ਡਰੋਲੀ ਕਲਾਂ
ਸਥਿਤੀ :
ਤਹਿਸੀਲ ਜਲੰਧਰ ਦਾ ਇਹ ਪਿੰਡ ਡਰੋਲੀ ਕਲਾਂ ਆਦਮਪੁਰ – ਮੇਹਦੀਆਣਾ ਸੜਕ ਤੇ ਜਲੰਧਰ ਤੋਂ 30 ਕਿਲੋ ਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਕਿਸੇ ਵੇਲੇ ਇੱਥੇ ਉੱਚੇ ਉੱਚੇ ਟਿੱਬੇ ਹੁੰਦੇ ਸਨ ਜਿਹਨਾਂ ਨੂੰ ਢਰੈਲ ਕਿਹਾ ਜਾਂਦਾ ਸੀ। ਢਰੈਲ ਤੋ ਇਹਨਾਂ ਨੂੰ ਡਰੱਲ ਕਿਹਾ ਜਾਣ ਲੱਗਾ, ਫਿਰ ਡਰੋਲ ਤੇ ਫਿਰ ਡਰੋਲੀ। ਕੁਝ ਲੋਕਾਂ ਨੇ ਇੱਥੋਂ ਉੱਠ ਕੇ ਇੱਕ ਛੋਟੀ ਡਰੋਲੀ (ਡਿਰੋਲੀ ਖੁਰਦ) ਵਸਾ ਲਈ, ਇਸ ਲਈ ਇਸ ਨੂੰ ਡਰੋਲੀ ਕਲਾਂ ਕਿਹਾ ਜਾਣ ਲੱਗ ਪਿਆ। ਇਹ ਪਿੰਡ ਤਿੰਨ ਰਾਜਪੂਤ ਭਰਾਵਾਂ ਬਾਬਾ ਮਤੀ, ਕਹਿਤੀ ਅਤੇ ਅਜੇਪਾਲ ਦਾ ਬੰਨਿਆ ਹੋਇਆ ਹੈ। ਬਾਬਾ ਮਤੀ ਭੋਸਪੁਰ ਨੇੜੇ ਇੱਕ ਪਿੰਡ ਵਿੱਚ ਵਿਆਹੁਣ ਗਏ ਤਾਂ ਉੱਥੇ ਗਊਆਂ ਲਈ ਜਾ ਰਹੇ ਮੁਸਲਮਾਨਾਂ ਨਾਲ ਉਹਨਾਂ ਦਾ ਝਗੜਾ ਹੋ ਗਿਆ। ਝਗੜਾ ਵੱਧ ਗਿਆ ਤੇ ਬਾਬਾ ਮਤੀ ਲਾਵਾਂ ਅਧੂਰੀਆਂ ਛੱਡ ਕੇ ਲੜਨ ਚਲੇ ਗਏ ਤੇ ਆਦਮਪੁਰ ਤੱਕ ਲੜਦੇ ਲੜਦੇ ਜਖਮੀ ਹਾਲਤ ਵਿੱਚ ਡਰੋਲੀ ਪਹੁੰਚ ਕੇ ਸ਼ਹੀਦ ਹੋ ਗਏ। ਇੱਥੇ ਉਹਨਾਂ ਦਾ ਸਸਕਾਰ ਕੀਤਾ ਗਿਆ। ਭਾਵੇਂ ਲਾਵਾਂ ਪੂਰੀਆਂ ਨਹੀਂ ਹੋਈਆਂ ਸੀ ਪਰ ਉਹਨਾਂ ਦੀ ਪਤਨੀ ਨਾਲ ਹੀ ਸਤੀ ਹੋ ਗਈ। ਇਸ ਥਾਂ ਤੇ ਬਾਅਦ ਵਿੱਚ ਇੱਕ ਰਾਜਪੂਤ ਰਾਜੇ ਹਰੀ ਚੰਦ ਜਸਵਾਲ ਨੇ ਮੰਦਰ ਬਣਵਾਇਆ ਤੇ ਜ਼ਮੀਨ ਦਿੱਤੀ। ਦੂਸਰੇ ਭਰਾ ਕਹਿਤੀ ਦੀ ਔਲਾਦ ਹੋਈ ਜਿਸਦੇ ਵਾਧੇ ਤੋਂ ਡਰੋਲੀ ਕਲਾਂ ਤੋਂ ਇਲਾਵਾ ਡਮੁੰਡਾ ਪਧਿਆਣਾ ਅਤੇ ਡਰੋਲੀ ਖੁਰਦ ਆਦਿ ਪਿੰਡ ਵੱਸੇ। ਇੱਥੋਂ ਦੇ ਤਿੰਨ ਠਾਕਰ, ਧਰਮ ਸਿੰਘ, ਖੜਕ ਸਿੰਘ ਤੇ ਸ਼ੈਤਾਨ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚ ਜਰਨੈਲ ਸਨ। ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਵੀ ਇਹ ਜਰਨੈਲ ਬਹਾਦਰੀ ਨਾਲ ਲੜੇ। ਇਸ ਪਿੰਡ ਵਿੱਚ ਇੱਕ ਮਕਾਨ ਵਿੱਚ ਇੱਕ ਸਮਾਧ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਘਰ ਵਾਲੀ ਦੀ ਕਬਰ ਉੱਪਰ ਬਣੀ ਹੋਈ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਪਿੰਡ ਵਿੱਚ ਜਿਸ ਥਾਂ ਤੇ ਆਏ ਉੱਥੇ ਗੁਰਦੁਆਰਾ ਸਿੰਘ ਸਭਾ ਬਣਿਆ ਹੋਇਆ ਹੈ। ਪਿੰਡ ਤੋਂ ਥੋੜਾ ਦੂਰ ਮਹਾਰਾਜਾ ਰਣਜੀਤ ਦਾ ਦਿੱਤਾ ਹੋਇਆ ਖੂਹ ‘ਦੀਵਾਨ ਦੇ ਖੂਹ’ ਨਾਲ ਮਸ਼ਹੂਰ ਹੈ। ਪਿੰਡ ਤੋਂ ਥੋੜਾ ਦੂਰ ਬਾਬਾ ਭਾਗ ਸਿੰਘ ਦਾ ਡੇਰਾ ਹੈ ਜਿਸ ਦੀ ਬਹੁਤ ਮਾਨਤਾ ਹੈ ਇੱਥੇ ਸ਼ਾਨਦਾਰ ਗੁਰਦੁਆਰਾ ਹੈ। ਬਾਬਾ ਮਤੀ ਦੀ ਜਗ੍ਹਾ ਤੇ ਹਰ ਸੰਗਰਾਦ ਮੇਲਾ ਲੱਗਦਾ ਹੈ ਪਰ ਮਾਘੀ ਤੇ ਵਿਸਾਖੀ ਤੇ ਮੇਲਾ ਬਹੁਤ ਭਰਦਾ ਹੈ। ਗੁੱਗੇ ਨੌਮੀ ਦੇ ਤਿਉਹਾਰ ਸਮੇਂ ਛਿੰਝ ਪੈਂਦੀ ਹੈ ਤੇ ਖੇਡਾਂ ਕਰਵਾਈਆਂ ਜਾਂਦੀਆਂ ਹਨ।
ਜੈਤੋਂ ਦੇ ਮੋਰਚੇ ਤੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਇਸ ਪਿੰਡ ਵਿਚੋਂ 50 ਤੋਂ ਜ਼ਿਆਦਾ ਵਿਅਕਤੀਆਂ ਨੇ ਹਿੱਸਾ ਲਿਆ। ਬੱਬਰ ਅਕਾਲੀ ਲਹਿਰ ਸਮੇਂ ਇਸ ਪਿੰਡ ਵਿੱਚ ਵੀ ਪੁਲੀਸ ਦੀ ਚੌਂਕੀ ਬੈਠੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ