ਪੱਖਰਵੱਢ ਕਿਸ਼ਨਗੜ੍ਹ
ਸਥਿਤੀ :
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਪੱਖਰਵੱਢ ਉਰਫ ਕਿਸ਼ਨਗੜ੍ਹ, ਨਿਹਾਲ ਸਿੰਘ ਵਾਲਾ – ਬਠਿੰਡਾ ਸੜਕ ਤੋਂ 5 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਮੋਗਾ ਤੋਂ 42 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸਭ ਤੋਂ ਪਹਿਲਾਂ ਧਾਲੀਵਾਲ ਚਾਰ ਭਰਾ ਸਮੁੰਦ, ਦੁੱਲਾ, ਕੌਲਾ ਤੇ ਬਸਣ ਇੱਥੇ ਆ ਕੇ ਵਸੇ। ਇਹਨਾਂ ਸਭ ਨੇ ਆਪੋ ਆਪਣੇ ਪੱਖਾਂ ਦੇ ਪਰਿਵਾਰ ਭਦੌੜ ਤੋਂ ਮਾਨ, ਰਸੂਲਪੁਰ ਤੋਂ ਸਿੱਧੂ ਤੇ ਧਾਲੀਵਾਲ ਇੱਥੇ ਲਿਆਕੇ ਵਸਾਏ ਜਿਸ ਤੇ ਪਿੰਡ ਦਾ ਨਾਂ ਪੱਖਰਵੱਢ ਪੈ ਗਿਆ। ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕਿਸੇ ਬਜ਼ੁਰਗ ਦੇ ਨਾਂ ‘ਤੇ ਪਿੰਡ ਦਾ ਨਾਂ ਕਿਸ਼ਨਗੜ੍ਹ ਰੱਖਿਆ ਗਿਆ।
ਪਿੰਡ ਵਿੱਚ ਇੱਕ ਗੁਰਦੁਆਰਾ ਸ਼ਸਤਰ ਸਾਹਿਬ ਹੈ ਜਿਸਨੂੰ ਨਿਹੰਗਾਂ ਦੀ ਛਾਉਣੀ ਵੀ ਆਖਿਆ ਜਾਂਦਾ ਹੈ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰਹਿੰਦਾ ਹੈ। ਖੇਤਾਂ ਵਿੱਚ ਡੇਰਾ ਵਡਭਾਗ ਸਿੰਘ ਹੈ ਜਿੱਥੇ ਮਾਨਸਿਕ ਤੌਰ ਤੇ ਬਿਮਾਰਾਂ ਦਾ ਇਲਾਜ ਕੀਤਾ ਜਾਂਦਾ ਹੈ।
ਪਿੰਡ ਦੇ ਆਲੇ ਦੁਆਲੇ ਤਿੰਨ ਥੇਹ ਹਨ ਜਿੱਥੋਂ ਕੁੱਜੇ, ਠਠੀਆਂ, ਚਿਲਮਾਂ ਤੇ ਪੁਰਾਤਨ ਸਿੱਕੇ ਲੱਭੇ ਹਨ। ਇਹ ਪਿੰਡ ਕਾਫੀ ਪਛੜਿਆ ਅਤੇ ਅਣਗੌਲਿਆ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ