ਛਪਾਰ
ਤਹਿਸੀਲ ਲੁਧਿਆਣਾ ਦਾ ਪਿੰਡ ਛਪਾਰ ਮੰਡੀ ਅਹਿਮਦਗੜ੍ਹ ਤੋਂ 2 ਕਿਲੋਮੀਟਰ ਦੂਰ ਅਹਿਮਦਗੜ੍ਹ ਰਾਏਕੋਟ ਸੜਕ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਛਪਾਰ ਪਿੰਡ 1125 ਈ. ਦੇ ਲਗਭਗ ਰਾਜਾ ਜਗਦੇਵ ਪਰਮਾਰ ਨੇ ਆਪਣੇ ਪੁੱਤਰਾਂ ਛੱਪਾ ਰਾਇ ਅਤੇ ਬੋਪਾਰਾਇ ਕੋਲੋਂ ਬੰਨਵਾਇਆ। ਛੱਪਾ ਰਾਇ ਤੋਂ ਪਿੰਡ ਦਾ ਨਾਂ ‘ਛਪਾਰ’ ਪਿਆ ਇੱਥੇ ਉਸਦੀ ਸੰਤਾਨ ਨੇ ਆਪਣਾ ਰਾਜਸੀ ਕੇਂਦਰ ਬਣਾਇਆ ਅਤੇ 200 ਸਾਲ ਤੱਕ ਰਾਜ ਕੀਤਾ। ਛਪਾਰ ਦੇ ਮੇਲੇ ਕਰਕੇ ਇਹ ਪਿੰਡ ਪ੍ਰਸਿੱਧ ਹੈ। ਇਹ ਮੇਲਾ ਪਿੰਡ ਤੋਂ ਫਰਲਾਂਗ ਦੂਰੀ ਤੇ ਗੁੱਗੇ ਦੀ ਮਾੜੀ ਤੇ ਭਾਦੋਂ ਚੌਦਸ ਨੂੰ ਲੱਗਦਾ ਹੈ। ਇਸ ਮਾੜੀ ਵਾਲੀ ਥਾਂ ਬਾਰੇ ਇੱਕ ਦੰਦ ਕਥਾ ਪ੍ਰਚਲਿਤ ਹੈ ਜਿਸ ਅਨੁਸਾਰ ਦੋ-ਢਾਈ ਸੌ ਸਾਲ ਪਹਿਲਾਂ ਇਹ ਜ਼ਮੀਨ ਕਿਸੇ ਸੇਖੋਂ ਸਰਦਾਰ ਦੀ ਹੁੰਦੀ ਸੀ। ਉਸਦੀ ਪਤਨੀ ਇੱਕ ਦਿਨ ਬੱਚੇ ਨੂੰ ਸੁਆ ਕੇ ਕਪਾਹ ਚੁਗਣ ਗਈ ਤਾਂ ਇੱਕ ਸੱਪ ਨੇ ਉਸ ’ਤੇ ਛਾਂ ਕਰ ਲਈ। ਕਿਸੇ ਤੁਰੇ ਜਾਂਦੇ ਰਾਹੀ। ਨੇ ਸੱਪ ਮਾਰ ਦਿੱਤਾ। ਪਰ ਨਾਲ ਹੀ ਬੱਚਾ ਵੀ ਮਰ ਗਿਆ। ਬੱਚੇ ਅਤੇ ਨਾਗ ਨੂੰ ਇਕੱਠੇ ਦਫਨਾਇਆ ਗਿਆ। ਮੌਤ ਤੋਂ ਚੌਦਵੀਂ ਰਾਤ ਬੱਚੇ ਨੇ ਮਾਂ ਨੂੰ ਸੁਪਨੇ ‘ਚ ਦੱਸਿਆ ਕਿ ਉਹ ਗੁੱਗੇ ਦਾ ਅਵਤਾਰ ਸੀ ਅਤੇ ਸੱਪ ਉਸਦਾ ਰਖਵਾਲਾ। ਉਸ ਨੇ ਇਸ ਥਾਂ ਤੇ ਮਾੜੀ ਬਣਾਉਣ ਲਈ ਕਿਹਾ ਅਤੇ ਵਰ ਦਿੱਤਾ ਕਿ ਇੱਥੇ ਸੱਪ ਦੇ ਡੰਗੇ ਰਾਜ਼ੀ ਹੋਇਆ ਕਰਨਗੇ ਅਤੇ ਸੁੱਖਾਂ ਪੂਰੀਆਂ ਹੋਇਆ ਕਰਨਗੀਆਂ। ਉਸ ਤੋਂ ਬਾਅਦ ਸੇਖੋਂ ਸਰਦਾਰ ਨੇ ਇਹ ਜ਼ਮੀਨ ਬ੍ਰਾਹਮਣ ਨੂੰ ਦੇ ਦਿੱਤੀ ਜਿਸ ਉਪਰ ਇਹ ਗੁੱਗੇ ਦੀ ਮਾੜੀ ਬਣਾਈ ਹਰ ਵਰ੍ਹੇ ਮੇਲਾ ਲੱਗਦਾ ਹੈ ਜੋ ਤਿੰਨ ਦਿਨ ਤੇ ਤਿੰਨ ਰਾਤਾਂ ਰਹਿੰਦਾ ਹੈ। ਲੋਕਾਂ ਦਾ ਵਿਸ਼ਵਾਸ ਹੈ ਕਿ ਜੇ ਸੱਪ ਦਾ ਡੰਗਿਆ ਇੱਥੇ ਆ ਜਾਵੇ ਉਹ ਰਾਜ਼ੀ ਹੋ ਜਾਂਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ