ਛੱਤੇਆਣਾ
ਸਥਿਤੀ :
ਤਹਿਸੀਲ ਗਿਦੜਬਾਹਾ ਦਾ ਪਿੰਡ ਛੱਤੇਆਣਾ, ਗਿੱਦੜਬਾਹਾ – ਛੱਤੇਆਣਾ ਮੁਕਤਸਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਗਿਦੜਬਾਹਾ ਤੋਂ 16 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਗੁਰੂ ਗੋਬਿੰਦ ਸਿਘ ਜੀ ਦੇ ਇੱਥੇ ਆਉਣ ਤੋਂ ਬਹੁਤ ਪਹਿਲੇ ਦਾ ਵਸਿਆ ਹੋਇਆ ਹੈ। ਇੱਥੇ ਬਹੁਤ ਰੁਖ ਹੁੰਦੇ ਸਨ ਅਤੇ ਉਨ੍ਹਾਂ ਤੇ ਸ਼ਹਿਦ ਦੇ ਬਹੁਤ ਛੱਤੇ ਲਗਦੇ ਸਨ, ਜਿਸ ਕਾਰਨ ਇਸ ਦਾ ਨਾਂ ਛੱਤੇਆਣਾ ਪ੍ਰਸਿੱਧ ਹੋ ਗਿਆ।
ਇਸ ਪਿੰਡ ਤੋਂ 2 ਕਿਲੋਮੀਟਰ ਦੂਰ ਗੁਰਦੁਆਰਾ ‘ਗੁਪਤਸਰ’ ਹੈ ਜਿੱਥੇ ਹਰ ਮੱਸਿਆ ਵਾਲੇ ਦਿਨ ਭਾਰੀ ਮੇਲਾ ਲੱਗਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਦੀ ਜੰਗ ਪਿੱਛੋਂ ਮੁਕਤਸਰ ਤੋਂ ਇੱਥੇ ਪੁੱਜੇ ਤਾਂ ਉਹਨਾਂ ਦੇ ਨਾਲ ਕਈ ਸਿੱਖ ਯੋਧੇ ਵੀ ਸਨ ਜਿਨ੍ਹਾਂ ਵਿੱਚੋਂ ਬਹੁਤੇ ਬਰਾੜ ਸਨ। ਸਿੱਖਾਂ ਨੇ ਆਪਣੀਆਂ ਤਨਖਾਹਾਂ ਮੰਗੀਆਂ। ਗੁਰੂ ਜੀ ਨੇ ਕਿਹਾ ਕਿ ਅੱਗੇ ਚਲ ਕੇ ਤਲਵੰਡੀ ਸਾਬੋ ਤਨਖਾਹਾਂ ਦੇਵਾਂਗੇ। ਫੌਜੀਆਂ ਨੇ ਆਖਿਆ ਕਿ ਤਲਵੰਡੀ ਸਾਬੋ ਡੱਲੇ ਦਾ ਇਲਾਕਾ ਹੈ ਸਾਨੂੰ ਤਾਂ ਇੱਥੇ ਹੀ ਤਨਖਾਹਾਂ ਦਿੱਤੀਆਂ ਜਾਣ। ਗੁਰੂ ਜੀ ਨੇ ਇੱਕ ਤੀਰ ਚਲਾਇਆ ਜਿਸ ਨਾਲ ਜ਼ੋਰਦਾਰ ਹਨੇਰੀ ਤੇ ਬਾਰਸ਼ ਆਈ ਜੋ ਕਿੰਨਾ ਸਮਾਂ ਜਾਰੀ ਰਹੀ। ਬਾਰਸ਼ ਥੰਮ ਜਾਣ ਪਿੱਛੋਂ ਇੱਕ ਵਪਾਰੀ, ਜਿਸ ਨੇ ਮੋਹਰਾਂ ਦੇ ਖੱਚਰ ਭਰੇ ਹੋਏ ਸਨ, ਉੱਥੇ ਪੁੱਜਿਆ, ਤੇ ਗੁਰੂ ਜੀ ਨੂੰ ਆਖਿਆ ਕਿ ਉਹ ਉਹਨਾਂ ਦੀ ਅਨੰਦਪੁਰ ਤੋਂ ਭਾਲ ਕਰਨ ਪਿੱਛੋਂ ਇੱਥੇ ਆਇਆ ਹੈ। ਉਸਨੇ ਕੰਧਾਰ ਵਾਪਸ ਜਾਣਾ ਹੈ ਅਤੇ ਇਹ ਮੋਹਰਾਂ ਤੁਹਾਡੀ ਅਮਾਨਤ ਮੇਰੇ ਪਾਸ ਹੈ, ਉਹ ਦੇਣ ਆਇਆ ਹਾਂ। ਗੁਰੂ ਜੀ ਨੇ ਮੋਹਰਾਂ ਦਾ ਫੇਰ ਲਾ ਲਿਆ ਤੇ ਲੋਹੇ ਦੀ ਢਾਲ ਭਰ ਭਰ ਕੇ ਫੌਜੀਆਂ ਨੂੰ ਵੰਡੀਆਂ। ਜੋ ਮੋਹਰਾਂ ਵੱਧ ਗਈਆਂ ਉਹ ਗੁਰੂ ਜੀ ਨੇ ਜ਼ਮੀਨ ਵਿੱਚ ਦਬਾ ਦਿੱਤੀਆਂ। ਇਹ ਮੋਹਰਾਂ ਗੁਪਤ ਆਈਆਂ ਤੇ ਗੁਪਤ ਹੀ ਦਬਾ ਦਿੱਤੀਆਂ ਜਿਸ ਕਾਰਨ ਇਸ ਗੁਰਦੁਆਰੇ ਦਾ ਨਾ ‘ਗੁਪਤ ਸਰ’ ਰੱਖਿਆ ਗਿਆ।
ਬਾਬਾ ਦਾਨ ਸਿੰਘ ਬਰਾੜ ਜੋ ਪਿੰਡ ਦਾਨੇ ਵਾਲਾ (ਬਠਿੰਡਾ) ਦਾ ਸੀ ਨੇ ਤਨਖਾਹ ਲੈਣ ਤੋਂ ਨਾਂਹ ਕਰ ਦਿੱਤੀ ਅਤੇ ਸਿੱਖੀ ਮੰਗੀ। ਗੁਰੂ ਜੀ ਨੇ ਆਖਿਆ ਕਿ ਭਾਈ ਦਾਨ ਸਿੰਘ ਨੇ ਇਲਾਕੇ ਦੀ ਸਿੱਖੀ ਕਾਇਮ ਰੱਖੀ ਹੈ। ਇਸ ਇਲਾਕੇ ਵਿੱਚ ਪਾਣੀ ਦੀ ਬਹੁਤ ਘਾਟ ਸੀ। ਅਤੇ ਕਾਲ ਪਿਆ ਰਹਿੰਦਾ ਸੀ। ਗੁਰੂ ਜੀ ਨੇ ਵਰ ਦੇ ਕੇ ਇਲਾਕੇ ਦਾ ਕਾਲ ਵੀ ਦੂਰ ਕੀਤਾ। ਗੁਰੂ ਜੀ ਨੇ ਇੱਥੇ ਇੱਕ ਪੀਰ ਵਹਿਮੀ ਸ਼ਾਹ ਦਾ ਮਾਣ ਵੀ ਤੋੜਿਆ। ਉਸਨੇ ਸਿੱਖ ਸਜਣ ਦੀ ਇੱਛਾ ਪ੍ਰਗਟ ਕੀਤੀ ਤੇ ਫੇਰ ਗੁਰੂ ਜੀ ਨੇ ਉਸਨੂੰ ਅੰਮ੍ਰਿਤ ਛਕਾ ਕੇ ਉਸਦਾ ਨਾਂ ‘ਅਜਮੇਰ ਸਿੰਘ’ ਰੱਖਿਆ। ਜਿੱਥੇ ਪੀਰ ਵਹਿਮੀ ਸ਼ਾਹ ਤਪ ਕਰਦਾ ਰਿਹਾ, ਉੱਥੇ ਅਜ ਵੀ ਕਬਰ ਹੈ ਅਤੇ ਇਲਾਕੇ ਦੇ ਲੋਕ ਉੱਥੇ ਵੀਰਵਾਰ ਨੂੰ ਆਕੇ ਦੁੱਧ ਚੜਾਉਂਦੇ ਹਨ। ਇੱਥੇ ਗੁਰਦੁਆਰਾ ਹੈ ਜਿੱਥੇ ਹਰ ਮਸਿਆ ਨੂੰ ਇਕੱਠ ਹੁੰਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ