ਚੀਦਾ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਚੀਦਾ, ਮੋਗਾ ਭਗਤਾ ਸੜਕ ਤੋਂ 2 ਕਿਲੋਮੀਟਰ ਅਤੇ ਮੋਗਾ ਰੇਲਵੇ ਸਟੇਸ਼ਨ ਤੋਂ 27 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਅਕਬਰ ਬਾਦਸ਼ਾਹ ਵੇਲੇ ਤੋਂ ਵੀ ਪਹਿਲਾਂ ਹੋਂਦ ਵਿੱਚ ਆਇਆ ਹੋਇਆ ਹੈ। ਕਿਹਾ ਜਾਂਦਾ ਹੈ, ਇਸ ਪਿੰਡ ਦੇ ਮੋਢੀ ਬਾਬਾ ਚੀਦਾ ਨੇ ਹੱਜ ਕਰਨ ਜਾ ਰਹੀਆਂ ਅਕਬਰ ਦੀਆਂ ਰਾਣੀਆਂ ਨੂੰ ਲੁੱਟ ਲਿਆ ਸੀ ਅਤੇ ਇਸ ਦੀ ਸਜ਼ਾ ਵਜੋਂ ਬਾਬੇ ਚੀਦੇ ਦਾ ਸਿਰ ਦਿੱਲੀ ਦਰਵਾਜ਼ੇ ਵਿੱਚ ਟੰਗ ਦਿੱਤਾ ਗਿਆ ਸੀ ਜਿਸ ਨੂੰ ਬਾਬੇ ਚੀਦੇ ਦੇ ਪੁੱਤਰ ਬਾਬੇ ਖਾਨੇ ਨੇ ਲਾਹ ਕੇ ਲਿਆਂਦਾ ਸੀ।
ਇਹ ਸਾਰਾ ਪਿੰਡ ਬਰਾੜ ਗੋਤ ਦੇ ਜੱਟਾਂ ਦਾ ਹੈ। ਸਿਰਫ ਇੱਕ ਘਰ ਔਲਖਾਂ ਦਾ ਹੈ। ਇਹ ਪਿੰਡ ਸ਼ੁਰੂ ਤੋਂ ਹੀ ਸਿਆਸਤ ਵਿੱਚ ਸਰਗਰਮ ਰਿਹਾ ਹੈ। ਜੈਤੋਂ ਦੇ ਮੋਰਚੇ ਵੇਲੇ ਇੱਥੋਂ ਦੇ ਬਾਬਾ ਸੁੰਦਰ ਸਿੰਘ ਸ਼ਹੀਦ ਹੋਏ ਸਨ। ਇਸ ਤੋਂ ਬਿਨਾਂ 1958 ਵਿੱਚ ਖੁਸ਼ ਹੈਸੀਅਤ ਮੌਰਚੇ ਵੇਲੇ ਸਮੁੱਚਾ ਪਿੰਡ ਹੀ ਗ੍ਰਿਫਤਾਰ ਹੋ ਗਿਆ ਸੀ। ਇੱਥੋਂ ਦੇ ਸ. ਸੁਖਚੈਨ ਸਿੰਘ, ਸ. ਜੰਗੀਰ ਸਿੰਘ ਅਤੇ ਸ. ਜਰਨੈਲ ਸਿੰਘ ਨੇ ਮਲਾਇਆ ਵਿੱਚ ਆਪਣੀ ਵਰ੍ਹਿਆਂ ਦੀ ਕਮਾਈ ਤਿਆਗ ਕੇ ਅਜ਼ਾਦ ਹਿੰਦ ਫੌਜ ਵਿੱਚ ਹਿੱਸਾ ਲਿਆ
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ