ਫਤਿਹਪੁਰ ਰਾਜਪੂਤਾਂ
ਸਥਿਤੀ :
ਤਹਿਸੀਲ ਅੰਮ੍ਰਿਤਸਰ ਦਾ ਪਿੰਡ ਫਤਿਹਪੁਰ ਰਾਜਪੂਤਾਂ, ਅੰਮ੍ਰਿਤਸਰ-ਮਹਿਤਾ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਤੋਂ 10 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਇੱਕ ਪੁਰਾਣੀ ਥੇਹ ਤੇ ਵੱਸਿਆ ਹੈ। ਇੱਥੋਂ ਦੀ ਪੁਟਾਈ ਵਿਚੋਂ ਪੁਰਾਣੇ ਸਿੱਕੇ, ਭਾਂਡੇ ਅਤੇ ਹੱਡੀਆਂ ਆਦਿ ਅਕਸਰ ਮਿਲਦੀਆਂ ਹਨ। ਇਹ ਪਿੰਡ ਉਜੜ ਕੇ ਮੁੜ ਵੱਸਿਆ ਹੈ। ਰਾਜਪੂਤ ਮੁਸਲਮਾਨ ਫਤਿਹ ਖਾਂ ਦਾ ਵਸਾਇਆ ਇਹ ਪਿੰਡ ‘ਫਤਿਹਪੁਰ ਰਾਜਪੂਤਾਂ ਕਰਕੇ ਪ੍ਰਚਲਤ ਹੋ ਗਿਆ। ਇਸ ਪਿੰਡ ਵਿੱਚ ਰਾਜਪੂਤ ਮੁਸਲਮਾਨਾਂ ਦੀ ਕਾਫੀ ਵੱਸੋਂ ਸੀ ਜੋ 1947 ਦੀ ਵੰਡ ਵੇਲੇ ਪਾਕਿਸਤਾਨ ਚਲੇ ਗਏ।
ਇਹ ਪਿੰਡ ਸ਼ਹੀਦਾਂ ਦੇ ਪਰਿਵਾਰਾਂ ਦਾ ਪਿੰਡ ਹੈ। ਨਨਕਾਣਾ ਸਾਹਿਬ ਗੁਰਦੁਆਰੇ ਨੂੰ ਮਹੰਤ ਨਰੈਣੂ ਤੋਂ ਆਜ਼ਾਦ ਕਰਵਾਉਣ ਲਈ ਸ਼ਹੀਦ ਹੋਏ ਕਈ ਸ਼ਹੀਦਾਂ ਵਿਚੋਂ 28 ਸ਼ਹੀਦਾਂ ਦੇ ਪਰਿਵਾਰ ਇਸ ਪਿੰਡ ਵਿੱਚ ਵੱਸੇ ਹੋਏ ਹਨ। ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰੂ ਨਾਨਕ ਖਾਲਸਾ ਸ਼ਹੀਦੀ ਹਾਈ ਸਕੂਲ ਪਿੰਡ ਵਿੱਚ ਬਣਾਇਆ ਗਿਆ ਹੈ। ਸ਼ਹੀਦਾਂ ਦੀ ਯਾਦ ਵਿੱਚ ਪਿੰਡ ਵਿੱਚ ਗੁਰਦੁਆਰਾ ਅਤੇ ਲਾਇਬਰੇਰੀ ਬਣਾਈ ਗਈ ਹੈ।
ਇਸ ਪਿੰਡ ਵਿੱਚ ਕੰਬੋਜ ਅਤੇ ਮਜ਼੍ਹਬੀ ਦੋ ਮੁੱਖ ਜਾਤਾਂ ਹਨ। ਜੱਟ ਅਰੋੜੇ, ਸੁਨਿਆਰੇ, ਮਹਿਰੇ, ਨਾਈਂ, ਲੁਹਾਰ ਤੇ ਤਰਖਾਣਾਂ ਦੇ ਘਰ ਵੀ ਹਨ।