ਼ਾਦੀ ਤੋਂ ਅਗਲੇ ਦਿਨ ਮਿੱਟੀ ਕੱਢਣ ਲਈ ਲਿਜਾਇਆ ਜਾਂਦਾ ਹੈ। ਇਸ ਤੋਂ ਬਿਨਾਂ ਸ਼ਾਦੀ ਅਧੂਰੀ ਸਮਝੀ ਜਾਂਦੀ ਹੈ। ਉਸ ਦਿਨ ਸ਼ਾਦੀ ਦੀ ਖ਼ੁਸ਼ੀ ਵਿੱਚ ਝਿੜੀ ਤੋਂ ਪਾਰ ਤੱਕ ਛਿੱਟੀਆਂ ਖੇਡੀਆਂ ਜਾਂਦੀਆਂ ਹਨ ਜੋ ਦਿਲਚਸਪ ਦ੍ਰਿਸ਼ ਹੁੰਦਾ ਹੈ।
ਇਹ ਪਿੰਡ ਸਿਆਸਤ ਪੱਖੋਂ ਅਕਾਲੀਆਂ ਦਾ ਗੜ ਰਿਹਾ ਹੈ। ਇੱਥੋਂ ਦੇ ਕਾਫੀ ਨੌਜਵਾਨ ਫੌਜ ਵਿੱਚ ਰਹੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ