ਨੈਣੋਵਾਲ
ਸਥਿਤੀ :
ਤਹਿਸੀਲ ਬਰਨਾਲਾ ਦਾ ਇਹ ਪਿੰਡ, ਬਰਨਾਲਾ-ਬਾਜਾਖਾਨਾ ਸੜਕ ਤੋਂ 5 ਕਿਲੋਮੀਟਰ ਦੂਰ, ਭਦੌੜ – ਰਾਮਪੁਰਾ ਫੂਲ ਸੜਕ ਉੱਤੇ ਸਥਿਤ ਹੈ।
ਇਤਿਹਾਸਕ ਪਿਛੋਕੜ :
ਇਸ ਪਿੰਡ ਦਾ ਮੁੱਢ ਅਜ ਤੋਂ ਕੋਈ ਪੌਣੇ ਦੋ ਸੌ ਸਾਲ ਪਹਿਲੇ ਬੱਝਾ ਤੇ ਪਿੰਡ ਦਾ ਨਾਮ ਨੈਣਾ ਸਿੰਘ ਤੋਂ ਨੈਣੋਵਾਲ ਰੱਖਿਆ ਗਿਆ। ਜਦੋਂ ਰਿਆਸਤ ਪਟਿਆਲਾ ਦੇ ਬਾਨੀ ਬਾਬਾ ਆਲਾ ਸਿੰਘ ਨੇ ਬਰਨਾਲੇ ਵਿੱਚ ਆਪਣਾ ਕਿਲ੍ਹਾ ਕਾਇਮ ਕਰਕੇ ਆਪਣੀ ਤਾਕਤ ਦੁਆਰਾ ਰਿਆਸਤ ਦੀਆਂ ਹੱਦਾਂ ਨੂੰ ਦੂਰ-ਦੂਰ ਤੱਕ ਵਧਾਉਣ ਦੀ ਹਿੰਮਤ ਕੀਤੀ ਤਾਂ ਜਿਨ੍ਹਾਂ ਫੌਜੀ ਸਰਦਾਰਾਂ ਦੀ ਬਹਾਦਰੀ ਅਤੇ ਫੌਜੀ ਸੇਵਾ ਤੋਂ ਮਹਾਰਾਜਾ ਆਲਾ ਸਿੰਘ ਪ੍ਰਭਾਵਿਤ ਹੋਏ ਸਨ ਉਨ੍ਹਾਂ ਵਿੱਚੋਂ ਇੱਕ ਸ. ਨੈਣਾ ਸਿੰਘ ਵੀ ਸੀ। ਹੋਰਨਾਂ ਸਰਦਾਰਾਂ ਦੀ ਤਰ੍ਹਾਂ ਇਸ ਨੂੰ ਵੀ ਇਹ ਹੱਕ ਦਿੱਤਾ ਗਿਆ ਸੀ ਕਿ ਉਹ ਆਪਣੀ ਮਰਜ਼ੀ ਅਨੁਸਾਰ ਜਿਤਨੀ ਜ਼ਮੀਨ ਲੈਣੀ ਚਾਹੁੰਦਾ ਹੈ, ਉਸ ਨੂੰ ਘੇਰ ਕੇ ਆਪਣੇ ਨਾਮ ਦਾ ਪਿੰਡ ਆਬਾਦ ਕਰ ਲਵੇ।
ਪਿੰਡ ਦੇ ਬਾਹਰ ਪ੍ਰਸਿੱਧ ਨਿਰਮਲੇ ਸਾਧੂ ਬਾਬਾ ਰਾਮ ਸਿੰਘ ਜੀ ਦਾ ਡੇਰਾ ਹੁੰਦਾ ਸੀ। ਇਨ੍ਹਾਂ ਦੀ ਬੜੀ ਮੰਨਤਾ ਸੀ। ਹੋਰਨਾਂ ਪਿੰਡਾਂ ਦੇ ਲੋਕ ਇਨ੍ਹਾਂ ਦੀ ਸੰਗਤ ਕਰਨ ਆਇਆ ਕਰਦੇ ਸਨ। ਇਹ ਬਹੁਤ ਵਿਦਵਾਨ ਸਨ ਤੇ ਵਿੱਦਿਆ ਪੜ੍ਹਨ ਲਈ ਬਹੁਤ ਸਾਰੇ ਵਿਦਿਆਰਥੀ ਇਨ੍ਹਾਂ ਦੇ ਡੇਰੇ ਵਿੱਚ ਰਹਿੰਦੇ ਹੁੰਦੇ ਸਨ। ਇਨ੍ਹਾਂ ਦੀ ਯਾਦ ਵਿੱਚ ਹੁਣ ਵੀ ਪਿੰਡ ਦੇ ਬਾਹਰ ਇੱਕ ਡੇਰਾ ਬਣਿਆ ਹੋਇਆ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ