ਚੀਚਾ
ਸਥਿਤੀ :
ਤਹਿਸੀਲ ਅੰਮ੍ਰਿਤਸਰ ਦਾ ਪਿੰਡ ਚੀਚਾ, ਅੰਮ੍ਰਿਤਸਰ – ਹੁਸ਼ਿਆਰ ਨਗਰ ਸੜਕ ਤੋਂ 5 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਖਾਸਾ ਤੋਂ 1 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਮੁੱਢ ਸਾਢੇ ਸੱਤ ਸੌ ਸਾਲ ਪਹਿਲਾਂ ਮਾਲਵੇ ਦੇ ਪਿੰਡ ਕਣਕਵਾਲ ਤੋਂ ਆਏ ਡੱਲੇ ਦੇ ਪੁੱਤਰ ਚੀਚੇ ਨੇ ਬੰਨ੍ਹਿਆ ਅਤੇ ਉਸਦੇ ਨਾਂ ‘ਤੇ ਹੀ ਪਿੰਡ ਦਾ ਨਾਂ ਮਸ਼ਹੂਰ ਹੋ ਗਿਆ। ਪਿੰਡ ਦੇ ਬਾਹਰਵਾਰ ਚਾਰ ਪੀਰਾਂ – ਬਾਬਾ ਪੀਰ ਦੂਰੀ, ਬਾਬਾ ਸ਼ਾਦਰ ਸ਼ਾਹ, ਬਾਬਾ ਸ਼ਾਹ ਮੁਰਾਦ, ਬਾਬਾ ਸ਼ਾਹ ਬਲੌਲ ਦੇ ਮਜ਼ਾਰ ਹਨ। ਬਾਬੇ ਪੀਰ ਦੂਰੀ ਦੀ ਸਮਾਧ ਤੇ ਹਲਕਾਅ ਠੀਕ ਹੋ ਜਾਣ ਦਾ ਵਰ ਹੈ। ਪਿੰਡ ਦੇ ਚਾਰ ਸ਼ਹੀਦ ਹੋਏ ਹਨ, ਬਾਬਾ ਨੌਧ ਸਿੰਘ ਜਿਹੜੇ ਬਾਬਾ ਦੀਪ ਸਿੰਘ ਸ਼ਹੀਦ ਦੇ ਮਾਸੀ ਦੇ ਪੁੱਤਰ ਭਰਾ ਸਨ ਅਤੇ ਉਹਨਾਂ ਦੇ ਜੱਥੇ ਨਾਲ ਅਹਿਮਦ ਸ਼ਾਹ ਦੁਰਾਨੀ ਦੀ ਫੌਜ ਨਾਲ ਲੜ੍ਹਦਿਆਂ ਅੰਮ੍ਰਿਤਸਰ – ਤਰਨਤਾਰਨ ਰੋਡ ਉੱਤੇ ਪਿੰਡ ਚੱਬੇ ਕੋਲ ਸ਼ਹੀਦ ਹੋਏ। ਇੱਥੇ ਇਹਨਾਂ ਦੀ ਸਮਾਧ ਬਣੀ ਹੋਈ ਹੈ। ਇਸ ਪਿੰਡ ਦੇ ਦੂਸਰੇ ਸ਼ਹੀਦ ਬਾਬਾ ਸੇਵਾ ਸਿੰਘ ਹੋਏ ਹਨ ਜਿਨ੍ਹਾਂ ਨੇ 1720 ਵਿੱਚ ਅੰਮ੍ਰਿਤ ਛਕਿਆ ਤੇ ਅਤੇ ਜਸਪਤ ਨੂੰ ਖਤਮ ਕਰਕੇ ਆਪ ਸ਼ਹੀਦ ਹੋਏ। ਲਖਪਤ ਤੇ ਜਸਪਤ ਲਾਹੌਰ ਦਰਬਾਰ ਦੇ ਦੋ ਭਰਾ ਸਨ ਜਿਨ੍ਹਾਂ ਨੇ ਸਿੱਖਾਂ ਦਾ ਬੀਜ ਨਾਸ ਕਰਨ ਦਾ ਬੀੜਾ ਚੁੱਕਿਆ ਹੋਇਆ ਸੀ। ਬਾਬਾ ਆਗਿਆ ਸਿੰਘ 1780 ਭੰਗੀ ਮਿਸਲ ਦੇ ਦੁਸ਼ਮਣ ਗੁਲਾਮ ਮੁਹੰਮਦ ਨਾਲ ਲੜਦਿਆਂ ਸ਼ਹੀਦ ਹੋਏ। ਜੱਸਾ ਸਿੰਘ ਸ਼ਹੀਦ ਜੈਤੋ ਦੇ ਮੋਰਚੇ ਦੇ ਪਹਿਲੇ 500 ਸਿੰਘਾਂ ਦੇ ਜੱਥੇ ਵਿੱਚ 21 ਫਰਵਰੀ 1924 ਨੂੰ ਸ਼ਹੀਦ ਹੋਏ। ਸ. ਮੀਆਂ ਸਿੰਘ ਤੇ ਸ. ਫਤਿਹ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਕਰਨਲ ਦੇ ਅਹੁਦੇ ਉੱਤੇ ਸਨ। ਪਿੰਡ ਵਿੱਚ ਇੱਕ ਕਿਲ੍ਹੇਨੁਮਾ ਹਵੇਲੀ ਹੈ ਜਿਸ ਦੇ ਖੂਹ ਦੇ ਸਰਦਖਾਨੇ ਵਿੱਚ ਅਮੀਰਜਾਦੀਆ ਗਰਮੀਆ ਦੇ ਦਿਨ ਬਿਤਾਉਂਦਿਆਂ ਸਨ।ਪਿੰਡ ਦੀ ਅਬਾਦੀ ਵਿੱਚ ਜੱਟ, ਬ੍ਰਾਹਮਣ, ਹਿਰੇ, ਸੈਣੀ, ਨਾਈ, ਘੁਮਿਆਰ, ਮਜ਼੍ਹਬੀ, ਇਸਾਈ, ਸੁਨਿਆਰੇ ਆਦਿ ਜਾਤੀਆਂ ਦੇ ਲੋਕ ਰਹਿੰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ