ਦੀਨਾ
ਸਥਿਤੀ :
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਇਤਿਹਾਸਕ ਪਿੰਡ ਦੀਨਾ, ਮੋਗਾ – ਬਠਿੰਡਾ ਸੜਕ ‘ਤੇ ਸਥਿਤ ਹੈ ਅਤੇ ਮੋਗਾ ਤੋਂ 41 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸੰਨ 1675 ਦੇ ਆਸ ਪਾਸ ਸਿੱਧੂ ਗੋਤ ਦਾ ਦੀਨਾ ਜੱਟ ਪਿੰਡ ਬਾਜਾ ਰਿਆਸਤ ਪਟਿਆਲਾ ਤੋਂ ਉੱਠ ਕੇ ਇੱਥੇ ਆਇਆ ਦੱਸਿਆ ਜਾਂਦਾ ਹੈ। ਉਸਦੇ ਨਾਲ ਮਾਹਲੀ ਤੋਂ ਗੋਤ ਧਾਲੀਵਾਲ, ਪੱਤੋ ਤੋਂ ਸਿੱਧੂ, ਜ਼ਿਲ੍ਹੇ ਲਾਹੌਰ ਦੇ ਕਿਸੇ ਪਿੰਡ ਦੇ ਗਿੱਲ, ਪੰਨੂ ਦੇ ਸੇਖੋਂ ਪਿੰਡ ਮਲੂਕਾ ਤੋਂ ਖੈਰਾ ਤੇ ਸਿੱਧੂ ਪਿੰਡ ਪੱਖੋ ਤੋਂ ਆ ਕੇ ਸ਼ਾਮਲ ਹੋ ਗਏ। ਇਹਨਾਂ ਸਭ ਨੇ ਮਿਲਕੇ ਗੈਰ ਆਬਾਦ ਜ਼ਮੀਨ ‘ਤੇ ਆ ਕੇ ਕਬਜ਼ਾ ਕੀਤਾ ਤੇ ਪਿੰਡ ਦੀ ਮੋੜੀ ਗੱਡੀ ਅਤੇ ਦੀਨੇ ਦੇ ਨਾਂ ‘ਤੇ ਪਿੰਡ ਦਾ ਨਾਂ ‘ਦੀਨਾ’ ਰੱਖਿਆ।
ਪਿੰਡ ਆਬਾਦ ਹੋ ਜਾਣ ‘ਤੇ ਕਾਂਗੜ ਦੇ ਚੌਧਰੀ ਰਾਇ ਬਖਤਿਆਰ ਦੇ ਪੁੱਤਰ ਲਖਮੀਰ ਨੇ ਇਸ ਪਿੰਡ ‘ਤੇ ਕਬਜ਼ਾ ਕਰ ਲਿਆ ਤੇ ਮੀਆ ਲਖਮੀਰ ਦਾ 1770 ਤੋਂ 1780 ਈ. ਤੱਕ ਦੀਨੇ ‘ਤੇ ਕਬਜ਼ਾ ਰਿਹਾ ਫਿਰ ਉਸਦੇ ਪੁੱਤਰਾਂ ਨੇ ਤਿੰਨ ਬਰਾਬਰ ਪੱਤੀਆਂ ਵਿੱਚ ਵੰਡ ਲਿਆ। ਰਾਇਜੋਧ ਦੇ ਪੋਤਰੇ ਲਖਮੀਰ ਸ਼ਮੀਰ ਤੇ ਤਖਤਮੱਲ ਦੀਨੇ ਦੇ ਪ੍ਰਸਿੱਧ ਸਰਦਾਰ ਹੋਏ ਹਨ। ਚਮਕੌਰ ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਲੰਮੇ, ਜਟਪੁਰੇ, ਚਕਰ, ਤਖਤੂਪੁਰੇ ਹੁੰਦੇ ਹੋਏ ਦੀਨੇ ਪਹੁੰਚੇ ਤਾਂ ਉਹ ਕਈ ਮਹੀਨੇ ਇਨ੍ਹਾਂ ਕੋਲ ਹੀ ਠਹਿਰੇ ਸਨ। ਇਸ ਧਰਤੀ ਨੂੰ ਸਿੱਖ ਇਤਿਹਾਸ ਵਿੱਚ ਇੱਕ ਮਹਾਨ ਦਰਜਾ ਪ੍ਰਾਪਤ ਹੈ ਕਿਉਂਕਿ ਏਸੇ ਧਰਤੀ ਤੇ ਖਾਲਸਾ ਫੌਜ ਨੂੰ ਮੁੜ ਤੋਂ ਤਿਆਰ ਕੀਤਾ ਗਿਆ ਸੀ ਅਤੇ ਇੱਥੇ ਹੀ ਉਹ ਮਹਾਨ ਪੱਤਰ (ਜਫਰਨਾਮਾ) ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਗਿਆ ਸੀ। ਜਿਸ ਦੇਸੂ ਤਰਖਾਣ ਦੇ ਚੁਬਾਰੇ ਵਿੱਚ ਗੁਰੂ ਜੀ ਠਹਿਰੇ ਸਨ, ਉੱਥੇ ਅੱਜਕਲ੍ਹ ਗੁਰਦੁਆਰਾ ਲੋਹਗੜ੍ਹ ਸਾਹਿਬ ਬਣਿਆ ਹੋਇਆ ਹੈ ਅਤੇ ਨਾਲ ਹੀ ਸਰੋਵਰ ਹੈ। ਇੱਥੇ ਮਾਘੀ ਤੇ ਵਿਸਾਖੀ ਤੋਂ ਇਲਾਵਾ ਹਰ ਸੰਗਰਾਂਦ ਨੂੰ ਹਜ਼ਾਰਾਂ ਲੋਕੀ ਇਸ਼ਨਾਨ ਕਰਨ ਆਉਂਦੇ ਹਨ। ਇਸ ਗੁਰਦੁਆਰੇ ਤੋਂ ਇਲਾਵਾ ਪਿੰਡ ਵਿੱਚ ਇੱਕ ਸ਼ਿਵਾਲਾ, ਸਮਾਧ ਬਖਸ਼ੀ ਮਹਿਤਾਬ ਸਿੰਘ ਤੇ ਪੀਰ ਖਾਨਾ ਯਾਦਗਾਰੀ ਥਾਵਾਂ ਬਣੀਆਂ ਹੋਈਆਂ ਹਨ।
ਇਸ ਪਿੰਡ ਵਿੱਚ ਜੱਟਾਂ ਵਿੱਚ ਧਾਲੀਵਾਲ, ਗਿੱਲ, ਸਰਾਂ, ਚਾਹਲ, ਸੇਖੋਂ, ਵੜਿੰਗ, ਸਿੱਧੂ, ਜੇਜੀ; ਬ੍ਰਾਹਮਣਾਂ ਵਿੱਚ ਮਾਰਕੰਡੇ, ਜੈ ਚੰਦ, ਸਾਰਸਤ, ਚਿਤਚੌੜ, ਸਹਿਜਪਾਲ, ਤਰਖਾਣਾਂ ਵਿੱਚ ਪਲਾਹੇ, ਸੂਰਧਾਰ; ਖਤਰੀਆਂ ਵਿੱਚ ਤਾਂਗੜੀ, ਜੈਦਕੇ, ਕੌੜੇ ਆਦਿ ਗੋਤਾਂ ਦੇ ਲੋਕ ਵੱਸਦੇ ਹਨ। ਇਹਨਾਂ ਤੋਂ ਬਿਨਾਂ ਸੁਨਾਰ (ਤੜੀਵਾੜ), ਦਰਜੀ (ਮੁਕਰ) ਰਾਮਦਾਸੀਏ (ਮੱਲ), ਨਾਈ (ਢਿੱਲੋਂ), ਝਿਊਰ ਤੇ ਮਜ਼ਬੀ ਸਿੱਖਾਂ ਦੀ ਵੀ ਵਸੋਂ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ