ਠੱਟੀ ਭਾਈ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਠੱਟੀ ਭਾਈ, ਮੋਗਾ – ਭਗਤਾ ਸੜਕ ‘ਤੇ ਸਥਿਤ ਮੋਗਾ ਤੋਂ 36 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਸੰਬੰਧ ਗੁਰੂ ਹਰਿਗੋਬਿੰਦ ਸਾਹਿਬ ਦੇ ਸਿੱਖ ਭਾਈ ਰੂਪ ਚੰਦ ਨਾਲ, ਹੈ। ਉਹਨਾਂ ਦੀ ਔਲਾਦ ਵਿਚੋਂ ਭਾਈ ਭਾਗ ਸਿੰਘ ਨੇ ਇਹ ਪਿੰਡ ਭਾਈ ਰੂਪੇ ਤੋਂ ਆ ਕੇ ਆਬਾਦ ਕੀਤਾ ਪਰ ਕੁਝ ਸਮੇਂ ਬਾਅਦ ਉਹ ਇੱਥੋਂ ਚਲੇ ਗਏ ਅਤੇ ਇੱਥੇ ਮਜ਼੍ਹਬੀ ਸਿੱਖ ਰਹਿੰਦੇ ਰਹੇ ਜਿਸ ਕਰਕੇ ਮਜ਼੍ਹਬੀਆਂ ਦੇ ਵਿਹੜੇ ਦੇ ਨਾਮ ‘ਤੇ ਪਿੰਡ ਦਾ ਨਾਮ ਭਾਈ ਕਿਆਂ ਵਾਲੀ ਠੱਟੀ (ਗਰੀਬਾਂ ਦੀ ਬਸਤੀ) ਪੈ ਗਿਆ। ਬਾਅਦ ਵਿੱਚ ਫਿਰ ਭਾਈਕੇ ਇੱਥੇ ਆ ਕੇ ਵੱਸ ਗਏ।
ਪਿੰਡ ਦੇ ਪੂਰਬੀ ਪਾਸੇ ਇੱਕ ਗੁਰਦੁਆਰਾ ‘ਹਰਿਗੋਬਿੰਦ ਸਰ’ ਹੈ। ਇਸ ਗੁਰਦੁਆਰੈ ਦਾ ਨੀਂਹ ਪੱਥਰ ਮਹੰਤ ਪ੍ਰੀਤਮ ਸਿੰਘ ਨੇ 25 ਹਾੜ੍ਹ 1999 ਬਿਕਰਮੀ ਨੂੰ ਰੱਖਿਆ ਅਤੇ ਬੀਬੀ ਕਿਰਪਾਲ ਕੌਰ ਨੇ ਇਸ ਗੁਰਦੁਆਰੇ ਲਈ 15 ਕਨਾਲ ਜ਼ਮੀਨ ਦਾਨ ਵਜੋਂ ਦਿੱਤੀ। ਇੱਥੇ ਵਿਸਾਖੀ ਤੇ ਜੋੜ ਮੇਲਾ ਲੱਗਦਾ ਹੈ। ਪਿੰਡ ਦੇ ਵਿਚਕਾਰ ਇੱਕ ਮੱਠ ਹੈ ਜਿਹੜਾ ਘਣਾ ਨੰਦ ਦਾ ਡੇਰਾ ਕਹਾਉਂਦਾ ਹੈ।
ਜੈਤੋਂ ਦੇ ਮੋਰਚੇ ਵਿੱਚ ਪਿੰਡ ਦੇ ਕਈ ਵਿਅਕਤੀਆਂ ਨੇ ਹਿੱਸਾ ਲਿਆ ਤੇ ਤਸੀਹੇ ਝੱਲੇ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ