ਧੂੜਕੋਟ ਰਣਸੀਂਹ
ਸਥਿਤੀ:
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਧੂੜਕੋਟ ਰਣਸੀਂਹ, ਨਿਹਾਲ ਸਿੰਘ ਵਾਲਾ – ਬਰਨਾਲਾ ਸੜਕ ਤੋਂ 2 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਲਗਭਗ 380 ਸਾਲ ਪਹਿਲਾਂ ਰਣਸਿਉਂ ਦੇ ਪੋਤਰਿਆਂ ਤਿਰਲੋਕਾ ਤੇ ਮਥਰਾ ਨੇ ਪਿੰਡ ਰਣਸੀਂਹ ਤੋਂ ਆ ਕੇ ਬੰਨਿਆ। ਇਸ ਬਾਰੇ ਪਿੰਡ ਦੇ ਬਜੁਰਗਾਂ ਮੁਤਾਬਕ ਇਹ ਸਾਰਾ ਰਕਬਾ ਰਣਸਿਉਂ ਦੇ ਕਬਜ਼ੇ ਹੇਠ ਹੋਣ ਕਰਕੇ ਉਸ ਨੇ ਇਸ ਦੇ ਇਰਦ ਗਿਰਦ ਵਗਲ ਮਾਰ ਕੇ ਕਿਲਾਬੰਦੀ ਕੀਤੀ ਹੋਈ ਸੀ। ਉਹਨਾਂ ਦਿਨਾਂ ਵਿੱਚ ਪਿੰਡ ਚਕਰ (ਲੁਧਿਆਣਾ) ਜੋ ਪਿੰਡ ਮਧੋਕੇ ਦੇ ਥੇਹ ਉੱਤੇ ਵੱਸਿਆ ਹੋਇਆ ਸੀ, ਨੂੰ ਉਜਾੜਨ ਲਈ ਬੜੀ ਭਾਰੀ ਲੜਾਈ ਹੋਈ ਜਿਹੜੀ ਕਿਲ੍ਹੇ ਵੱਲ ਨੂੰ ਆ ਗਈ ਤਾਂ ਤਿਰਲੋਕਾ ਤੇ ਮਥਰਾ ਵੀ ਆਪਣੇ ਕਬਜ਼ੇ ਨੂੰ ਬਚਾਉਣ ਲਈ ਕਿਲ੍ਹੇ ਵੱਲ ਚਲੇ ਗਏ। ਲੜਾਈ ਕਾਰਨ ਬਹੁਤ ਧੂੜ ਉੱਡੀ ਤੇ ਦੋਵੇਂ ਧੂੜ ਵਿੱਚ ਹੀ ਲੁੱਕ ਗਏ ਅਤੇ ਲੜਾਈ ਹੋਰ ਅੱਗੇ ਹਠੂਰ ਵੱਲ ਚਲੀ ਗਈ। ਇਸ ਤਰ੍ਹਾਂ ਦੋਵੇਂ ਭਰਾਵਾਂ ਨੇ ਉਸ ਕਿਲ੍ਹੇ ਵਾਲੀ ਥਾਂ ਤੇ ਪਿੰਡ ਦੀ ਮੋੜ੍ਹੀ ਗੱਡ ਕੇ ਪਿੰਡ ਦਾ ਨਾਂ ‘ਧੂੜਕੋਟ’ ਰੱਖ ਦਿੱਤਾ। ਰਣਸੀਂਹ ਵਿਚੋਂ ਉੱਠ ਕੇ ਆਉਣ ਕਰਕੇ ਪਿੰਡ ਦਾ ਨਾਂ ‘ਧੂੜਕੋਟ ਰਣਸੀਂਹ’ ਨਾਲ ਜਾਣਿਆ ਜਾਣ ਲੱਗਾ।
ਪਿੰਡ ਦੀ ਜ਼ਿਆਦਾ ਆਬਾਦੀ ਜੱਟ ਧਾਲੀਵਾਲ ਦੀ ਤੇ ਕੁਝ ਸਿੱਧੂ ਤੇ ਮਾਨ ਗੋਤਾਂ ਦੀ ਹੈ। ਮਜ਼੍ਹਬੀ ਸਿੱਖ ਤੇ ਰਾਮਦਾਸੀਏ ਦੀ ਵੀ ਅੱਧੀ ਤੋਂ ਕੁੱਝ ਘੱਟ ਆਬਾਦੀ ਹੈ। ਇੱਕ ਬਾਬਾ ਜਿਉਣ ਸਿੰਘ ਦਾ ਗੁਰਦੁਆਰਾ ਤੇ ਇੱਕ ਵੱਡਾ ਗੁਰਦੁਆਰਾ ਹੈ ਜਿੱਥੇ ਸਭ ਗੁਰਪੁਰਬ ਮਨਾਏ ਜਾਂਦੇ ਹਨ। ਪਿੰਡ ਵਿੱਚ ਸੱਤ ਧਰਮਸ਼ਾਲਾਵਾਂ ਤੇ ਦੋ ਡੇਰੇ ਮਹੰਤ ਸੇਵਾ ਦਾਸ ਜਲਾਲ ਵਾਲੇ ਤੇ ਦੂਜਾ ਜੱਟਾਂ ਵਾਲੇ ਮਹੰਤ ਕੇਵਲ ਪ੍ਰਕਾਸ ਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ