ਪੜਾਓ ਮਹਿਣਾ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ‘ਮਹਿਣਾ’ ਜਾਂ ‘ਪੜਾਓ ਮਹਿਣਾ’, ਮੋਗਾ – ਲੁਧਿਆਣਾ ਸੜਕ ਤੋਂ 6 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮਹਿਣਾ ਦੇ ਨਾਲ ਪਿੰਡ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਬਜ਼ੁਰਗਾਂ ਅਨੁਸਾਰ ਇਸ ਪਿੰਡ ਦੇ ਬੱਝਣ ਤੋਂ ਪਹਿਲਾਂ ਇੱਕ ‘ਮਹਿਣਾ’ ਨਾਮੀ ਡੋਗਰ ਜਲਾਲਾਬਾਦ ਤੋਂ ਆ ਕੇ ਪਿੰਡ ਵਾਲੀ ਜਗ੍ਹਾ ਉੱਪਰ ਝੁੱਗੀ ਬਣਾ ਕੇ ਰਹਿਣ ਲੱਗ ਪਿਆ। ਮੋਗੇ ਤੋਂ ਤਿੰਨ ਭਰਾ ਸ੍ਰੀ ਚੰਦ, ਦਿਆ ਚੰਦ ਤੇ ਧਰਮ ਚੰਦ ਇੱਥੇ ਆ ਕੇ ਆਬਾਦ ਹੋ ਗਏ। ਪਿੰਡ ਦੇ ਨਾਮਕਰਣ ਬਾਰੇ ਤਿੰਨਾਂ ਭਰਾਵਾਂ ਵਿੱਚ ਮਤਭੇਦ ਹੋ ਗਿਆ ਅਤੇ ਅਖੀਰ ਉਹਨਾਂ ਨੇ ਜਲਾਲਾਬਾਦ ਵਾਲੇ ਡੋਗਰ ਦੇ ਨਾਮ ਤੇ ਪਿੰਡ ਦਾ ਨਾਂ ਰੱਖਣ ਦਾ ਫੈਸਲਾ ਕੀਤਾ। ਸ਼ੇਰ ਸ਼ਾਹ ਸੂਰੀ ਵੇਲੇ ਏਥੇ ਜੀ. ਟੀ. ਰੋਡ ਉੱਪਰ ਇੱਕ ਸਰ੍ਹਾਂ ਹੁੰਦੀ ਸੀ, ਜਿੱਥੇ ਸੈਨਿਕ ਪੜਾਅ ਕਰਦੇ ਸਨ। ਇਸ ਲਈ ਪਿੰਡ ਦਾ ਨਾਂ ‘ਪੜਾਓ ਮਹਿਣਾ’ ਕਰਕੇ ਮਸ਼ਹੂਰ ਹੋ ਗਿਆ। ਬਾਅਦ ਵਿੱਚ ਇੱਥੇ ਮਾਨ ਗੋਤ ਦੇ ਜ਼ਿਮੀਦਾਰ ਦੁਆਬੇ ਤੋਂ ਅਤੇ ਖੋਸਾ ਗੋਤ ਨਾਲ ਸੰਬੰਧਿਤ ਨਕੋਦਰ ਦੇ ਨੇੜੇ ‘ਨਹੇੜੂ’ ਪਿੰਡ ਤੋਂ ਆ ਕੇ ਇੱਥੇ ਵੱਸ ਗਏ। ਜ਼ਿਮੀਦਾਰਾਂ ਵਿਚੋਂ ਬਹੁਤੇ ਘਰ ਗਿੱਲ ਗੋਤ ਦੇ ਹਨ ਕੁਝ ਮਾਨ ਤੇ ਖੋਸਾ ਗੋਤ ਦੇ ਹਨ। ਬੌਰੀਏ, ਬਾਜ਼ੀਗਰ ਤੇ ਬੇਦੀ ਵੀ ਇਸ ਪਿੰਡ ਵਿੱਚ ਵਸਦੇ ਹਨ। ਮਜ਼੍ਹਬੀ ਸਿੱਖਾਂ ਦਾ ਵੀ ਇੱਕ ਵਹਿੜਾ ਹੈ।
ਪਿੰਡ ਵਿੱਚ ਇੱਕ ਗੁਰਦੁਆਰਾ ਗੁਰੂ ਅਮਰ ਦਾਸ ਜੀ ਦੇ ਨਾਂ ਤੇ ਹੈ। ਬਾਬਾ ਖੜਕ ਸਿੰਘ ਦੀ ਸਮਾਧ ਹੈ ਜਿੱਥੇ ਲੋਕ ਦੁੱਧ ਚੜਾਉਂਦੇ ਤੇ ਸੁੱਖਾਂ ਸੁੱਖਦੇ ਹਨ। ਇੱਕ ਸ਼ਿਵਦੁਆਲਾ ਹੈ ਜਿੱਥੇ ਇੱਕ ਬ੍ਰਹਮਚਾਰੀ ਦਾ ਬੁੱਤ ਹੈ। ਪਿੰਡ ਦੇ ਸ. ਪ੍ਰੀਤਮ ਸਿੰਘ, ਮਾਨ ਸਿੰਘ, ਮਹਿੰਦਰ ਸਿੰਘ ਤੇ ਮੋਤਾ ਸਿੰਘ ਨੇ ਅਜ਼ਾਦ ਹਿੰਦ ਫ਼ੌਜ ਵਿੱਚ ਹਿੱਸਾ ਲਿਆ। ਸ. ਕੇਹਰ ਸਿੰਘ ਤੇ ਤੇਜ਼ਾ ਸਿੰਘ ਨੇ ਜੈਤੋਂ ਦੇ ਮੋਰਚੇ ਵਿੱਚ ਹਿੱਸਾ ਲਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ