ਫਤਿਹਗੜ੍ਹ ਪਿੰਡ | Fatehgarh Village

ਸੁਰਜਨ ਗ਼ਦਰੀ ਅਤੇ ‘ਨਾਮੁ ਫਾਂਸੀ ਵਾਲਾ’ ਦਾ ਪਿੰਡ : ਫਤਿਹਗੜ੍ਹ

ਕੁਰਬਾਨੀ ਅਤੇ ਦੇਸ਼ ਭਗਤੀ, ਕਿਸੇ ਜਾਤ, ਕੁਜਾਤ, ਧਰਮ ਜਾਂ ਖਿੱਤੇ ਨਾਲ ਨਹੀਂ ਬੱਝੀ ਹੋਈ। ਇਹ ਅਣਜਾਣੇ ਤੇ ਅਸਲੋਂ ਛੋਟੇ ਪਿੰਡਾਂ ਦਾ ਵੀ ਹਾਸਲ ਬਣੀ ਹੈ ਕਿ ਕਿਸੇ ਸਿਰੜੀ ਸੂਰਮੇ ਵੱਲੋਂ ਤਾਣੀ ਹਿੱਕ ਨੇ ਅਜਿਹਾ ਬਾਨ੍ਹਣੂੰ ਬੰਨ੍ਹਿਆਂ ਕਿ ਉੱਥੋਂ ਪੂਰਾਂ ਦੇ ਪੂਰ ਤੁਰ ਪਏ। ਅਜਿਹਾ ਹੀ ਇੱਕ ਪਿੰਡ ਸੀ ਫਤਿਹਗੜ੍ਹ। ਹੁਸ਼ਿਆਰਪੁਰ ਸ਼ਹਿਰ ਦਾ ਹੁਣ ਇੱਕ ਗੁੰਮਨਾਮ ਜਿਹਾ ਮੁਹੱਲਾ ਹੈ ਇਹ ਨਗਰ। ਕਦੇ ਫਤਿਹ ਮੁਹੰਮਦ ਦਾ ਵਾੜਾ ਹੁੰਦਾ ਸੀ ਏਥੇ, ਜੋ ਢਾਈ ਕੁ ਸਦੀਆਂ ਪਹਿਲਾਂ ਪਿੰਡ ਦੀ ਸ਼ਕਲ ਅਖਤਿਆਰ ਕਰ ਗਿਆ। ਬਹੁਤ ਵਿਸ਼ੇਸ਼ਤਾਈਆਂ ਅਤੇ ਮਰਿਆਦਾਵਾਂ ਹੁੰਦੀਆਂ ਹੋਣਗੀਆਂ ਇਸ ਨਗਰ ਦੀਆਂ, ਪਰ ਸੰਸਾਰ ਨਕਸ਼ੇ ਉੱਤੇ ਇਹ ਉਦੋਂ ਚਮਕਿਆ, ਜਦ ਇਸ ਦਾ ਨਾਂਅ ਅੰਗਰੇਜ਼ਾਂ ਦੇ ਖੁਫੀਆ ਕਾਗਜ਼ਾਂ ‘ਚ ਚਾਰ ਗ਼ਦਰੀ ਸੂਰਮਿਆਂ ਕਾਰਨ ਉੱਕਰਿਆ। ਇੱਕ ਸੀ ਸੈਣੀਆਂ ਦਾ ਹਰਨਾਮ ਚੰਦ ਉਰਫ਼ ਨਾਮਾ। ਦੂਜਾ ਤੇ ਤੀਜਾ ਸੀ ਘੁਮਿਆਰਾਂ ਦਾ ਸੁਰਜਨ ਤੇ ਰਾਮ ਚੰਦ ਅਤੇ ਚੌਥਾ ਸੀ ਫਜ਼ਲਦੀਨ ਉਰਫ਼ ਫਜ਼ਲਾ ਪਠਾਣ। ਦੇਸ਼ ਭਗਤ ਸਾਥੀ ਇਨ੍ਹਾਂ ਦੇ ਇਸ ਪਿੰਡ ਦੇ ਹੋਰ ਵੀ ਬਣੇ, ਪਰ ਜਿੱਥੇ ਫਾਂਸੀ ਦਾ ਮਰਤਬਾ ਪਹਿਲੇ ਤਿੰਨਾਂ ਨੂੰ ਹੀ ਪ੍ਰਾਪਤ ਹੋਇਆ, ਉੱਥੋਂ ਉਮਰੋਂ ਛੋਟੇ ਹੋਣ ਕਾਰਨ ਫਜ਼ਲ ਪਠਾਣ ਸੂਲੀ ਤਾਂ ਬੇਸ਼ਕ ਨਾ ਚਾੜ੍ਹਿਆ, ਪਰ ਉਮਰ ਕੈਦੀ ਜ਼ਰੂਰ ਧਰ ਦਿੱਤਾ। ਸ਼ਾਇਦ ਪਾਕਿਸਤਾਨ ‘ਚ ਜਿਊਂਦੇ-ਜਾਗਦੇ ਬੈਠੇ ਇਸ ਮੁਹੰਮਡਨ ਧਰਮੀ ਕਾਰਨ ਸੁਨੇਹਾ ਇਹੀ ਮਿਲਦਾ ਹੈ ਕਿ ਮੁਲਕ ਨੂੰ ਅਜ਼ਾਦ ਕਰਵਾਉਣ ਲਈ ਹਰ ਵੰਨਗੀ ਨੇ ਕਰੰਗੜੀ ਪਾਈ ਸੀ। ਇਹ ਵੀ ਕਿ ਲੁਟੇਰੀਆਂ ਹਾਕਮ ਜਮਾਤਾਂ ਅਤੇ ਧਾਰਮਿਕ ਮੂਲਵਾਦੀ ਮਨੁੱਖਤਾ ਨੂੰ ਲੀਰੋ-ਲੀਰ ਕਰਨ ਲਈ ਲਖੂਖਾ ਯਤਨ ਕਿਉਂ ਨਾ ਕਰਦੇ ਰਹਿਣ, ਲੋਕ-ਦੋਖੀ ਸ਼ਕਤੀਆਂ ਨੂੰ ਵਦਾਣੀ ਸੱਟ ਮਾਰਨ ਲਈ ਆਖਰ ਡਾਰਾਂ ਬੰਨ੍ਹ ਹਰ ਉਸ ਧਿਰ ਨੇ ਤੁਰ ਪੈਣਾ ਹੈ, ਜਿਸ ਦੇ ਰਹੁ-ਰੀਤਾਂ ਲੱਖ ਅੱਡਰੇ ਹੋਣ, ਪਰ ਦੁੱਖ-ਸੁੱਖ ਅਸਲੋਂ ਸਾਂਝੇ ਨੇ ।

ਫਤਿਹਗੜ੍ਹ ਪਿੰਡ | Fatehgarh Village

ਹੁਸ਼ਿਆਰਪੁਰ ਸ਼ਹਿਰ ਦੀ ਇੱਕ ਮੁੱਖ ਸੜਕ ਸੁਤੈਹਰੀ ਰੋਡ ਬਹੁਤ ਮਸ਼ਹੂਰ ਹੈ। ਸੈਸ਼ਨ ਚੌਕ ਦੇ ਪਿੱਛਿਓ ਸ਼ੁਰੂ ਹੋ ਕੇ ਇਹ ਆਡੇ ਦਾ ਫਗਵਾੜਾ ਚੌਕ ਨੂੰ ਟੱਪ ਕੇ ਪ੍ਰਭਾਤ ਚੌਕ ਦੀਆਂ ਬਰੂਹਾਂ ਛੋਹ ਲੈਂਦੀ ਸੀ। ਇਹ ਸੜਕ ਦੱਖਣ ਪੱਛੋਂ ਨੂੰ ਇਸ ਸੁਤੈਹਰੀ ਦਾ ਕਿੰਨਾ ਕੁ ਰਕਬਾ ਹੋਵੇਗਾ, ਬਾਰੇ ਪੁਖਤਾ ਸਬੂਤ ਨਹੀਂ ਮਿਲੇ, । ਸੂਤੈਹਰੀ ਮੁਸਲਮਾਨ ਲੋਕਾਂ ਦੀ ਸੀ। ਇਸ ਦੇ ਲਫ਼ਜ਼ੀ ਅਰਥ ਹਨ ਹਿੱਕ ਦੇ ਜ਼ੋਰ ਨਾਲ ਸੱਤ ਵਾਰ ਵਾਹ ਕੇ ਕਬਜ਼ਾ ਕੀਤੀ ਭੋਇੰ। ਮੁਕਾਮੀ ਸਤਾਹ ਦਾ ਹਾਰਾ ਮਤਲਬ ਕੇਂਦਰ। ਮੁਸਲਮਾਨਾਂ ਦੀ ਵੱਜਦੀ ਸੀ ਇਹ ਸੁਤੈਹਰੀ ਬੱਝਵੀਂ ਪਰ ਛੋਟੀ ਜਿਹੀ ਵਸੋਂ ਸੀ ਏਥੇ ਸਿਤਮ ਦੇਖੋ! ਸਦੀਆਂ ਪੁਰਾਣੀ ਸੁਤੈਹਰੀ ਆਪ ਤਾਂ ਪਿੰਡ ਦੀ ਹੋਂਦ ਨਾ ਬਣ ਸਕੀ, ਕਿਉਂਕਿ ਉਹ ਹੋਰ ਕਿਸੇ ਦੇ ਇੱਕੇ ਪੈਰ ਨਹੀਂ ਸੀ ਲੱਗਣ ਦਿੰਦੇ, ਪਰ ਇਸ ਦੇ ਪੱਛੋਂ ਨੂੰ ਵੱਸ ਗਿਆ ਪ੍ਰੇਮੇ ਦੀ ਛਤਰ-ਛਾਇਆ ਹੇਠ ਹਿੰਦੂਆਂ ਦਾ ਪ੍ਰੇਮਗੜ੍ਹ। Halg! ਇਸ ਸੁਤੈਹਰੀ ਦੀ ਐਨ ਬੁੱਕਲ ‘ਚ ਬਾਹਰਲੀ ਆਬਾਦੀ ਜਿੱਥੇ ਹੁਣ ਰੇਲਵੇ ਸਟੇਸ਼ਨ ਹੈ ਅਤੇ ਸੀ ਹਮ ਧਰਮੀ ਪਰ ਪਠਾਣ ਹੋਣ ਕਾਰਨ ਦੂਰ पॅर हिँडे ਗਏ ਫਤਿਹ ਮੁਹੰਮਦ ਪਠਾਣ ਦੇ ਵਾੜੇ ਵਾਲੀ ਥਾਂ ਵਸਿਆ ਫਤਿਹਗੜ੍ਹ। ਉਂਝ ਮਾਲ ਕਾਗਜ਼ਾਂ ‘ਚ ਅੱਜ ਵੀ ਸੁਤੈਹਰੀ ਦਾ ਨਾਂਅ ਪਹਿਲਾਂ ਬੋਲਦਾ ਹੈ- ਸੁਤੈਹਰੀ ਫਤਿਹਗੜ੍ਹ। ਹੌਲੀ-ਹੌਲੀ ਹੁਸ਼ਿਆਰਪੁਰ ਸ਼ਹਿਰ ਨੇ ਇਨ੍ਹਾਂ ਪਿੰਡਾਂ ਨੂੰ ਨਿਗਲ ਲਿਆ। ਅੱਜ ਇੱਥੋਂ ਦੇ ਪਹਿਲ-ਪਲੱਕੜੇ ਵਸਨੀਕਾਂ ਨੂੰ ਲੱਭਣਾ ਬਹੁਤ ਮੁਸ਼ਕਲ ਹੈ। ਗ਼ਦਰ ਪਾਰਟੀ ਦੇ ਇਤਿਹਾਸ ਵਿੱਚ ਏਸ ਪਿੰਡ ਦਾ ਨਾਂਅ ਸਿਰਫ਼ ਇਸ ਗੱਲੋਂ ਹੀ ਸ਼ਾਨਾਮੱਤਾ ਨਹੀਂ ਕਿ ਇੱਥੋਂ ਦੇ ਚਾਰ ਸੂਰਮਿਆਂ ਦਾ ਸਿੱਧਾ ਸੰਬੰਧ ਇਸ ਲਹਿਰ ਨਾਲ ਜੁੜਦਾ ਹੈ। ਇੱਕ ਕਰਕੇ ਵੀ ਹੈ, ਜਦ ਨਵੰਬਰ 1914 ਅਤੇ ਫਰਵਰੀ 1915 ਦੇ ਗ਼ਦਰੀ ਨਿਸ਼ਾਨਿਆਂ ਦੀ ਪੂਰਤੀ ਨਾ ਹੋ ਸਕਣ ਸਮੇਤ ਫੇਰੂ ਸ਼ਹਿਰ ਦੇ ਸਾਕੇ ਉਪਰੰਤ ਗ਼ਦਰ ਲਹਿਰ ਨੂੰ ਬਹੁਤ ਢਾਅ ਲੱਗੀ ਸੀ, ਤਾਂ ਇਸ ਨੂੰ ਮੁੜ ਪੱਕੇ ਪੈਰੀਂ ਕਰਨਾ ਹੋਰਨਾਂ ਧਿਰਾਂ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਸਮੇਤ ਫੇਰੂ ਸਾਕੇ ਦੇ ਮਫਰੂਰ ਇਸੇ ਪਿੰਡ ਦੇ ਸੁਰਜਨ ਗ਼ਦਰੀ ਨੇ ਹੀ ਪਾਰਟੀ ਦਾ ਰਾਬਤਾ ਹਿਮਾਚਲ ਦੀ ਮੰਡੀ ਰਿਆਸਤ ਨਾਲ ਜੋੜਿਆ ਸੀ। ਮੰਡੀ ਸਾਜ਼ਿਸ਼ ਕੇਸ ਬਾਰੇ ਜੰਗੇ ਅਜ਼ਾਦੀ ਦੇ ਇਤਿਹਾਸਵੇਤਾ ਤਾਂ ਜਾਣਦੇ ਹੀ ਹਨ, ਪਰ ਸ਼ਾਇਦ ਉਨ੍ਹਾਂ ਨੂੰ ਹਾਲੇ ਵੀ ਇਹ ਨਹੀਂ ਪਤਾ ਕਿ ਗ਼ਦਰ ਪਾਰਟੀ ਇਸ ਖਿੱਤੇ ਨੂੰ ਆਪਣਾ ਅਧਾਰ ਇਲਾਕਾ ਕਿਉਂ ਬਣਾਉਣ ਤੁਰ ਪਈ ਸੀ। ਕਾਰਨਾਂ ‘ਚੋਂ ਕਾਰਨ ਸਿਰਫ਼ ਇਹ ਹੀ ਨਹੀਂ ਸੀ ਕਿ ਮੰਡੀ ਰਿਆਸਤ ਅੰਗਰੇਜ਼ ਵਕਤ ਵੀ ਕੁਝ ਹੋਰਨਾਂ ਰਿਆਸਤਾਂ ਵਾਂਗ ਇੱਕ ਅਰਧ ਅਜ਼ਾਦ ਸਟੇਟ ਸੀ, ਨਾ ਹੀ ਸਿਰਫ਼ ਇਹ ਕਿ ਇੱਥੇ ਅੰਗਰੇਜ਼ਾਂ ਦੀ ਉਸ ਤਰ੍ਹਾਂ ਦੀ ਦਖਲ ਅੰਦਾਜ਼ੀ ਨਹੀਂ ਸੀ ਕਿ ਉਹ ਦੇਸ਼ ਭਗਤਾਂ ਨੂੰ ਬਿਲਕੁਲ ਹੀ ਵਿਚਰਨੋਂ ਰੋਕ ਦੇਵੇ। ਕਾਰਨ ਇਹ ਵੀ ਨਹੀਂ ਸੀ ਮੰਨਿਆ ਜਾ ਸਕਦਾ ਕਿ ਇੱਥੋਂ ਹਥਿਆਰ ਵਗੈਰਾ ਅਸਾਨੀ ਨਾਲ ਮਿਲ ਸਕਦੇ ਸਨ ਜਾਂ ਕਿ ਗ਼ਦਰੀ ਕੁਝ ਸਮਾਂ ਪਾਸੇ ਹੋ ਜਾਣਾ ਚਾਹੁੰਦੇ ਸਨ। ਵੱਡਾ ਕਾਰਨ ਇਹ ਸੀ ਕਿ ਰਿਆਸਤੀ ਰਾਜਗੱਦੀ ਦਾ ਇੱਕ ਦਾਅਵੇਦਾਰ ਠਾਕੁਰ ਜਵਾਹਰ ਸਿੰਘ ਅੰਗੇਰਜ਼ ਹਕੂਮਤ ਨਾਲ ਕਈ ਕਾਰਨਾਂ ਕਰਕੇ ਨਾਰਾਜ਼ ਸੀ, ਜੋ ਦੇਸ਼ ਭਗਤਾਂ ਪ੍ਰਤੀ ਆਪਣੇ ਨਿਸ਼ਾਨੇ ਦੀ ਪੂਰਤੀ ਦੇਖਦਾ ਸੀ। ਇੰਜ ਇੱਕ ਸਾਂਝਾ ਮੋਰਚਾ ਉਸਰਦਾ ਸੀ। ਇਸ ਸਾਰੇ ਬਾਰੇ ਸੁਰਜਨ ਜਾਣੂ ਸੀ। ਸੁਰਜਨ ਦੇ ਇਸ ਖਿੱਤੇ ਬਾਰੇ ਜ਼ਿਆਦਾ ਜਾਣੂ ਹੋਣ ਦਾ ਕਾਰਨ ਇਹ ਵੀ ਸੀ ਕਿ ਉਸ ਦੇ ਵੱਡ-ਵਡੇਰੇ ਲੰਮੇ ਸਮੇਂ ਤੋਂ ਫਤਿਹਗੜ੍ਹ ਤੋਂ ਵਰਾਸਤਾ ਬਜਵਾੜਾ-ਲੋਅਰ ਹਿਮਾਚਲ ਇਸ ਖੇਤਰ ਥਾਣੀ ਲੇਹ-ਲਦਾਖ ਤੱਕ ਨੂੰ ਖੱਚਰਾਂ ਹੀ ਨਹੀਂ ਸਨ ਵਾਹੁੰਦੇ, ਬਲਕਿ ਮਿਹਨਤ ਸਦਕਾ ਹੌਲੀ-ਹੌਲੀ ਵਪਾਰਕ ਕਿਸਮ ਦੇ ਲੋਕ ਵੀ ਬਣ ਗਏ ਸਨ, ਜਿਨ੍ਹਾਂ ਦੇ ਸੰਬੰਧ ਮੰਡੀ ਰਾਜ ਘਰਾਣੇ ਦੇ ਵਪਾਰੀਆਂ ਨਾਲ ਹੋ ਗਏ, ਜੋ ਕਸ਼ਮੀਰ ਰਾਹੀਂ ਅਫਗਾਨਿਸਤਾਨ ਹੁੰਦੇ ਹੋਏ ਧੁਰ ਸਮਰਕੰਦ ਰੂਸ ਤੱਕ ਜਾ ਪਹੁੰਚਦੇ ਸਨ। ਸੁਰਜਨ ਦੇ ਬਜ਼ੁਰਗਾਂ ਦੀ ਮੰਡੀ ਵੱਲ ਪੁਖ਼ਤਾ ਜਾਣ-ਪਛਾਣ ਸੀ ਅਤੇ ਇਹ ਵੀ ਕਿ ਫਤਿਹਗੜ੍ਹ ਦੇ ਪਠਾਣਾਂ ਦੇ ਰਿਸ਼ਤੇਦਾਰ ਉੱਧਰ ਭੱਠਿਆਂ ਦੇ ਸਿਰਮੌਰ ਮਿਸਤਰੀ ਸਨ। ਫਤਿਹਗੜ੍ਹੀਏ ਪਠਾਣਾਂ ਦਾ ਫਜ਼ਲਦੀਨ ਇਨ੍ਹਾਂ ਗ਼ਦਰੀਆਂ ਰਾਹੀਂ ਹੀ ਗਦਰ ਪਾਰਟੀ ਨਾਲ ਜੁੜ ਚੁੱਕਾ ਸੀ। ਮੰਡੀ ਸਾਜ਼ਿਸ਼ ਕੇਸ ਵਾਲੇ ਸ੍ਰੀ ਲੰਧੂ ਰੰਗਰੇਜ਼, ਸ੍ਰੀ ਸਿੱਧੂ ਪੁੱਤਰ ਫਕੀਰ ਮੁਹੰਮਦ ਅਤੇ ਸਪਲੀਮੈਂਟਰੀ ਮੰਡੀ ਕੇਸ ਦੇ ਸਿੱਧੂ ਦਾ ਦੂਜਾ ਪੁੱਤਰ ਸ੍ਰੀ ਧੀਰ ਦਾ ਸੰਬੰਧ ਕਿਸੇ ਨਾ ਕਿਸੇ ਰੂਪ ‘ਚ ਫਤਿਹਗੜੀਏ ਪਠਾਣਾਂ ਨਾਲ ਜਾ ਜੁੜਦਾ ਹੈ। ਇਹ ਹਨ ਉਹ ਕੜੀਆਂ ਜਿਸ ਤਹਿਤ ਸ. ਨਿਧਾਨ ਸਿੰਘ ਚੁੱਘਾ ਆਦਿ ਗ਼ਦਰੀ ਦੀ ਅਗਵਾਈ ਹੇਠ ਗ਼ਦਰ ਪਾਰਟੀ ਉੱਧਰ ਨੂੰ ਹੋ ਤੁਰੀ। ਇਸ ਸਾਰੇ ਕਾਸੇ ਵਿੱਚ ਫਤਿਹਗੜ੍ਹ ਦੇ ਇੱਕ ਹੋਰ ਗ਼ਦਰੀ ਸ੍ਰੀ ਬਾਬੂ ਰਾਮ ਘੁਮਾਰ ਦਾ ਵੀ ਉੱਘਾ ਰੋਲ ਹੈ, ਜਿਸਦੇ ਬਜ਼ੁਰਗ ਮੰਡੀ ਵੱਲ ਦੇ ਭੱਠਾ ਖੱਚਰ ਵਾਹਕਾਂ ਦੇ ਹਮ-ਪੇਸ਼ਾ ਹੋਣ ਕਾਰਨ ਪਹਿਲਾਂ ਹੀ ਸੰਪਰਕ ਵਿੱਚ ਸਨ। ਇਨ੍ਹਾਂ ਸਾਰੇ ਕਾਰਕਾਂ ਨੂੰ ਫਤਿਹਗੜ੍ਹ ਦੇ ਗ਼ਦਰੀਆਂ ਨੇ ਬਾਖੂਬੀ ਵਰਤਿਆ (ਕਈ ਇਤਿਹਾਸਿਕਾਰਾਂ ਨੇ ਸੁਰਜਨ ਅਤੇ ਬਾਬੂ ਦੀ ਬਜਾਏ ਨਾਮੇ ਅਤੇ ਬਾਬੂ ਦਾ ਨਾਂਅ ਮੰਡੀ ਸੰਪਰਕ ਵਜੋਂ ਲਿਖਿਆ ਹੈ ਜਦ ਕਿ ਇਸ ਕ੍ਰਮ ਦਾ ਅਸਲ ਨਾਇਕ ਸੁਰਜਨ ਹੀ ਬਣਦਾ ਹੈ) ਕਿਉਂਕਿ ਨਾਮਾ ਤਾਂ ਗ਼ਦਰੀ ਹਥਿਆਰਾਂ ਵਾਲੇ ਮਾਰਵਿਕ ਜਹਾਜ਼ ਵਿੱਚ ਬਤਾਵੀਆ ਸਮੁੰਦਰਾਂ ਵਿੱਚੋਂ ਸੰਨ 1915 ਵਿੱਚ ਡੱਚਾਂ ਨੇ ਫੜ ਕੇ ਸਿੱਧਾ ਅੰਗਰੇਜ਼ਾਂ ਹਵਾਲੇ ਕਰ ਦਿੱਤਾ ਸੀ ਤੇ ਤੋੜ ਫਾਂਸੀ ਤੱਕ ਉਹ ਬਾਹਰ ਨਾ ਵਿਚਰ ਸਕਿਆ। ਉਸੇ ਜਹਾਜ਼ ਵਿੱਚ ਉਸ ਦੇ ਚਾਰ ਹੋਰ ਹਮਸਫਰ ਹਮਖਿਆਲ ਸਨ ਹਰੀ ਸਿੰਘ ਉਸਮਾਨ, ਮੰਗੂ ਰਾਮ ਮੁਗੋਵਾਲੀਆ, ਹਰਚਰਨ ਦਾਸ ਰਾਏਪੁਰ ਫਰਾਲਾ ਅਤੇ ਗੰਭੀਰ ਸਿੰਘ ਸੁਲਤਾਨਪੁਰ ਯੂ.ਪੀ. ਪ੍ਰੰਤੂ ਕੁਝ ਇਤਿਹਾਸਿਕਾਰ ਇਸਨੂੰ ਉਤਰ-ਪੂਰਬੀ ਦੇਸ਼ਾ ਬਰਮ੍ਹਾ-ਸਿੰਗਾਪੁਰ ਹਾਂਕਕਾਂਗ ਆਦਿ ‘ਚੋਂ ਫੜਿਆ ਦਿਖਾਉਂਦੇ ਹਨ। ਉਕਤ ਦੋਵੇਂ ਤੱਥਾਂ ਬਾਰੇ ਨਿਤਾਰਾ ਕਰਨ ਦੀ ਲੋੜ ਹੈ। ਫਿਰ ਬਾਬੂ ਰਾਮ ਕਾਬੂ ਆ ਗਿਆ, ਜਿਸ ਨੂੰ ਨਾਮੇ ਨਾਲ ਹੀ ਦੂਸਰੇ ਲਾਹੌਰ ਸਪਲੀਮੈਂਟਰੀ ਕੇਸ, ਜਿਸ ਨੂੰ ਕਈ ਇਤਿਹਾਸਿਕਾਰ ਤੀਸਰਾ ਲਾਹੌਰ ਸਾਜਿਸ਼ ਕੇਸ ਵੀ ਕਹਿੰਦੇ ਹਨ, ਵਿੱਚ ਹੋਰ ਦੇਸ਼ ਭਗਤਾਂ ਸਮੇਤ ਫਾਂਸੀ ਚਾੜ੍ਹ ਦਿੱਤਾ ਸੀ, ਪਰ ਸੁਰਜਨ ਕਿਤੇ ਬਾਅਦ ‘ਚ ਜੂਨ 1916 ਨੂੰ ਫੜਿਆ ਗਿਆ, ਜੋ ਆਪਣੀ ਗ੍ਰਿਫਤਾਰੀ ਤੱਕ ਸਰਗਰਮ ਰਿਹਾ।

ਸੁਤੈਹਰੀ ਫਤਿਹਗੜ੍ਹ ਦੇ ਮੂਲ-ਵਸ਼ਿੰਦੇ ਖੇਤੀ ਦੇ ਨਾਲ-ਨਾਲ ਗੱਡੇ ਵੀ ਵਾਹੁੰਦੇ ਸਨ, ਜਿਸ ਕਰਕੇ ਉਨ੍ਹਾਂ ਦੀ ਆਰਥਿਕ ਹਾਲਤ ਕੁਝ ਸੌਖੀ ਸੀ, ਪਰ ਉਹ ਮੈਦਾਨੀ ਖਿੱਤੇ ਤੱਕ ਹੀ ਸੀਮਤ ਰਹੇ। ਸੁਤੈਹਰੀ ਦੇ ਮੁਸਲਮਾਨਾਂ ਦੀ ਰੀਸੋ-ਰੀਸ ਤਾਂ ਇੱਥੋਂ ਦੇ ਘੁਮਿਆਰਾਂ ਨੇ ਭਾੜਾ ਵਾਹੁਣਾ ਨਹੀਂ ਸੀ ਸ਼ੁਰੂ ਕੀਤਾ। ਕਹਿੰਦੇ ਹਨ ਕਿ ਉਹ ਇੱਥੋਂ ਦੇ ਮੂਲ ਵਸ਼ਿੰਦੇ ਵੀ ਨਹੀਂ ਸਨ, ਜਦ ਬਜਵਾੜੇ ਦੇ ਮੁਕਾਬਲੇ ਹੁਸ਼ਿਆਰਪੁਰ ਵਿਕਸਿਤ ਹੋ ਮੰਡੀ ਦੀ ਸ਼ਕਲ ਅਖਤਿਆਰ ਕਰ ਜੈਜੋਂ ਮੰਡੀ, ਜੋ ਹਿਮਾਚਲ ਲਈ ਵਪਾਰਕ ਦਰ੍ਹਾ ਸੀ, ਦੇ ਮੁਕਾਬਲੇ ਆ ਗਿਆ ਤਾਂ ਮੁਗੋਵਾਲੀਏ ਘੁਮਿਆਰ, ਜੋ ਜੈਜੋਂ ਮੰਡੀ ਤੋਂ ਦੁਰਗਮ ਪਹਾੜੀ ਇਲਾਕਿਆਂ ਲਈ ਪ੍ਰਮੁੱਖ ਘੋੜਾ ਵਾਹਕ ਸਨ, ਦੇ ਪ੍ਰਤੀਵੰਦੀ ਕੁਝ ਘੁਮਿਆਰਾਂ ਨੇ ਵਾਹਕ ਅਤੇ ਵਪਾਰਕ ਮੁਕਾਬਲੇ ਵਿੱਚ ਉਨ੍ਹਾਂ ਤੋਂ ਪਛੜ ਕੇ ਹੁਸ਼ਿਅਰਪੁਰ ਨੂੰ ਰੁਖ ਕੀਤਾ। ਡੇਰਾ ਜਮਾ ਲਿਆ ਬਿਲਕੁਲ ਹੀ ਸ਼ਹਿਰ ਦੀਆਂ ਬਰੂਹਾਂ ਨਾਲ ਜੁੜਵੇਂ ਫਤਿਹਗੜ੍ਹ ਵਿੱਚ। ਉਨ੍ਹਾਂ ਜਿਨ੍ਹਾਂ ਪ੍ਰਮੁੱਖ ਵਪਾਰ ਮਾਰਗਾਂ ਨੂੰ ਗਾਹਿਆ ਉਹ ਸਨ, ਪਹਿਲਾਂ ਪੰਜਾਬ ਕਾਬਲ ਹੈਰਾਤ ਤੇ ਕਿਸ਼ਨ ਸਾਗਰ ਤੱਕ, ਦੂਸਰਾ ਮੁਲਤਾਨ ਕੰਧਾਰ, ਈਰਾਨ, ਤੀਸਰਾ ਪੰਜਾਬ ਹਿਮਾਚਲ ਕਸ਼ਮੀਰ ਤਿੱਬਤ ਤੇ ਪੱਛਮੀ ਚੀਨ। ਟਸਰ ਦੀਆਂ ਪੱਗਾਂ ਤੇ ਰੇਸ਼ਮ ਦੀਆਂ ਚਾਦਰਾਂ ਤੋਂ ਇਨ੍ਹਾਂ ਹੀ ਪਹਿਲ-ਪਲੱਕੜਿਆਂ ਵਿੱਚ ਦੁਆਬੀਆਂ ਅਤੇ ਚੀਨਿਆਂ ਨੂੰ ਜਾਣੂ ਕਰਵਾਇਆ। ਪਸ਼ਮੀਨਾ, ਸੁੱਕੇ ਮੇਵੇ, ਗਰਮ ਮਸਾਲੇ ਅਤੇ ਹੋਰ ਵਸਤਾਂ ਦੀ ਤਾਂ ਗੱਲ ਹੀ ਛੱਡੋ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਉਨ੍ਹਾਂ ਤਿੱਬਤ ਦੇ ਪਹਾੜਾਂ ਤੋਂ ਨਗਰਕੋਟ ਅਤੇ ਧਰਮਸ਼ਾਲਾ ਦੀਆਂ ਮੇਮਾਂ ਲਈ ਸੁੱਕੀ ਬਰਫ਼ ਵੀ ਢੋਈ ਸੀ। ਉਹਨੀਂ ਵਕਤੀਂ ਹੀ ਇੱਥੋਂ ਦੇ ਘੁਮਿਆਰਾਂ ਦੇ ਟੱਬਰਾਂ ਦੇ ਟੱਬਰ ਪੜ੍ਹ ਲਿਖ ਗਏ, ਜਿਨ੍ਹਾਂ ਸਮਿਆਂ ਵਿੱਚ ਕਿਰਤੀਆਂ ਦਾ ਕੋਈ ਟਾਵਾਂ-ਟੱਲਾ ਹੀ ਮਾੜੀ-ਮੋਟੀ ਸਿਵਲ ਨੌਕਰੀ ‘ਚ ਆਉਂਦਾ ਸੀ। ਉਹਨੀਂ ਵਕਤੀ ਹੀ ਇੱਥੋਂ ਦਾ ਬੰਨਾ ਲਾਲ ਘੁਮਿਆਰ ਅੰਗਰੇਜ਼ ਸਿਵਲ ਸਰਜਨ ਦਾ ਵੱਡਾ ਬਾਬੂ ਬਣੀ ਬੈਠਾ ਸੀ। ਉਸ ਦੇ ਪੁੱਤ ਭਗਵਾਨ ਦਾਸ ਨੇ ਉਦੋਂ ਐਮ. ਏ. ਸੰਸਕ੍ਰਿਤ ਕੀਤੀ, ਜਦ ਉਦੋਂ ਦੇ ਜੁੜਵੇਂ ਮਹਾਂ ਪੰਜਾਬ ਦੇ ਗਰੈਜੂਏਟ ਵੀ ਉਂਗਲਾਂ ਉੱਤੇ ਗਿਣੇ ਜਾ ਸਕਦੇ ਸਨ। ਲੀਹ ਐਸੀ ਚੱਲੀ ਕਿ ਉਸ ਦੇ ਪੁੱਤਰ ਪਰਸ ਰਾਮ ਤੇ ਹੰਸ ਰਾਜ ਭਲਿਆਂ ਵੇਲਿਆਂ ਵਿੱਚ ਵੱਡੇ ਡਾਕਟਰ ਬਣ ਗਏ। ਇੱਥੋਂ ਦੇ ਘੁਮਿਆਰਾਂ ਦੀ ਅਮੀਰੀ ਦਾ ਠਾਠ ਵੇਖੋ, ਜਿਨ੍ਹਾਂ ਸਮਿਆਂ ਵਿੱਚ ਕੰਮੀਆਂ-ਕਮੀਣਾਂ ਨੂੰ ਮੰਗ ਖਾਣੀ ਜਾਤ ਸਮਝਿਆ ਜਾਂਦਾ ਸੀ, ਉਹਨੀਂ ਦਿਨੀਂ ਹੀ ਇੱਥੋਂ ਦੇ ਗੰਗਾ ਰਾਮ ਘੁਮਿਆਰ ਨੇ ਉਦੋਂ ਭੱਠਾ ਲਾਇਆ ਜਦ ਦਸ ਸੈਂਕੜੇ ਪੱਕੀ ਇੱਟ ਦੋ ਰੁਪਏ ਵਿੱਚ ਹੀ ਵੀਹ ਕੋਹ ਤੱਕ ਪੁੱਜਦੀ ਕੀਤੀ ਜਾਂਦੀ ਸੀ, ਫਿਰ ਉਹ ਸ਼ਾਹੂਕਾਰ ਬਣ ਗਿਆ ਅਤੇ ਮੁਦਰਾ ਤਬਦੀਲੀ ਦਾ ਕੰਮ ਵੀ ਕਰਨ ਲੱਗਾ। ਉਸ ਦੇ ਗਰਾਈਂ ਉਸ ਨੂੰ ਰੂਸ ਦੇ ਜ਼ਾਰ ਤੱਕ ਦੇ ਨੋਟ ਲਿਆ ਦਿੰਦੇ। ਮੁਲਕ ਦੀਆਂ ਦੁੱਭਰ ਹਾਲਤਾਂ ਦੀ ਲਪੇਟ ਵਿੱਚ ਆਏ ਜ਼ਾਰ ਤੋਂ ਉਸ ਐਨੇ ਨੋਟ ਖਰੀਦ ਲਏ ਕਿ ਸੰਸਾਰ ਮੰਦੇ ਦੀ ਲਪੇਟ ਵਿੱਚ ਗੰਗਾ ਰਾਮ ਵੀ ਵਲ੍ਹੇਟਿਆ ਗਿਆ, ਜਦ ਇਨ੍ਹਾਂ ਦੀ ਜਾਤ ਦੇ ਗ਼ਦਰੀ ਸੂਰਮਿਆਂ ਸੁਰਜਨ ਚੰਦ ਤੇ ਬਾਬੂ ਰਾਮ ਦੇ ਟੱਬਰਾਂ ਅਤੇ ਹਮਾਇਤੀਆਂ ਉੱਤੇ ਅੰਗਰੇਜ਼ਾਂ ਦੇ ਪਿਛਲੱਗੂਆਂ ਨੇ ਕਹਿਰ ਵਰਸਾਇਆ ਤਾਂ ਬਹੁਤੇ ਘੁਮਿਆਰ ਪਿੰਡ ਛੱਡ ਗਏ। ਅੱਜ ਵੀ ਪਾਲਮ ਹਿਮਾਚਲ ਅਤੇ ਲੇਹ-ਲਦਾਖ ਕੰਨੀ ਫਤਿਹਗੜ੍ਹੀਆਂ ਘੁਮਿਆਰਾਂ ਦੇ ਟੱਬਰਾਂ ਦੇ ਟੱਬਰ ਵੱਸਦੇ ਹਨ। ਗ਼ਦਰੀ ਸੁਰਜਨ ਤੇ ਬਾਬੂ ਰਾਮ ਦੇ ਪਰਿਵਾਰ ਕਿੱਧਰ ਜਾ ਵਸੇ, ਹਾਲੇ ਤੱਕ ਵੀ ਖੁਰਾ-ਖੋਜ ਨੱਪਿਆ ਨਹੀਂ ਜਾ ਸਕਿਆ।

ਦਰਅਸਲ ਸੁਤੈਹਰੀ ਤਾਂ ਸੀ ਹੀ ਮੁਸਲਿਮ ਆਬਾਦੀ। ਫਤਿਹਗੜ੍ਹ ਸਨ ਪਠਾਣ, ਸੈਣੀ ਅਤੇ ਘੁਮਿਆਰ, ਪਰ ਬਾਹਰਲੀ ਸਟੇਸ਼ਨ ਵਾਲੀ ਆਬਾਦੀ ਮਿਕਸ ਜਿਹੀ ਰਲਗੱਡ ਸੀ। ਇਸੇ ਸਟੇਸ਼ਨ ਵਾਲੇ ਮਸ਼ਹੂਰ ਖੂਹ ਦਾ ਉਤਾਰਾ ਵੀ ਇਸੇ ਆਬਾਦੀ ਦੇ ਕਾਂਸ਼ੀ ਰਾਮ ਝੀਰ ਨੇ ਕੀਤਾ ਸੀ ਅਤੇ ਫਤਿਹਗੜ੍ਹ ਵਾਲੇ ਉਸ 1 ਟੋਪੀ ਵਾਲੇ ਖੂਹ ਦਾ ‘ਵੀ ਜਿਸ ਦੀਆਂ ਟਿੰਡਾਂ ਰਾਹੀਂ ਉੱਤਰ ਕੇ ਥੱਲੇ ਰੱਖੇ ਮਘੋਰਿਆਂ ਵਿੱਚ ਦੇਸ਼ ਭਗਤ ਹਥਿਆਰ ਅਤੇ ਲਿਖਤਾਂ ਵਗੈਰਾ ਲਕੋ ਆਉਂਦੇ ਸਨ। ਇਸ ਦੇ ਕਿੱਤੇ ਦਾ ਪੂਰੇ ਇਲਾਕੇ ਵਿੱਚ ਕੋਈ ਸਾਨੀ ਨਹੀਂ ਸੀ। ਇੱਕ ਹੋਇਆ ਸੀ ਅਬਦੁਲ ਹਫੀਜ਼, ਜੋ ਇੰਡੀਅਨ ਨੈਸ਼ਨਲ ਪਾਰਟੀ ਆਫ਼ ਬਰਲਿਨ (ਜਰਮਨ) ਦਾ ਮੈਂਬਰ ਸੀ। ਵੱਜਦਾ ਭਾਵੇਂ ਸ਼ਹਿਰ ਦਾ ਹੈ, ਪਰ ਹੈ ਸੀ ਇਹ ਸੂਤੈਹਰੀ ਫਤਿਹਗੜ੍ਹ ਦੀ ਬਾਹਲੀ ਆਬਾਦੀ (ਸਟੇਸ਼ਨ) ਦਾ ਜੰਮਪਲ। ਕੀ ਇਹੀ ਇੱਕ ਮੁਹੰਮਡਨ ਜ਼ਿਕਰੇ ਗੌਰ ਹੋਇਆ ਹੈ, ਨਹੀਂ ਹੈਦਰ, ਜੋ ਹਿਕਮਤ ਕਰਦਾ ਸੀ, ਸਵਾਲਾ ਜੋ ਵਾਇਸਰਾਏ ਦਾ ਮੁਲਾਜ਼ਮ ਸੀ, ਹਾਕੋ ਲੰਬੜ ਤੇ ਹਿੰਮਤ ਪਠਾਣ ਸਮੇਤ ਕਈਆਂ ਹੋਰਨਾਂ ਦੀਆਂ ਆਪਣੀਆਂ ਹੀ ਪਿਰਤਾਂ ਸਨ। ਤਿੰਨ ਮੁਸਲਮਾਨ ਮਾਮਦੀਨ, ਮਣਸ਼ਾ ਤੇ ਬੱਕਰੀਆਂ ਵਾਲਾ ਮੱਲ ਲੋਕਾਂ ਦੇ ਦੁੱਖ-ਸੁੱਖ ਨੂੰ ਆਪਣਾ ਸਮਝਦੇ ਸਨ। ਸੁਤੈਹਰੀ ਦੇ ਕੁਝ ਧਾਕੜਾਂ ਤੋਂ ਬਿਨਾਂ ਬਾਕੀ ਮੁਸਲਮਾਨ ਭਲੇ ਕੰਮ-ਕਾਜੀ ਸਨ, ਪਰ ਬਹੁਤੇ ਪਠਾਣ ਆਮ ਕਰਕੇ ਮੁਲਾਜ਼ਮ ਹੀ ਸਨ, ਭਾਵੇਂ ਇੱਥੋਂ ਦੇ ਯੂਸਮ ਤੇ ਕਾਸਿਮ ਸਿਪਾਹੀ ਕਿਸੇ ਲਾਲਚ ਜਾਂ ਮਜਬੂਰੀਵਸ ਦੇਸ਼ ਭਗਤਾਂ ਨਾਲ ਢੁੱਕਵਾਂ ਧਰੋਹ ਕਮਾਉਂਦੇ ਰਹੇ, ਪਰ ਉਨ੍ਹਾਂ ਦੀਆਂ ਬੇਸਮਝ ਹਰਕਤਾਂ ਨੂੰ ਧੋਣ ਵਾਲਾ ਗ਼ਦਰੀ ਫਜ਼ਲ ਦੀਨ ਉਰਫ਼ ਫਜ਼ਲਾ ਪਠਾਣ ਸੀ ਵੀ ਇਨ੍ਹਾਂ ਵਿਚੋਂ ਹੀ। ਹੁਸ਼ਿਆਰਪੁਰ ਜ਼ਿਲ੍ਹੇ ਦੇ ਚੌਂਕੀਦਾਰਾਂ ਦਾ ਸਿਰਤਾਜ ਚੌਧਰੀ ਬਰਵਾਲਾ ਚੌਂਕੀਦਾਰ ਵੀ ਇਸੇ ਆਬਾਦੀ ਦਾ ਸੀ, ਜੋ ਆਪਣੀ ਨੀਯਤ ਜ਼ਿੰਮੇਵਾਰੀ ਮੁਤਾਬਕ ਤਾਂ ਆਹਲਾ ਅਫਸਰਾਂ ਅਤੇ ਹਾਕਮਾਂ ਦੀ ਹਾਂ ਵਿੱਚ ਹਾਂ ਮਿਲਾਉਂਦਾ ਜਾਪਦਾ, ਪਰ ਗੁਪਤ ਤੌਰ ‘ਤੇ ਉਸ ਦੀ ਈਟੀ-ਸੀਟੀ ਦੇਸ਼ ਭਗਤਾਂ ਨਾਲ ਮਿਲਦੀ ਸੀ।

ਗਦਰ ਪਾਰਟੀ ਤਹਿਰੀਕ ਕਾਰਨ ਹੀ ਨਹੀਂ, ਕਦੇ ਫਤਿਹਗੜ੍ਹ ਵਿੱਚ ਤਿੰਨ ਜਾਤਾਂ ਬਹੁਤ ਚਰਚਿਤ ਸਨ ਪਠਾਣ, ਘੁਮਿਆਰ ਅਤੇ ਸੈਣੀ। ਨਿਰੋਲ ਕਾਮਾ ਸ਼੍ਰੇਣੀਆਂ ਵਿੱਚੋਂ ਇੱਕ ਪਿੰਡ ਦੇ ਚਾਰ-ਚਾਰ ਗ਼ਦਰੀ ਹੋਣ ਦਾ ਮਾਣ ਸ਼ਾਇਦ ਹੀ ਕਿਸੇ ਹੋਰ ਪਿੰਡ ਨੂੰ ਹਾਸਲ ਹੋਇਆ ਹੋਵੇ। ਫੇਰੂ ਸ਼ਹਿਰ ਦੇ ਸਾਕੇ ਵਿੱਚ ਵੀਹ ਕੁ ਗ਼ਦਰੀ ਸ਼ਾਮਲ ਸਨ, ਜਿਨ੍ਹਾਂ ਵਿਚੋ ਦੋ ਮੌਕੇ ਉੱਤੇ ਹੀ ਸ਼ਹੀਦ ਹੋ ਗਏ ਸੱਤ ਨੂੰ ਫਾਂਸੀ ਹੋਈ। ਛੇ ਬਾਅਦ ‘ਚ ਫੜ ਕੇ ਜੇਲ੍ਹੀ ਧੱਕ ਦਿੱਤੇ ਅਤੇ ਪੰਜ ਮਫਰੂਰ ਕਰਾਰ ਦਿੱਤੇ ਗਏ। ਇਨ੍ਹਾਂ ਪੰਜਾਂ ਵਿੱਚੋਂ ਇੱਕ ਫਤਿਹਗੜ੍ਹ ਦਾ ਸੀ ਸੁਰਜਨ ਚੰਦ ਪੁੱਤਰ ਬੂਟਾ ਘੁਮਿਆਰ । ਨਵੰਬਰ 1914 ਤੋਂ ਭਗੌੜਾ, ਪਰ ਪੂਰੀ ਤਰ੍ਹਾ ਦੇਸ਼-ਭਗਤ ਸਰਗਰਮੀਆਂ ‘ਚ ਰੁੱਝਾ ਰਿਹਾ ਇਹ ਸੂਰਮਾ ਆਖਿਰ ਮਈ 1916 ‘ਚ ਕਾਬੂ ਆ ਗਿਆ, ਜਿਸ ਨੂੰ ਚੌਂਦਾਂ ਹੋਰ ਗ਼ਦਰੀਆਂ ਨਾਲ 1917 ਵਿੱਚ ਲਾਹੌਰ ਸਾਜ਼ਿਸ਼ ਕੇਸ ‘ਚ ਧਰਕੇ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਸੁਰਜਨ ਦੀ ਮਫਰੂਰੀ ਦੇ ਇਨ੍ਹਾਂ ਸਾਲਾਂ ‘ਚ ਬਾਬੂ ਰਾਮ ਪੁੱਤਰ ਸ੍ਰੀ ਗਾਂਧੀ ਘੁਮਿਆਰ ਫਤਿਹਗੜ੍ਹ ਨੇ ਬਹੁਤ ਹੀ ਨਿਵੇਕਲਾ ਰੋਲ ਅਦਾ ਕੀਤਾ। ਇਸ ਸੂਰਮੇ ਨੂੰ ਵੀ ਤੀਸਰੇ ਲਾਹੌਰ ਸਾਜ਼ਿਸ਼ ਕੇਸ ਵਿੱਚ ਸ਼ਾਮਲ ਕਰਕੇ ਸ. ਬਲਵੰਤ ਸਿੰਘ ਖੁਰਦਪੁਰ, ਹਾਫਿਜ਼ ਅਬਦੁੱਲਾ ਜਗਰਾਓਂ, ਅਰੂੜ ਸਿੰਘ ਸੰਘਵਾਲ ਅਤੇ ਨਾਮਾ ਫਤਿਹਗੜ੍ਹ ਸਮੇਤ ਲਾਹੌਰ ਵਿਖੇ ਮਾਰਚ 1917 ਨੂੰ ਫਾਂਸੀ ਦੇ ਦਿੱਤੀ ਗਈ। ਇਸੇ ਕੇਸ ਵਿੱਚ ਇੱਥੋਂ ਦੇ ਫਜ਼ਲਦੀਨ ਪੁੱਤਰ ਨੂਰਾ ਪਠਾਣ ਨੂੰ ਉਮਰ ਕੈਦ ਹੋਈ, ਜੋ ਬਾਅਦ ‘ਚ ਮਹੱਤਵਪੂਰਨ ਕਾਰਕਾਂ ਕਾਰਨਾਂ ਮਹਿਜ਼ ਸੱਤ ਸਾਲਾਂ ਦੀ ਸਖ਼ਤ ਕੈਦ ਵਿੱਚ ਬਦਲ ਦਿੱਤੀ ਗਈ, ਪਰ ਤਮਾਮ ਜਾਇਦਾਦ ਕੁਰਕੀ ਦੇ ਹੁਕਮ ਬਹਾਲ ਹੀ ਰਹੇ ਇਸੇ ਫਤਿਹਗੜ੍ਹ ਦੇ ਸ. ਅੱਛਰ ਸਿੰਘ ਅਤੇ ਅਤਰ ਸਿੰਘ ਪੁੱਤਰ ਉੱਤਮ ਅਜ਼ਾਦੀ ਵਾਲੇ ਦੇਸ਼ ਭਗਤ ਸਨ ਜਿਹਨਾਂ ਨੂੰ ਕ੍ਰਮਵਾਰ ਇੱਕ ਸਾਲ ਤੇ ਦਸ ਮਹੀਨੇ ਦੀ ਕੈਦ ਹੋਈ।

ਸੈਣੀ ਵੀ ਫਤਿਹਗੜ੍ਹ ਦੇ ਮੂਲ-ਵਾਸ਼ਿੰਦੇ ਨਹੀਂ ਸਨ। ਪਿੰਡ ਭਾਵੇਂ ਦੋ ਕੁ ਸਦੀਆਂ ਪਹਿਲਾਂ ਵੱਸ ਗਿਆ ਸੀ, ਪਰ ਸੈਣੀਆਂ ਨੇ ਇੱਥੇ ਪਿੜ ਮੱਲਿਆ ਸੀ ਡੇਢ ਕੁ ਸਦੀ ਪਹਿਲਾਂ ਦੇ ਗੋਤ ਸੱਜਣ ਅਤੇ ਜੱਪੜੇ ਹਨ, ਇੱਥੋਂ ਦੇ ਸੈਣੀਆਂ ਦੇ। ਸੱਜਣ ਅਤੇ ਜੱਪੜੇ ਕ੍ਰਮਵਾਰ ਆਪਣੇ ਆਗੂ ਬਜ਼ੁਰਗਾਂ ਸੱਜਣ ਅਤੇ ਜੱਪੜ ਦੀ ਔਲਾਦ ਸਨ। ਜੱਪੜੇ ਇੱਥੇ ਪਹਿਲਾਂ ਆਏ ਜਾਪਦੇ ਹਨ, ਕਿਉਂਕਿ ਇਨ੍ਹਾਂ ਦੇ ਵੱਡ-ਵਡੇਰਿਆਂ-ਜਠੇਰਿਆਂ ਦੀ ਥਾਂ ਇਸੇ ਪਿੰਡ ਦੀ ਜੂਹ ਵਿੱਚ ਤਾਮੀਰ ਹੈ। ਜਦ ਹੁਸ਼ਿਆਰਪੁਰ ਦਾ ਰੇਲਵੇ ਸਟੇਸ਼ਨ ਬਣਿਆ ਤਾਂ ਬਾਹਰਲੀ ਆਬਾਦੀ ਸਮੇਤ ਫਤਿਹਗੜ੍ਹੀਆਂ ਦੀ ਜ਼ਮੀਨ ਵਿੱਚ ਆ ਗਈ। ਚਾਹੇ ਕਿਸੇ ਦੀ ਬਹੁਤੀ ਸੀ ਜਾਂ ਥੋੜ੍ਹੀ, ਅੰਗਰੇਜ਼ਾਂ ਨੇ ਇਵਜ਼ ਵਿੱਚ ਉਨ੍ਹਾਂ ਸਭ ਨੂੰ ਲਾਇਲਪੁਰ ਦੀ ਬਾਰ ਵਿੱਚ ਮੁਰੱਬੇ ਆਬਾਦ ਕਰਨ ਲਈ ਦੇ ਦਿੱਤੇ। ਸੰਤਾਲੀ ਦੀ ਵੰਡ ਉਪਰੰਤ ਸੈਣੀ ਉੱਧਰੋਂ ਪਰਤ ਆਏ ਤੇ ਆ ਬੈਠੇ ਲਾਂਬੜਾ ਖਿੱਤੇ ਵਿੱਚ। ਜਿੱਥੇ ਸਰਕਾਰ ਉਨ੍ਹਾਂ ਨੂੰ ਇਵਜ਼ੀ ਜਾਇਦਾਦਾਂ ਤਕਸੀਮ ਕਰਨ ਦਾ ਹਾਲੇ ਅਹੁੜ ਪੁਹੜ ਕਰ ਹੀ ਰਹੀ ਸੀ ਕਿ ਮਿੱਟੀ ਦਾ ਮੋਹ ਉਨ੍ਹਾਂ ਨੂੰ ਫਿਰ ਫਤਿਹਗੜ੍ਹ ਵਿੱਚ ਲਿਆਇਆ। ਇਨ੍ਹਾਂ ਜੱਪੜਿਆਂ ਦਾ ਇੱਕ ਬਜ਼ੁਰਗ ਚੇਤੂ ਬਹੁਤ ਮਸ਼ਹੂਰ ਹੋਇਆ। ਤਿੰਨ ਪੁੱਤ ਸਨ, ਉਸ ਦੇ ਕਾਲਾ ਰਾਮ, ਪਾਲਾ ਰਾਮ ਤੇ ਗੋਪਾਲ ਦਾਸ। ਕਾਲਾ ਰਾਮ ਦਾ ਪੁੱਤਰ ਰਾਧਾ ਰਾਮ ਹੁਸ਼ਿਆਰਪੁਰ ਜੇਲ੍ਹ ਦਾ ਉਦੋਂ ਮੁਲਾਜ਼ਮ ਸੀ, ਜਦ ਦੇਸ਼ ਭਗਤਾਂ ਦੀ ਧੜ-ਪਕੜ ਚੱਲ ਰਹੀ ਸੀ, ਪਰ ਉਹ ਗਾਹੇ-ਬਗਾਹੇ ਉਨ੍ਹਾਂ ਦੀ ਮਦਦ ਕਰ ਦਿੰਦਾ। ਕਨਸੋਅ ਨਿਕਲੀ ਤਾਂ ਉਸ ਨੂੰ ਅੰਬਾਲਾ ਜੇਲ੍ਹ ਬਦਲ ਦਿੱਤਾ ਗਿਆ, ਜਿੱਥੇ ਤਰੱਕੀ ਕਰਦਾ ਉਹ ਹੈੱਡ ਵਾਰਡਨ ਬਣ ਬੈਠਾ। ਪਿੰਡ ਦੇ ਇਸ ਸੂਤਰ ਅਤੇ ਸਕੇ-ਸੰਬੰਧਾਂ ਕਾਰਨ ਇੱਥੋਂ ਦੇ ਦੇਸ਼ ਭਗਤ ਅੰਬਾਲਾ ਜੇਲ੍ਹ ਦਾ ਮੁਆਇਨਾ ਵੀ ਕਰਨਾ ਚਾਹੁੰਦੇ ਸਨ, ਤਾਂ ਜੋ ਇੱਥੇ ਕੈਦ ਦੇਸ਼-ਭਗਤਾਂ ਨੂੰ ਕੱਢਿਆ ਜਾ ਸਕੇ, ਜਿਸ ਬਾਰੇ ਰਲ-ਮਿਲ ਕੇ ਕੋਸ਼ਿਸ਼ਾਂ ਵੀ ਹੋਈਆਂ। ਫੌਜ ਵਿੱਚ ਦੇਸ਼-ਦੁਸ਼ਾਂਤਰ ਘੁੰਮ ਆਇਆ, ਇਸੇ ਰਾਧੇ ਦਾ ਪੁੱਤਰ ਬਜ਼ੁਰਗ ਜਗਤ ਸਿੰਘ ਵੇਲੇ ਦੇ ਦੇਸ਼-ਭਗਤਾਂ ਦੀਆਂ ਬਾਤਾਂ ਪਾਉਂਦਾ ਮੁਲਕ ਦੀ ਖੈਰ-ਸੁੱਖ ਮੰਗਦਾ ਦੱਸਦਾ ਹੈ ਕਿ ਕਿਵੇਂ ਵੀਰ ਸਾਵਰਕਾਰ ਤੇ ਕਲਕੱਤੇ ਤੱਕ ਇਸ ਪਿੰਡ ਦਾ ਵਾਸਤਾ ਸੀ। ਕਿਵੇਂ ਇੱਥੋਂ ਦੇ ਜੁਲਾਹਿਆਂ ਨੇ ਨਲਪੀਆਂ ‘ਚ ਲੁਕੋ ਕੇ ਹਥਿਆਰ ਲਿਆਂਦੇ ਅਤੇ ਇਹ ਵੀ ਕਿ ਗ਼ਦਰ ਦੀ ਗੂੰਜ ਇੱਥੇ ਕਿਵੇਂ ਹਾਸਲ ਹੁੰਦੀ ਸੀ, ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਉਸ ਦੇ ਦਿਲ ਦੇ ਕਿਸੇ ਕੋਨੇ ਵਿੱਚ ਕੋਈ ਰੰਜ ਹੈ। ਉਹ ਕਹਿੰਦਾ ਹੈ ਕਿ ਜੇ ਪ੍ਰਤਾਪ ਸਿੰਘ ਕੈਰੋਂ ਇੱਥੇ ਆ ਕੇ ਸ਼ਹੀਦਾਂ ਨੂੰ ਯਾਦ ਕਰ ਸਕਦਾ ਹੈ, ਤਾਂ ਹੁਣ ਜਦ ਬਹੁਤ ਕੁਝ ਸਾਹਮਣੇ ਆ ਗਿਆ ਹੈ ਫਿਰ ਇਹ ਨਗਰ ਗੁੰਮਨਾਮ ਜਿਹਾ ਕਿਉਂ? ਇਸ ਪਿੰਡ ਨੂੰ ਸਿਰਫ਼ ਹੁਸ਼ਿਆਰਪੁਰ ਸ਼ਹਿਰ ਨੇ ਹੀ ਨਹੀਂ ਨਿਗਲਿਆ, ਬਲਕਿ ਇਸ ਦੀ ਬੁੱਕਲ ਵਿੱਚ ਐਡੇ ਮੁਹੱਲੇ, ਨਗਰ, ਕੰਕਰੀਟ ਦੇ ਜੰਗਲ ਉੱਗ ਆਏ ਹਨ ਕਿ ਮਹਿੰਗੀਆਂ ਕੋਠੀਆਂ ਅਤੇ ਭੌਤਿਕ ਸਹੂਲਤਾਂ ਦੀ ਚਕਾਚੌਂਧ ਨੇ ਇਸ ਪਿੰਡ ਦਾ ਸ਼ਾਨਾਮੱਤਾ ਇਤਿਹਾਸ ਹੀ ਮਧੋਲ ਕੇ ਰੱਖ ਦਿੱਤਾ ਹੈ। ਮਾਣ ਇਹ ਗੱਲ ਸੁਣ ਕੇ ਵੀ ਹੋਇਆ ਕਿ ਬੇਸ਼ਕ ਸੁਰਜਨ, ਬਾਬੂ ਤੇ ਫਜ਼ਲੇ ਦੇ ਪਰਿਵਾਰਾਂ ਦੀਆਂ ਇੱਥੇ ਜੜ੍ਹਾਂ ਨਹੀਂ ਹਨ, ਪ੍ਰੰਤੂ ਨਾਮੇ ਦੇ ਪੋਤਰੇ ਮਾਸਟਰ ਵਿਨੋਦ ਤੇ ਟ੍ਰਿਬਿਊਨ ਦੇ ਐਡ ਮੈਨੇਜਰ ਸ੍ਰੀ ਵਿਨੈ ਸੈਣੀ ਹੀ ਨਹੀਂ, ਬਲਕਿ ਸ੍ਰੀਮਤੀ ਰੰਭਾ ਮਿਉਂਸਪਲ ਕਮਿਸ਼ਨਰ ਸਮੇਤ ਬਜ਼ੁਰਗ ਸ੍ਰੀ ਅਨੰਤ ਰਾਮ, ਰਿਖੀ ਰਾਮ ਤੇ ਸਾਧੂ ਰਾਮ ਆਦਿ ਇਸ ਪ੍ਰਤੀ ਸੁਚੇਤ ਹੋ ਗਏ ਹਨ। ਜਿਨ੍ਹਾਂ ਦੇਸ਼ ਭਗਤ ਯਾਦਗਾਰ ਹਾਲ-ਜਲੰਧਰ ਨਾਲ ਨਾਤਾ ਜੋੜ ਲਿਆ ਹੈ। ਬਹੁਰੰਗ ਕਲਾ ਮੰਚ ਹੁਸ਼ਿਆਰਪੁਰ ਤਾਂ ਇੱਥੋਂ ਦੇ ਵਾਸ਼ਿੰਦਿਆਂ ਅਤੇ ਯੂਥ ਕਲੱਬ ਨਾਲ ਮਿਲਕੇ ਪਿਛਲੇ ਸਾਲਾਂ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਸਰਗਰਮ ਹੈ ਹੀ।

ਫਤਿਹਗੜ੍ਹ ਪਿੰਡ | Fatehgarh Village

ਜ਼ਿਕਰ ਕੀਤੇ ਗਏ ਚੇਤੂ ਦੇ ਦੂਸਰੀ ਔਲਾਦ ਪਾਲਾ ਰਾਮ ਦੇ ਪੁੱਤਰ ਹਰਦਾਸ ਤੇ ਗੁਰਦਾਸ ਵੀ ਮਕਬੂਲ ਸਨ, ਪਰ ਤੀਜਾ ਗੋਪਾਲ ਦਾਸ ਦਾ ਅੱਜ ਵੀ ਕਾਗਜ਼ਾਂ ਵਿੱਚ ਵਾਰ-ਵਾਰ ਜ਼ਿਕਰ ਆਉਂਦਾ ਹੈ, ਤਾਂ ਇਹ ਇਸ ਕਰਕੇ ਕਿ ਉਸ ਨੇ ਆਪੇ ਚਾਰੇ ਪੁੱਤਰਾਂ ਨੂੰ ਵਿਲੱਖਣ ਪ੍ਰਤਿਭਾ ਦੇ ਮਾਲਕ ਬਣਾਇਆ ਸੀ। ਉਸ ਦੇ ਸਭ ਤੋਂ ਛੋਟੇ ਵਰਿਆਮ ਚੰਦ ਤੋਂ ਪਹਿਲਾਂ ਹਰਨਾਮ ਚੰਦ ਦੇਸ਼ ਖਾਤਰ ਫਾਹੇ ਲੱਗਾ ਸੀ- ‘ਨਾਮਾ ਫਾਂਸੀ ਵਾਲਾ ਪੁੱਤਰ ਗੋਪਾਲ ਸੈਣੀ।’ ਗੋਪਾਲ ਦਾ ਵੱਡਾ ਪੁੱਤਰ ਸ੍ਰੀ ਖਜ਼ਾਨ ਚੰਦ ਉਨ੍ਹਾਂ ਵਕਤਾਂ ਦਾ ਗਰੈਜੂਏਟ ਕਰਾਚੀ ਦਾ ਸਟੇਸ਼ਨ ਮਾਸਟਰ ਬਣਿਆ। ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵੱਡੀ ਪੜ੍ਹਾਈ ਕਰਨ ਵਾਲੇ ਇਸ ਸ਼ਖ਼ਸ ਦਾ ਹੱਥ ਸੀ ਆਪਣੇ ਭਰਾਵਾਂ ਨੂੰ ਪੜ੍ਹਾਉਣ, ਸਿਖਾਉਣ ਤੇ ਬਦੇਸ਼ੀ ਤੋਰਨ ਵਿੱਚ। ਖਜ਼ਾਨ ਤੋਂ ਛੋਟਾ ਦੀਵਾਨ ਚੰਦ ਮੁਣਸ਼ੀ ਸੀ। ਦਸ ਜਮਾਤਾਂ ਪਾਸ ਸਭ ਤੋਂ ਛੋਟਾ ਵਰਿਆਮ ਚੰਦ ਹੋਇਆ, ਤਾਂ ਫ਼ੌਜ ਵਿੱਚ ਭਰਤੀ ਸੀ, ਪਰ ਅਧਿਆਤਮਵਾਦੀ ਗਤੀਵਿਧੀਆਂ ਕਾਰਨ ਉਹ ਲਾਮ ਵਿੱਚੋਂ ਨਾਂਅ ਤੁੜਵਾਂ ਆਇਆ। ਬਾਅਦ ਵਿੱਚ ਇਹ ਸਰਬ ਧਰਮ ਗਿਆਤਾ ਭਗਤ ਵਰਿਆਮ ਚੰਦ ਵਜੋਂ ਮਸ਼ਹੂਰ ਹੋਇਆ।

ਲਾਹੌਰ ਸੈਂਟਰਲ ਜੇਲ੍ਹ ਵਿੱਚੋਂ ਜਨਵਰੀ 1917 ਦੀ ਅੱਠ ਤਾਰੀਖ ਨੂੰ ਇੱਕ ਖ਼ਤ ਹੁਸ਼ਿਆਰਪੁਰ ਨੂੰ ਘੱਲਿਆ ਗਿਆ, ਜਿਸ ਦੀ ਅਬਾਰਤ ਹੈ-

“ਲਾਹੌਰ ਸੈਂਟਰਲ ਜੇਲ੍ਹ 8.1.17 ਨਾਮਾ ਫਾਂਸੀ ਵਾਲਾ ਭਈ ਸਾਹਿਬ ਦੀਵਾਨ ਚੰਦ ਨਮਸਤੇ ਮੁਝ ਕੋ 5 ਮਾਹ ਹਾਲ ਕਾ ਫਾਂਸੀ ਦੇ ਹੁਕਮ ਹੋ ਗਯਾ ਹੈ- ਆਪ ਕਿਸੀ ਕਿਸਮ ਕਾ ਫਿਕਰ ਨਾ ਕਰੇ- ਔਰ ਮੇਰੀ ਜ਼ੋਜਾ ਰੁਕਮਣੀ ਕੋ ਵਰਯਾਮਾ ਕੇ ਹੱਕ ਮੇਂ ਕਰ ਦੇਵੋ- ਔਰ ਸਭ ਕੋ ਦਰਜਾ-ਬਦਰਜਾ ਨਮਸਤੇ ਬੱਚੋਂ ਕੋ ਪਯਾਰ।” ਕਾਰਡ ਦੇ ਦੂਜੇ ਪਾਸੇ ਸਰਨਾਮਾ ਹੈ- ਬਾਮਕਾਮ ਫਤਹਿਗੜ੍ਹ ਡਾਕਖਾਨਾ… ਜ਼ਿਲ੍ਹਾ ਹੁਸ਼ਿਆਰਪੁਰ

ਪਾਸ ਦੀਵਾਨ ਚੰਦ। ਇਸ ਕਾਰਡ ਉੱਪਰ ਲਾਹੌਰ ਦੇ ਕਿਸੇ ਡਾਕਖਾਨੇ ਦੀ ਮੋਹਰ ਹੈ, ਜਿਸ ‘ਤੇ ਡਾਕ ਨਿਕਲਣ ਦਾ ਸਮਾਂ ਹੈ, 13-35। ਨਾਲ ਹੀ ਜੇਲ੍ਹ ਸੁਪਰਡੈਂਟ ਦੀ ਸੈਂਸਰ ਦੀ ਮੋਹਰ ਲੱਗੀ ਹੈ। ਜੇਲ੍ਹ ਨਿਯਮਾਂ ਤੇ ਉਦੋਂ ਦੇ ਹਾਲਾਤਾਂ ਵਿੱਚ ਕਿੰਨਾ ਕੁ ਲਿਖਿਆ ਜਾ ਸਕਦਾ ਸੀ, ਇਸ ਖਤ ਵਿੱਚ। ਫਿਰ ਵੀ ਇਹ ਤਵਾਰੀਖੀ ਖਤ ਆਪਣੇ-ਆਪ ਵਿੱਚ ਬਹੁਤ ਕੁਝ ਸਮੋਈ ਬੈਠਾ ਹੈ। ਇਸ ਦੇ ਦੂਰ-ਅੰਦੇਸ਼ੀ ਵਿਲੱਖਣ ਅਤੇ ਚਿਰਭਾਵੀ ਅਰਥਾਂ ਨੂੰ ਸ਼ਬਦੀ ਰੂਪ ਦੇਣ ਲੱਗੇ, ਤਾਂ ਸਫ਼ਿਆਂ ਦੇ ਸਫ਼ੇ ਕਾਲੇ ਕੀਤੇ ਜਾ ਸਕਦੇ ਹਨ। ਇਸ ਵਿੱਚ ਦੋ ਸ਼ਖ਼ਸਾਂ ਦਾ ਉਚੇਚਾ ਜ਼ਿਕਰ ਹੈ ਰੁਕਮਣੀ ਤੇ ਵਰਿਆਮਾ। ਰੁਕਮਣੀ, ਜਿਸ ਚਿੱਠੀ ਲਿਖਣ ਦੀ ਤਾਰੀਖ ਤੋਂ ਬਾਅਦ ਕਿਸੇ ਵਕਤ ਵੀ ਜ਼ੋਜਾਂ ਤੋਂ ਬੇਵਾ ਬਣ ਜਾਣਾ ਸੀ-ਰੁਕਮਣੀ, ਬੇਵਾ ਨਾਮਾ। ਇਸੇ ਬੇਵਾ ਸ਼ਬਦ ਤੋਂ ਆਪਣੀ ਜੀਵਨ ਸੰਗਣੀ ਨੂੰ ਮੁਕਤ ਕਰਨ ਲਈ ਨਾਮਾ ਗੁਜ਼ਾਇਸ਼ ਕਰ ਰਿਹਾ ਸੀ ਕਿ ਉਸ ਨੂੰ ਛੋਟੇ ਭਾਈ ਵਰਿਆਮੇ ਦੇ ਹੱਕ ਵਿੱਚ ਕਰ ਦੇਵੋ ਵਤਨ ਖਾਤਰ ਫਾਂਸੀ ਉੱਤੇ ਝੂਲ ਜਾਣ ਵਾਲਾ ਇਹ ਵੱਡਾ ਮਨੁੱਖ, ਮਨੁੱਖੀ ਭਾਵੁਕਤਾ ਵਾਲਾ ਕਿਹੋ ਜਿਹਾ ਕੋਮਲ ਦਿਲ ਸਮੋਈ ਬੈਠਾ ਸੀ, ਪਰ ਵਰਿਆਮਾ ਜੋ ਆਪਣੀ ਵੱਡੀ ਭਾਬੀ ਨੂੰ ਮਾਂ ਦਾ ਦਰਜਾ ਦੇਈ ਬੈਠਾ ਸੀ ਧਰਮ ਸੰਕਟ ਦਾ ਸ਼ਿਕਾਰ ਹੋ ਗਿਆ। ਅਧਿਆਤਮਿਕ ਰੁਚੀਆਂ ਦਾ ਮਾਲਕ ਵਿਯੋਗ ‘ਚ ਆਇਆ ਖੇਤੀ ਕੁੱਲੀ ਪਾ ਬੈਠਾ। ਉਸ ਬਿਰਧ ਹੋ ਕੇ ਤਦ ਹੀ ਆਪਣੇ ਗਰਾਂ ਫੇਰੀ ਪਾਈ, ਜਦ ਉਸ ਕੁਝ ਕੁ ਹੋਰ ਸਾਤਿਆਂ ਨੂੰ ਜਹਾਨ ਹੀ ਛੱਡ ਜਾਣਾ ਸੀ। ਨਾਮੇ ਦੇ ਵਿਯੋਗ ‘ਚ ਝੱਲੀ ਹੋਈ ਪੇਕੇ ਬੈਠੀ ਰੁਕਮਣੀ ਆਪਣੇ ਸ਼ੋਹਰ ਦੇ ਖਤ ਦੀ ਪ੍ਰਕਰਮਾ ਕਰਦੀ ਫਤਿਹਗੜ੍ਹ ਤਾਂ ਆ ਗਈ, ਪਰ ਮਨ ਦੀ ਵੇਦਨਾ ਨਾਲ ਜਰ-ਜਰ ਸਰੀਰ ਨੇ ਜਲਦੀ ਹੀ ਮੁਕਤੀ ਪ੍ਰਾਪਤੀ ਕਰ ਲਈ ਤਾਂ ਉਹ ਵੀ ਨ੍ਹਾਮੇ ਦੇ ਹੁਕਮ ਤੋਂ ਉਪਜੇ ਧਰਮ ਸੰਕਟ ਤੋਂ ਬਚ ਗਈ। ਇੰਜ ਉਸ ਨੇ ਆਪਣੇ ਮਹਿਰੂਮ ਸ਼ੌਹਰ ਦਾ ਸੁਨੇਹਾ ਵੀ ਮੰਨ ਲਿਆ, ਲੱਜ ਦਿਓਰ ਦੇ ਵੱਡੀ ਭਾਬੀ ਵਾਲੇ ਮਾਣ-ਸਤਿਕਾਰ ਦੀ ਵੀ ਰਹਿ ਗਈ। ਵਰਿਆਮੇ ਦਾ ਵੱਡੇ ਲਈ ਆਦਰ ਅਤੇ ਰੁਕਮਣੀ ਦੀ ਆਬਰੂ ਇਸ ਕਰਕੇ ਵੀ ਜ਼ਿਆਦਾ ਉੱਘੜੀ ਸੀ, ਕਿਉਂਕਿ ਨਾਮਾ ਵੱਡੇ ਕਾਰਜਾਂ ਲਈ ਸੂਲੀ ਚੜ੍ਹਿਆ ਸੀ। ਇਸੇ ਖਤ ਵਿੱਚ ਨਾਮਾ ਜਦ ਮਲਕ ਦੇਣੀ ਕਹਿੰਦਾ ਹੈ- “ਮੁਝ ਕੋ 5 ਮਾਹ ਹਾਲ ਕੋ ਫਾਂਸੀ ਕਾ ਹੁਕਮ ਹੋ ਗਿਆ ਹੈ- ਆਪ ਕਿਸੇ ਕਿਸਮ ਦਾ ਫਿਕਰ ਨਾ ਕਰੇ” ਤਾਂ ਲੱਗਦਾ ਇਓਂ ਹੈ ਜਿਵੇਂ ਇਹ ਕੋਈ ਅਸਲੋਂ ਹੀ ਛੋਟੀ-ਮੋਟੀ ਅਣਹੋਣੀ ਵਾਪਰ ਰਹੀ ਹੋਵੇ। ਵੇਖਿਆ ਕਿਸੇ ਪ੍ਰੋਢ ਦੇਸ਼ ਭਗਤ ਦਾ ਤਹੱਲਮ। ਇਹ ਮਾਣ ਵੀ ਤਾਂ ਕਿਸੇ-ਕਿਸੇ ਸੂਰਮੇ ਦੇ ਹੀ ਹੱਥ ਆਉਂਦਾ ਹੈ। ਸ਼ਾਇਦ ਇਸੇ ਮਾਣ ‘ਚੋਂ ਕੁਝ ਹਿੱਸਾ ਚਾਹੁੰਦੀ ਹੋਵੇ ਰੁਕਮਣੀ। ਰੁਕਮਣੀ ਜੋ ਵਰ੍ਹਿਆ ਬੱਧੀ ਉਸ ਦੀ ਉਡੀਕ ਵਿੱਚ ਬੈਠੀ ਰਹੇ ਤੇ ਵਰਿਆਮਾ ਜਿਸ ਦੀਆਂ ਆਪਣੇ ਵੱਡੇ ਭਰਾ ਦੀ ਬੁੱਕਲ ਵਿੱਚ ਛੁਪਣ ਲਈ ਉਲਰੀਆਂ ਬਾਹਾਂ ਉਲਰੀਆਂ ਹੀ ਰਹਿ ਗਈਆਂ।

ਕੈਦੀ ਹਰਨਾਮ ਤਾਂ ਹੋਰ ਵੀ ਸਨ ਜੇਲ੍ਹ ਵਿੱਚ, ਪਰ ਚਿੱਠੀ ਉਕਰਨ ਵੇਲੇ ਫਾਂਸੀ ਵਾਲੀ ਕੋਠੀ ਲੱਗਿਆਂ ਹਰਨਾਮ ਸਿਰਫ਼ ਇੱਕੋ ਹੀ ਸੀ ਨਾਮਾ ਉਰਫ਼ ਹਰਨਾਮ ਚੰਦ ਫਤਿਹਗੜ੍ਹੀਆ। ਤਾਹੀਓਂ ਤਾਂ ਉਹ ਆਪਣੇ-ਆਪ ਨੂੰ ਹਰਨਾਮ ਦੀ ਬਜਾਏ, ਜਿਸ ਨੂੰ ਕਈ ਇਤਿਹਾਸਿਕਾਰਾਂ ਦੀ ਪਿੱਠ ਭੂਮੀ ਨੇ ਹਰਨਾਮ ਚੰਦ, ਹਰਨਾਮ ਦਾਸ, ਹਰਨਾਮ ਸਿੰਘ ਤੇ ਭਾਈ ਹਰਨਾਮ ਸਿੰਘ ਬਣਾ ਦਿੱਤਾ ਹੈ, ਤੋਂ ਮੁਕਤ ਖੁਦ ਨੂੰ ਲਿਖਦਾ ਹੈ- ‘ਨਾਮਾ ਫਾਂਸੀ ਵਾਲਾ’ । ਫਾਂਸੀ ਵਾਲਾ ਨਾਮਾ ਉਸ ਵਕਤ ਸਿਰਫ਼ ਇੱਕੋ ਹੀ ਹੋ ਸਕਦਾ ਹੈ। ਹੁਣ ਹਰਨਾਮ ਚੰਦ ਨੂੰ ਕੋਈ ਨਹੀਂ ਜਾਣਦਾ। ਪਰ ਜੇ ਸਾਰੇ ਜਾਣਦੇ ਹਨ ਤਾਂ ਉਹ ਸਿਰਫ਼ ਹੈ ‘ਨਾਮਾ ਫਾਂਸੀ ਵਾਲਾ’, ਜਿਸ ਫਤਿਹਗੜ੍ਹ ਨੂੰ ਇੱਕ ਵਾਰ ਤਾਂ ਗੁੰਮਨਾਮੀ ਵਿੱਚੋਂ ਕੱਢ ਕੇ ਅੰਬਰਾਂ ‘ਤੇ ਟਿਕਾ ਦਿੱਤਾ ਹੈ। ਇਸ ਨਗਰ ਦੀਆਂ ਅੰਬਰੀਂ-ਪੀਂਘਾਂ ਪਾਉਣ ਵਿੱਚ ਇਸ ਨਾਮੇ ਸਮੇਤ, ਜੋ ਫਰਜ਼ ਸੁਰਜਨ, ਬਾਬੂ ਤੇ ਫਜ਼ਲੇ ਨੇ ਨਿਭਾਇਆ, ਭਾਵੇਂ ਬਹੁਤ ਕੁਝ ਲਿਖਤੀ ਤਵਾਰੀਖ ਵਿੱਚ ਵੀ ਆ ਚੁੱਕਾ ਹੈ, ਪਰ ਕੁਝ ਰੌਲੇ-ਘਚੌਲੇ ਅਜੇ ਵੀ ਸਪੱਸ਼ਟਤਾ ਦੀ ਮੰਗ ਕਰਦੇ ਹਨ। ਉਨ੍ਹਾਂ ਦੀਆਂ ਪਾਈਆਂ ਪਿਰਤਾਂ ਅਤੇ ਉਨ੍ਹਾਂ ਦੇ ਜਾਏ ਫਤਿਹਗੜ੍ਹ ਦੀਆਂ ਇਤਿਹਾਸਿਕ ਪੈੜਾਂ ਨੂੰ ਓਨਾ ਚਿਰ ਨਹੀਂ ਸਾਂਭਿਆ ਜਾ ਸਕਦਾ, ਜਿੰਨਾ ਚਿਰ ਉਨ੍ਹਾਂ ਬਾਰੇ ਨਵੇਂ ਸਿਰਿਓਂ ਟਿਕਵੀਂ ਖੋਜ ਨਾ ਕਰ ਲਈਏ। ਸ਼ਾਇਦ ਕੋਈ ਬਾਂਹ ਫੜਨ ਵਾਲਾ ਇਸ ਕਾਰਜ ਲਈ ਅੱਗੇ ਆ ਹੀ ਜਾਵੇ। ਗ਼ਦਰੀ ਸ਼ਹੀਦਾਂ ਦਾ ਪਿੰਡ ਫਤਿਹਗੜ੍ਹ ਉਨ੍ਹਾਂ ਦੀ ਉਡੀਕ ਕਰ ਰਿਹਾ ਹੈ ਤੇ ਤੁਹਾਡੀ ਸਭ ਦੀ ਵੀ।

 

 

 

 

 

 

Credit  – ਵਿਜੈ ਬੰਬੇਲੀ

Leave a Comment

error: Content is protected !!