ਦੁਸਾਰਨਾ
ਸਥਿਤੀ :
ਤਹਿਸੀਲ ਖਰੜ ਦਾ ਪਿੰਡ ਦੁਸਾਰਨਾ, ਕੁਰਾਲੀ – ਖਿਜਰਾਬਾਦ ਸੜਕ ਤੋਂ। ਕਿਲੋਮੀਟਰ ਅਤੇ ਕੁਰਾਲੀ ਰੇਲਵੇ ਸਟੇਸ਼ਨ ਤੋਂ ਡੇਢ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੇ ਲੋਕ ਕਾਫੀ ਦਲੇਰ ਦੱਸੇ ਜਾਂਦੇ ਹਨ ਜਿਨ੍ਹਾਂ ਨੇ ਇਹ ਪਿੰਡ ਜਰਮ (ਖੰਨਾ) ਤੋਂ ਆ ਕੇ ਦੁਬਾਰਾ ਵਸਾਇਆ। ਦੁਬਾਰਾ ਉਸਰਨ ਤੋਂ ਹੀ ਨਾਂ ‘ਦੁਸਾਰਨਾ’ ਦੇ ਗਿਆ। ਇਹਨਾਂ ਦੇ ਪੁਰਾਣੇ ਪਿੰਡ ਜਰਗ ਵਿੱਚ ਮੁਸਲਮਾਨ ਵੀ ਰਹਿੰਦੇ ਸਨ ਤੇ ਮੁਸਲਮਾਨਾਂ ਦਾ ਜ਼ੋਰ ਸੀ। ਉਹ ਜਬਰਨ ਸਿੱਖਾਂ ਦੀ ਇੱਕ ਲੜਕੀ ਦਾ ਨਿਕਾਹ ਮੰਗਦੇ ਸਨ ਪਰ ਸਿੱਖ ਇਸ ਲਈ ਰਜ਼ਾਮੰਦ ਨਹੀਂ ਸਨ। ਮੁਸਲਮਾਨਾਂ ਦਾ ਰਾਜ ਹੋਣ ਕਰਕੇ ਉਹਨਾਂ ਸਿੱਖਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਸਿੱਖਾਂ ਨੇ ਸਕੀਮ ਤਿਆਰ ਕੀਤੀ ਤੇ ਮੁਸਲਮਾਨਾਂ ਨੂੰ ਜੰਝ ਲੈ ਕੇ ਆਉਣ ਨੂੰ ਆਖ ਦਿੱਤਾ ਤੇ ਕਿਹਾ ਕਿ ਸਭ ਰਿਸ਼ਤੇਦਾਰ ਲੈ ਕੇ ਆਓ, ਪਿੱਛੇ ਕਿਸੇ ਨੂੰ ਛੱਡ ਕੇ ਨਹੀਂ ਆਣਾ। ਮਿਥੇ ਦਿਨ ‘ਤੇ ਜੰਝ ਆਈ। ਸਿੱਖਾਂ ਨੇ ਪਿੰਡੋਂ ਬਾਹਰ ਬਣੇ ਇੱਕ ਵਾੜੇ ਵਿੱਚ ਸਭ ਨੂੰ ਬੜੇ ਆਦਰ ਨਾਲ ਬਿਠਾ ਦਿੱਤਾ। ਇਸ ਵਾੜੇ ਦੇ ਚਾਰੇ ਪਾਸੇ ਕੰਡਿਆਂ ਦੇ ਛਾਪੇ ਲਗਾਏ ਹੋਏ ਸਨ। ਸਿੱਖਾਂ ਨੇ ਰਸਤੇ ਅੱਗੇ ਵੀ ਛਾਪੇ ਲਾ ਦਿੱਤੇ ਅਤੇ ਵਾੜ ਉੱਤੇ ਮਿੱਟੀ ਦਾ ਤੇਲ ਸੁੱਟ ਕੇ ਅੱਗ ਲਗਾ ਦਿੱਤੀ । ਸਾਰੇ ਮੁਸਲਮਾਨ ਅੱਗ ਵਿੱਚ ਸੜ ਗਏ। ਸਿੱਖਾਂ ਨੇ ਕੋਈ ਵੀ ਬਾਹਰ ਨਾ ਆਉਣ ਦਿੱਤਾ। ਇਸ ਤਰ੍ਹਾਂ ਲੋਕ ਮੁਸਲਮਾਨਾਂ ਨੂੰ ਸਾੜ ਕੇ ਇੱਥੇ ਆ ਗਏ। ਇੱਥੇ ਉਦੋਂ ਜੰਗਲ ਹੁੰਦਾ ਸੀ ਤੇ ਇਹਨਾਂ ਲੋਕਾਂ ਨੇ ਜੰਗਲ ਵਿੱਚ ਹੀ ਉਸ ਨੂੰ ਸਵਾਰ ਕੇ ਰਹਿਣਾ ਸ਼ੁਰੂ ਕਰ ਦਿੱਤਾ। ਗਵਾਂਢੀ ਪਿੰਡਾਂ ਦੇ ਵਸਨੀਕਾਂ ਨੇ ਇਹਨਾਂ ਨੂੰ ਕਾਫੀ ਤੰਗ ਕੀਤਾ ਪਰ ਇਹ ਆਪਣੇ ਜ਼ੋਰ ਨਾਲ ਇੱਥੇ ਟਿਕੇ ਰਹੇ।
ਇਸ ਪਿੰਡ ਵਿੱਚ ਜੱਟ, ਆਦਿ ਧਰਮੀ, ਲੁਹਾਰ, ਤਰਖਾਣ, ਝਿਊਰ, ਘੁਮਾਰ, ਪੇਂਜੇ ਆਦਿ ਜਾਤਾਂ ਦੇ ਲੋਕ ਰਹਿ ਰਹੇ ਹਨ। ਜ਼ਿਆਦਾ ਅਬਾਦੀ ਜੱਟਾਂ ਦੀ ਹੈ। ਪਿੰਡ ਵਿੱਚ ਇੱਕ ਇਤਿਹਾਸਕ ਗੁਰਦੁਆਰਾ ਹੈ ਅਤੇ ਇੱਕ ਗੁੱਗਾ ਜ਼ਾਹਰ ਪੀਰ ਦੀ ਮਾੜੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ