ਠਠਿਆਲਾ ਢਾਹਾਂ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਠਠਿਆਲਾ ਢਾਹਾਂ, ਬਲਾਚੌਰ – ਰੂਪ ਨਗਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 1 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਕਿਹਾ ਜਾਂਦਾ ਹੈ ਕਿ ਪਿੰਡ ਵੱਸਣ ਤੋਂ ਪਹਿਲਾਂ ਇੱਥੇ ਮਰਾਸੀਆਂ ਦੇ ਘਰ ਸਨ ਅਤੇ ਉਹਨਾਂ ਦੇ ‘ਠੱਠੇ’ ਕਰਨ ਦੀ ਆਦਤ ਤੋਂ ਠਠਿਆਲਾ ਬਣ ਗਿਆ । ਕੁਝ ਲੋਕਾਂ ਦਾ ਖਿਆਲ ਹੈ ਕਿ ਇੱਥੇ ਕੁਝ ਠਠਿਆਰਾਂ ਦੀਆਂ ਕਬਰਾਂ ‘ਤੇ ਇਹ ਪਿੰਡ ਵੱਸਿਆ ਜਿਸ ਕਰਕੇ “ਠਠਿਆਰਾਂ’ ਤੋਂ ਪਿੰਡ ਦਾ ਨਾਂ ‘ਠਠਿਆਲਾ’ ਪੈ ਗਿਆ। ਇਸ ਪਿੰਡ ਦੇ ਨਜ਼ਦੀਕ ਉਸ ਵਕਤ ਸਤਲੁਜ ਦਰਿਆ ਲੰਘਦਾ ਹੁੰਦਾ ਸੀ ਜਿਸ ਦੀ ਢਾਅ ਇਸ ਪਿੰਡ ਦੇ ਨਜ਼ਦੀਕ ਹੀ ਲੱਗਦੀ ਸੀ। ਪਿੰਡ ਦੇ ਪਾਸੇ ਢਾਹੇ ਦੀ ਵੱਧ ਉਪਜਾਊ ਜ਼ਮੀਨ ਆ ਗਈ ਜਿਸ ਕਰਕੇ ਇਸ ਪਿੰਡ ਦੇ ਨਾਂ ਨਾਲ ‘ਢਾਹਾ’ ਸ਼ਬਦ ਜੁੜ ਗਿਆ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਪਿੰਡ ਨਾਡਲਾ (ਜਲੰਧਰ) ਦੇ ਰਾਜਪੂਤਾਂ ਨੇ ਆਪਣੀ ਜ਼ਮੀਨ ਦੀ ਰਾਖੀ ਲਈ ਭਟੋਏ (ਭਾਟੀਏ) ਗੋਤ ਦੇ ਰਾਮਦਾਸੀਏ ਸਿੱਖ ਜ਼ਮੀਨ ਦੀ ਰਾਖੀ ਲਈ ਭੇਜ ਦਿੱਤੇ ਜੋ ਪੱਕੇ ਤੌਰ ‘ਤੇ ਇੱਥੇ ਵੱਸ ਗਏ। ਬਾਅਦ ਵਿੱਚ ਹਰੀਜਨ, ਖੋਸੇ, ਗਰੇਵਾਲ, ਬੈਂਸ ਅਤੇ ਵਿਛੋਏ, ਤਰਖਾਣ, ਝਿਊਰ, ਸੁਨਿਆਰ ਆਲੇ ਦੁਆਲੇ ਦੇ ਇਲਾਕਿਆਂ ਵਿਚੋਂ ਇੱਥੇ ਆ ਕੇ ਰਹਿਣ ਲੱਗ ਪਏ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ