ਬਮਨਾੜ੍ਹਾ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਬਮਨਾੜ੍ਹਾ, ਕੁਰਾਲੀ – ਮੌਰਿੰਡਾ ਸੜਕ ਤੋਂ 8 ਕਿਲੋਮੀਟਰ, ਰੇਲਵੇ ਸਟੇਸ਼ਨ ਕੁਰਾਲੀ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਵਰਤਮਾਨ ਪਿੰਡ ਦੇ ਵੱਸਣ-ਕਾਲ ਬਾਰੇ ਠੋਸ ਸਬੂਤ ਪ੍ਰਾਪਤ ਨਹੀਂ ਹਨ ਪ੍ਰੰਤੂ ਇਹ ਪਿੰਡ ਇੱਕ ਬ੍ਰਾਹਮਣ ਦੁਆਰਾ ਵਸਾਇਆ ਹੋਇਆ ਦੱਸਿਆ ਜਾਂਦਾ ਹੈ। ਇਸਦਾ ਪੁਰਾਣਾ ਨਾਂ ਵੀ ਬ੍ਰਾਹਮਣ ਵਾਲਾ ਸੀ ਜਿਹੜਾ ਮੁਗ਼ਲਕਾਲ ਸਮੇਂ ਬਮਨਾੜ੍ਹਾ ਬਣਿਆ।
ਅਜ਼ਾਦੀ ਤੋਂ ਪਹਿਲਾਂ ਇਹ ਇੱਕ ਘੁੱਗ ਵਸਦਾ ਪਿੰਡ ਸੀ। ਇਹ ਇੱਥੋਂ ਦੇ ਸੂਦਾਂ ਕਾਰਨ ਮਸ਼ਹੂਰ ਰਿਹਾ ਹੈ। ਆਲੇ ਦੁਆਲੇ ਦੇ 40-50 ਪਿੰਡਾਂ ਦੇ ਕਿਸਾਨ ਆਪਣੀਆਂ ਸਾਖ ਸੰਬੰਧੀ ਲੋੜਾਂ ਲਈ ਜ਼ਿਆਦਾਤਰ ਇਹਨਾਂ ਸੂਦਾਂ ‘ਤੇ ਹੀ ਨਿਰਭਰ ਕਰਦੇ ਸਨ। ਸੂਦ ਆਪ ਤਾਂ ਸੰਤਾਲੀ ਦੇ ਰੌਲੇ ਤੋਂ ਪਹਿਲਾਂ ਹੀ ਦੂਰ ਦੁਰਾਡੇ ਸ਼ਹਿਰਾਂ ਵਿੱਚ ਵੱਸ ਗਏ ਪਰ ਉਹਨਾਂ ਦੀਆਂ ਹਵੇਲੀਆਂ ਹਾਲੇ ਵੀ ਕਾਇਮ ਹਨ। ਇੱਥੇ ਮੁਸਲਮਾਨਾਂ ਦੇ 500 ਘਰ ਸਨ ਜਿਹਨਾਂ ਦੇ ਘਰ ਸਭ ਉਜੜ ਗਏ। ਮੁਸਲਮਾਨਾਂ ਦੀ ਥਾਂ ਪੰਜਾਹ ਘਰ ਜੱਟਾਂ ਦੇ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ ਅਤੇ ਮਿੰਟਗੁਮਰੀ ਤੋਂ ਆ ਕੇ ਇੱਥੇ ਵਸ ਗਏ। ਪਿੰਡ ਦੀ ਲਗਭਗ ਅੱਧੀ ਅਬਾਦੀ ਅਨੁਸੂਚਿਤ ਜਾਤੀਆਂ ਦੀ ਹੈ। ਕੁਝ ਘਰ ਤਰਖਾਣਾ, ਘੁਮਿਆਰਾਂ ਤੇ ਨਾਈਆਂ ਦੇ ਹਨ। ਪਿੰਡ ਵਿੱਚ ਤਿੰਨ ਗੁਰਦੁਆਰੇ, ਇੱਕ ਗੁਪਤ ਸ਼ਿਵ ਮੰਦਰ ਅਤੇ ਇੱਕ ਮੁਸਲਮਾਨ ਗੁਪਤ ਪੀਰ ਦੀ ਸਮਾਧ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ