ਚੰਦਪੁਰ ਬੇਲਾ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਚੰਦਪੁਰ, ਰੂਪ ਨਗਰ – ਨੰਗਲ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਕੀਰਤਪੁਰ ਤੋਂ 3 ਕਿਲੋਮੀਟਰ ਦੂਰ ਹੈ। ਗੱਜਪੁਰ ਤੇ ਚੰਦਪੁਰ ਦੇ ਵਿਚਕਾਰ ਇੱਕ ਚੋਆ ਪੈਂਦਾ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਮੁੱਢ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ (ਸੱਤਵੇਂ ਗੁਰੂ) ਦੇ ਇੱਕ ਰਾਜਪੂਤ ਸ਼ਰਧਾਲੂ ਸ੍ਰੀ ਚਾਂਦ ਰਾਏ ਜੋ ਬਿਲਾਸਪੁਰ ਦੇ ਨੇੜੇ ਸਲਾਪੜ ਖੇਤਰ ਦਾ ਸੀ, ਨੇ ਗੁਰੂ ਜੀ ਦੇ ਹੁਕਮ ਨਾਲ ਬੰਨ੍ਹਿਆ ਸੀ। ਜਦੋਂ ਪਿੰਡ ਦੀ ਬੁਨਿਆਦ ਰੱਖੀ ਗਈ ਤਾਂ ਇੱਥੇ ਬਹੁਤ ਮੱਛਰ ਮੱਖੀਆਂ ਹੁੰਦੇ ਸਨ ਪਰ ਗੁਰੂ ਜੀ ਦੇ ਅਸ਼ੀਰਵਾਦ ਨਾਲ ਸਭ ਖਤਮ ਹੋ ਗਏ। ਦਰਿਆਵਾਂ ਤੇ ਚੋਆਂ ਵਿੱਚ ਘਿਰੀ ਇਹ ਜਗ੍ਹਾ ਬਹੁਤ ਰਮਣੀਕ ਲੱਗਦੀ ਹੈ ਇਸ ਕਰਕੇ ਪਿੰਡ ਦੇ ਨਾਂ ਨਾਲ ‘ਬੇਲਾ’ ਜੁੜ ਗਿਆ।
ਪਿੰਡ ਬੱਝਣ ਦੇ ਸਮੇਂ ਇੱਥੇ ਤਿੰਨ ਚਰਾਂਦਾਂ ਸਨ ਕੁਚਾਲ ਸਾਹਿਬ, ਨੀਰਾ ਸਾਹਿਬ ਅਤੇ ਬੁੰਗਾ ਸਾਹਿਬ ਜਿੱਥੇ 2200 ਘੋੜੇ ਰੋਜ਼ਾਨਾ ਚਰਿਆ ਕਰਦੇ ਸਨ। ਨੀਰਾ ਸਾਹਿਬ ਚਰਾਂਦ ਇਸ ਪਿੰਡ ਵਿੱਚ ਪੈਂਦੀ ਸੀ ਅਤੇ ਇੱਥੇ ਗੁਰਦੁਆਰਾ ਨੀਰਾ ਸਾਹਿਬ ਬਣਿਆ ਹੋਇਆ ਹੈ। ਇਸ ਗੁਰਦੁਆਰੇ ਵਾਲੀ ਥਾਂ ਤੇ ਸਿੰਘ ਸ਼ਸਤਰ ਵਿਦਿਆ ਸਿੱਖਿਆ ਕਰਦੇ ਸਨ। ਇੱਥੇ ਸ਼ਹੀਦ ਸਿੰਘਾਂ ਤੇ ਇੱਕ ਘੋੜੇ ਦਾ ਸੰਸਕਾਰ ਕੀਤਾ ਗਿਆ ਸੀ। ਗੁਰਦੁਆਰੇ ਦੇ ਰਾਗੀ ਅਤੇ ਗ੍ਰੰਥੀ, ਚਾਂਦ ਰਾਏ ਦੇ ਪਰਿਵਾਰ ਵਿਚੋਂ ਹੀ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ