ਤਰਸਿੱਕਾ
ਤਹਿਸੀਲ ਬਾਬਾ ਬਕਾਲਾ ਦਾ ਪਿੰਡ ਤਰਸਿੱਕਾ, ਖੁਜਾਲਾ-ਖਲਚੀਆਂ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਬੁਟਾਰੀ ਤੋਂ 5 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਤਰਸਿੱਕਾ ਪਿੰਡ ਦਾ ਪਿਛੋਕੜ ਚੌਦਵੀਂ ਸਦੀ ਨਾਲ ਜੁੜਦਾ ਹੈ। ਭਿੰਡਰ, ਮਾਂਗਟ ਤੇ ਬਾਠ ਗੋਤ ਦੇ ਜੱਟਾਂ ਨੇ ਵੱਖ ਵੱਖ ਥਾਵਾਂ ਤੋਂ ਆ ਕੇ ਇਹ ਪਿੰਡ ਬੰਨਿਆਂ ਕਿਉਂਕਿ ਇੱਥੇ ਉੱਚਾ ਟਿੱਬਾ ਤੇ ਡੂੰਘੀ ਢਾਬ ਜੋ ਕਾਹਨੂਵਾਲ ਦੀ ਛੰਬ ਤੋਂ ਆਉਂਦੀ ਸੀ ਵਸੇਬੇ ਲਈ ਬੜੀ ਅਨੁਕੂਲ ਜਗ੍ਹਾ ਸੀ। ਪਿੰਡ ਦਾ ਸਿੱਕਾ (ਲਗਾਨ) ਤਿੰਨ ਪਰਗਣਿਆਂ ਬਟਾਲਾ, ਜਲਾਲਾਬਾਦ ਤੇ ਪੱਟੀ ਜਾਂਦਾ ਰਿਹਾ ਹੈ, ਇਸ ਕਰਕੇ ਇਸ ਪਿੰਡ ਦਾ ਨਾਂ ‘ਤਰਸਿੱਕਾ’ ਪਿਆ।
ਪਿੰਡ ਦੀਆਂ 12 ਪਤੀਆਂ ਹਨ ਅਤੇ ਹਰੇਕ ਪੱਤੀ ਦਾ ਆਪਣਾ ਗੁਰਦੁਆਰਾ ਹੈ। ਮਜ੍ਹਬੀ ਸਿੱਖਾਂ ਦੀਆਂ ਦੋ ਪੱਤੀਆਂ ਹਨ। ਜੱਟਾਂ ਤੋਂ ਇਲਾਵਾ ਤਰਖਾਣ, ਲੁਹਾਰ, ਸੁਨਿਆਰ, ਬ੍ਰਾਹਮਣ, ਖੱਤਰੀ, ਮੋਚੀ, ਮਹਿਰੇ ਤੇ ਨਾਈ ਆਦਿ ਪਿੰਡ ਵਾਸੀ ਹਨ। ਪਿੰਡ ਵਿੱਚ ਜੋਗੀਆਂ ਦਾ ਮੰਦਰ ਵੀ ਹੈ। ਪਿੰਡ ਦੀ ਜੂਹ ਵਿਚੋ ਕਸੂਰ ਬਰਾਂਚ ਨਹਿਰ ਲੰਘਣ ਕਰਕੇ ਧਰਤੀ ਬਹੁਤ ਜ਼ਰਖੇਜ਼ ਹੈ। ਨਹਿਰ ਦੇ ਪੁਲ ਤੇ 135 ਸਾਲ ਪਹਿਲਾ ‘ਘਰਾਟ’ ਲਗਾਏ ਗਏ ਸਨ ਜਿੱਥੋਂ ਲੋਕਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਸਨ। ਇਸ ਕਰਕੇ ਆਮ ਲੋਕ ਇਸ ਨਹਿਰ ਦੇ ਪੁਲ ਨੂੰ ਕਲਾ (ਮਸ਼ੀਨ) ਕਹਿੰਦੇ ਹਨ। ਇੱਥੇ ਅਜ ਕੱਲ ਬਹੁਤ ਵੱਡਾ ਬਾਜ਼ਾਰ ਬਣ ਗਿਆ ਹੈ। ਪਿੰਡ ਦੇ ਲੋਕ ਰਾਜਨੀਤਕ ਤੌਰ ਤੇ ਬਹੁਤ ਚੇਤੰਨ ਹਨ। ਪਹਿਲੇ ਸੰਸਾਰ ਯੁੱਧ ਵਿੱਚ ਇੱਥੋਂ ਦੇ 10 ਆਦਮੀ ਸ਼ਹੀਦ ਹੋਏ। ਆਜ਼ਾਦੀ ਦੀ ਲੜਾਈ ਵਿੱਚ ‘ਗੁਰੂ ਕੇ ਬਾਗ ਮੋਰਚੇ’ ਅਕਾਲੀ ਲਹਿਰਾਂ ਵਿਚ, ਗੁਰਦੁਆਰਾ ਸੁਧਾਰ ਲਹਿਰ ਵਿੱਚ ਪਿੰਡ ਦੇ ਲੋਕਾਂ ਨੇ ਕੈਦਾਂ ਕੱਟੀਆਂ ਅਤੇ ਤਸੀਹੇ ਝੱਲੇ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ