ਨੌਰੰਗਾਬਾਦ
ਸਥਿਤੀ :
ਤਹਿਸੀਲ ਤਰਨਤਾਰਨ ਦਾ ਪਿੰਡ ਨੌਰੰਗਾਬਾਦ, ਤਰਨਤਾਰਨ-ਗੋਇੰਦਵਾਲ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਤਰਨਤਾਰਨ ਤੋਂ 7 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੀ ਸਰਾਂ ਦਾ ਨੀਂਹ ਪੱਥਰ ਜਿਸ ਦਿਨ ਰੱਖਿਆ ਗਿਆ ਸੀ ਉਸ ਦਿਨ ਬਾਦਸ਼ਾਹ ਔਰਗਜ਼ੇਬ ਦਾ ਜਨਮ ਹੋਇਆ ਸੀ, ਇਸ ਲਈ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਇਸ ਦਾ ਨਾਂ ਔਰੰਗਾਬਾਦ ਰੱਖਿਆ ਜੋ ਵਿਗੜਦਾ ਵਿਗੜਦਾ ਨੌਰੰਗਾਬਾਦ ਬਣ ਗਿਆ। ਇਹ ਸਰਾਂ ਕਿਲ੍ਹੇ ਵਾਂਗ ਬਣਵਾਈ ਗਈ ਸੀ ਜਿਸ ਦੀਆਂ ਚਾਰ ਨੁੱਕਰਾਂ ਤੇ ਬੁਰਜ ਸਨ। ਇਸ ਸਰਾਂ ਦਾ ਰਕਬਾ ਇੱਕ ਮੁਰੱਬਾ ਜ਼ਮੀਨ ਤੱਕ ਫੈਲਿਆ ਹੋਇਆ ਸੀ। ਇਸ ਦੀਆਂ ਕੰਧਾਂ ਦੋ ਗਜ਼ ਚੌੜੀਆਂ ਸਨ । ਬਾਅਦ ਵਿੱਚ ਇਹ ਸਰਾਂ ਪਿੰਡ ਵਿੱਚ ਬਦਲਣ ਲੱਗੀ ਅਤੇ ਸਾਰਾ ਪਿੰਡ ਸਰਾਂ ਵਿੱਚ ਹੀ ਰਹਿੰਦਾ ਸੀ। ਹੁਣ ਸਰਾਂ ਦੇ ਸਿਰਫ ਖੰਡਰ ਹੀ ਬਾਕੀ ਹਨ।
ਇਸ ਪਿੰਡ ਵਿੱਚ ਦੋ ਗੋਤਾਂ ਦੇ ਲੋਕ ਮੁੱਖ ਤੌਰ ਤੇ ਵੱਸਦੇ ਹਨ। ਇੱਕ ਗੋਤ ਸਰਾਵਾਂ ਜਿਨ੍ਹਾਂ ਦਾ ਪਿਛਲਾ ਸੰਬੰਧ ਪੱਕੇ ਪਟਿਆਲੇ ਨਾਲ ਹੈ। ਇਸ ਗੋਤ ਦਾ ਵਡੇਰਾ ਚੌਧਰੀ ਮੱਲ ਪੱਕੇ ਪਟਿਆਲੇ ਤੋਂ ਉਠ ਕੇ ਨੌਰੰਗਾਬਾਦ ਆ ਕੇ ਵੱਸ ਗਿਆ ਸੀ । ਦੂਸਰੀ ਗੋਤ ਖੇੜੇ ਹਨ, ਇਹਨਾਂ ਦੇ ਵਡੇਰੇ ਚੌਧਰੀ ਦਾ ਮਿੱਤਰ ਹੋਣ ਕਰਕੇ ਇੱਥੇ ਹੀ ਵੱਸ ਗਿਆ । ਬਾਕੀ ਹੋਰ ਜਾਤਾਂ ਦੇ ਲੋਕ ਵੀ ਪਿੰਡ ਵਿੱਚ ਵਸਦੇ ਹਨ।
ਇਸ ਪਿੰਡ ਵਿੱਚ ਸੰਤ ਬਾਬਾ ਵੀਰ ਸਿੰਘ ਦਾ ਗੁਰਦੁਆਰਾ ਹੈ ਇਹ ਬਾਬਾ ਸਾਹਿਬ ਸਿੰਘ ਜੀ ਬੇਦੀ ਉਨੇ ਵਾਲਿਆਂ ਤੋਂ ਵਰੋਸਾਏ ਹੋਏ ਸਨ ਅਤੇ ਉਹਨਾਂ ਦੇ ਹੁਕਮ ਨਾਲ ਇਸ ਪਿੰਡ ਵਿਖੇ ਆਏ ਸਨ। ਪਿੰਡ ਵਿੱਚ ਬਾਬਾ ਜੀਉਣ ਸ਼ਾਹ ਵਲੀ ਅਤੇ ਬਾਬਾ ਲਛਮਣ ਦਾਸ ਦੀਆਂ ਸਮਾਧਾਂ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ