ਡਾਲਾ
ਸਥਿਤੀ:
ਤਹਿਸੀਲ ਮੋਗਾ ਦਾ ਇਹ ਪਿੰਡ ਡਾਲਾ, ਮੋਗਾ- ਬਰਨਾਲਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਮਹਿਣਾ ਤੋਂ 4 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਬਜ਼ੁਰਗਾਂ ਦੇ ਦੱਸਣ ਅਨੁਸਾਰ ਇਹ ਪਿੰਡ ਰਾਏ ਗੋਤ ਦੇ ਡਾਲਾ ਨਾਮੀ ਜ਼ਿਮੀਦਾਰ ਨੇ ਵਸਾਇਆ ਸੀ; ਪ੍ਰੰਤੂ ਰਾਏ ਗੋਤ ਦਾ ਇੱਕ ਵੀ ਘਰ ਇੱਥੇ ਨਹੀਂ ਹੈ ਕਿਉਂਕਿ ਡਾਲੇ ਵਾਲਿਆਂ ਦੇ ਭਾਣਜਿਆਂ ਨੇ ਪਿੰਡ ਤੇ ਕਬਜ਼ਾ ਕਰ ਲਿਆ ਅਤੇ ਉਹਨਾਂ ਦੇ ਮਾਮੇ ਥੋੜੀ ਦੂਰ ਤੇ ਪਿੰਡ ਧੂੜਕੋਟ ਕਲਾਂ, ਧੂੜਕੋਟ ਚੜ੍ਹਤ ਸਿੰਘ ਵਾਲਾ ਤੇ ਧੂਰਕੋਟ ਟਾਹਲੀਵਾਲਾ ਬੰਨ੍ਹ ਕੇ ਬੈਠ ਗਏ। ਪਿੰਡ ਵਿੱਚ ਬਹੁਤੇ ਗਿੱਲ ਗੋਤ ਦੇ ਜ਼ਿਮੀਦਾਰ ਹਨ ਅਤੇ ਕੁਝ ਘਰ ਸਿੱਧੂ ਤੇ ਜਵੰਦਾ ਗੋਤ ਦੇ ਵੀ ਹਨ।
ਪਿੰਡ ਦੇ ਚੜ੍ਹਦੇ ਪਾਸੇ ‘ਬਾਬਾ ਰੋਡ’ ਦੀ ਸਮਾਧ ਬਣੀ ਹੋਈ ਹੈ ਜੋ ਇਲਾਕੇ ਭਰ ਵਿੱਚ ਖਾਸ ਮਹੱਤਤਾ ਰੱਖਦੀ ਹੈ। ਇੱਥੇ ਸ਼ਰਾਬ ਦਾ ਚੜ੍ਹਾਵਾ ਚੜ੍ਹਦਾ ਹੈ ਅਤੇ ਲੋਕ ਸੁੱਖਾਂ ਸੁਖਦੇ ਹਨ। ਪੁਰਾਣੇ ਬਜ਼ੁਰਗਾਂ ਅਨੁਸਾਰ ਬਾਬਾ ਰੋਡ ਇੱਕ ਮਸਤ ਮਲੰਗ ਫਕੀਰ ਸੀ ਜੋ ਸ਼ਰਾਬ ਦੇ ਨਸ਼ੇ ਵਿੱਚ ਮਦਹੋਸ਼ ਤੇ ਪ੍ਰਭੂ ਭਗਤੀ ਵਿੱਚ ਲੀਨ ਰਹਿੰਦਾ ਸੀ। ਇੱਕ ਵਾਰੀ ਬਾਬਾ ਰੋਡੂ ਦੀ ਥਾਪੀ ਨਾਲ ਕਿਸੇ ਦਾ ਬਲਦ ਜੀਵਤ ਹੋ ਗਿਆ ਸੀ ਉਸ ਤੋਂ ਬਾਅਦ ਉਸਦੀ ਪ੍ਰਸਿੱਧੀ ਬਹੁਤ ਫੈਲ ਗਈ। ਉਸਦੇ ਮੂੰਹ ਤੋਂ ਸੁਭਾਵਕ ਬੋਲ ਸੱਚ ਦਾ ਰੂਪ ਧਾਰ ਲੈਂਦਾ ਸੀ।
ਪਿੰਡ ਵਿੱਚ ਇੱਕ ਹੋਰ ਡੇਰਾ ਬਾਬਾ ਪੱਤਣ ਸ਼ਾਹ ਦਾ ਹੈ । ਬੈਰਾਗੀ ਸਾਧੂਆਂ ਦਾ ਡੇਰਾ ਵੀ ਪਿੰਡ ਬੱਝਣ ਸਮੇਂ ਤੋਂ ਹੀ ਚਲਿਆ ਆ ਰਿਹਾ ਹੈ ਜਿੱਥੇ ਉਹਨਾਂ ਦੇ ਪ੍ਰਥਮ ਗੁਰੂ ਗਿਰਧਾਰੀ ਵਾਸ ਦੀ ਸਮਾਧ ਬਣੀ ਹੋਈ ਹੈ। ਬਾਬਾ ਸੋਮ ਪ੍ਰਕਾਸ਼ ਦੀ ਲਿਤੀ ਜਿਸ ਨੂੰ ਤ੍ਰਿਵੈਣੀ ਵੀ ਕਹਿੰਦੇ ਹਨ ਪਿੰਡ ਦੇ ਉੱਤਰ ਵੱਲ ਸਥਿਤ ਹੈ ਜਿੱਥੇ ਰਹਿ ਕੇ ਉਹਨਾਂ ਨੇ 24 ਸਾਲ ਤਪਸਿਆ ਕੀਤੀ ਤੇ 12 ਸਾਲ ਅੰਨ ਤੇ ਕੱਪੜਾ ਤਿਆਗੀ ਰੱਖਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ