ਬਨੂੜ
ਸਥਿਤੀ :
ਬਨੂੜ ਚੰਡੀਗੜ੍ਹ ਪਟਿਆਲਾ ਰੋਡ ’ਤੇ ਰਾਜਪੁਰੇ ਤੋਂ ਕੋਈ 13 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਦੇ ਨਾਂ ਰੱਖਣ ਬਾਰੇ ਕਿਹਾ ਜਾਂਦਾ ਹੈ ਕਿ ਕਿਸੇ ਪੁਰਾਣੇ ਸਮੇਂ ਅਕਬਰ ਰਾਜ ਵੇਲੇ ਤਾਨਸੇਨ ਨੇ ਅਗਨੀ ਰਾਗ ਗਾ ਕੇ ਬਨੂੜ ਵਿਖੇ ਅੱਗ ਲਗਾ ਦਿੱਤੀ ਸੀ, ਉਦੋਂ ਮਾਈ ਬੰਨੋ ਨੇ ਮਲਹਾਰ ਰਾਗ ਗਾ ਕੇ ਸੰਗੀਤ ਦੀ ਤਾਕਤ ਨਾਲ ਵਰਖਾ ਕਰਵਾ ਦਿੱਤੀ ਜਿਸ ਨਾਲ ਲੱਗੀ ਅੱਗ ਬੁਝ ਗਈ ਅਤੇ ਬਨੂੜ ਦੇ ਉਸ ਸਮੇਂ ਦੇ ਮੁਸਲਮਾਨ ਨਿਵਾਸੀਆਂ ਸੁੱਖ ਦਾ ਸਾਹ ਲਿਆ। ਉਦੋਂ ਤੋਂ ਹੀ ਮਾਈ ਬੰਨੋ ਦੇ ਨਾਂ ਤੇ ਇਸ ਦਾ ਨਾਂ ਬਨੂੜ ਰੱਖਿਆ ਗਿਆ ਸੀ। ਮਾਈ ਬੰਨੋ ਦਾ ਹੁਣ ਵੀ ਚੰਡੀਗੜ੍ਹ ਰੋਡ ਤੇ ਮੰਦਰ ਬਣਿਆ ਹੋਇਆ ਹੈ ਤੇ ਹਰ ਸਾਲ ਬੜਾ ਭਾਰੀ ਮੇਲਾ ਲਗਦਾ ਹੈ। ਇਸਦੇ ਨਾਂ ਬਾਰੇ ਦੂਸਰੀ ਧਾਰਨਾ ਇਹ ਹੈ ਕਿ ਇਹ ਰੰਘੜਾਂ ਦਾ ਪਿੰਡ ਸੀ ਜੋ ਬੰਦਾ ਸਿੰਘ ਬਹਾਦਰ ਦੇ ਸਮੇਂ ਉਜੜਿਆ ਤੇ ਫੇਰ ਕਿਸੇ ਬਨੂੰ ਦੇ ਪਠਾਣ ਨੇ ਇਸਨੂੰ ਫਿਰ ਵਸਾਇਆ। ਇਹ ਵਾਣ ਅਸਰ ਦਾ ਪਿੰਡ ਵੀ ਕਿਹਾ ਜਾਂਦਾ ਹੈ ਜਿਸਨੂੰ ਕ੍ਰਿਸ਼ਨ ਜੀ ਨੇ ਮਾਰਿਆ ਸੀ। ਇਹ ਪਿੰਡ ਮੁਸਲਮਾਨਾਂ ਦਾ ਗੜ੍ਹ ਸੀ, 1947 ਵਿੱਚ ਇੱਕ ਅਮਨ ਕਮੇਟੀ ਬਣਾਈ ਗਈ ਜਿਸ ਦਾ ਮੁਖੀ ਇੱਕ ਜੱਟ ਸਿੱਖ ਦਸੌਂਧਾ ਸਿੰਘ ਨੂੰ ਬਣਾਇਆ ਗਿਆ। ਪੁਰਾਣੇ ਸਮੇਂ ਵਿੱਚ ਮੁਸਲਮਾਨ ਔਰਤਾਂ ਦੇ ਪਰਦੇ ਨੂੰ ਮੁੱਖ ਰੱਖਦੇ ਹੋਏ ਬਨੂੜ ਤੋਂ ਛੱਤ ਤੀਕ ਇੱਕ ਸੁਰੰਗ ਬਣਾਈ ਗਈ ਸੀ ਜਿਸ ਦੀ ਲੰਬਾਈ ਢਾਈ ਤਿੰਨ ਮੀਲ ਦੇ ਨੇੜੇ ਸੀ। ਜਿਹੜੀ ਅੱਜ ਤੱਕ ਮੌਜੂਦ ਦੱਸੀ ਜਾਂਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ