ਜੋਗਾ
ਸਥਿਤੀ :
ਤਹਿਸੀਲ ਮਾਨਸਾ ਦਾ ਇਹ ਪਿੰਡ ਜੋਗਾ ਮਾਨਸਾ-ਬਰਨਾਲਾ ਸੜਕ ਤੇ ਮਾਨਸਾ ਤੋਂ 22 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਜੋਗਾ ਆਬਾਦੀ ਤੇ ਖੇਤਰਫਲ ਕਰਕੇ ਬਠਿੰਡਾ, ਮਾਨਸਾ ਇਲਾਕੇ ਦਾ ਸਭ ਤੋਂ ਵੱਡਾ ਪਿੰਡ ਹੈ। ਚਾਹਲ ਗੋਤ ਦੇ ਚਾਲੀ ਪਿੰਡ ਇਸ ਇਲਾਕੇ ਵਿੱਚ ਹਨ ਜਿਨ੍ਹਾਂ ਨੂੰ ਚਲੇਰਾ ਕਿਹਾ ਜਾਂਦਾ ਹੈ। ਮੁਗਲਾਂ ਦੇ ਸਮੇਂ ਇਸ ਪਿੰਡ ਦਾ ਮੋੜੀ ਗੱਡ ਇੱਕ ‘ਜੁਗਰਾਜ’ ਕਿਹਾ ਜਾਂਦਾ ਹੈ। ਉਹ ਇਨ੍ਹਾਂ ਪਿੰਡਾਂ ਵਿੱਚੋਂ ਬਟਾਈ ਲੈ ਕੇ ਦਿੱਲੀ ਜਾ ਕੇ ਜਿਣਸ ਦੇ ਰੂਪ ਵਿੱਚ ਤਾਰ ਕੇ ਆਉਂਦਾ ਸੀ। ਪਹਿਲੇ ਰੱਲਾ-ਜੋਗਾ ਇੱਕ ਪਿੰਡ ਹੁੰਦਾ ਸੀ ਤੇ ਬਾਅਦ ਵਿੱਚ ਰੱਲਾ ਤੇ ਜੋਗਾ ਵੱਖਰੇ ਪਿੰਡ ਵਸ ਗਏ। ਇਸ ਪਿੰਡ ਕੋਈ ਵੀਹ ਗੋਤਾਂ ਦੇ ਲੋਕ ਸ਼ੁਰੂ ਤੋਂ ਹੀ ਵੱਸਦੇ ਹਨ। ਪਿੰਡ ਦੇ ਮੋਢੀ ਜੁਗਰਾਜ ਦੇ ਮੋੜੀ (ਗੱਡਣ) ਦੀ ਥਾਂ ਤੇ ਉਸਾਰੀ ਗਈ ਯਾਦਗਾਰ ਪਿੰਡ ਦੇ ਵਿਚਕਾਰ ਸਥਾਪਿਤ ਹੈ।
ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਪਿੰਡ ਵਿੱਚ ਚਰਨ ਪਾਏ। ਜਿੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇੱਥੋਂ ਦੇ ਦੋ ਕੂਕੇ ਸਿੰਘ ਰਾਮ ਸਿੰਘ ਤੇ ਸ਼ਾਮ ਸਿੰਘ ਮਲੇਰਕੋਟਲੇ ਤੋਪਾਂ ਅੱਗੇ ਉਡਾਏ ਗਏ ਸਨ । ਉਹਨਾਂ ਦੇ ਨਾਂ ਤੇ ਪਿੰਡ ਵਿੱਚ ਹਸਪਤਾਲ ਦੀ ਸ਼ਾਨਦਾਰ ਇਮਾਰਤ ਉਸਾਰੀ ਗਈ ਹੈ। ਢੀਂਗਰੇ ਦੇ ਸਮੇਂ ਸੰਗਰੂਰ ਮੋਰਚੇ ਵਿੱਚ ਸ਼ਹੀਦ ਜਥੇਦਾਰ ਅਣੋਖ ਸਿੰਘ ਦੇ ਨਾਂ ਤੇ ਵਧੀਆ ਲਾਇਬ੍ਰੇਰੀ ਖੋਲ੍ਹੀ ਗਈ ਹੈ। ਤੇਜਾ ਸਿੰਘ ਸੁਤੰਤਰ ਦੇ ਗੁਪਤਵਾਸ ਸਮੇਂ ਢਾਲ ਬਨਣ ਦਾ ਮਾਣ ਇਸ ਪਿੰਡ ਦੇ ਲੋਕਾਂ ਨੂੰ ਹੈ। ਮਸ਼ਹੂਰ ਸੰਗਰਾਮੀਏ ਸੇਵਾ ਸਿੰਘ ਠੀਕਰੀਵਾਲਾ ਤੇ ਬਾਬਾ ਖੜਕ ਸਿੰਘ ਵੀ ਇਸ ਪਿੰਡ ਵਿੱਚ ਆਏ। ਜਿਸ ਕਰਕੇ ਪਿੰਡ ਵਾਲਿਆਂ ਨੂੰ ਦੇਸ਼ ਪਿਆਰ ਦਾ ਜ਼ਜ਼ਬਾ ਮਿਲਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ