ਟੱਲੇਵਾਲ
ਸਥਿਤੀ :
ਬਲਾਕ ਸਹਿਣਾ ਤਹਿਸੀਲ ਬਰਨਾਲਾ ਦਾ ਪਿੰਡ ਟੱਲੇਵਾਲ, ਬਰਨਾਲਾ – ਮੋਗਾ ਸੜਕ ਤੇ ਬਰਨਾਲਾ ਤੋਂ 27 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ :
ਇਹ ਉਹਨਾਂ ਸਮਿਆਂ ਦੀ ਗੱਲ ਹੈ ਜਦੋਂ ਇਸ ਇਲਾਕੇ ਵਿੱਚ ਪਾਣੀ ਦੀ ਬਹੁਤ ਘਾਟ ਹੁੰਦੀ ਸੀ। ਇੱਕ ਸਾਧ ਨੇ ਚਿੱਕੜ ਨਾਲ ਲਿਬੜਿਆ ਝੋਟਾ ਉਜਾੜ ਬੀਆਬਾਨ ਜੰਗਲ ਵਿੱਚ ਵੇਖ ਕੇ ਸੋਚਿਆ ਕਿ ਜ਼ਰੂਰ ਪਾਣੀ ਨੇੜੇ ਹੋਵੇਗਾ। ਉਸਨੇ ਝੋਟੇ ਦਾ ਪਿੱਛਾ ਕੀਤਾ ਤੇ ਇੱਕ ਛੱਪੜ ਪਾਸ ਪੁੱਜਾ। ਉਸ ਸਾਧ ਜਿਸ ਨੂੰ ਦੁੰਬਾ ਸਾਧ ਕਹਿੰਦੇ ਸਨ ਨੇ ਛੱਪੜ ਕੋਲ ਡੇਰਾ ਲਾ ਲਿਆ । ਹੌਲੀ-ਹੌਲੀ ਉੱਥੇ ਹੀ ਪਿੰਡ ਵੱਸ ਗਿਆ। ਸਾਧ ਉੱਚੇ ਟਿੱਲੇ ਤੇ ਰਹਿੰਦਾ ਸੀ ਜਿਸ ਕਰਕੇ ਉਸਨੂੰ ‘ਟਿੱਲੇ ਵਾਲ’ ਕਹਿੰਦੇ ਸਨ। ਸਾਧ ਭੰਡਾਰੇ ਵੇਲੇ ਟੱਲ ਵਜਾਉਂਦਾ ਸੀ ਸੋ ਉਸ ਨੂੰ ‘ਟੱਲਵਾਲ’ ਵੀ ਕਹਿੰਦੇ ਸਨ। ਇਸ ਤਰ੍ਹਾਂ ਪਿੰਡ ਦਾ ਨਾਂ ‘ਟੱਲੇਵਾਲ’ ਪੈ ਗਿਆ। ਇਸ ਪਿੰਡ ਨੂੰ ਕਾਗਜ਼ਾਂ ਮੁਤਾਬਕ ਵੱਸਿਆਂ ਕੋਈ ਸਵਾ ਤਿੰਨ ਸੌ ਸਾਲ ਹੋ ਗਏ ਹਨ। ਪਿੰਡ ਦੇ ਬਾਹਰ ਇੱਕ ਗੁਰਦੁਆਰਾ ਹੈ ਜਿੱਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਆਏ ਦੱਸੇ ਜਾਂਦੇ ਹਨ। ਸੋ ਪਿੰਡ ਬੱਝਣ ਦਾ ਸਮਾਂ ਚਾਰ ਸੌ ਸਾਲ ਮਿਥਿਆ ਜਾ ਸਕਦਾ ਹੈ।
ਨਹਿਰ ਦੇ ਕਿਨਾਰੇ ਸੰਤ ਸੁੰਦਰ ਸਿੰਘ ਦਾ ਗੁਰਦੁਆਰਾ ਹੈ। ਉਹ ਕੇਨੈਡਾ ਤੋਂ ਆਏ ਤੇ ਇੱਥੇ ਬੈਠ ਕੇ ਧਾਰਮਿਕ ਤੇ ਵਿੱਦਿਅਕ ਪਸਾਰ ਦਾ ਪ੍ਰਚਾਰ ਕੀਤਾ ਸੀ। ਉਹਨਾਂ ਦੀ ਬਰਸੀ ਤੇ 16 ਤੋਂ 18 ਫਗਣ ਹਰ ਸਾਲ ਦਿਵਾਨ ਲੱਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ