ਚੱਕ ਮਹਾਂ ਭੱਦਰ
ਸਥਿਤੀ :
ਤਹਿਸੀਲ ਮੁਕਤਸਰ ਦੇ ਇਹ ਦੋਵੇਂ ਪਿੰਡ ‘ਮਹਾਂ ਭੱਦਰ’ ਤੇ ‘ਚੱਕ ਮਹਾਂ ਭੱਦਰ’, ਮੁਕਤਸਰ – ਅਬੋਹਰ ਸੜਕ ‘ਤੇ ਸਥਿਤ ਹਨ ਅਤੇ ਰੇਲਵੇ ਸਟੇਸ਼ਨ ਮੁਕਤਸਰ ਤੋਂ 10 ਕਿਲੋਮੀਟਰ ਦੂਰ ਹਨ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਮਹਾਂ ਭੱਦਰ ਪਿੰਡ ਮਹਾਂ ਸਿੰਘ ਨੇ ਅਕਲੀਆ ਕਲਾਂ (ਬਠਿੰਡਾ) ਤੋਂ ਆ ਕੇ ਵਸਾਇਆ ਸੀ ਅਤੇ ਇਸ ਪਿੰਡ ਦਾ ਨਾਂ ‘ਮਹਾਂ ਭਦਰ’ ਮਹਾਂ ਸਿੰਘ ਦੇ ਨਾਂ ਤੇ ਪਿਆ। ਇਸ ਪਿੰਡ ਵਿੱਚ ਬਰਾੜ ਗੋਤ ਦੇ ਲੋਕਾਂ ਦੀ ਵਸੋਂ ਜ਼ਿਆਦਾ ਹੈ। ਇਹ ਪਿੰਡ ਸਿੱਖਾਂ ਦਾ ਪਿੰਡ ਸੀ ਜਦਕਿ ਆਲੇ ਦੁਆਲੇ ਸਾਰੇ ਪਿੰਡ ਰੁਪਾਣਾਂ, ਧਿਮਾਨਾਂ, ਸੰਮੇਵਾਲੀ, ਮੁਸਲਮਾਨਾਂ ਪਿੰਡ ਸਨ। ਉਹਨਾਂ ਦੇ ਧਾੜਵੀ ਆ ਕੇ ਲੁੱਟ ਮਾਰ ਕਰਦੇ ਸਨ ਤੇ ਲੜਾਈਆਂ ਹੁੰਦੀਆਂ ਸਨ। ਕਈ ਵਾਰੀ ਇਸ ਪਿੰਡ ਦੇ ਲੋਕ ਇੱਥੋਂ ਚਲੇ ਜਾਂਦੇ ਤੇ ਫੇਰ ਅਮਨ ਹੋਣ ਤੇ ਵਾਪਸ ਆ ਜਾਂਦੇ । ਅਕਲੀਆ ਕਲਾਂ ਦੇ ਲੋਕ ਚੈਨਾਂ ਪਿੰਡ ਦੇ ਲੋਕਾਂ ਨੂੰ ਆਪਣੀ ਮਦਦ ਲਈ ਵੀ ਲੈ ਕੇ ਆਏ ਅਤੇ ਇੱਥੇ ਵਸਾਇਆ। ਇੱਥੇ ਰੰਧਾਵਾ ਤੇ ਖੋਸਾ ਗੋਤ ਦੇ ਲੋਕ ਵੀ ਵੱਸਦੇ ਹਨ।
ਚੱਕ ਮਹਾਂ ਭੱਦਰ ਪਿੰਡ ਮਹਾਂ ਭੱਦਰ ਤੋਂ ਨਿਕਲ ਕੇ ਬਣਿਆ, ਇਸਨੂੰ ‘ਝੀਂਡਵਾਲੀ’ ਵੀ ਕਹਿੰਦੇ ਹਨ। ਇੱਥੇ ਸਾਰੇ ਜੰਗਲ ਹੀ ਜੰਗਲ ਸਨ । ਇਹ ਪਿੰਡ ਬਿਨਾਂ ਕਿਸੇ ਮੁਆਵਜੇ ਬਰਾੜ ਖਾਨਦਾਨ ਨੂੰ ਦਿੱਤਾ ਗਿਆ ਸੀ, ਜੰਗਲ ਆਦਿ ਵੀ ਇਸ ਪਰਿਵਾਰ ਨੂੰ ਮੁਫਤ ਦਿੱਤੇ ਗਏ ਸਨ। ਇੱਥੇ ਇੱਕ ਛਪੜੀ ਸੀ ਜਿਸ ਵਿੱਚ ਪਾਣੀ ਜਮਾਂ ਹੋ ਜਾਂਦਾ ਸੀ, ਪੰਖੀ ਇੱਥੇ ਝੀਂ ਝੀਂ ਕਰਦੇ ਸਨ ਅਤੇ ਇਸ ਦਾ ਨਾਂ ‘ਝੀਂਡਵਾਲਾ’ ਪ੍ਰਸਿੱਧ ਹੋ ਗਿਆ। ਇਹ ਪਿੰਡ ਸ. ਸੋਭਾ ਸਿੰਘ ਬਰਾੜ ਦੇ ਦਾਦਾ ਨੇ ਕਾਉਣੀ ਪਿੰਡ ਤੋਂ ਆ ਕੇ ਵਸਾਇਆ ਸੀ। ਇਸ ਪਰਿਵਾਰ ਦੇ ਸ. ਨਰਿੰਦਰ ਸਿੰਘ ਬਰਾੜ ਤੇ ਭੁਪਿੰਦਰ ਸਿੰਘ ਬਰਾੜ (ਚਾਚਾ ਭਤੀਜਾ) ਇੱਕੋ ਸਮੇਂ ਮੈਂਬਰ ਰਾਜ ਸਭਾ ਰਹੇ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ