ਚੱਕ ਫੁੱਲੂ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਚੱਕ ਫੁੱਲ, ਗੜ੍ਹਸ਼ੰਕਰ – ਬਲਾਚੌਰ ਸੜਕ ਤੋਂ। ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 7 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ ਤਿੰਨ ਸੌ ਸਾਲ ਪੁਰਾਣਾ ਹੈ। ਇਸ ਪਿੰਡ ਦੇ ਹੀਰ ਅਤੇ ਮੁੰਡੇਰ ਗੋਤ ਦੇ ਬਜ਼ੁਰਗਾਂ ਦਾ ਜੱਦੀ ਪਿੰਡ ਜਰਗਪਾਲ, ਜ਼ਿਲ੍ਹਾ ਲੁਧਿਆਣਾ ਸੀ। ਮੁਸਲਮਾਨਾਂ ਦੇ ਕਹਿਰ ਦੇ ਕਟਕ ਉਹਨਾਂ ਦਿਨਾਂ ਵਿੱਚ ਜ਼ੋਰਾਂ ਤੇ ਸਨ। ਪਿੰਡ ਦੀ ਇੱਕ ਧੀ ਤੇ ਮੁਸਲਮਾਨ ਹਾਕਮ ਮੋਹਿਤ ਹੋ ਗਿਆ। ਮੁੰਡੇਰ ਗੋਤ ਦੇ ਬਜ਼ੁਰਗਾਂ ਨੇ ਆਪਸ ਵਿੱਚ ਸਲਾਹ ਕਰਕੇ ਡੋਲ ਦੇਣਾ ਪਰਵਾਣ ਕਰ ਲਿਆ ਅਤੇ ਬਰਾਤ ਸੱਦ ਲਈ। ਚੌਹਾਂ ਪਾਸਿਆਂ ਤੋਂ ਕੰਡਿਆਲੀ ਵਾਤ ਦੇ ਅੰਦਰ ਉਤਾਰੀ ਇਸ ਜੰਝ ਨੂੰ ਬਜ਼ੁਰਗਾਂ ਨੇ ਅੱਗ ਲਾ ਦਿੱਤੀ। ਅਣਖੀ ਹਿੰਦੂ ਅਤੇ ਸਿੱਖ ਪਰਿਵਾਰਾਂ ਨੇ ਰਾਤੋ ਰਾਤ ਪਿੰਡ ਜਰਗਪਾਲ ਛੱਡ ਦਿੱਤਾ। ਪਹਿਲਾ ਪੜਾਅ ਬਹਿਰਾਮ ਕੋਲ ‘ਚੱਕਮਾਈ ਦਾਸ’ ਕੀਤਾ। ਕੁਝ ਪਰਿਵਾਰ ਉੱਥੇ ਰੁੱਕ ਗਏ। ਬਾਕੀ ਪਰਿਵਾਰ ਅੱਗੇ ਵਧੇ ਅਤੇ ਕੁਲਾਮ ਤੋ ਬਾਕਪੁਰ ਆ ਟਿਕੇ। ਉੱਥੋਂ ਬਾਬਾ ਫੁੱਲੂ ਦੀ ਅਗਵਾਈ ਹੇਠ ਹੀਰ ਤੇ ਮੁੰਡੇਰ ਗੋਤ ਦੇ ਪਰਿਵਾਰ ਇਸ ਪਿੰਡ ਵਾਲੀ ਥਾਂ ਪਹੁੰਚੇ ਅਤੇ ਇਸੀ ਬਜ਼ੁਰਗ ਦੇ ਨਾਂ ‘ਤੇ ਪਿੰਡ ਦਾ ਨਾਂ ‘ਚੱਕ ਫੁੱਲੂ’ ਰੱਖ ਦਿੱਤਾ। ਪਿੰਡ ਵਿੱਚ ਪੱਛੜੀਆਂ ਜਾਤਾਂ ਦੇ ਲੋਕ ਹਨ। ਉਹ ਵੀ ਜਰਗਪਾਲ ਤੋਂ ਨਾਲ ਹੀ ਆਏ। ਪਿੰਡ ਵਿੱਚ ਬਾਜ਼ੀਗਰਾਂ ਦੇ ਕਾਫੀ ਘਰ ਹਨ।
ਪਿੰਡ ਵਿੱਚ ਪ੍ਰਸਿੱਧ ਧਾਰਮਿਕ ਸਥਾਨ ‘ਬੜੀ ਵਾਲਾ’ ਹੈ । ਹੀਰ ਗੋਤ ਦੇ ਲੋਕ ਜੋਹੜ ਜੀ ਵਾਲਿਆਂ ਦੇ ਸਿੱਖ ਹਨ। ਮੁੰਡੇਰ ਗੋਤ ਦੇ ਲੋਕੀ ਜੁਆਲਾਜੀ ਅਤੇ ‘ਮਹੇਸ਼ਆਣੇ’ ਦੇ ਮੰਨਣ ਵਾਲੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ