ਪਲਾਸੌਰ
ਸਥਿਤੀ :
ਧੂਰੀ ਤਹਿਸੀਲ ਦਾ ਇਹ ਪਿੰਡ, ਧੂਰੀ – ਭਵਾਨੀਗੜ੍ਹ ਸੜਕ ਤੇ ਸਥਿਤ ਹੈ ਤੇ ਰੇਲਵੇ ਸਟੇਸ਼ਨ ਕੌਲਸੇੜੀ ਤੋਂ 5 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ :
ਇਸ ਦੇ ਮੁਢ ਬਾਰੇ ਪਿੰਡ ਦੇ ਬਜ਼ੁਰਗਾਂ ਮੁਤਾਬਿਕ ਕੁੱਝ ਲੋਕ ਪਿੰਡ ਭਾਈ ਕੇ ਬਾਗੜੀਆਂ ਤੋਂ ਨਿਕਲ ਕੇ ਆਏ ਤੇ ਉਹਨਾਂ ਨੇ ਇਸ ਪਿੰਡ ਦੇ ਇੱਕ ਪਲਾਹ ਦੇ ਦਰਖ਼ਤ ਹੇਠ ਡੇਰੇ ਲਾਏ ਅਤੇ ਕੁੱਝ ਸਮੇਂ ਬਾਅਦ ਉੱਥੇ ਕੁੱਝ ਪਰਿਵਾਰ ਹੋ ਗਏ। ਉਸ ਪਲਾਹ ਦੇ ਦਰਖ਼ਤ ਤੋਂ ਹੀ ਇਸ ਪਿੰਡ ਦਾ ਨਾਂ ‘ਪਲਾਸੌਰ’ ਰੱਖਿਆ ਗਿਆ।
ਇਸ ਪਿੰਡ ਦਾ ਰਿਆਸਤ ਨਾਭਾ ਨਾਲ ਡੂੰਘਾ ਸੰਬੰਧ ਰਿਹਾ ਹੈ ਕਿਉਂਕਿ ਇਸ ਪਿੰਡ ਦੇ ਜਮਪਲ ਸਰਦਾਰ ਕਾਹਲਾ ਸਿੰਘ ਰਿਆਸਤ ਨਾਭਾ ਦੇ ਪੁਲਿਸ ਜਰਨਲ ਸਨ। ਜਦੋਂ ਮਹਾਰਾਜਾ ਰਿਪਦੁਮਨ ਸਿੰਘ ਨੂੰ ਅੰਗਰੇਜ਼ਾਂ ਨੇ ਜਲਾਵਤਨ ਕੀਤਾ ਤਾਂ ਸ. ਕਾਹਲਾ ਸਿੰਘ ਨੇ ਅੰਗਰੇਜ਼ ਸਰਕਾਰ ਦੀ ਨੌਕਰੀ ਛੱਡ ਕੇ ਜੇਲ੍ਹ ਕੱਟੀ। ਸ. ਕਾਹਲਾ ਸਿੰਘ ਨੇ ਪਿੰਡ ਵਿੱਚ ਛੇਵੀਂ ਪਾਤਸ਼ਾਹੀ ਨਾਲ ਸੰਬੰਧਿਤ ਗੁਰਦੁਆਰਾ ਬਣਵਾਇਆ ਜਿਸ ਲਈ 25 ਵਿੱਘੇ ਜ਼ਮੀਨ ਆਪਣੇ ਕੋਲੋਂ ਦਿੱਤੀ। ਇੱਥੋਂ ਦਾ ਇੱਕ ਸ਼ਹੀਦ ਗੁਰੂ ਸਾਹਿਬ ਦੀ ਫੌਜ ਵਿੱਚ ਸੀ ਜੇ ਸ਼ਹੀਦੀ ਪਾ ਗਿਆ ਸੀ। ਇਸ ਗੁਰਦੁਆਰੇ ਵਿੱਚ ਪੁਰਾਣੇ ਸਮੇਂ ਦੀ ਇੱਕ ਮਟੀ ਹੈ ਜਿਸ ਨੂੰ ਸ਼ਹੀਦਾਂ ਦੀ ਮਟੀ ਕਹਿੰਦੇ ਹਨ। ਇਸ ਨੂੰ ਪਿੰਡ ਦੇ ਲੋਕ ਬੜੀ ਸ਼ਰਧਾ ਨਾਲ ਪੂਜਦੇ ਹਨ। ਗੁਰਦੁਆਰੇ ਸਾਹਿਬ ਵਿਖੇ ਬੇ-ਔਲਾਦੇ ਲੋਕ ਆ ਕੇ ਸੁੱਖਾਂ ਸੁੱਖਦੇ ਹਨ। ਲੋਹੜੀ ਵਾਲੇ ਦਿਨ ਭਾਰੀ ਦੀਵਾਨ ਸਜਦੇ ਹਨ।
ਇੱਥੇ ਇੱਕ ਮਨਸਾ ਦੇਵੀ ਦਾ ਮੰਦਰ ਹੈ ਜਿਸ ਬਾਰੇ ਦੱਸਿਆ ਜਾਂਦਾ ਹੈ ਕਿ ਇੱਥੋਂ ਦੇ ਪੰਡਿਤ ਸ਼ਾਦੀ ਰਾਮ ਨੂੰ ਦੇਵੀ ਦੇ ਪ੍ਰਤੱਖ ਦਰਸ਼ਨ ਹੋਏ ਤੇ ਉਸਨੂੰ ਇਲਮ ਹੋਇਆ ਕਿ ਪਿੰਡ ਵਿੱਚ ਦੇਵੀ ਦਾ ਮੰਦਰ ਬਣਾਇਆ ਜਾਵੇ। ਜਦੋਂ ਇਹ ਗੱਲ ਪੰਡਿਤ ਜੀ ਨੇ ਲੋਕਾਂ ਨੂੰ ਦੱਸੀ ਤਾਂ ਲੋਕਾਂ ਨੇ ਬੜੀ ਸ਼ਰਧਾ ਨਾਲ ਕੰਮ ਕਾਜ ਛੱਡ ਕੇ ਮੰਦਰ ਦਾ ਨਿਰਮਾਣ ਕੀਤਾ। ਇੱਥੇ ਹਰ ਸਾਲ ਚੇਤ ਦੀ ਅਸ਼ਟਮੀ ਮਨਾਈ ਜਾਂਦੀ ਹੈ।
ਪਿੰਡ ਦੇ ਸਾਧੂ ਸਿੰਘ ਤੇ ਗੁਰਮੁਖ ਸਿੰਘ ਦੋ ਬਹਾਦਰ ਸ਼ਹੀਦ ਜੈਤੋ ਦੇ ਮੋਰਚੇ ਵਿੱਚ ਸ਼ਹੀਦ ਹੋਏ।
ਇਸ ਪਿੰਡ ਵਿੱਚ ਹਰ ਸਾਲ ਮਾਘ ਦੇ ਮਹੀਨੇ ਵਿੱਚ ਕੁਸ਼ਤੀਆਂ ਦਾ ਭਾਰੀ ਦੰਗਲ ਆਯੋਜਿਤ ਕੀਤਾ ਜਾਂਦਾ ਹੈ ਜਿਸ ਕਰਕੇ ਇਹ ਸਾਰੇ ਇਲਾਕੇ ਵਿੱਚ ਮਸ਼ਹੂਰ ਹੈ। ਚੋਟੀ ਦੇ ਪਹਿਲਵਾਨ ਇਸ ਦੰਗਲ ਦੀ ਉਡੀਕ ਵਿੱਚ ਰਹਿੰਦੇ ਹਨ ਤੇ ਹਿੱਸਾ ਲੈਂਦੇ ਹਨ। ਕੁਸ਼ਤੀਆਂ ਦੀ ਸ਼ੁਰੂਆਤ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਦੰਗਲ ਪੰਚਾਇਤ ਲਈ ਇੱਕ ਤਰ੍ਹਾ ਜ਼ਰੂਰੀ ਹੈ ਕਿਉਂਕਿ ਜੇ ਪਿੰਡ ਵਿੱਚ ਕੁਸ਼ਤੀਆਂ ਨਾ ਕਰਵਾਈਆਂ ਜਾਣ ਤਾਂ ਪਿੰਡ ਦੇ ਪਸ਼ੂਆਂ ਨੂੰ ਬਿਮਾਰੀ ਲੱਗ ਜਾਂਦੀ ਹੈ । ਨਗਰ ਪੰਚਾਇਤ ਇਹ ਦੰਗਲ ਹਰ ਸਾਲ ਪਹਿਲਵਾਨ ਗੰਡਾ ਸਿੰਘ ਦੀ ਯਾਦ ਵਿੱਚ ਕਰਵਾਉਂਦੀ ਹੈ ਜੋ ਪਹਿਲਵਾਨਾਂ ਦੇ ਸੱਚੇ ਕਦਰਦਾਨ ਤੇ ਸ਼ੌਂਕੀਨ मठ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ