ਚੱਕ ਸ਼ੇਰੇ ਵਾਲਾ
ਸਥਿਤੀ :
ਤਹਿਸੀਲ ਮੁਕਤਸਰ ਦਾ ਪਿੰਡ ਚੱਕ ਸ਼ੇਰੇਵਾਲਾ, ਮੁਕਤਸਰ – ਮਲੋਟ, ਅਬੋਹਰ ਅਤੇ ਫਾਜਿਲਕਾ ਨਾਲ ਪੱਕੀਆਂ ਸੜਕਾਂ ਰਾਹੀਂ ਜੁੜਿਆ ਹੋਇਆ ਹੈ। ਇਹ ਪਿੰਡ ਮੁਕਤਸਰ : ਅਬੋਹਰ ਸੜਕ ‘ਤੇ ਮੁਕਤਸਰ ਤੋਂ 16 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਮਾਲਵੇ ਦਾ ਮਸ਼ਹੂਰ ਪਿੰਡ ਚੱਕ ਸ਼ੇਰੇਵਾਲਾ ਸੰਨ 1854 ਵਿੱਚ ਸ. ਸ਼ੇਰ ਸਿੰਘ ਨੇ ਵਸਾਇਆ ਸੀ। ਸ. ਸ਼ੇਰ ਸਿੰਘ ਦਾ ਮੁਢਲਾ ਪਿੰਡ ਭਗਵਾਨਾ ਜ਼ਿਲ੍ਹਾ ਬਠਿੰਡਾ ਸੀ ਅਤੇ ਉਹ ਮਹਿਮਾ ਭਗਵਾਨਾਂ ਦੇ ਨੰਬਰਦਾਰ ਸਨ। ਫਰੀਦਕੋਟ ਦੇ ਰਾਜੇ ਨਾਲ ਕਿਸੇ ਗੱਲੋਂ ਅਣਬਣ ਹੋਣ ‘ਤੇ ਸ. ਸ਼ੇਰ ਸਿੰਘ ਅਤੇ ਉਹਨਾਂ ਦੇ ਭਤੀਜੇ ਸ. ਫਤਿਹ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸ. ਫਤਿਹ ਸਿੰਘ ਦੇ ਭਰਾ ਸ. ਕੱਕਾ ਸਿੰਘ ਦੀ ਸਹਾਇਤਾ ਨਾਲ ਸ਼ੇਰ ਸਿੰਘ ਅਤੇ ਫਤਿਹ ਸਿੰਘ ਕਿਸੇ ਬਹਾਨੇ ਜ਼ੇਲ ਵਿੱਚੋਂ ਬੇੜੀਆਂ ਸਮੇਤ ਫਰਾਰ ਹੋ ਗਏ ਅਤੇ ਪਿੱਪਲੀ ਪਿੰਡ ਪਹੁੰਚ ਕੇ ਬੇੜੀਆਂ ਕੱਟੀਆਂ। ਇਸ ਤਰ੍ਹਾਂ 2 ਸਾਲ ਸ. ਸ਼ੇਰ ਸਿੰਘ ਦਾ ਕਬੀਲਾ ਕੋਟਲੀ ਅਬਲੂ ਰਹਿਣ ਤੋਂ ਬਾਅਦ ਇਸ ਗੈਰਅਬਾਦ ਜਗ੍ਹਾ ‘ਤੇ ਆ ਵੱਸਿਆ ਜੋ ਬਾਅਦ ਵਿੱਚ ‘ਚੱਕ ਸ਼ੇਰੇਵਾਲਾ’ ਕਰਕੇ ਪ੍ਰਸਿੱਧ ਹੋਇਆ। ਮਹਿਕਮਾ ਮਾਲ ਦੇ ਕਾਗਜ਼ਾਂ ਵਿੱਚ ਹਾਲੇ ਵੀ ਇਸਦਾ ਨਾਮ ‘ਚੱਕ ਚਿੱਬੜਾਂਵਾਲਾ’ ਲਿਖਿਆ ਜਾਂਦਾ ਹੈ ਕਿਉਂਕਿ ਇਹ ਸਾਰਾ ਇਲਾਕਾ ‘ਚਿੱਬੜਾਂ ਵਾਲੇ’ ਪਿੰਡ ਦਾ ਸੀ।
ਇਸ ਪਿੰਡ ਦਾ ਅਕਾਲੀ ਰਾਜਨੀਤੀ ਵਿੱਚ ਕਾਫੀ ਯੋਗਦਾਨ ਰਿਹਾ ਹੈ। ਪਿੰਡ ਵਿੱਚ ਹਰੀਜਨਾਂ ਦੀ ਗਿਣਤੀ ਜ਼ਿਆਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ