ਪੂਹਲਾ
ਸਥਿਤੀ :
ਤਹਿਸੀਲ ਪੱਟੀ ਦਾ ਪਿੰਡ ਪੂਹਲਾ, ਅੰਮ੍ਰਿਤਸਰ-ਭਿੱਖੀਵਿੰਡ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਪੱਟੀ ਤੋਂ 25 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਸੰਬੰਧ ਬਠਿੰਡੇ ਜਿਲ੍ਹੇ ਦੇ ਪਿੰਡ ਪੂਹਲਾ ਨਾਲ ਹੈ। ਪੂਲਾ ਪਿੰਡ ਬਾਹੀਏ ਦੇ 22 ਪਿੰਡਾਂ ਵਿਚੋਂ ਮਹਿਰਾਜ (ਬਠਿੰਡੇ) ਵਿਚੋਂ ਬੱਝਾ। ਇਹ ਪਿੰਡ ਭੁਲਰਾਂ ਦਾ ਵਸਾਇਆ ਸੀ ਅਤੇ ਪਿੰਡ ਦਾ ਨਾਂ ਉਹਨਾਂ ਨੇ ਆਪਣੇ ਵਡੇਰੇ ‘ਪੂਲਾ’ ਦੇ ਨਾਂ ਤੇ ਰੱਖਿਆ ਸੀ। ਮਹਿਰਾਜ ਦੇ ਦੀਪੇ ਚੌਧਰੀ ਦੇ ਚਾਰ ਪੁੱਤਰਾਂ ਨੇ ਭੁੱਲਰਾਂ ਨੂੰ ਜ਼ਬਰਦਸਤੀ ਇੱਥੋਂ ਕੱਢ ਦਿੱਤਾ । ਭੁੱਲਰਾਂ ਨੇ ਇੱਥੋਂ ਜਾ ਕੇ ਅੰਮ੍ਰਿਤਸਰ ਜ਼ਿਲ੍ਹੇ, ਜੋ ਹੁਣ ਜ਼ਿਲ੍ਹਾ ਤਰਨਤਾਰਨ ਹੈ, ਵਿੱਚ ਪੂਹਲਾ ਨਾਂ ਤੇ ਦੁਬਾਰਾ ਪਿੰਡ ਵਸਾਇਆ। ਇਹ ਪਿੰਡ ਪ੍ਰਸਿੱਧ ਸ਼ਹੀਦ ਭਾਈ ਤਾਰੂ ਜੀ ਦਾ ਜੱਦੀ ਪਿੰਡ ਹੈ। ਭਾਈ ਤਾਰਾ ਦਾ ਜਨਮ ਬਠਿੰਡੇ ਵਾਲੇ ‘ਪੂਹਲੇ’ ਪਿੰਡ ਵਿੱਚ ਹੋਇਆ। ਭਾਈ ਤਾਰੂ ਜੀ ਦੀ ਯਾਦ ਵਿੱਚ ਪਿੰਡ ਦੇ ਬਾਹਰ ਖੂਬਸੂਰਤ ਗੁਰਦੁਆਰਾ ਹੈ ਇੱਥੇ
ਪਹਿਲੇ ਜੰਗਲ ਬੀਆਬਾਨ ਹੋਇਆ ਕਰਦਾ ਸੀ ਅਤੇ ਭਾਈ ਤਾਰੂ ਸਿੰਘ ਜੀ ਇੱਥੇ ਰਹਿ ਕੇ ਮੁਗਲਾਂ ਵਲੋਂ ਜ਼ੁਲਮ ਦਾ ਸ਼ਿਕਾਰ ਹੋਏ ਅਣਖੀਲੇ ਤੇ ਸੂਰਬੀਰ ਯੋਧਿਆਂ ਨੂੰ ਰਾਸ਼ਨ ਪਾਣੀ ਛਕਾ ਕੇ ਹੱਲਾਸ਼ੇਰੀ ਦਿਆ ਕਰਦੇ ਸਨ। ਭਾਈ ਤਾਰੂ ਜੀ ਨੂੰ ਜ਼ਕਰੀਆ ਖਾਂ ਦੇ ਕਹਿਣ ‘ਤੇ ਚਰਖੜੀਆਂ ਤੇ ਚੜਾ ਕੇ ਤਸੀਹੇ ਦਿੱਤੇ ਗਏ ਸਨ ਅਤੇ ਉਹਨਾਂ ਦੀ ਖੋਪਰੀ ਸਰੀਰ ਨਾਲੋਂ ਕੇਸਾਂ ਸਮੇਤ ਵੱਖ ਕਰ ਦਿੱਤੀ ਗਈ ਸੀ। ਮੁਗਲਾਂ ਨੇ ਇਹ ਜ਼ੁਲਮ ਇਸ ਕਰਕੇ ਕੀਤਾ ਕਿਉਂਕਿ ਪੱਟੀ ਦੇ ਇੱਕ ਨਵਾਬ ਨੇ ਰਹੀਮ ਬਖਸ਼ਨਾਮੀ ਇੱਕ ਵਿਅਕਤੀ ਦੀ ਲੜਕੀ ਨੂੰ ਜ਼ਬਰੀ ਉਧਾਲ ਕੇ ਉਸ ਨਾਲ ਸ਼ਾਦੀ ਰਚਾ ਲਈ ਸੀ ਪਰ ਭਾਈ ਤਾਰੂ ਜੀ ਨੇ ਆਪਣੇ ਸਿੰਘਾਂ ਦੀ ਸਹਾਇਤਾ ਨਾਲ ਇਸ ਲੜਕੀ ਨੂੰ ਨਵਾਬ ਦੇ ਚੁੰਗਲ ਵਿਚੋਂ ਛੁਡਾ ਕੇ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਸੀ। ਜਦੋਂ ਲਾਹੌਰ ਵਿਖੇ ਜ਼ਕਰੀਆ ਖਾਂ ਨੂੰ ਭਾਈ ਤਾਰੂ ਜੀ ਦੀ ਬਹਾਦਰੀ ਦਾ ਪਤਾ ਲੱਗਾ ਤੇ ਉਸ ਨੇ ਭਾਈ ਤਾਰੂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਕੇ ਉਹਨਾਂ ‘ਤੇ ਬੇਹੱਦ ਤਸ਼ਦੱਦ ਕਰਵਾਇਆ ਤੇ ਈਨ ਮੰਨਣ ਲਈ ਕਿਹਾ ਪਰ ਭਾਈ ਤਾਰੂ ਜੀ ਆਪਣੇ ਸਿਦਕ ‘ਤੇ ਕਾਇਮ ਰਹੇ ਅਤੇ ਹਸ ਕੇ ਚਰਖੜੀਆਂ ‘ਤੇ ਚੜੇ ਤੇ ਖੋਪਰੀ ਵੀ ਲੁਹਾ ਲਈ। ਭਾਈ ਤਾਰੂ ਜੀ ਦੀ ਯਾਦ ਵਿੱਚ ਪਿੰਡ ਵਿੱਚ ਇੱਕ ਹੋਰ ਗੁਰਦੁਆਰਾ ਵੀ ਹੈ। ਪੂਹਲਾ ਵਿੱਚ ਬਾਬਾ ਮੋਹਨ ਸਿੰਘ, ਕਾਲਾਮਾਰ ਅਤੇ ਥੜ੍ਹਾ ਸਾਹਿਬ ਦੀ ਵੀ ਮਾਨਤਾ ਕੀਤੀ ਜਾਂਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ