ਜੇਜੋਂ ਦੁਆਬਾ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਜੇਜੋਂ, ਮਾਹਲਪੁਰ – ਜੇਜੋਂ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਜੇਜੋਂ ਹੈ। ਇਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਆਖਰੀ ਪਿੰਡ ਹੈ, ਇਸ ਦੇ ਨਾਲ ਹਿਮਾਚਲ ਸ਼ੁਰੂ ਹੋ ਜਾਂਦਾ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਵਿੱਚ ਪੰਜ ਪੀਰ ਬਾਬਾ ਜਵਾਲਾ ਦਾਸ, ਬਾਬਾ ਮਨੋਹਰ ਦਾਸ, ਬਾਬਾ ਜੇਜੋ ਸ਼ਾਹ, ਬਾਬਾ ਖਾਕੀ ਸ਼ਾਹ ਤੇ ਬਾਬਾ ਔਰਾੜ ਸ਼ਾਹ ਪ੍ਰਸਿੱਧ ਹੋਏ ਹਨ। ਇਹਨਾਂ ਦੀਆਂ ਸਮਾਧਾਂ ਅਤੇ ਕਬਰਾਂ ਕਾਇਮ ਹਨ ਜਿਨ੍ਹਾਂ ਦੀ ਬਹੁਤ ਮਾਨਤਾ ਕੀਤੀ ਜਾਂਦੀ ਹੈ। ਜੇਜੋ ਸ਼ਾਹ ਦੀ ਮੁਸਲਮਾਨਾਂ ਵਿੱਚ ਬਹੁਤ ਮਾਨਤਾ ਸੀ । ਮੁਸਲਮਾਨ ਹੁਣ ਵੀ ਜ਼ਿਆਰਤ ਕਰਨ ਆਉਂਦੇ ਹਨ ਅਤੇ ਰੋਸ਼ਨੀ ਦਾ ਮੇਲਾ ਲੱਗਦਾ ਹੈ। ਜੇਜੋ ਸ਼ਾਹ ਦੇ ਨਾਂ ‘ਤੇ ਹੀ ਪਿੰਡ ਦਾ ਨਾਂ ਜੇਜੋ ਪਿਆ।
ਪਿੰਡ ਵਿੱਚ ਜਸਵਾਲ ਰਾਜਿਆਂ ਦਾ ਰਾਜ ਸੰਨ 1815 ਈਸਵੀ ਤੱਕ ਰਿਹਾ ਅਤੇ ਇੱਥੇ ਇੱਕ ਉੱਚੇ ਕਿਲ੍ਹੇ ਦੇ ਖੰਡਰ ਮੌਜੂਦ ਹਨ ਜਿਸ ਤੇ 1815 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ਾ ਕੀਤਾ ‘ਤੇ ਬਾਅਦ ਵਿੱਚ ਅੰਗਰੇਜ਼ਾਂ ਨੇ ਇਸ ਨੂੰ ਤੋੜ ਦਿੱਤਾ। ਪਿੰਡ ਦੇ ਆਲ੍ਹੇ-ਦੁਆਲੇ ਪੁਰਾਣੇ ਮੰਦਰ ਹਨ ਜਿਵੇਂ ਕਿ ਸ਼ਿਵ ਮੰਦਰ, ਉਪਾਸਰਾ ਜੈਨ ਮੰਦਰ ਅਤੇ ਔਰਾੜ ਮੰਦਰ । ਇਹ ਪਿੰਡ ਕਿਸੇ ਵੇਲੇ ਬਹੁਤ ਵਿਕਸਤ ਨਗਰ ਸੀ ਅਤੇ ਬੜਾ
ਵੱਡਾ ਵਪਾਰਕ ਕੇਂਦਰ ਸੀ। ਇਸ ਦੇ ਵੱਸਣ ਕਾਲ ਦਾ ਕੁਝ ਅੰਦਾਜ਼ਾ ਨਹੀਂ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ