ਜੰਡਾਲੀ ਖੁਰਦ
ਸਥਿਤੀ :
ਤਹਿਸੀਲ ਮਲੇਰਕੋਟਲਾ ਦਾ ਇਹ ਪਿੰਡ ਜੰਡਾਲੀ ਖੁਰਦ, ਮਲੇਰਕੋਟਲਾ ਲੁਧਿਆਣਾ ਸੜਕ ਤੋਂ 2 ਕਿਲੋਮੀਟਰ ਤੇ ਰੇਲਵੇ ਸਟੇਸ਼ਨ ਅਹਿਮਦਗੜ੍ਹ ਤੋਂ ਵੀ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ :
ਪੰਜਾਬ ਦੇ ਆਮ ਪਿੰਡਾਂ ਵਾਂਗ ਜੰਡਾਲੀਆਂ ਵੀ ਦੋ ਹਨ ਇੱਕ ਕਲਾਂ ਤੇ ਦੂਜੀ ਖੁਰਦ, ਦੋਵੇਂ ਜੰਡਾਲੀਆਂ ਨਹਿਰ ਸਰਹਿੰਦ ਦੇ ਰਮਣੀਕ ਕੰਢੇ ‘ਤੇ ਸਥਿਤ ਹਨ। ਅਜ਼ਾਦੀ ਤੋਂ ਪਹਿਲਾਂ ਇਹ ਮਲੇਰਕੋਟਲਾ ਰਿਆਸਤ ਦਾ ਪਿੰਡ ਸੀ। ਸਿੱਖ ਮਿਸਲਾਂ ਦੇ ਜ਼ੋਰ ਫੜਨ ਸਮੇਂ ਇਸ ਇਲਾਕੇ ਤੇ ਸ. ਜੱਸਾ ਸਿੰਘ ਆਹਲੂਵਾਲੀਆਂ ਦਾ ਕਬਜ਼ਾ ਹੋ ਗਿਆ ਸੀ। ਜੰਡ ਦੇ ਦਰਖਤ ਤੋਂ ਇਸ ਪਿੰਡ ਦਾ ਨਾਂ ਜੰਡ-ਵਾਲੀ ਤੇ ਫੇਰ ਜੰਡਾਲੀ ਪਿਆ।
ਅੱਜ ਤੋਂ ਢਾਈ ਸੌ ਸਾਲ ਪਹਿਲਾਂ ਇੱਥੇ ਜੰਗਲ ਹੁੰਦੇ ਸਨ ਅਤੇ ਇਸ ਜੰਗਲ ਵਿੱਚ ਸਿੰਘਾਂ ਅਤੇ ਅਬਦਾਲੀ ਦਾ ਟਾਕਰਾ ਹੋਇਆ ਸੀ ਜਿਸ ਨੂੰ ਇਤਿਹਾਸ ਵਿੱਚ ਵੱਡਾ ਘੱਲੂਘਾਰਾ ਕਹਿੰਦੇ ਹਨ। ਜਦੋਂ ਸਿੰਘ ਰਾਏਕੋਟ, ਪੈਲ, ਸਰਹਿੰਦ ਅਤੇ ਮਲੇਰਕੋਟਲਾ ਰਿਆਸਤਾਂ ਵਿਚਕਾਰ ਘਿਰ ਗਏ ਤਾਂ ਉਹਨਾਂ ਵਹੀਰ ਬਣਾ ਕੇ ਲੜਦੇ ਅੱਗੇ ਵੱਧਣ ਦਾ ਫੈਸਲਾ ਕੀਤਾ। 5 ਫਰਵਰੀ 1762 ਨੂੰ ਹੋਈ ਲੜਾਈ ਵਿੱਚ ਤਕਰੀਬਨ 30,000 ਸਿੰਘ ਸ਼ਹੀਦ ਹੋਏ ਸਨ। ਇਸ ਪਿੰਡ ਵਾਲੀ ਥਾਂ ਭਾਈ ਨਾਹਰ ਸਿੰਘ ਦਾ ਜੱਥਾ ਸ਼ਹੀਦ ਹੋਇਆ ਸੀ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਦਮਦਮਾ ਸਾਹਿਬ ਹੈ। ਨਹਿਰ ਸਰਹਿੰਦ ਦੇ ਕੰਢੇ ਉੱਤੇ ਕੁਦਰਤ ਦੀ ਗੋਦ ਵਿੱਚ ਬਣੇ ਇਸ ਗੁਰਦੁਆਰੇ ਵਿੱਚ ਹਰ ਦਸਵੀਂ ਵਾਲੇ ਦਿਨ ਇਕੱਠ ਹੁੰਦਾ ਹੈ ਅਤੇ ਇਲਾਕੇ ਵਿੱਚ ਇਸਦੀ ਬਹੁਤ ਮਾਨਤਾ ਹੈ।
ਜੰਡਾਲੀ ਖੁਰਦ ਵਿੱਚ ਇੱਕ ਉਦਾਸੀਨ ਸੰਤ ਬਾਬਾ ਸਰਬਸੁਖ ਜੀ ਦਾ ਡੇਰਾ ਹੈ ਜਿਨ੍ਹਾਂ ਨੇ ਪਿੰਡ ਵਾਲਿਆਂ ਦੀ ਇੱਕ ਦਿਊ ਤੋਂ ਜਾਨ ਬਚਾਈ ਸੀ। ਡੇਰੇ ਤੇ ਹਰ ਹੋਲੇ-ਮਹੱਲੇ ਤੇ ਭਾਰੀ ਮੇਲਾ ਲਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ