ਢਿਲਵਾਂ ਕਲਾਂ
ਸਥਿਤੀ :
ਤਹਿਸੀਲ ਫਰੀਦਕੋਟ ਦਾ ਪਿੰਡ ਢਿਲਵਾਂ ਕਲਾਂ, ਬਠਿੰਡਾ-ਬਾਜਾਖਾਨਾ-ਫਰੀਦਕੋਟ ਸੜਕ ਤੇ ਸਥਿਤ ਹੈ ਤੇ ਕੋਟਕਪੂਰੇ ਤੋਂ 5 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਇਸ ਪਿੰਡ ਦੇ ਵੱਸਣ ਕਾਲ ਦਾ ਅੰਦਾਜ਼ਾ ਇਸ ਗਲ ਤੋਂ ਲਗਦਾ ਹੈ ਕਿ ਕੋਟਕਪੂਰਾ ਪਿੰਡ 1606 ਈਸਵੀ ਵਿੱਚ ਬੱਝਾ ਤੇ ਇਤਿਹਾਸਕ ਤੱਥਾਂ ਅਨੁਸਾਰ ਇਹ ਪਿੰਡ ਉਸ ਵੇਲੇ ਮੌਜੂਦ ਸੀ। ਨਾਮਕਰਨ ਬਾਰੇ ਏਨਾ ਹੀ ਪਿੰਡ ਵਾਲਿਆਂ ਨੂੰ ਪਤਾ ਹੈ ਕਿ ਇਹ ਢਿੱਲੋਂ ਗੋਤ ਦੇ ਜ਼ਿਮੀਦਾਰਾਂ ਨੇ ਵਸਾਇਆ ਸੀ।
ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੇ ਜਦ ਸ਼ਾਹੀ ਫੌਜ ਸੀ, ਮਾਝੇ ਦੇ ਸਿੰਘ (ਜੋ ਪਿੱਛੋਂ ਚਾਲੀ ਮੁਕਤੇ ਕਹਾਏ) ਉਹਨਾਂ ਦਾ ਸਾਥ ਛੱਡ ਗਏ ਸਨ ਤਾਂ ਗੁਰੂ ਸਾਹਿਬ ਆਪਣੇ ਮੁੱਠੀ ਭਰ ਮਰਜੀਵੜੇ ਸਿੰਘਾਂ ਸਮੇਤ ਸ਼ਾਹੀ ਫੌਜ ਨਾਲ ਫੈਸਲਾਕੁਨ ਟੱਕਰ ਲੈਣ ਲਈ ਕੋਟਕਪੂਰੇ ਦੇ ਮਾਲਕ ਕਪੂਰੇ ਨੂੰ ਮਿਲੇ (ਜੋ ਉਹਨਾਂ ਦਾ ਸ਼ਰਧਾਲੂ ਸੀ) ਤੇ ਉਸ ਪਾਸੋਂ ਸਥਾਨਕ ਕਿਲ੍ਹੇ ਦੀ ਮੰਗ ਕੀਤੀ। ਕਪੂਰੇ ਨੇ ਮੁਸਲਮਾਨ ਹਾਕਮਾਂ ਦੇ ਡਰ ਤੋਂ ਗੜ੍ਹੀ ਗੁਰੂ ਜੀ ਨੂੰ ਦੇਣ ਤੋਂ ਨਾਂਹ ਕਰ ਦਿੱਤੀ। ਕਪੂਰੇ ਨੂੰ ਇਹ ਯਾਦ ਕਰਾ ਕੇ ਕਿ ਮੁਸਲਮਾਨ ਹਾਕਮ ਤੇਰੇ ਸਾਥੀ ਨਹੀਂ ਰਹਿਣਗੇ, ਗੁਰੂ ਜੀ ਢਿਲਵੀਂ ਆਪਣੇ ਇੱਕ ਸ਼ਰਧਾਲੂ ਸੋਢੀ ਕੌਲ ਪਾਸ ਆ ਗਏ, ਜਿਸ ਦੀ ਇਲਾਕੇ ਵਿੱਚ ਸਿੱਖੀ ਸੇਵਕੀ ਸੀ । ਗੁਰੂ ਜੀ ਨੂੰ ਮਿਲਦਿਆਂ ਕੌਲ ਨੇ ਗੁਰੂ ਜੀ ਨੂੰ ਪੁੱਛਿਆ ਕਿ ਉਹ ਕਿੱਧਰ ਆਏ ਹਨ ਤਾਂ ਗੁਰੂ ਜੀ ਨੇ ਕਿਹਾ ਕਿ “ਕਪੂਰੇ ਦੀਆਂ ਜੜ੍ਹਾਂ ਪੁੱਟ ਕੇ ਆਏ ਹਾਂ।” ਕੌਲ ਦੇ ਕਪੂਰੇ ਨਾਲ ਚੰਗੇ ਸਬੰਧ ਸਨ ਤਾਂ ਉਸਨੇ ਕਿਹਾ ਕਿ “ਕਪੂਰੇ ਦੀਆਂ ਜੜ੍ਹਾਂ ਤਾਂ ਸਾਡੇ ਢਿੱਡ ਵਿੱਚ ਹਨ” ਗੁਰੂ ਜੀ ਨੇ ਹਸਦਿਆਂ ਕਿਹਾ, “ਉਸ ਦੀਆਂ ਜੜ੍ਹਾਂ ਤਾਂ ਜ਼ਰੂਰ ਪੁੱਟੀਆਂ ਜਾਣਗੀਆਂ ਜੇ ਤੁਹਾਡੇ ਢਿੱਡ ਵਿੱਚ ਹਨ ਤਾਂ ਉਹ ਪਾੜ ਕੇ ਕੱਢ ਲਵਾਂਗੇ। ”
ਗੁਰੂ ਜੀ ਢਿਲਵੀਂ ਕੁੱਝ ਚਿਰ ਪੜਾਅ ਕੀਤਾ ਤੇ ਆਪਣੇ ਕੁੱਝ ਪੁਰਾਣੇ ਬਸਤਰ ਜੋ ਖੂਨ ਨਾਲ ਲਿੱਬੜੇ ਹੋਏ ਸਨ, ਜਲਾਉਣ ਲੱਗੇ ਤਾਂ ਕੌਲ ਦੀ ਧਰਮ ਪਤਨੀ ਨੇ ਇਹ ਬਸਤਰ ਉਹਨਾਂ ਪਾਸੋਂ ਮੰਗ ਲਏ ਕਿ ਅਸੀਂ ਆਪਦੀ ਯਾਦ ਵਜੋਂ ਇਹ ਸਾਂਭ ਕੇ ਰਖਾਂਗੇ। ਗੁਰੂ ਜੀ ਦੇ ਇਹ ਬਸਤਰ, ਜਿਨ੍ਹਾਂ ਵਿੱਚ ਸਫੈਦ ਜੁਰਾਬਾਂ ਦਾ ਇੱਕ ਜੋੜਾ, ਲਾਲ ਰੰਗ ਦਾ ਇੱਕ ਗਰਮ ਫਰਗਲ, ਇੱਕ ਦਸਤਾਰ, ਚੋਲਾ ਅਤੇ ਇੱਕ ਕਟਾਰ ਸ਼ਾਮਲ ਸਨ ਜੋ ਅਜੇ ਤੱਕ ਸੋਢੀਆਂ ਦੇ ਵਾਰਸਾਂ ਕੋਲ ਪੁਸ਼ਤ ਦਰ ਪੁਸ਼ਤ ਸਾਂਭੇ ਚਲੇ ਆ ਰਹੇ ਹਨ। ਪਿੰਡ ਦੇ ਉੱਤਰ ਵੱਲ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਸੁਸ਼ੋਭਿਤ ਹੈ। ਇਹ ਪਿੰਡ ਪੰਜਾਬ ਦੇ ਅਤਿ ਪਛੜੇ ਪਿੰਡਾਂ ਵਿੱਚੋਂ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ