ਝੰਡਾ ਕਲਾਂ ਪਿੰਡ ਦਾ ਇਤਿਹਾਸ | Jhanda Kalan Village History

ਝੰਡਾ ਕਲਾਂ

ਝੰਡਾ ਕਲਾਂ ਪਿੰਡ ਦਾ ਇਤਿਹਾਸ | Jhanda Kalan Village History

ਸਥਿਤੀ :

ਤਹਿਸੀਲ ਸਰਦੂਲਗੜ੍ਹ ਦਾ ਪਿੰਡ ਝੰਡਾ ਕਲਾਂ, ਮਾਨਸਾ – ਸਰਸਾ ਸੜਕ ਤੋਂ 1 ਕਿਲੋਮੀਟਰ ਹੈ ਤੇ ਰੇਲਵੇ ਸਟੇਸ਼ਨ ਸਿਰਸਾ ਤੋਂ 23 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਪੰਜਾਬ ਹਰਿਆਣਾ ਦੀ ਹੱਦ ਤੇ ਸਥਿਤ ਇਹ ਪੰਜਾਬ ਦਾ ਬਹੁਤ ਪਛੜਿਆ ਹੋਇਆ ਪਿੰਡ ਹੈ। ਇਹ ਤਕਰੀਬਨ ਪੰਜ ਸੌ ਸਾਲ ਪੁਰਾਣਾ ਪਿੰਡ ਹੈ ਪਰ ਇਸ ਦੇ ਨਾਮ ਬਾਰੇ ਕਿਸੇ ਨੂੰ ਕੁੱਝ ਪਤਾ ਨਹੀਂ। ਵੰਡ ਤੋਂ ਪਹਿਲਾਂ ਇੱਥੇ 95 ਪ੍ਰਤੀਸ਼ਤ ਮੁਸਲਮਾਨ ਅਬਾਦੀ ਸੀ। ਹੁਣ ਇੱਥੇ 95 ਪ੍ਰਤੀਸ਼ਤ ਰਾਏ ਸਿੱਖ ਅਬਾਦੀ ਹੈ।

ਇੱਥੋਂ ਦਾ ਪ੍ਰਸਿੱਧ ਮੁਸਲਮਾਨ ਫ਼ਕੀਰ ਵਲੈਤ ਸ਼ਾਹ ਹੋਇਆ ਹੈ ਜੋ ਦਸ਼ਮੇਸ਼ ਗੁਰੂ ਦਾ ਅਤੀ ਸ਼ਰਧਾਲੂ ਸੀ ਅਤੇ ਉਸਨੇ ਆਪਣੀ ਉਮਰ ਦਾ ਬਹੁਤਾ ਸਮਾਂ ਗੁਰੂ ਜੀ ਨਾਲ ਗੁਜਾਰਿਆ। ਕਿਹਾ ਜਾਂਦਾ ਹੈ ਕਿ ਦਸਵੇਂ ਗੁਰੂ ਵਲੈਤ ਸ਼ਾਹ ਦੀ ਬੇਨਤੀ ਤੇ ਇਸ ਪਿੰਡ ਆਏ। ਇੱਕ ਵਾਰੀ ਗੁਰੂ ਜੀ ਸੌਂ ਰਹੇ ਸਨ ਤੇ ਭਾਈ ਡੱਲਾ ਤੇ ਭਾਈ ਮੱਲਾ ਬਾਹਰ ਪਹਿਰਾ ਦੇ ਰਹੇ ਸਨ ਕਿ ਉਹ ਕਿਸੇ ਕੰਮ ਥੋੜ੍ਹੀ ਦੇਰ ਲਈ ਚਲੇ ਗਏ ਤੇ ਫ਼ਕੀਰ ਵਲੈਤ ਸ਼ਾਹ ਝੱਟ ਪਹਿਰਾ ਦੇਣ ਲਈ ਖੜ੍ਹਾ ਹੋ ਗਿਆ। ਗੁਰੂ ਜੀ ਨੇ ਸਹਿਜ ਸੁਭਾ ਪੁੱਛਿਆ ਕਿ ਬਾਹਰ ਕੌਣ ਹੈ ‘ਭਾਈ ਡੱਲਾ ਕਿ ਮੱਲਾ?’ ਤਾਂ ਵਲੈਤ ਸ਼ਾਹ ਨੇ ਜੁਆਬ ਦਿੱਤਾ ‘ਜੀ ਵਲੈਤ ਸ਼ਾਹ ਅੱਲਾ’। ਗੁਰੂ ਜੀ ਬਹੁਤ ਪ੍ਰਸੰਨ ਹੋਏ।

ਇਸ ਪੀਰ ਦੀ ਕਬਰ ਤੇ ਗੁਰੂ ਜੀ ਦੀ ਯਾਦ ਵਿੱਚ ਗੁਰਦੁਆਰਾ ਨਾਲ-ਨਾਲ ਹੈ। ਇੱਕ ਹੋਰ ਦੰਦ ਕਥਾ ਅਨੁਸਾਰ ਮਹਾਰਾਜਾ ਪਟਿਆਲਾ ਇਸ ਥਾਂ ਤੇ ਗੁਰਦੁਆਰਾ ਉਸਾਰਨ ਲਈ ਆਏ ਅਤੇ ਉਸਾਰੀ ਆਰੰਭ ਕੀਤੀ। ਉੱਚੀ ਉਸਾਰੀ ਕੰਧ ਕਈ ਵਾਰ ਡਿੱਗ ਪਈ। ਇੱਕ ਰਾਤ ਵਲੈਤ ਸ਼ਾਹ ਦੀ ਅਵਾਜ਼ ਮਿਸਤਰੀਆਂ ਨੂੰ ਆਈ ਕਿ ਇਸ ਕੰਧ ਵਿੱਚ ਬਾਰੀ ਰੱਖ ਦਿਓ ਤਾਂ ਜੋ ਮੈਂ ਗੁਰੂ ਸਾਹਿਬ ਦੇ ਦੀਦਾਰ ਬਿਨਾਂ ਕਿਸੇ ਰੁਕਾਵਟ ਦੇ ਕਰ ਸਕਿਆ ਕਰਾਂ ਤੇ ਗੁਰਬਾਣੀ ਸੁਣ ਸਕਿਆ ਕਰਾਂ ਨਹੀਂ ਤਾਂ ਇਹ ਕੰਧ ਨਹੀਂ ਉਸਰ ਸਕੇਗੀ। ਇਸ ਆਦੇਸ਼ ਅਧੀਨ ਗੁਰਦੁਆਰੇ ਅਤੇ ਵਲੈਤ ਸ਼ਾਹ ਦੀ ਕਬਰ ਵਿਚਕਾਰਲੀ ਕੰਧ ਵਿੱਚ ਬਾਰੀ ਛੱਡ ਦਿੱਤੀ ਗਈ। ਬੁੱਢੇ ਦੱਲ ਦੇ ਅਧੀਨ ਇਸ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਬਹੁਤ ਉੱਚਾ ਹੈ ਤੇ ਨਾਲ ਦੇ ਪਿੰਡਾਂ ਦੇ ਲੋਕਾਂ ਵਿੱਚ ਇਸ ਗੁਰਦੁਆਰੇ ਦੀ ਬੜੀ ਮਾਨਤਾ ਹੈ। ਬੁੱਢੇ ਦੁੱਲ ਵਲੋਂ ਹੀ ਪੇਂਡੂ ਖੇਡਾਂ ਕਰਵਾਈਆਂ ਜਾਂਦੀਆਂ ਹਨ ਤੇ ਹਾਰੀ ਹੋਈ ਟੀਮ ਨੂੰ ਵੀ ਅੱਧਾ ਇਨਾਮ ਦਿੱਤਾ ਜਾਂਦਾ ਹੈ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!