ਜੈ ਸਿੰਘ ਵਾਲਾ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਜੈ ਸਿੰਘ ਵਾਲਾ, ਮੋਗਾ – ਕੋਟਕਪੂਰਾ ਸੜਕ ਤੋਂ 5 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਡਗਰੂ ਤੋਂ 10 ਕਿਲੋਮੀਟਰ ਦੂਰ ਹੈ। ਪਿੰਡ ਗਿੱਲ ਤੋਂ 2 ਕਿਲੋਮੀਟਰ ਲਿੰਕ ਰੋਡ ਨਾਲ ਜੁੜਿਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੀ ਹੋਂਦ ਨੂੰ 250 ਸਾਲ ਹੋ ਚੁੱਕੇ ਹਨ। ਮੋਗਾ ਤੋਂ ਕੋਟਕਪੂਰਾ ਦੇ ਵਿਚਕਾਰ ਦਾ ਇਲਾਕਾ ਪੰਦਰਵੀਂ ਸਦੀ ਤੱਕ ‘ਮਾਨਾਂ’ ਅਤੇ ਭੁੱਲਰਾਂ ਦਾ ਹੀ ਗੜ੍ਹ ਸੀ ਪਰ ਰੁਜ਼ਗਾਰ ਦੀ ਭਾਲ ਵਿੱਚ ਜੈਸਲਮੇਰ ਦੀ ਸੁੰਨੀ ਤੇ ਬੇਰੌਣਕ ਧਰਤੀ ਤੋਂ ‘ਬਰਾੜ’ ਕਬੀਲੇ ਦਾ ਇੱਕ ਸਮੂਹ ਇੱਥੇ ਆਣ ਠਹਿਰਿਆ। ਮਾਨ ਤੇ ਭੁੱਲਰ ਵਸਨੀਕਾਂ ਨੇ ਬਰਾੜਾਂ ਨੂੰ ਆਪਣੇ ਖੂਹ ਤੋਂ ਪਾਣੀ ਭਰਨ ਤੋਂ ਕਰੜੀਆਂ ਸ਼ਰਤਾਂ ਨਾਲ ਰੋਕ ਦਿੱਤਾ, ਜਿਸ ਤੇ ਮਾਨਾਂ ਤੇ ਭੁੱਲਰਾਂ ਦੀ ਬਰਾੜਾਂ ਨਾਲ ਜੰਮ ਕੇ ਲੜਾਈ ਹੋਈ। ਸਿੱਟੇ ਵਜੋਂ ਸਾਰੇ ਇਲਾਕੇ ਉੱਤੇ ਬਰਾੜਾਂ ਨੇ ਕਬਜ਼ਾ ਕਰ ਲਿਆ। ਮਾਨ ਤੇ ਭੁੱਲਰ ਹੁਣ ਦੇ ਜ਼ਿਲ੍ਹਾ ਲੁਧਿਆਣਾ ਤੇ ਬਠਿੰਡਾ ਵੱਲ ਕਾਫੀ ਦੂਰ ਜਾ ਵੱਸੇ। ਇਹ ਲੜਾਈ ਅੱਜ ਦੇ ਪਿੰਡ ਪੰਜ ਗਰਾਈਂ ਦੀ ਥਾਂ ਤੇ ਹੋਈ ਜਿੱਥੇ ਉਹ ਖੂਹ ਅਜ ਵੀ ਮੌਜੂਦ ਹੈ।
ਪਿੰਡ ਜੈ ਸਿੰਘ ਵਾਲਾ, ਬਰਾੜਾਂ ਦੇ ਮੂਲ ਵਿਕਾਸ ਦਾ ਪਿੰਡ ਪੰਜ ਗਰਾਈਂ ਵਿਚੋਂ ਬੱਝਾ ਹੈ। ਪਿੰਡ ਜੈ ਸਿੰਘ ਵਾਲਾ ਦੇ ਇਰਦ ਗਿਰਦ ਦੀ 1800 ਏਕੜ ਜ਼ਮੀਨ ਪਿੰਡ ਬੱਝਣ ਤੋਂ ਪਹਿਲਾਂ ਸ. ਫੂਲਾ ਸਿੰਘ ਦੀ ਸੀ ਜੋ ਪਿੰਡ ਚੰਦ ਪੁਰਾਣਾ ਦਾ ਵਸਨੀਕ ਸੀ। ਸ. ਠੋਬਾ ਸਿੰਘ ਜੋ ਪਿੰਡ ਚੋਟੀਆਂ ਦਾ ਮੋਢੀ ਸੀ, ਸ. ਫੂਲ ਸਿੰਘ ਦੀ ਜ਼ਮੀਨ ਉੱਤੇ ਜ਼ਬਰਦਸਤੀ ਕਬਜ਼ਾ ਕਰਨਾ ਚਾਹੁੰਦਾ ਸੀ। ਸ. ਫੂਲਾ ਸਿੰਘ ਨੇ ਸ. ਜੈ ਸਿੰਘ ਤੇ ਲਾਲ ਸਿੰਘ ਨੂੰ ਨੇੜੇ ਦੇ ਪਿੰਡ ਆਲਮ ਵਾਲੇ ਤੋਂ ਆ ਕੇ ਆਪਣੀ ਜ਼ਮੀਨ ਤੇ ਪਿੰਡ ਵਸਾਉਣ ਲਈ ਬੁਲਾਇਆ। ਸ. ਜੈ ਸਿੰਘ ਤੇ ਲਾਲ ਸਿੰਘ ਨੇ ਪੁਰਾਣਾ ਪਿੰਡ ਛੱਡ ਕੇ ਇਸ ਜ਼ਮੀਨ ਤੇ ਨਵਾਂ ਪਿੰਡ ‘ਜੈ ਸਿੰਘ
ਵਾਲਾ’ ਦੀ ਨੀਂਹ ਰੱਖੀ ਅਤੇ ਜ਼ਮੀਨ ਫੂਲਾ ਸਿੰਘ ਨਾਲ ਅੱਧੀ ਅੱਧੀ ਵੰਡੀ ਗਈ। ਪਿੰਡ ਦੇ ਪਹਾੜ ਦੇ ਪਾਸੇ ਉਹ ਪਵਿੱਤਰ ਸਥਾਨ ਤੇ ਢਾਬ ਹੈ ਜਿੱਥੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਆਉਂਦੇ ਜਾਂਦੇ ਆਰਾਮ ਕਰਿਆ ਕਰਦੇ ਸਨ। ਇਸ ਥਾਂ ਨੂੰ ‘ਗੁਰੂ ਸਰ (ਖੁਆਣੀ)’ ਕਿਹਾ ਜਾਂਦਾ ਹੈ ਅਤੇ ਮੱਸਿਆ ਵਾਲੇ ਦਿਨ ਲੋਕ ਇੱਥੇ ਇਸ਼ਨਾਨ ਕਰਦੇ ਹਨ।
ਭਾਰਤ ਦੀ ਅਜ਼ਾਦੀ ਦੀ ਲਹਿਰ ‘ਗਦਰ ਪਾਰਟੀ’ ਦੇ ਪ੍ਰਚਾਰ ਸਕੱਤਰ ਸ. ਭਾਗ ਸਿੰਘ ਇਸ ਪਿੰਡ ਦੇ ਜੰਮਪਲ ਸਨ, ਜਿਨ੍ਹਾਂ ਅਮਰੀਕਾ ਵਿੱਚ ਇਸ ਲਹਿਰ ਨੂੰ ਪ੍ਰਫੁਲਤ ਕਰਨ ਲਈ ਬਾਬਾ ਸੋਹਣ ਸਿੰਘ ਭਕਨਾ ਦਾ ਸਾਥ ਦਿੱਤਾ। ਅਮਰੀਕਾ ਤੋਂ ਭੇਜੇ ਗਦਰੀ ਛੱਡ ਨਾਲ ਪਿੰਡ ਜੈ ਸਿੰਘ ਵਾਲਾ ਵਿੱਚ ਪਹਿਲਾ ਪ੍ਰਾਇਮਰੀ ਸਕੂਲ 1915 ਵਿੱਚ ਖੁਲ੍ਹਿਆ ਜਿਸਦੇ ਫਲਸਰੂਪ ਪਿੰਡ ਦੀ 90 ਫੀਸਦੀ ਆਬਾਦੀ ਪੜ੍ਹੇ ਲਿਖਿਆਂ ਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ