ਡੱਲਾ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਡੱਲਾ, ਬੇਲਾ – ਮਾਛੀਵਾੜਾ ਸੜਕ ਤੋਂ 1 ਕਿਲੋਮੀਟਰ, ਰੂਪ ਨਗਰ ਤੋਂ 20 ਕਿਲੋਮੀਟਰ ਅਤੇ ਬੇਲਾ ਤੋਂ 7 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਮੁਗ਼ਲ ਕਾਲ ਦੇ ਅੰਤਮ ਦਿਨਾਂ ਵਿੱਚ ਵੱਸਿਆ ਦੱਸਿਆ ਜਾਂਦਾ ਹੈ। ਪਿੰਡ ਦੇ ਮੁੱਢਲੇ ਵਸਨੀਕ ਬਾਲਮੀਕ ਸਨ। ਪਿੰਡ ਦੀ ਮੋੜ੍ਹੀ ਇੱਕ ਬਾਲਮੀਕ ਅਤੇ ਇੱਕ ਮੁਸਲਮਾਨ ਨੇ ਮਿਲ ਕੇ ਗੱਡੀ। ਉਦੋਂ ਪਿੰਡ ਦੀ ਇੱਕ ਚੌਥਾਈ ਵਸੋਂ ਮੁਸਲਮਾਨ ਚੌਧਰੀ ਅਤੇ ਤਿੰਨ ਚੌਥਾਈ ਬਾਲਮੀਕ ਸਨ । ਆਵਾਜਾਈ ਦੇ ਸਾਧਨਾਂ ਦੀ ਘਾਟ ਕਾਰਨ ਇਹ ਲੋਕ ਪੱਕੀਆਂ ਇੱਟਾਂ ਪ੍ਰਾਪਤ ਨਹੀਂ ਸਨ ਕਰ ਸਕਦੇ ਪ੍ਰੰਤੂ ਮਿਹਨਤੀ ਅਤੇ ਸਾਹਸੀ ਸਨ । ਇਹਨਾਂ ਇੱਕਠੇ ਹੋ ਕੇ ਡਲਿਆਂ (ਕੱਚੀਆਂ ਢੀਮਾਂ) ਦਾ ਕਿਲ੍ਹਾ ਉਸਾਰ ਲਿਆ ਤਾਂ ਕਿ ਬਾਹਰਲੇ ਧਾੜਵੀਆਂ ਦੀ ਰਾਖੀ ਹੋ ਸਕੇ। ਇਹਨਾਂ ਡਲਿਆਂ ਦੇ ਕਿਲ੍ਹੇ ਤੋਂ ਪਿੰਡ ਦਾ ਨਾਂ ਡੱਲਾ ਪੈ ਗਿਆ। ਕਿਲ੍ਹਾ ਨੇੜੇ ਵਹਿੰਦੇ ਸਤਲੁਜ ਦੀਆਂ ਥਪੇੜਾਂ ਝੱਲਦਾ ਹੌਲੀ ਹੌਲੀ ਢਹਿ ਢੇਰੀ ਹੋ ਗਿਆ। ਇਸ ਪਿੰਡ ਦੇ 1852 ਦੇ ਪਹਿਲੇ ਬੰਦੋਬਸਤ ਵਿੱਚ ਇਹਨਾਂ ਤੱਥਾਂ ਦਾ ਜ਼ਿਕਰ ਹੈ। ਸੰਨ ਸੰਤਾਲੀ ਤੋਂ ਪਹਿਲਾਂ ਇੱਥੇ ਲਗਭਗ ਡੇਢ ਸੌ ਘਰ ਮੁਸਲਮਾਨ ਚੌਧਰੀਆਂ ਦੇ ਸਨ। ਇਹਨਾਂ ਦਾ ਜ਼ੋਰ ਹੋਣ ਕਾਰਨ ਹੌਲੀ ਹੌਲੀ ਸਾਰੇ ਬਾਲਮੀਕ ਪਿੰਡ ਛੱਡ ਗਏ। ਪਿੰਡ ਵਿੱਚ ਅੱਜਕੱਲ੍ਹ ਲੁਬਾਣੇ, ਜੱਟ, ਰਾਮਦਾਸੀਏ, ਤਰਖਾਣ ਅਤੇ ਝਿਊਰ ਵੱਸਦੇ ਹਨ। ਪਿੰਡ ਵਿੱਚ ਮਾਘੀ ਦੇ ਮੇਲੇ ‘ਤੇ ਖੇਡ ਮੇਲਾ ਕਰਵਾਇਆ ਜਾਂਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ