ਪੱਨ੍ਹੀਵਾਲਾ ਫੱਤਾ
ਸਥਿਤੀ :
ਤਹਿਸੀਲ ਮਲੋਟ ਦਾ ਪਿੰਡ ਪੰਨੀਵਾਲਾ ਫੱਤਾ, ਮੁਕਤਸਰ-ਪੰਨੀਵਾਲਾ-ਅਬੋਹਰ ਸੜਕ ‘ਤੇ ਸਥਿਤ ਹੈ ਅਤੇ ਮਲੌਟ ਤੋਂ 20 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਕਿਹਾ ਜਾਂਦਾ ਹੈ ਕਿ ਇਸ ਪਿੰਡ ਦੀ ਜ਼ਮੀਨ ਅੰਗਰੇਜ਼ਾਂ ਨੇ ਕਿਸੇ ਮੁਸਲਮਾਨ ਤੋਂ ਜ਼ਬਤ ਕੀਤੀ ਸੀ ਤੇ ਫੇਰ ਨਿਲਾਮ ਕੀਤੀ ਸੀ। ਸਾਧੂ ਸਿੰਘ ਜਟਾਣਾ ਜੋ ਭੀਸੀਆਣਾ ਪਿੰਡ (ਨੇੜੇ ਗਿੱਦੜਬਾਹਾ) ਤੋਂ ਇਧਰ ਆਇਆ ਸੀ ਤੇ ਉਸ ਨੇ ਸਭ ਤੋਂ ਵੱਧ ਬੋਲੀ ਦੇ ਕੇ ਜ਼ਮੀਨ ਅੰਗਰੇਜ਼ਾਂ ਤੋਂ ਖਰੀਦ ਲਈ। ਇਸ ਪਿੰਡ ਦੀ ਸਥਾਪਨਾ ਬਿਕਰਮੀ ਸਾਲ 1901 ਵਿੱਚ ਹੋਈ। ਜ਼ਮੀਨ ਖਰੀਦਣ ਤੋਂ ਬਾਅਦ ਉਹ ਇੱਥੇ ਹੀ ਘਰ ਬਣਾ ਕੇ ਰਹਿਣ ਲੱਗ ਪਿਆ। ਸਾਧੂ ਸਿੰਘ ਜਟਾਣੇ ਦੀ ਔਲਾਦ ਨੇ ਪਿੰਡ ਦਾ ਨਾਂ ‘ਪੱਨੀਵਾਲਾ ਫੱਤਾ’ ਰੱਖਿਆ। ਕਹਿੰਦੇ ਹਨ ਕਿ ਇਸ ਇਲਾਕੇ ਦੀ ਸਾਰੀ ਜ਼ਮੀਨ ਵਿੱਚ ਕਾਹੀ ਅਤੇ ਦੱਬ ਵਰਗੀ ਸਫੈਦ ਜਿਹੀ ਪੱਨ੍ਹੀ ਸੀ (ਇਹ ਇੱਕ ਕਿਸਮ ਦਾ ਘਾਹ ਫੂਸ ਹੀ ਸੀ) ਇਸ ਪੰਨੀ ਕਰਕੇ ਇਲਾਕੇ ਦਾ ਨਾਂ ਪੱਨ੍ਹੀਵਾਲਾ ਰੱਖਿਆ ਗਿਆ। ਸਾਧੂ ਸਿੰਘ ਦਾ ਇੱਕ ਪੋਤਰਾ ਫਤਿਹ ਸਿੰਘ ਜਟਾਣਾ ਸੀ। ਜੋ ਕਾਫੀ ਪ੍ਰਭਾਵਸ਼ਾਲੀ ਆਦਮੀ ਸੀ। ਜਿਸ ਕਰਕੇ ਬਾਕੀ ਭਰਾਵਾਂ ਨੇ ਪੱਨੀਵਾਲਾ ਦੇ ਨਾਂ ਨਾਲ ਫਤਿਹ ਸਿੰਘ ਦਾ ਨਾਂ ਜੋੜ ਦਿੱਤਾ ਤੇ ਪਿੰਡ ਦਾ ਨਾਂ ‘ਪੱਨ੍ਹੀਵਾਲਾ ਫੱਤਾ’ ਪੈ ਗਿਆ। ਇਸ ਪਿੰਡ ਦੇ ਸ. ਨੱਥਾ ਸਿੰਘ ਜਟਾਣਾ ਆਪਣੇ ਸਾਥੀਆਂ ਸਮੇਤ ਜੈਤੋਂ ਦੇ ਮੋਰਚੇ ਵਿੱਚ ਸ਼ਾਮਲ ਹੋਇਆ ਤੇ ਛੇ ਮਹੀਨੇ ਦੀ ਸਜ਼ਾ ਕੱਟੀ। ਸ. ਜਸਵੰਤ ਸਿੰਘ ਅਜ਼ਾਦ ਹਿੰਦ ਫੌਜ ਵਿੱਚ ਭਰਤੀ ਹੋਇਆ ਤੇ ਅੰਗਰੇਜ਼ਾਂ ਵਿਰੁੱਧ ਲੜਦਾ ਸ਼ਹੀਦੀ ਪਾ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ