ਚੰਦ ਪੁਰਾਣਾ ਪਿੰਡ ਦਾ ਇਤਿਹਾਸ | Chand Purana Village History

ਚੰਦ ਪੁਰਾਣਾ

ਚੰਦ ਪੁਰਾਣਾ ਪਿੰਡ ਦਾ ਇਤਿਹਾਸ | Chand Purana Village History

ਸਥਿਤੀ :

ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਚੰਦ ਪੁਰਾਣਾ, ਮੋਗਾ – ਕੋਟਕਪੂਰਾ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 12 ਕਿਲੋਮੀਟਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਪਿੰਡ ਚੰਦ ਪੁਰਾਣਾ 800 ਤੋਂ ਵੱਧ ਪੁਰਾਣਾ ਪਿੰਡ ਦੱਸਿਆ ਜਾਂਦਾ ਹੈ। ਪਿੰਡ ਵਿੱਚ ਮਜ੍ਹਬੀ ਸਿੱਖ ਤੇ ਜੱਟ ਸਿੱਖ ਦੋ ਸ਼੍ਰੇਣੀਆਂ ਹਨ।

ਪਿੰਡ ਦੇ ਇਤਿਹਾਸ ਬਾਰੇ ਇਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਰਿਆਸਤ ਫਰੀਦਕੋਟ ਦੇ ਮਹਾਰਾਜਿਆਂ ਦੇ ਖਾਨਦਾਨ ਦਾ ਭਾਈ ਹਮੀਰਾ ਕਿਸੇ ਗੱਲੋਂ ਉਦਾਸ ਹੋ ਕੇ ਕਿਧਰੇ ਹੋਰ ਵੱਸਣ ਲਈ ਤੁਰ ਪਿਆ। ਪਹਿਲਾਂ ਉਹ ਪਿੰਡ ਪੰਜ ਗਰਾਈਂ ਦੇ ਨੇੜੇ ਬੈਠਣ ਲੱਗਾ ਤਾਂ ਕਿਸੇ ਵੀ ਉਸ ਨੂੰ ਉਸ ਥਾਂ ਤੇ ਬੈਠਣ ਨਾ ਦਿੱਤਾ। ਲੜਾਈ ਝਗੜੇ ਤੋਂ ਬਾਅਦ ਉਹ ਕੋਟ ਈਸੇ ਖਾਂ ਪਹੁੰਚਾ। ਇੱਥੇ ਵੀ ਕਾਫੀ ਲੜਾਈ ਝਗੜਾ ਹੋਇਆ ਤੇ ਥਾਂ ਨਾ ਮਿਲੀ। ਅੰਤ ਕੋਟ ਈਸੇ ਖਾਂ ਦੇ ਇੱਕ ਫਕੀਰ ਸ਼ਾਹ ਨੇ ਉਸ ਨੂੰ ਇੱਕ ਘੋੜੀ ਤੇ ਸੇਲਾ ਦਿੱਤਾ ਤੇ ਕਿਹਾ ਕਿ ਜਾਹ ਹੁਣ ਜਿੰਨੀ ਭੁਇੰ ਮਰਜ਼ੀ ਮੱਲ ਲਵੀਂ, ਤੇਰਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਭਾਈ ਹਮੀਰਾ ਹਰ ਗੱਲੇ ਇਹ ਗੱਲ ਦਹੁਰਾਉਂਦਾ ਸੀ, “ਚੰਦ ਰੋਜ਼ ਦਾ ਮੇਲਾ”, ਆਖਰ ਉਹ ਹੁਣ ਦੇ ਪਿੰਡ ਢਾਬ ਦੇ ਕੰਢੇ ਆਣ ਟਿਕਿਆ ਤੇ ਕਿਸੇ ਵੀ ਉਸਨੂੰ ਕੁਝ ਨਾਂ ਕਿਹਾ। ਉਸ ਦੇ ਮੂੰਹ ਚੜੇ ਸ਼ਬਦ, “ਚੰਦ ਰੋਜ਼ ਦਾ ਮੇਲਾ” ਅਨੁਸਾਰ ਪਿੰਡ ਦਾ ਨਾਮ ਵੀ ਚੰਦ ਹੀ ਪੈ ਗਿਆ। ਇਸ ਵਿਚੋਂ ਇੱਕ ਹੋਰ ਪਿੰਡ ਕਾਫੀ ਦੇਰ ਪਿੱਛੋਂ ਬੱਝ ਗਿਆ। ਉਸ ਨੂੰ ਚੰਦ ਨਵਾਂ ਤੇ ਇਸ ਨੂੰ ਚੰਦ ਪੁਰਾਣਾ ਕਿਹਾ ਜਾਣ ਲੱਗ ਪਿਆ।

ਪਿੰਡ ਵਿੱਚ ਜੱਟਾਂ ਤੇ ਮਜ੍ਹਬੀਆਂ ਦੇ ਧਰਮਸ਼ਾਲਾ ਤੇ ਗੁਰਦੁਆਰੇ ਹਨ। ਇੱਕ ਬਹਾਦਰ ਸ਼ਾਹ ਫਕੀਰ ਦੀ ਦਰਗਾਹ ਹੈ ਜਿੱਥੇ ਸਾਲ ਵਿੱਚ ਇੱਕ ਵਾਰੀ ਭਾਰੀ ਮੇਲਾ ਲੱਗਦਾ ਹੈ। ਪਿੰਡ ਦੇ ਪੂਰਬ ਦੇ ਪਾਸੇ ਕਬੂਤਰ ਸ਼ਾਹ ਫਕੀਰ ਦਾ ਟਿੱਲਾ ਹੈ ਜੋ ਕਬੂਤਰ ਸ਼ਾਹ ਦੀ ਖੂਹੀ ਦੇ ਨਾਂ. ਨਾਲ ਵੀ ਪ੍ਰਸਿੱਧ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!