ਨਾਗੋਕੇ
ਸਥਿਤੀ :
ਤਹਿਸੀਲ ਖਡੂਰ ਸਾਹਿਬ ਦਾ ਪਿੰਡ ਨਾਗੋਕੇ, ਖਡੂਰ ਸਾਹਿਬ – ਜੰਡਿਆਲਾ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਜੰਡਿਆਲਾ ਤੋਂ 20 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ 850 ਸਾਲ ਪੁਰਾਣਾ ਹੈ। ਨਾਗੋ ਤੇ ਜਾਗੋ ਦੋ ਭਰਾਵਾਂ ਨੇ ਪਿੰਡ ਵਸਾਇਆ ਅਤੇ ਪਿੰਡ ਦਾ ਨਾਂ ਨਾਗੋ ਦੇ ਨਾਂ ’ਤੇ ਨਾਗੋਕੇ ਪ੍ਰਚਲਤ ਹੋ ਗਿਆ ਕਿਉਂਕਿ ਜਾਗੋ ਦੀ ਕੋਈ ਔਲਾਦ ਨਹੀਂ ਸੀ।
ਮਾਝੇ ਦਾ ਮਸ਼ਹੂਰ ਪਿੰਡ ਨਾਗੋਕੇ ਸ਼ਹੀਦਾਂ ਦੇ ਪਿੰਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਥੇਦਾਰ ਊਧਮ ਸਿੰਘ ਨਾਗੋਕੇ ਨੇ ਦੇਸ਼ ਦੀ ਅਜ਼ਾਦੀ ਲਈ 11 ਸਾਲ ਜ਼ੇਲ੍ਹ ਕੱਟੀ ਤੇ ਤਸੀਹੇ ਝੱਲੇ। ਜਥੇਦਾਰ ਸਿੰਘ ਨਾਗੋਕੇ ਵੀ ਪ੍ਰਸਿੱਧ ਸੁਤੰਤਰਤਾ ਸੰਗਰਾਮੀ ਹੋਏ ਹਨ ਅਤੇ ਪਿੰਡ ਵਿੱਚ ਇਹਨਾਂ ਦੀਆਂ ਯਾਦਗਾਰਾਂ ਤੇ ਹਰ ਸਾਲ ਲੋਕ ਜੁੜਦੇ ਹਨ। ਨਾਗੋਕੇ ਪਿੰਡ ਦੇ 105 ਸਿੰਘ ਦੇਸ਼ ਦੀ ਅਜ਼ਾਦੀ ਖਾਤਰ ਸ਼ਹੀਦ ਹੋਏ। ਜਿਨ੍ਹਾਂ ਨੇ ਸਿੰਘ ਸਭਾ ਲਹਿਰ, ਗੁਰੂ ਕਾ ਬਾਗ ਮੋਰਚਾ 1922, ਜੈਤੋ ਦਾ ਮੋਰਚਾ 1922-24, ਕਿਸਾਨ ਮੋਰਚਾ 1937 ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਪਿੰਡ ਦੇ ਅਣਖੀ ਲੋਕਾਂ ਨੇ ਇੱਕ ਗੋਰੇ ਹੈਂਕੜਬਾਜ਼ ਥਾਣੇਦਾਰ ਨੂੰ ਕਿਰਪਾਨ ਨਾਲ ਵੱਢ ਕੇ ਪਿੰਡ ਦੇ ਵਿਚਕਾਰ ਦੱਬਿਆ ਸੀ ਕਿਉਂਕਿ ਉਸਨੇ ਪਿੰਡ ਦੀਆਂ ਔਰਤਾਂ ਵਿਰੁੱਧ ਨਿਰਾਦਰ ਭਰੇ ਸ਼ਬਦ ਕਹੇ ਸਨ ਜਿਸ ਦੇ ਬਦਲੇ ਪਿੰਡ ਨੂੰ 12 ਹਜ਼ਾਰ ਰੁਪਏ ਜ਼ੁਰਮਾਨਾ ਪਾਇਆ ਗਿਆ ਸੀ।
ਇਸ ਪਿੰਡ ਵਿੱਚ ਦੋ ਗੁਰਦੁਆਰੇ ਗੁਰੂ ਅਮਰਦਾਸ ਜੀ ਦੇ ਭਤੀਜੇ ਸਾਉਣ ਮੱਲ ਨਾਲ ਸਬੰਧਤ ਹਨ ਕਿਉਂਕਿ ਉਹ ਇਸ ਪਿੰਡ ਆ ਕੇ ਠਹਿਰੇ ਸਨ। ਕਿਹਾ ਜਾਂਦਾ ਹੈ ਕਿ ਪਿੰਡ ਦੇ ਭਾਈ ਜੋਧੇ ਨੇ ਗੁਰੂ ਅੰਗਦ ਦੇਵ ਜੀ ਦੀ ਬਹੁਤ ਸੇਵਾ ਕੀਤੀ। ਪਿੰਡ ਵਿੱਚ ਪੁਰਾਣੇ ਤਕੀਏ, ਮੰਦਰ, ਅਤੇ ਹੋਰ ਫਕੀਰਾਂ ਦੀਆਂ ਥਾਵਾਂ ਵੀ ਹਨ ਜਿੱਥੇ ਲੋਕ ਚਿਰਾਗ ਬਾਲਵੇ ਹਨ
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ