ਚਾਉਕੇ
ਸਥਿਤੀ :
ਤਹਿਸੀਲ ਰਾਮਪੁਰਾ ਫੂਲ ਦਾ ਇਹ ਪਿੰਡ ਚਾਉਕੇ ਰਾਮਪੁਰਾ-ਮੌੜ ਸੜਕ ਤੋਂ 8 ਕਿਲੋਮੀਟਰ ਦੂਰ ਸਥਿਤ ਹੈ ਤੇ ਰਾਮਪੁਰਾ ਫੂਲ ਤੋਂ 16 ਕਿਲੋਮੀਟਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਚਾਉਕੇ ਤਕਰੀਬਨ ਸਾਢੇ ਛੇ ਸੌ ਸਾਲ ਪੁਰਾਣਾ ਪਿੰਡ ਚਾਉ ਅਤੇ ਪੱਖੋਂ ਦੋ ਭਰਾਵਾਂ ਨੇ ਵਸਾਇਆ ਸੀ। ਚਾਉ ਦੇ ਨਾਂ ਤੇ ਪਿੰਡ ਦਾ ਨਾਂ ‘ਚਾਉਕੇ’ ਪਿਆ।
ਇੱਕ ਕਥਨ ਅਨੁਸਾਰ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇੱਥੇ ਆ ਕੇ ਪਿੰਡ ਦੇ ਬਾਹਰ ਬੈਠ ਗਏ ਤੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਪਿੰਡ ਵਿੱਚ ਆਉਣ ਲਈ ਕਿਹਾ ਜਿਸ ਤੇ ਗੁਰੂ ਜੀ ਨੇ ਕਿਹਾ, “ਭਾਈ ਮੈਂ ਤਾਂ ਪਿੰਡ ਦੇ ਵਿਚਕਾਰ ਹੀ ਬੈਠਾ ਹਾਂ। ” ਉਨ੍ਹਾਂ ਦੇ ਬਚਨਾਂ ਸਦਕਾ ਹੁਣ ਪਿੰਡ ਚਾਰ ਚੁਫੇਰੇ ਫੈਲ ਗਿਆ ਹੈ। ਇੱਥੋਂ ਦੇ ਇੱਕ ਬਜ਼ੁਰਗ ਬਾਬਾ ਦੁੱਨਾ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ ਜਿਸ ਸਦਕਾ ਉਨ੍ਹਾਂ ਨੂੰ ਰਿਧੀਆਂ-ਸਿੱਧੀਆਂ ਪ੍ਰਾਪਤ ਹੋ ਗਈਆਂ ਤੇ ਉਨ੍ਹਾਂ ਦੀ ਮਾਨਤਾ ਵੱਧ ਗਈ। ਬਾਬੇ ਦੁੱਨੇ ਦੀ ਸਮਾਧ ਤੇ ਹਰ ਸਾਲ ਭਾਰੀ ਮੇਲਾ ਲੱਗਦਾ ਹੈ।
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਦੇ ‘ਕਾਲੇ ਪਾਣੀ’ ਤੋਂ ਸਜ਼ਾ ਕੱਟਕੇ ਵਾਪਸ ਆਉਣ ਤੇ ਪਹਿਲੀ ਵਾਰ ਉਨ੍ਹਾਂ ਦੇ ਦਰਸ਼ਨ ਇਸ ਪਿੰਡ ਵਿੱਚ ਹੀ ਕਰਵਾਏ ਗਏ। ਅੰਗਰੇਜ਼ਾਂ ਵਲੋਂ ਕੂਕਿਆ ਉੱਪਰ ਕੀਤੇ ਜਾ ਰਹੇ ਅੱਤਿਆਚਾਰਾਂ ਅਤੇ ਮਲੇਰਕੋਟਲਾ ਵਿਖੇ ਤੋਪਾਂ ਨਾਲ ਉੜਾਏ ਜਾਣ ਸੰਬੰਧੀ ਜਦ ਪਿੰਡ ਦੇ ਮਹਾਂ ਸਿੰਘ ਨੂੰ ਪਤਾ ਲੱਗਾ ਤਾਂ ਉਹ ਬਿਨਾਂ ਘਰ ਦੱਸੇ ਹੀ ਸ਼ਹੀਦੀ ਲਈ ਮਲੇਰਕੋਟਲੇ ਚਲੇ ਗਿਆ। ਜਦੋਂ ਕੱਦ ਛੋਟਾ ਹੋਣ ਕਰਕੇ ਤੋਪ ਤੋਂ ਬੱਚ ਗਿਆ ਤਾਂ ਨਸ ਕੇ ਕੁੱਝ ਇੱਟਾਂ ਇਕੱਠੀਆਂ ਕਰ ਲਿਆਇਆ ਅਤੇ ਉੱਚਾ ਹੋ ਕੇ ਸ਼ਹੀਦੀ ਪ੍ਰਾਪਤ ਕੀਤੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ