ਝੁਨੀਰ ਪਿੰਡ ਦਾ ਇਤਿਹਾਸ | Jhunir Village History

ਝੁਨੀਰ

ਝੁਨੀਰ ਪਿੰਡ ਦਾ ਇਤਿਹਾਸ | Jhunir Village History

ਸਥਿਤੀ :

ਤਹਿਸੀਲ ਸਰਦੂਲਗੜ੍ਹ ਦਾ ਪਿੰਡ ਝੁਨੀਰ, ਮਾਨਸਾ – ਸਰਸਾ ਸੜਕ ਉੱਪਰ ਮਾਨਸਾ ਤੋਂ 23 ਕਿਲੋਮੀਟਰ ਦੀ ਦੂਰੀ ਤੇ ਹੈ। ਝੁਨੀਰ ਮਾਨਸਾ ਜ਼ਿਲ੍ਹੇ ਦਾ ਸਭ ਤੋਂ ਵੱਡਾ ਬਲਾਕ ਹੈ ਜਿਸ ਵਿੱਚ 88 ਪਿੰਡ ਹਨ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਅੱਜ ਤੋਂ ਕੋਈ ਸਵਾ ਚਾਰ ਸੌ ਸਾਲ ਪਹਿਲਾਂ ਕਿਲ੍ਹੇ ਵਾਲੀ ਢਾਬ (ਜਿਸ ਨੂੰ ਅੱਜ ਵੀ ਇਸੇ ਨਾਂ ਨਾਲ ਜਾਣਿਆ ਜਾਂਦਾ ਹੈ) ਦੇ ਕੋਲ, ਕਿਲ੍ਹੇ ਦੁਆਲੇ ‘ਝੁਨੀ’ ਨਾਂ ਦੇ ਵਿਅਕਤੀ ਨੇ ਇਹ ਪਿੰਡ ਵਸਾਇਆ। ਉਸ ਦੇ ਨਾਂ ਤੋਂ ਹੀ ਪਿੰਡ ਦਾ ਨਾਂ ਝੁਨੀਰ ਪੈ ਗਿਆ । ਬਾਅਦ ਵਿੱਚ ਪਿੰਡ ਦੇ ਲੋਕਾਂ ਨੇ ਇਸ ਪੁਰਾਣੇ ਹੋ ਚੁੱਕੇ ਕਿਲ੍ਹੇ ਦੀਆਂ ਇੱਟਾਂ ਉਖੇੜ ਕੇ ਪਿੰਡ ਦੀਆਂ ਚਾਰ ਪੱਤੀਆਂ ਵਿੱਚ ਚਾਰ ਖੂਹ ਬਣਵਾਏ ਜੋ ਅੱਜ ਵੀ ਕਿਸੇ ਨਾ ਕਿਸੇ ਹਾਲਤ ਵਿੱਚ ਮੌਜੂਦ ਹਨ। ਪਰ ਪਿੰਡ ਦੀ ਮੌਜੂਦਾ ਸਥਿਤੀ ਜੋ ਕਿ ਕਿਲ੍ਹੇ ਵਾਲੀ ਢਾਬ ਤੋਂ ਇੱਕ ਪਾਸੇ ਖਿਸਕ ਆਈ ਹੈ, ਸਵਾ ਦੋ ਸੌ ਵਰ੍ਹੇ ਪੁਰਾਣੀ . ਹੈ ਅਤੇ ਸਿੱਧੂ, ਬਰਾੜ ਹੀ ਇਸ ਪਿੰਡ ਦੇ : ਮੋੜ੍ਹੀ ਗੱਡ ਮੰਨੇ ਜਾਂਦੇ ਹਨ।

ਇਸ ਪਿੰਡ ਦਾ ਮੇਲਾ ਦੂਰ ਤੱਕ ਮਸ਼ਹੂਰ ਹੈ ਜੋ ਬਾਬਾ ਧਿਆਨ ਦਾਸ ਦੇ ਨਾਂ ਤੇ ਲੱਗਦਾ ਹੈ। ਕਹਿੰਦੇ ਹਨ ਕਿ ਬਾਬਾ ਬੜਾ ਕਰਨੀ ਵਾਲਾ ਸੀ, ਉਸਨੇ ਇਕੱਲੇ ਨੇ ਹੀ ਖੂਹ ਪੁੱਟ ਲਿਆ ਸੀ। ਏਸੇ ਤਰ੍ਹਾਂ ਇੱਕ ਚੇਤ ਦੀ ਚੌਦਸ ਨੂੰ ਉਹ ਧਰਤੀ ‘ਤੇ ਲੇਟ ਗਿਆ ਤੇ ਡੰਗਰਾਂ ਦੇ ਪਾਲੀਆਂ ਤੋਂ ਆਪਣੇ ਉੱਪਰਮਿੱਟੀ ਦੇ ਡਲੇ ਚਿਣਵਾਈ ਗਿਆ, ਜਦੋਂ ਡਲੇ ਚੁੱਕੇ ਤਾਂ ਬਾਬਾ ਅਲੋਪ ਹੋ ਗਿਆ ਸੀ। ਉਸ ਦਿਨ ਤੋਂ ਹਰ ਵਰ੍ਹੇ ਚੇਤ ਵਦੀ ਚੌਦਸ ਨੂੰ ਪਿੰਡ ਵਿੱਚ ਭਾਰੀ ਮੇਲਾ ਲਗਦਾ ਹੈ ਜੋ ਕਿ ਤਿੰਨ ਦਿਨ ਰਹਿੰਦਾ ਹੈ। ਲੋਕੀਂ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਲਈ ਸੁੱਖਾਂ ਸੁੱਖਦੇ ਹਨ। ਬਾਬੇ ਦੀ ਸਮਾਧ ਦੁਆਲੇ ਕਾਫੀ ਏਕੜ ਜ਼ਮੀਨ ਜੰਗਲ ਵਾਂਗ ਹੈ। ਜਿਸ ਨੂੰ ਬਾਬਾ ਧਿਆਨ ਦਾਸ ਦੀ ਝਿੜੀ ਕਹਿੰਦੇ ਹਨ। ਕਿਹਾ ਜਾਂਦਾ ਹੈ ਕਿ ਝਿੜੀ ਕੱਟਣ ਆਈਆਂ ਸਰਕਾਰੀ ਮਸ਼ੀਨਾਂ ਵੀ ਬੁਰੀ ਤਰ੍ਹਾਂ ਅਸਫਲ ਹੋ ਕੇ ਮੁੜੀਆਂ। ਜਿੰਨੀ ਥਾਂ ਇਹ ਪੌਣੇ ਦੋ ਸੌ ਸਾਲ ਪਹਿਲੇ ਸੀ ਉਨੀ ਹੀ ਪਈ ਹੈ।

ਇਸ ਪਿੰਡ ਦਾ ਛੋਟਾ ਸਿੰਘ ਪਟਿਆਲਾ ਰਿਆਸਤ ਵਿੱਚ ਮਹਾਰਾਜਾ ਯਾਦਵਿੰਦਰ ਸਿੰਘ ਸਮੇਂ ਸਭ ਤੋਂ ਤੇਜ਼ ਦੌੜਾਕ ਸੀ। ਉਹ ਰੋਜ਼ ਪਟਿਆਲਾ ਤੋਂ ਰਾਜਪੁਰਾ ਤੱਕ ਰੋਜ਼ਾਨਾ ਦੌੜਦਾ ਸੀ।

ਸਿਆਸੀ ਪੱਖ ਤੋਂ ਇਹ ਪਿੰਡ ਬਹੁਤ ਚੇਤੰਨ ਸਮਝਿਆ ਜਾਂਦਾ ਹੈ। ਮਾਨਸਾ ਤਹਿਸੀਲ ਜਿਵੇਂ ਨਕਸਲਵਾੜੀ ਦਾ ਗੜ੍ਹ ਸਮਝੀ ਜਾਂਦੀ ਸੀ, ਉਸ ਵਿੱਚ ਝੁਨੀਰ ਪਿੰਡ ਦਾ ਵਿਸ਼ੇਸ਼ ਨਾਂ ਹੈ। 14 ਜੁਲਾਈ 1971 ਵਿੱਚ ਇਸ ਇਲਾਕੇ ਦੇ ਤਿੰਨ ਨਕਸਲਵਾੜੀ ਨੌਜਵਾਨਾਂ ਨੂੰ ਇਸ ਪਿੰਡ ਦੇ ਨਜ਼ਦੀਕ ਕਤਲ ਕੀਤਾ ਗਿਆ। ਉਨ੍ਹਾਂ ਦੀ ਯਾਦ ਵਿੱਚ 14 ਜੁਲਾਈ, ਹਰ ਸਾਲ ਸ਼ਹੀਦੀ ਸਮਾਗਮ ਕੀਤਾ ਜਾਂਦਾ ਹੈ। ਨਾਟਕ ਮੰਡਲੀਆਂ ਨਾਟਕ ਪੇਸ਼ ਕਰਦੀਆਂ ਹਨ। ਇਹ ਹੀ ਪਿੰਡ ਦਾ ਇੱਕ ਤਰ੍ਹਾਂ ਦਾ ਦੂਸਰਾ ਮੇਲਾ ਹੁੰਦਾ ਹੈ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!